Search This Blog
Tuesday, August 20, 2019
ਔਰਤ ਮੁਕਤੀ ਦਾ ਮਾਰਗ - ਅਨੁਵਾਦਕ, ਸੰਪਾਦਕ-ਮਨਦੀਪ
Monday, August 19, 2019
ਵੈਨੇਜ਼ੁਏਲਾ ਦੀ ਮਹਾਂਮੰਦੀ ਅਤੇ ਸੰਸਾਰ ਸਿਆਸਤ
ਵੈਨੇਜ਼ੁਏਲਾ ਦੀ ਮਹਾਂਮੰਦੀ ਅਤੇ ਸੰਸਾਰ ਸਿਆਸਤ
08:25 am Aug 19, 2019
ਮਨਦੀਪ
ਇਸ ਸਮੇਂ ਸੰਸਾਰ ਦੇ ਤਿੰਨ ਮਹਾਂਦੀਪਾਂ- ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਅਨੇਕਾਂ ਮੁਲਕਾਂ ਦੀ ਆਰਥਿਕ-ਸਮਾਜਿਕ ਦਸ਼ਾ ਬੇਹੱਦ ਪਤਲੀ ਹੈ। ਪੱਛੜੀਆਂ ਆਰਥਿਕਤਾਵਾਂ ਵਾਲੇ ਇਹ ਮੁਲਕ ਸਾਮਰਾਜੀ ਮੁਲਕਾਂ ਦੇ ਆਰਥਿਕ-ਸਿਆਸੀ ਦਾਬੇ ਹੇਠ ਹਨ। ਇਨ੍ਹਾਂ ਦੇਸ਼ਾਂ ਨੂੰ ਸਾਮਰਾਜੀ ਮੁਲਕਾਂ ਦੀਆਂ ਨੀਤੀਆਂ ਅਤੇ ਘੁਰਕੀਆਂ ਦੀ ਲਗਾਤਾਰ ਤਾਬ ਝੱਲਣੀ ਪੈ ਰਹੀ ਹੈ। ਪੱਛੜੇ ਮੁਲਕਾਂ ਅੰਦਰ ਆਜ਼ਾਦ ਵਪਾਰ ਦੀ ਨੀਤੀ ਹੇਠ ਸਾਮਰਾਜੀ ਵਿੱਤੀ ਸਰਮਾਏ ਦੀ ਇਜਾਰੇਦਾਰੀ ਕਾਇਮ ਕਰਕੇ ਅਤੇ ਪੱਛੜੇ ਮੁਲਕਾਂ ਦੀਆਂ ਆਰਥਿਕਤਾਵਾਂ ਨੂੰ ਪੰਗੂ ਬਣਾ ਕੇ ਉਸ ਨੂੰ ਆਪਣੇ ਆਰਥਿਕ-ਸਿਆਸੀ ਹਿੱਤਾਂ ਅੱਗੇ ਝੁਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੰਸਾਰ ਆਰਥਿਕਤਾ ਦੇ ਵਰਤਮਾਨ ਇਤਿਹਾਸ ਵਿਚ ਵੈਨੇਜ਼ੁਏਲਾ ਇਸ ਦੀ ਉਘੜਵੀਂ ਮਿਸਾਲ ਹੈ ਜੋ ਇਸ ਸਮੇਂ ਮਹਾਂਮੰਦੀ ਨਾਲ ਜੂਝ ਰਿਹਾ ਹੈ।
ਵੈਨੇਜ਼ੁਏਲਾ ਇਸ ਸਮੇਂ ਸੰਸਾਰ ਦਾ ਇੱਕੋ-ਇੱਕ ਅਜਿਹਾ ਮੁਲਕ ਹੈ ਜੋ ਗਹਿਰੇ ਆਰਥਿਕ-ਸਮਾਜਿਕ ਤੇ ਸਿਆਸੀ ਸੰਕਟ ਵਿਚ ਘਿਰਿਆ ਹੋਇਆ ਹੈ। ਅੰਕੜੇ ਬਹੁਤ ਹੈਰਾਨੀਜਨਕ ਹਨ। ਇਸ ਦੀ ਮਹਿੰਗਾਈ ਦਰ ਪਿਛਲੇ ਸਾਲਾਂ ਨਾਲੋਂ ਦਸ ਲੱਖ ਫ਼ੀਸਦੀ (ਵਿਕੀਪੀਡੀਆ ਮੁਤਾਬਕ) ਤੱਕ ਵਧ ਗਈ ਹੈ। ਵਿਦੇਸ਼ੀ ਕਰਜ਼ 156 ਲੱਖ ਅਮਰੀਕੀ ਡਾਲਰ ਤੋਂ ਉੱਪਰ ਜਾ ਚੁੱਕਾ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ, ਦਵਾਈਆਂ ਦੀ ਘਾਟ, ਕਿੱਲਤ, ਬਜਟ ਘਾਟਾ, ਲੁੱਟਾਂ-ਖੋਹਾਂ ਤੇ ਭੁੱਖਮਰੀ ਦੀ ਹਾਲਤ ਅੰਕੜਿਆਂ ਤੋਂ ਕਿਤੇ ਵੱਧ ਭਿਆਨਕ ਹੈ। ਦੇਸ਼ ਦੇ 23 ਵਿਚੋਂ 19 ਸੂਬੇ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। 190 ਦੇਸ਼ਾਂ ਦੀ ਸੂਚੀ ਵਿਚੋਂ ਵੈਨੇਜ਼ੁਏਲਾ ਦਾ ਵਪਾਰਕ ਦਰਜਾ 188 ਤੱਕ ਪਹੁੰਚ ਚੁੱਕਾ ਹੈ।
ਇਹੀ ਨਹੀਂ, ਪਿਛਲੇ ਕੁਝ ਸਾਲਾਂ ਵਿਚ 40 ਲੱਖ ਪੇਸ਼ਾਵਰ ਤੇ ਪੜ੍ਹਿਆ ਲਿਖਿਆ ਤਬਕਾ ਦੇਸ਼ ਵਿਚੋਂ ਹਿਜਰਤ ਕਰ ਚੁੱਕਾ ਹੈ। ਇਹ ਮਨੁੱਖੀ ਧਨ ਮੁਲਕ ਦੀ ਕੁੱਲ ਆਬਾਦੀ ਦਾ 10 ਫ਼ੀਸਦੀ ਹਿੱਸਾ ਬਣਦਾ ਹੈ। ਤੇਲ ਦੀ ਪੈਦਾਵਾਰ ਲਗਾਤਾਰ ਡਿੱਗ ਰਹੀ ਹੈ ਅਤੇ ਨਵੇਂ ਨਿਵੇਸ਼ਕ ਵੈਨੇਜ਼ੁਏਲਾ ਵੱਲ ਮੂੰਹ ਨਹੀਂ ਕਰ ਰਹੇ; ਬਲਕਿ ਅਨੇਕਾਂ ਵਿਦੇਸ਼ੀ ਨਿਵੇਸ਼ਕ ਆਪਣੇ ਅਸਾਸੇ ਸਸਤੇ ਭਾਅ ਵੇਚ ਕੇ ਮੁਲਕ ਛੱਡ ਚੁੱਕੇ ਹਨ। 150 ਬਹੁ-ਕੌਮੀ ਕੰਪਨੀਆਂ ਨੇ ਆਪਣੀ ਪੈਦਾਵਾਰ ਘਟਾ ਦਿੱਤੀ ਹੈ, ਕਾਮਿਆਂ ਦੀ ਛਾਂਟੀ ਕਰ ਦਿੱਤੀ ਹੈ ਅਤੇ ਕਾਮਿਆਂ ਦੀਆਂ ਉਜ਼ਰਤਾਂ ਘਟਾ ਦਿੱਤੀਆਂ ਹਨ। ਇਹ ਕੰਪਨੀਆਂ ਵੀ ਹਾਲਾਤ ਸੁਧਰਨ (ਸੱਤਾ ਬਦਲੀ) ਦੀ ਆਸ ਵਿਚ ਹੀ ਰੁਕੀਆਂ ਹੋਈਆਂ ਹਨ। ਵਿਦੇਸ਼ੀ ਨਿਵੇਸ਼ ਜੋ 2016 ਵਿਚ 9.9 ਫ਼ੀਸਦੀ ਸੀ, ਘਟ ਕੇ 2017 ਵਿਚ 6.6 ਫ਼ੀਸਦੀ ਤੇ ਆ ਗਿਆ ਅਤੇ ਚਾਲੂ ਵਰ੍ਹੇ ਵਿਚ ਇਸ ਦੀ ਦਰ ਹੋਰ ਹੇਠਾਂ ਡਿੱਗ ਗਈ ਹੈ। ਮਹਾਂਮੰਦੀ ਕਰਕੇ ਸੌ-ਪੰਜ ਸੌ ਦੀ ਕਾਗਜ਼ੀ ਕਰੰਸੀ ਦੀ ਕੋਈ ਵੁਕਅਤ ਨਹੀਂ ਰਹੀ। ਇਸ ਲਈ ਕੇਂਦਰੀ ਬੈਂਕ ਨੂੰ ਕ੍ਰਮਵਾਰ ਦਸ, ਵੀਹ ਅਤੇ ਪੰਜਾਹ ਹਜ਼ਾਰ ਦੀ ਕਾਗਜ਼ੀ ਕਰੰਸੀ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ।
19ਵੀਂ ਸਦੀ ਦੇ ਦੂਜੇ ਦਹਾਕੇ (1810-1823) ਵਿਚ ਵੈਨੇਜ਼ੁਏਲਾ ਨੇ ਜਿੱਤ ਤੱਕ ਲਗਾਤਾਰ 13 ਸਾਲ ਸਪੇਨੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਤੋਂ ਮੁਕਤੀ ਦੀ ਲੜਾਈ ਲੜੀ ਸੀ। ਮੌਜੂਦਾ ਦੌਰ ਵਿਚ ਵੈਨੇਜ਼ੁਏਲਾ ਨੂੰ ਪਿਛਲੇ 16 ਸਾਲ ਤੋਂ (2003 ਤੋਂ) ਅਮਰੀਕੀ ਸਾਮਰਾਜ ਦੀ ਆਰਥਿਕ ਗੁਲਾਮੀ ਖਿਲਾਫ ਸੰਘਰਸ਼ ਕਰਨਾ ਪੈ ਰਿਹਾ ਹੈ। ਵੈਨੇਜ਼ੁਏਲਾ ਦਾ ਬਸਤੀਵਾਦ ਖਿਲਾਫ ਪਹਿਲਾ ਆਜ਼ਾਦੀ ਸੰਘਰਸ਼ ਸਿੱਧੇ ਤੌਰ ਤੇ ਸਿਆਸੀ ਆਜ਼ਾਦੀ ਦਾ ਸੰਘਰਸ਼ ਸੀ ਪਰ ਮੌਜੂਦਾ ਸੰਘਰਸ਼ ਆਰਥਿਕ ਆਜ਼ਾਦੀ ਤੇ ਖੁਦਮੁਖਤਾਰੀ ਦਾ ਹੈ। ਉਹ ਖੁਦਮੁਖਤਾਰੀ ਜੋ ਇਸ ਦੇ ਸਿਆਸੀ ਪਹਿਲੂਆਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀ ਹੈ।
ਵੈਨੇਜ਼ੁਏਲਾ ਸੰਸਾਰ ਦਾ ਸਭ ਤੋਂ ਵੱਧ ਤੇਲ ਵਾਲਾ ਮੁਲਕ ਹੈ। ਤੇਲ ਪਦਾਰਥ ਇਸ ਦੀ ਕੁੱਲ ਘਰੇਲੂ ਪੈਦਾਵਰ ਵਿਚ 25 ਫ਼ੀਸਦੀ ਯੋਗਦਾਨ ਪਾਉਂਦੇ ਹਨ ਅਤੇ ਇਸ ਦੇ ਬਰਾਮਦ ਵਿਚ 95 ਫ਼ੀਸਦੀ। ਦੇਸ਼ ਦੀ ਆਰਥਿਕ ਨਿਰਭਰਤਾ ਇਕਹਿਰੇ ਉਤਪਾਦ ਤੇ ਹੋਣ ਕਰਕੇ ਵੈਨੇਜ਼ੁਏਲਾ ਉਤਪਾਦਨ ਦੇ ਬਾਕੀ ਖੇਤਰਾਂ ਨੂੰ ਜ਼ਿਆਦਾ ਵਿਕਸਿਤ ਤੇ ਨਿਪੁੰਨ ਨਹੀਂ ਕਰ ਸਕਿਆ। ਇਤਿਹਾਸਕ ਇਨਕਲਾਬੀ ਬੋਲੀਵਰੀਅਨ ਸੁਧਾਰਾਂ ਦੇ ਬਾਵਜੂਦ ਆਜ਼ਾਦੀ ਦੇ 200 ਸਾਲ ਬਾਅਦ ਵੀ ਵੈਨੇਜ਼ੁਏਲਾ ਦੇ ਸੱਜੇਪੱਖੀ ਅਤੇ ‘ਖੱਬੇਪੱਖੀ’ ਆਰਥਿਕ ਨਿਰਭਰਤਾ ਹਾਸਲ ਨਹੀਂ ਕਰ ਸਕੇ। ਹੁਣ ਸਾਮਰਾਜੀ ਮੁਲਕਾਂ ਵਿਚ ਵਪਾਰਕ ਜੰਗ ਕਾਰਨ ਸੰਸਾਰ ਮਾਰਕਿਟ ਵਿਚ ਤੇਲ ਅਤੇ ਹੋਰ ਕੱਚੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਕਹਿਰੀ ਉਤਪਾਦਕ ਨਿਰਭਰਤਾ ਕਰਕੇ ਇਹ ਉਤਰਾਅ-ਚੜ੍ਹਾਅ ਵੈਨੇਜ਼ੁਏਲਾ ਦੀ ਆਰਥਿਕਤਾ ਉੱਤੇ ਗਹਿਰਾ ਅਸਰ ਪਾਉਂਦੇ ਹਨ। ਹੋਰ ਖੇਤਰਾਂ ਵਿਚ ਬਦਲਵਾਂ ਵਿਕਸਿਤ ਢਾਂਚਾ ਨਾ ਹੋਣ ਕਰਕੇ ਇਸ ਦੀ ਘਰੇਲੂ ਮੰਡੀ, ਵਿਦੇਸ਼ੀ ਦਰਾਮਦਾਂ ਉੱਤੇ ਨਿਰਭਰ ਹੈ। ਵੈਨੇਜ਼ੁਏਲਾ ਦੀਆਂ ਹਾਕਮ ਜਮਾਤਾਂ ਆਰਥਿਕ ਅਸਥਿਰਤਾ ਕਰਕੇ ਹੋਰ ਖੇਤਰਾਂ ਵਿਚ ਮਜ਼ਬੂਤ ਆਰਥਿਕ ਢਾਂਚਾ ਵਿਕਸਿਤ ਨਹੀਂ ਕਰ ਸਕੀਆਂ। ਇਸ ਲਈ ਵਕਤੀ ਰਾਹਤ ਲਈ ਕਰੰਸੀ ਫੰਡ ਵਧਾਉਣ, ਕੌਮਾਂਤਰੀ ਅਸਾਸੇ ਸਿਰਜਣ ਤੇ ਅਮਰੀਕੀ ਡਾਲਰ ਨੂੰ ਭਾਂਜ ਦੇਣ ਲਈ ਦੇਸ਼ ਦੇ ਸਰਕਾਰੀ ਸਾਧਨਾਂ (ਬੰਦਰਗਾਹਾਂ ਤੇ ਹਵਾਈ ਅੱਡੇ ਆਦਿ) ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚ ਕੇ ਪਬਲਿਕ ਖੇਤਰ ਲਈ ਫੰਡ ਜੁਟਾਉਣੇ ਪੈ ਰਹੇ ਹਨ, ਕਦੇ ਸਾਮਰਾਜੀ ਮੁਲਕਾਂ ਨਾਲ ਘਾਟੇਵੰਦੇ ਸਮਝੌਤੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੋ ਦਹਾਕਿਆਂ ਤੋਂ ਇਸ ਨੂੰ ਅਮਰੀਕੀ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕਾ ਵਾਸਤੇ ਤੇਲ ਸਰੋਤਾਂ ਲਈ ਇਸ ਸਮੇਂ ਵੈਨੇਜ਼ੁਏਲਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ ਕਿਉਂਕਿ ਅਰਬ ਖਿੱਤਾ ਹੁਣ ਜ਼ਿਆਦਾ ‘ਸੁਰੱਖਿਅਤ’ ਨਹੀਂ ਰਿਹਾ। ਕਿਸੇ ਸਮੇਂ ਅਮਰੀਕਾ ਨੇ ਅਤਿਵਾਦ ਦਾ ਬਹਾਨਾ ਬਣਾ ਕੇ ਇਰਾਕ ਤੇ ਲਿਬੀਆ ਦੇ ਤੇਲ ਸਰੋਤਾਂ ਉੱਤੇ ਕਬਜ਼ੇ ਦੀ ਨੀਤੀ ਨਾਲ ਹਮਲਾ ਕੀਤਾ ਅਤੇ ਉੱਥੇ ਉਸ ਨੂੰ ਖਾੜੀ ਮੁਲਕਾਂ ਵਿਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੂਸਰਾ, ਸਾਊਦੀ ਅਰਬ ਤੇ ਦੂਜੇ ਅਰਬ ਮੁਲਕਾਂ ਨੇ ਸਾਮਰਾਜੀ ਵਪਾਰਕ ਜੰਗ ਦੌਰਾਨ ਅਮਰੀਕੀ ਡਾਲਰ ਦੀ ਅਣਦੇਖੀ ਕਰਦਿਆਂ ਦੂਜੇ ਸਾਮਰਾਜੀ ਮੁਲਕਾਂ ਨਾਲ ਸਮਝੌਤੇ ਕਰਕੇ ਤੇਲ ਨੂੰ ਅਮਰੀਕਾ ਖਿਲਾਫ ਹਥਿਆਰ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ।
ਅਮਰੀਕਾ ਨੇ ਸ਼ੁਰੂ ਵਿਚ ਤੇਲ ਦੀ ਖਰੀਦ ਵਿਚ ਗੋਲਡ ਸਟੈਂਡਰਡ ਖਤਮ ਹੋਣ ਬਾਅਦ ਸੰਸਾਰ ਮੰਡੀ ਵਿਚ ਡਾਲਰ ਰਾਹੀਂ ਸੰਚਾਰ ਹੋਣ ਦੇ ਮੌਕੇ ਦਾ ਲਾਹਾ ਲਿਆ। ਤੇਲ ਦੀ ਖਰੀਦ ਦਾ ਸੰਚਾਲਨ ਡਾਲਰ ਵਿਚ ਹੋਣ ਕਰਕੇ ਇਸ ਦੀ ਮੰਗ ਵਧੀ ਅਤੇ ਇਹ ਅਮਰੀਕੀ ਆਰਥਿਕਤਾ ਦੀ ਗਲੋਬਲ ਸ਼ਕਤੀ ਦਾ ਨਵਾਂ ਥੰਮ੍ਹ ਬਣ ਕੇ ਉਭਰਿਆ। ਤੇਲ ਵਪਾਰ ਲਈ ਕਿਉਂਕਿ ਵੈਨੇਜ਼ੁਏਲਾ ਦੀ ਨਿਰਭਰਤਾ ਸ਼ੁਰੂ ਵਿਚ ਪੂਰੀ ਤਰ੍ਹਾਂ ਅਮਰੀਕੀ ਡਾਲਰ ਉੱਤੇ ਸੀ, ਇਸ ਲਈ ਵੈਨੇਜ਼ੁਏਲਾ ਦੇ ਤੇਲ ਕੇਂਦਰਾਂ ਅਤੇ ਕੱਚੇ ਕੁਦਰਤੀ ਸਾਧਨਾਂ ਉੱਤੇ ਅਮਰੀਕੀ ਬਹੁ-ਕੌਮੀ ਕੰਪਨੀਆਂ ਤੇ ਸੰਸਾਰ ਵਿੱਤੀ ਸੰਸਥਾਵਾਂ ਦੀ ਦਖਲਅੰਦਾਜ਼ੀ ਬਣੀ ਰਹੀ। ਦੂਸਰਾ ਸਸਤੀਆਂ ਜ਼ਮੀਨਾਂ, ਘੱਟ ਉਜ਼ਰਤਾਂ ਤੇ ਸਸਤੇ ਕੱਚੇ ਪਦਾਰਥਾਂ ਕਰਕੇ ਇਹ ਖੇਤਰ ਅਮਰੀਕਾ ਲਈ ਬਹੁਤ ਲਾਹੇਵੰਦ ਹੈ।
ਉਂਜ, ਚੀਨ ਦੇ ਯੁਆਨ, ਯੂਰੋ ਜ਼ੋਨ ਅਤੇ ਹੁਣ ਵੈਨੇਜ਼ੁਏਲਾ ਵਿਚ (ਵਿੱਤੀ ਰੋਕਾਂ ਦਾ ਮੁਕਾਬਲਾ ਕਰਨ ਲਈ) ਪੈਟਰੋ ਕਰੰਸੀ ਨੇ ਇਸ ਲਈ ਨਵੀ ਸਿਰਦਰਦੀ ਖੜ੍ਹੀ ਕਰ ਦਿੱਤੀ। ਅਮਰੀਕਾ ਆਪਣੀ ਵਿੱਤੀ ਸਰਦਾਰੀ ਕਾਇਮ ਰੱਖਣ ਲਈ ਵੈਨੇਜ਼ੁਏਲਾ ਵਿਚ ਲਗਾਤਾਰ ਆਰਥਿਕ ਜੰਗ ਲੜ ਰਿਹਾ ਹੈ, ਇਸ ਮਕਸਦ ਲਈ ਉਹ ਆਪਣੀ ਫੌਜੀ ਨੀਤੀ ਦਾ ਖੁਲ੍ਹੇਆਮ ਇਸਤੇਮਾਲ ਕਰ ਰਿਹਾ ਹੈ। ਅਮਰੀਕਾ ਆਪਣੀਆਂ ਕੂਟਨੀਤਿਕ ਚਾਲਾਂ ਨਾਲ ਵੈਨੇਜ਼ੁਏਲਾ ਦੀ ਸਰਮਾਏਦਾਰੀ ਦੇ ਇਕ ਹਿੱਸੇ ਨੂੰ ਗੰਢ ਕੇ ਵੈਨੇਜ਼ੁਏਲਾ ਦਾ ਸਿਆਸੀ ਧਰਾਤਲ ਬਦਲਣ ਲਈ ਯਤਨਸ਼ੀਲ ਹੈ। ਇਸ ਸਮੇਂ ਵੈਨੇਜ਼ੁਏਲਾ ਨੂੰ ਸੰਸਾਰ ਵਿੱਤੀ ਸੰਸਥਾਵਾਂ ਕੋਲੋਂ ਆਰਥਿਕ ਸਹਾਇਤਾ ਦੀ ਬੇਹੱਦ ਜ਼ਰੂਰਤ ਹੈ ਪਰ ਇਹ ਦੋਵੇਂ ਸੰਸਥਾਵਾਂ ਮੌਜੂਦਾ ‘ਖੱਬੇਪੱਖੀ’ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਸਹਾਇਤਾ ਦੀ ਬਜਾਏ ਵਿਰੋਧੀ ਧਿਰ ਦੇ ਸੱਜੇਪੱਖੀ ਖੁਆਨ ਗੁਆਇਦੋ ਦੀ ਮਦਦ ਕਰਨ ਲਈ ਤਿਆਰ ਹਨ।
ਇਸ ਤੋਂ ਇਲਾਵਾ ਵੈਨੇਜ਼ੁਏਲਾ ਨੇ ਚੀਨ ਅਤੇ ਰੂਸ ਨਾਲ ਵਪਾਰਕ ਮਸ਼ਕ ਹੋਰ ਤੇਜ਼ ਕਰ ਦਿੱਤੀ ਹੈ। ਚੀਨ ਸੰਸਾਰ ਦਾ ਦੂਜਾ ਵੱਡਾ ਤੇਲ ਖਪਤਕਾਰ ਹੈ ਅਤੇ ਉਹ ਤੇਲ ਵਪਾਰ ਲਈ ਯੁਆਨ ਸਟੈਂਡਰਡ ਨੂੰ ਹੁਲਾਰਾ ਦੇ ਰਿਹਾ ਹੈ। ਚੀਨ ਇਸ ਸਮੇਂ ਅਮਰੀਕੀ ਸੰਸਾਰ ਚੌਧਰ ਦਾ ਸਭ ਤੋਂ ਵੱਡਾ ਵਿਰੋਧੀ ਹੈ ਅਤੇ ਉਸ ਨਾਲ ਵਪਾਰਕ ਜੰਗ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਸੂਰਤ ਵਿਚ ਵੈਨੇਜ਼ੁਏਲਾ ਅਮਰੀਕਾ ਦੇ ਆਰਥਿਕ ਹਿੱਤਾਂ ਦੇ ਨਾਲ ਨਾਲ ਸਵੈਮਾਣ ਦਾ ਸਵਾਲ ਵੀ ਹੈ। ਵੈਨੇਜ਼ੁਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਸਿਆਸੀ ਦ੍ਰਿਸ਼ ਬਦਲ ਸਕਦਾ ਹੈ। ਜੇ ਵੈਨੇਜ਼ੁਏਲਾ ਇਸ ਮਹਾਂਦੀਪ ਵਿਚ ਅਮਰੀਕੀ ਚੌਧਰ ਨੂੰ ਚੁਣੌਤੀ ਦੇਣ ਵਿਚ ਕਾਮਯਾਬ ਰਿਹਾ ਤਾਂ ਇਸ ਮਹਾਂਦੀਪ ਵਿਚ ਚੀਨ ਦਾ ਵਪਾਰਕ ਵਿਸਥਾਰ ਵਧਣ ਦੀਆਂ ਸੰਭਾਵਨਾਵਾਂ ਹਨ। ਜਿੱਥੇ ਅਮਰੀਕਾ ਚੀਨ ਨੂੰ ਏਸ਼ਿਆਈ ਮੁਲਕਾਂ ਰਾਹੀਂ ਘੇਰ ਰਿਹਾ ਹੈ, ਉੱਥੇ ਚੀਨ ਵੀ ਉਸ ਦੀ ਬਗਲ ਵਿਚ ਆ ਕੇ ਬੈਠ ਜਾਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ। ਚੀਨ ਵਾਂਗ ਅਮਰੀਕਾ ਦਾ ਵਿਰੋਧੀ ਰੂਸ ਵੀ ਵੈਨੇਜ਼ੁਏਲਾ ਨੂੰ ਕਰਜ਼ ਅਤੇ ਸਹਾਇਤਾ ਦੇ ਰਿਹਾ ਹੈ। ਰੂਸ ਅਤੇ ਚੀਨ ਦੀ ਵੈਨੇਜ਼ੁਏਲਾ ਵਿਚ ਰੁਚੀ ਕਰਕੇ ਹੀ ਵੈਨੇਜ਼ੁਏਲਾ ਅਜੇ ਤੱਕ ਖੜ੍ਹਾ ਹੈ; ਨਹੀਂ ਤਾਂ ਹੁਣ ਤੱਕ ਇਕ ਹੋਰ ਇਰਾਕ ਬਣਾ ਦਿੱਤਾ ਗਿਆ ਹੁੰਦਾ।
ਵੈਨੇਜ਼ੁਏਲਾ ਦੇ ਤੇਲ ਭੰਡਾਰ ਅਤੇ ਕੱਚੇ ਤੇਲ ਸਾਧਨਾਂ ਉੱਤੇ ਖੁਦਮੁਖਤਾਰੀ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਜੇ ਧੜੇ ਨਾਲ ਮਿਲ ਕੇ ਚੱਲਣ ਨਾਲ ਬੱਝੀ ਹੋਈ ਹੈ। ਸਾਮਰਾਜੀ ਦੌਰ ਅੰਦਰ ਆਰਥਿਕ ਨਿਰਭਰਤਾ ਅਤੇ ਪੱਛੜੇ ਮੁਲਕਾਂ ਦਾ ਅਸਾਵਾਂ ਆਰਥਿਕ ਢਾਂਚਾ ਇਨ੍ਹਾਂ ਮੁਲਕਾਂ ਦੀਆਂ ਸਿਆਸੀ ਆਜ਼ਾਦੀਆਂ ਲਈ ਮਾਈ-ਬਾਪ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਾਮਰਾਜੀ ਵਿੱਤੀ ਸਰਮਾਏ ਨੂੰ ਚੁਣੌਤੀ ਦੇਣ ਦੇ ਇਵਜ਼ ਵਿਚ ਇਹ ਮੁਲਕ ਆਰਥਿਕ ਸਦਮੇ ਝੱਲਣ ਲਈ ਸਰਾਪੇ ਹੋਏ ਹਨ। ਸੰਸਾਰ ਸਾਹਮਣੇ ਅੱਜ ਇਹ ਆਰਥਿਕ ਸਦਮਾ ਵੈਨੇਜ਼ੁਏਲਾ ਝੱਲ ਰਿਹਾ ਹੈ।
ਅੱਜ ਦੇ ਸਾਮਰਾਜੀ ਯੁੱਗ ਅੰਦਰ ਮੁਲਕ ਦੀ ਆਰਥਿਕਤਾ ਉੱਤੇ ਰਾਜਕੀ ਕੰਟਰੋਲ ਸਾਮਰਾਜੀ ਹਿੱਤਾਂ ਅਤੇ ਅੰਤਰ-ਸਾਮਰਾਜੀ ਖਹਿ-ਭੇੜ ਅਨੁਸਾਰ ਪ੍ਰਭਾਵਿਤ ਹੁੰਦਾ ਹੈ। ਵੈਨੇਜ਼ੁਏਲਾ ਅਜਿਹੀ ਹਾਲਤ ਵਿਚ ਫਸ ਗਿਆ ਹੈ ਕਿ ਉਸ ਨੂੰ ਵਿਦੇਸ਼ੀ ਨਿਵੇਸ਼ ਖਿੱਚਣ ਲਈ ਤੇਲ ਕੀਮਤਾਂ ਤੇ ਕੰਟਰੋਲ ਘਟਾਉਣ, ਸਰਕਾਰੀ ਸਬਸਿਡੀਆਂ ਖਤਮ ਕਰਨ, ਸੰਸਥਾਈ ਟੈਕਸ ਵਧਾਉਣ, ਸਰਕਾਰੀ ਖਰਚ ਘਟਾਉਣ, ਸਰਕਾਰੀ ਅਸਾਸੇ ਪ੍ਰਾਈਵੇਟ ਹੱਥਾਂ ਵਿਚ ਵੇਚਣੇ ਪੈ ਰਹੇ ਹਨ।
ਵੈਨੇਜ਼ੁਏਲਾ ਵਿਚ ਤਕਨੀਕ ਵਪਾਰ ਦਾ ਕੋਈ ਵੱਡਾ ਸੋਮਾ ਨਹੀਂ ਹੈ। ਘਰੇਲੂ ਕਾਰੋਬਾਰ ਸਾਮਰਾਜੀ ਵਿੱਤੀ ਸਰਮਾਏ ਤੇ ਨਿਰਭਰ ਹੈ। ਸਨਅਤ ਵਿਚ ਬਹੁ-ਕੌਮੀ ਕੰਪਨੀਆਂ ਦੀ ਸਰਦਾਰੀ ਹੈ। 16 ਸਾਲ ਤੋਂ ਅਮਰੀਕਾ ਦੀ ਆਰਥਿਕ ਘੇਰਾਬੰਦੀ ਨੇ ਇਸ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ। ਅਮਰੀਕਾ ਨੇ ਤੇਲ ਦੀ ਵਿਕਰੀ ਅਤੇ ਅਦਾਇਗੀ ਦੀਆਂ ਸ਼ਰਤਾਂ (ਕੀਮਤਾਂ ਤੇ ਮਿਤੀਆਂ ਦੇ ਰੂਪ ਵਿਚ), ਵਸਤਾਂ ਦੀ ਮਾਤਰਾ, ਕੀਮਤਾਂ ਮਿੱਥ ਕੇ ਅਤੇ ਕਈ ਹੋਰ ਤਰੀਕਿਆਂ ਨਾਲ ਤੇਲ ਸਨਅਤ ਵਿਚ ਦਬਦਬਾ ਕਾਇਮ ਕੀਤਾ। ਆਰਥਿਕ ਘੇਰਾਬੰਦੀ ਅਤੇ ਵੈਨੇਜ਼ੁਏਲਾ ਸਰਕਾਰ ਦੇ ਵਿਰੋਧ ਕਾਰਨ ਵਕਤੀ ਤੌਰ ਤੇ ਭਾਵੇਂ ਅਮਰੀਕੀ ਵਿੱਤੀ ਸਰਮਾਏ ਅਤੇ ਅਮਰੀਕਾ ਆਧਾਰਿਤ ਕੰਪਨੀਆਂ ਨੂੰ ਵੀ ਘਾਟਾ ਝੱਲਣਾ ਪੈ ਰਿਹਾ ਹੈ ਪਰ ਅਮਰੀਕਾ ਵੈਨੇਜ਼ੁਏਲਾ ਦੀ ਸੱਤਾ ਬਦਲੀ ਵਿਚ ਮੁੱਖ ਭਾਈਵਾਲ ਬਣ ਕੇ ਆਰਥਿਕ ਘਾਟਿਆਂ ਦੀ ਭਰਪਾਈ ਕਰਨ ਦੀ ਤਾਕ ਵਿਚ ਹੈ। ਉੁਹ ਵੈਨੇਜ਼ੁਏਲਾ ਦੀ ਮੰਡੀ ਉੱਤੇ ਪੂਰਨ ਕਬਜ਼ਾ ਚਾਹੁੰਦਾ ਹੈ ਅਤੇ ਇਸ ਨੂੰ ਬਾਕੀ ਸੰਸਾਰ ਸ਼ਕਤੀਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ। ਵੈਨੇਜ਼ੁਏਲਾ ਦੀ ਮੌਜੂਦਾ ਆਰਥਿਕ ਦਸ਼ਾ ਨੇ ਇਹ ਦਿਖਾ ਦਿੱਤਾ ਕਿ ਮੁਲਕ ਦੀ ਆਰਥਿਕ ਨਿਰਭਰਤਾ ਬਿਨਾ ਪੱਛੜੇ ਮੁਲਕਾਂ ਦੀ ਸਿਆਸੀ ਆਜ਼ਾਦੀ ਕਿੰਨੀ ਅਖੌਤੀ ਹੈ।
ਸੰਪਰਕ: mandeepsaddowal@gmail.com
ਪੀਡੀਐਫ ਫਾਇਲ ਪੜ੍ਹਨ ਤੇ ਪ੍ਰਾਪਤ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ :
Saturday, August 17, 2019
ਔਰਤ ਮੁਕਤੀ ਲਈ ਜੂਝਣ ਵਾਲੀਆਂ ਮਹਾਨ ਸੰਗਰਾਮਣਾਂ
ਸਿੱਖਿਆ ਵਿਚ ਪੀ ਪੀ ਪੀ : ਸਿੱਖਿਆ ਖੇਤਰ 'ਤੇ ਹੋ ਰਹੇ ਨਵਉਦਾਰਵਾਦੀ ਹਮਲਿਆਂ ਖਿਲਾਫ ਇਕਜੁੱਟ ਹੋਣ ਦੀ ਲੋੜ
ਮਿਰਜ਼ਾ
ਮਿਰਜ਼ਾ
ਸੁਣਿਆ ਤੇਰੀ ਵੀ ਅੱਖ ਹੁਣ
ਬਾਰੂਦੀ ਸੁਰਮਾ ਝੱਲਦੀ ਹੈ
ਸੁਣਿਆ ਤੇਰੇ ਨੈਣਾਂ ਚੋਂ ਵੀ ਫੁੱਟਦੀ ਹੈ
ਜਵਾਲਾ ਬਗ਼ਾਵਤ ਦੀ
ਤੇ ਸੁਣਿਆ ਤੇਰੇ ਵੀ ਕਤਲ ਦੀ ਤਵਾਰੀਖ
ਲਿਖ ਦਿੱਤੀ ਗਈ ਸੀ ਅਤੀਤ ‘ਚ
ਸੁਣਿਆ ਤੇਰੇ ਤੋਂ ਪਹਿਲਾਂ ਹੀ
ਰਾਜਧਾਨੀ ਤੋਂ ਬਣ ਚੁੱਕੇ ਸਨ ਮਨਸੂਬੇ
ਤੇਰੀ ਕੌਮ ਉਧਾਲਣ ਦੇ
ਰੋਟੀ ਦੀ ਪਰਿਕਰਮਾ
ਤੇ ਜੰਡ ਹੇਠ ਡੱਕਰੇ ਹੋਣ ਤੋਂ ਪਹਿਲਾਂ
ਵਕਤ ਹੈ, ਮਿਰਜ਼ਾ
ਉੱਠ ਚੁੱਕ ਕਮਾਨ
ਸੁੱਟ ਕਾਗ਼ਜ਼ਾਂ ਦੇ ਤੀਰ
ਜੇ ਅਗਲੇ ਬਾਘ ਹਨ ਤਾਂ ਦੌਰ ਬੱਕੀਆਂ ਦਾ ਵੀ ਨਹੀਂ
ਤੇ ਇਸ ਵਾਰ ਬਾਝ ਭਰਾਵਾ
ਨਹੀਂ ਵੱਡਿਆ ਜਾਏਂਗਾ, ਮਿਰਜ਼ਾ
ਹਰ ਵਾਰ ਪਹਿਲੇ ਜਿਹਾ ਹੀ ਤਾਂ ਨਹੀਂ ਹੁੰਦਾ
ਸਭ ਕੁਝ
ਤਵਾਰੀਖ ਬਦਲਗੀ, ਮਿਰਜ਼ਾ
ਇਸ ਵਾਰ
ਭਰਾਵਾਂ ਸੰਗ ਜਾਵੀਂ
ਤੇ ਸੌਂ ਨਾ ਜਾਵੀਂ ਰਾਜਧਾਨੀ ਦੇ ਕਿਸੇ ਜੰਡ ਹੇਠ
ਸੁਣਿਆ ਤੇਰੀ ਅੱਖ ਵੀ ਹੁਣ
ਬਾਰੂਦੀ ਸੁਰਮਾ ਝੱਲਦੀ ਹੈ
ਸੁਣਿਆ ਤੇਰੇ ਭਰਾਵਾਂ ਦੇ ਨੈਣਾਂ ਚੋਂ ਵੀ
ਫੁੱਟਦੀ ਹੈ ਜਵਾਲਾ
ਸੁਣਿਆ ਉਹ ਵੀ ਧੋਣਾ ਚਾਹੁੰਦੇ ਨੇ ਦਾਗ
ਬੇਗੈਰਤ ਦਾ
ਹਰ ਵਾਰ ਪਹਿਲੇ ਜਿਹਾ ਹੀ ਤਾਂ ਨਹੀਂ ਹੁੰਦਾ
ਸਭ ਕੁਝ
ਬਾਰੂਦੀ ਸੁਰਮਾ ਝੱਲਦੀ ਹੈ
ਸੁਣਿਆ ਤੇਰੇ ਨੈਣਾਂ ਚੋਂ ਵੀ ਫੁੱਟਦੀ ਹੈ
ਜਵਾਲਾ ਬਗ਼ਾਵਤ ਦੀ
ਤੇ ਸੁਣਿਆ ਤੇਰੇ ਵੀ ਕਤਲ ਦੀ ਤਵਾਰੀਖ
ਲਿਖ ਦਿੱਤੀ ਗਈ ਸੀ ਅਤੀਤ ‘ਚ
ਸੁਣਿਆ ਤੇਰੇ ਤੋਂ ਪਹਿਲਾਂ ਹੀ
ਰਾਜਧਾਨੀ ਤੋਂ ਬਣ ਚੁੱਕੇ ਸਨ ਮਨਸੂਬੇ
ਤੇਰੀ ਕੌਮ ਉਧਾਲਣ ਦੇ
ਰੋਟੀ ਦੀ ਪਰਿਕਰਮਾ
ਤੇ ਜੰਡ ਹੇਠ ਡੱਕਰੇ ਹੋਣ ਤੋਂ ਪਹਿਲਾਂ
ਵਕਤ ਹੈ, ਮਿਰਜ਼ਾ
ਉੱਠ ਚੁੱਕ ਕਮਾਨ
ਸੁੱਟ ਕਾਗ਼ਜ਼ਾਂ ਦੇ ਤੀਰ
ਜੇ ਅਗਲੇ ਬਾਘ ਹਨ ਤਾਂ ਦੌਰ ਬੱਕੀਆਂ ਦਾ ਵੀ ਨਹੀਂ
ਤੇ ਇਸ ਵਾਰ ਬਾਝ ਭਰਾਵਾ
ਨਹੀਂ ਵੱਡਿਆ ਜਾਏਂਗਾ, ਮਿਰਜ਼ਾ
ਹਰ ਵਾਰ ਪਹਿਲੇ ਜਿਹਾ ਹੀ ਤਾਂ ਨਹੀਂ ਹੁੰਦਾ
ਸਭ ਕੁਝ
ਤਵਾਰੀਖ ਬਦਲਗੀ, ਮਿਰਜ਼ਾ
ਇਸ ਵਾਰ
ਭਰਾਵਾਂ ਸੰਗ ਜਾਵੀਂ
ਤੇ ਸੌਂ ਨਾ ਜਾਵੀਂ ਰਾਜਧਾਨੀ ਦੇ ਕਿਸੇ ਜੰਡ ਹੇਠ
ਸੁਣਿਆ ਤੇਰੀ ਅੱਖ ਵੀ ਹੁਣ
ਬਾਰੂਦੀ ਸੁਰਮਾ ਝੱਲਦੀ ਹੈ
ਸੁਣਿਆ ਤੇਰੇ ਭਰਾਵਾਂ ਦੇ ਨੈਣਾਂ ਚੋਂ ਵੀ
ਫੁੱਟਦੀ ਹੈ ਜਵਾਲਾ
ਸੁਣਿਆ ਉਹ ਵੀ ਧੋਣਾ ਚਾਹੁੰਦੇ ਨੇ ਦਾਗ
ਬੇਗੈਰਤ ਦਾ
ਹਰ ਵਾਰ ਪਹਿਲੇ ਜਿਹਾ ਹੀ ਤਾਂ ਨਹੀਂ ਹੁੰਦਾ
ਸਭ ਕੁਝ
- ਮ.
Labels:
ਕਾਵਿ-ਰਚਨਾਵਾਂ
Wednesday, August 14, 2019
ਫਿਰਕੂ ਫਾਸ਼ੀਵਾਦ ਤੇ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ ਲੋਕ ਤਾਕਤ ਦਾ ਕਿਲਾ ਮਜ਼ਬੂਤ ਕਰੋ
Monday, August 12, 2019
ਭਾਰਤ ਲਈ ਅਰਜਨਟੀਨਾ ਦੀ ਆਰਥਿਕ ਮੰਦੀ ਦੇ ਸਬਕ
ਭਾਰਤ ਲਈ ਅਰਜਨਟੀਨਾ ਦੀ ਆਰਥਿਕ ਮੰਦੀ ਦੇ ਸਬਕ
ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਵਿਰਾਲ ਅਚਾਰੀਆ ਨੇ ਲੰਘੇ ਅਕਤੂਬਰ ਮੁੰਬਈ ਵਿਚ ਭਾਸ਼ਨ ਵਿਚ ਭਾਰਤ ਸਰਕਾਰ ਨੂੰ ਅਰਜਨਟੀਨਾ ਦੀ ਸਰਕਾਰ ਦੀਆਂ ਗਲਤੀਆਂ ਤੋਂ ਸਬਕ ਲੈਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਜੇ ਵਿੱਤੀ ਸੰਸਥਾਵਾਂ ਅਤੇ ਬੈਂਕਾਂ ਦੀ ਰਿਜ਼ਰਵ ਪੂੰਜੀ ‘ਚ ਸਰਕਾਰ ਦਾ ਦਖ਼ਲ ਹੁੰਦਾ ਹੈ ਤਾਂ ਭਾਰਤੀ ਆਰਥਿਕਤਾ ਨੂੰ ਅਰਜਨਟੀਨਾ ਦੀ ਆਰਥਿਕ ਮੰਦੀ ਵਰਗੇ ਦੌਰ ਵਿਚੋਂ ਗੁਜ਼ਰਨਾ ਪੈ ਸਕਦਾ ਹੈ। ਉਨ੍ਹਾਂ ਆਰਬੀਆਈ ਅਤੇ ਭਾਜਪਾ ਸਰਕਾਰ ਵਿਚਕਾਰ ਚੱਲੇ ਵਿਵਾਦ ਦੇ ਪ੍ਰਸੰਗ ‘ਚ ਕੇਂਦਰੀ ਬੈਂਕਾਂ ਦੀ ਖੁਦਮੁਖ਼ਤਾਰੀ ਉੱਤੇ ਜ਼ੋਰ ਦਿੱਤਾ। ਭਾਜਪਾ ਸਰਕਾਰ ਦੁਆਰਾ ਰਿਜ਼ਰਵ ਬੈਂਕ ਦੀ ਖੁਦਮੁਖ਼ਤਾਰੀ ਨੂੰ ਢਾਹ ਲਾਉਣ ਦੇ ਯਤਨ ਦੇ ਪ੍ਰਸੰਗ ਵਿਚੋਂ ਹੀ ਉਨ੍ਹਾਂ ਨੇ ਅਰਜਨਟੀਨਾ ਦੀ ਪਿਛਲੀ ਖੱਬੇਪੱਖੀ ਸਰਕਾਰ ਦੀ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਦੁਆਰਾ 14 ਦਸੰਬਰ 2010 ਨੂੰ 6.6 ਅਰਬ ਡਾਲਰ ਦੇ ਕੌਮੀ ਖਜ਼ਾਨੇ ਨੂੰ ਸਰਕਾਰੀ ਹਿੱਤਾਂ ਲਈ ਟਰਾਂਸਫਰ ਕਰਨ ਦੀ ਉਦਾਹਰਨ ਨੂੰ ਦਲੀਲ ਵਜੋਂ ਵਰਤਿਆ।
ਉਸ ਸਮੇਂ ਵੀ ਊਰਜਿਤ ਪਟੇਲ ਵਾਂਗ ਅਰਜਨਟੀਨਾ ਦੇ ਕੇਂਦਰੀ ਬੈਂਕ ਦੇ ਮੁਖੀ ਮਾਰਤੀਨ ਰਿਦਰਾਦੋ ਨੇ ਕੌਮੀ ਖਜ਼ਾਨੇ ਨੂੰ ਸਰਕਾਰੀ ਹਿੱਤਾਂ ਲਈ ਵਰਤਣ ਤੋਂ ਇਨਕਾਰ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਕੇਂਦਰੀ ਬੈਂਕ ਦੁਆਰਾ ਆਪਣੀ ਖੁਦਮੁਖ਼ਤਾਰੀ ਗਵਾਉਣ ਤੋਂ ਬਾਅਦ ਉਸ ਦੇ ਖਾਤੇ ਬੁਰੀ ਤਰ੍ਹਾਂ ਅਸਰ-ਅੰਦਾਜ਼ ਹੋਏ ਸਨ ਅਤੇ ਮਾਰਕਿਟ ਵਿਚ ਬੇਚੈਨੀ ਪੈਦਾ ਹੋ ਗਈ ਸੀ ਪਰ ਅਰਜਨਟੀਨਾ ਦੀ ਆਰਥਿਕਤਾ ਦਾ ਉਹ ਹਾਲ ਨਹੀਂ ਸੀ ਹੋਇਆ, ਜਿਵੇਂ ਵਿਰਾਲ ਅਚਾਰੀਆ ਨੇ ਪੇਸ਼ ਕਰਨ ਦਾ ਯਤਨ ਕੀਤਾ। ਜਦੋਂ ਉਹਨੇ ਕੇਂਦਰੀ ਬੈਂਕਾਂ ਦੀ ਖੁਦਮੁਖ਼ਤਾਰੀ ਲਈ ਅਰਜਨਟੀਨਾ ਦੀ ਸਰਕਾਰ ਵੱਲੋਂ ਕੌਮੀ ਖਜ਼ਾਨੇ ਨੂੰ ਵਰਤਣ ਦੀ ਉਦਾਹਰਨ ਦਿੱਤੀ ਤਾਂ ਉਹ ਅੱੱਧਾ ਸੱਚ ਛੁਪਾ ਗਏ। ਸਰਕਾਰੀ ਜ਼ਿੰਮੇਵਾਰੀਆਂ ਦੇ ਭੁਗਤਾਨ ਲਈ ਕੇਂਦਰੀ ਬੈਂਕਾਂ ਦੇ ਭੰਡਾਰ ਦਾ ਇਸਤੇਮਾਲ ਕਰਨਾ ਭਾਵੇਂ ਨਕਾਰਾਤਮਕ ਰੁਝਾਨ ਹੈ ਜੋ ਕੇਂਦਰੀ ਬੈਂਕਾਂ ਦੀ ਬੈਲੈਂਸ ਸ਼ੀਟ ਦੇ ਨਾਲ ਨਾਲ ਜਨਤਕ ਖੇਤਰ ਤੇ ਮੰਡੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਪਰ ਅਰਜਨਟੀਨਾ ਦੇ ਮੌਜੂਦਾ ਆਰਥਿਕ ਸੰਕਟ ਦਾ ਅਸਲ ਕਾਰਨ ਕੇਵਲ ਕ੍ਰਿਸਟੀਨਾ ਸਰਕਾਰ ਦਾ ਕੇਂਦਰੀ ਬੈਂਕਾਂ ’ਚ ਦਖ਼ਲ ਹੀ ਨਹੀਂ ਹੈ। ਕ੍ਰਿਸਟੀਨਾ ਸਰਕਾਰ ਦੀ ਕੇਂਦਰੀ ਬੈਂਕਾਂ ਦੇ ਰਿਜ਼ਰਵ ਭੰਡਾਰ ਵਰਤਣ ਪਿੱਛੇ ਲਾਤੀਨੀ ਅਮਰੀਕੀ ਖੱਬੇਪੱਖੀਆਂ ਦੀ ਅਮਰੀਕੀ ਸਾਮਰਾਜ ਦੇ ਵਿੱਤੀ ਚੁੰਗਲ ’ਚ ਨਾ ਫਸਣ ਦੀ ਨੀਤੀ ਕੰਮ ਕਰਦੀ ਹੈ।
ਵਿਰਾਲ ਅਚਾਰੀਆ ਕਿਉਂਕਿ ਨਵਉਦਾਰਵਾਦੀ ਨੀਤੀਆਂ ਦੇ ਪੈਰੋਕਾਰ ਹਨ, ਇਸ ਲਈ ਉਨ੍ਹਾਂ ਨੇ ਅਰਜਨਟੀਨਾ ਦੀ ਮੌਜੂਦਾ ਸਰਕਾਰ (ਜਿਸ ਦੇ ਰਾਸ਼ਟਰਪਤੀ ਮੁਰਸੀਓ ਮਾਕਰੀ ਖੁਦ ਨਵਉਦਾਰਵਾਦੀ ਨੀਤੀਆਂ ਦੇ ਪੈਰੋਕਾਰ ਹਨ) ਦਾ ਬਚਾਅ ਕਰਦਿਆਂ ਅਰਜਨਟੀਨਾ ਦੇ ਮੌਜੂਦਾ ਆਰਥਿਕ ਸੰਕਟ ਦੀ ਜ਼ਿੰਮੇਵਾਰੀ ਸਾਬਕਾ ਖੱਬੇਪੱਖੀ ਸਰਕਾਰ ਸਿਰ ਮੜ੍ਹ ਦਿੱਤੀ, ਭਾਵੇਂ ਸਾਬਕਾ ਖੱਬੇਪੱਖੀ ਸਰਕਾਰ ਕੋਲ ਵੀ ਨਵਉਦਾਰਵਾਦੀ ਆਰਥਿਕ ਮਾਡਲ ਦਾ ਕੋਈ ਸਮਾਜਵਾਦੀ/ਲੋਕਪੱਖੀ ਆਰਥਿਕ ਬਦਲ ਨਹੀਂ ਸੀ/ਹੈ। ਸਾਬਕਾ ਖੱਬੇਪੱਖੀ ਸਰਕਾਰ ਵੀ ਨਵਉਦਾਰਵਾਦੀ ਆਰਥਿਕ ਨੀਤੀਆਂ ਉੱਤੇ ਹੀ ਚੱਲ ਰਹੀ ਸੀ ਪਰ ਉਹ ਮੌਜੂਦਾ ਸਰਕਾਰ ਵਾਂਗ ਖੁੱਲ੍ਹੇਆਮ ਤੇ ਸਖਤੀ ਨਾਲ ਇਹ ਆਰਥਿਕ ਮਾਡਲ ਲਾਗੂ ਨਹੀਂ ਸੀ ਕਰ ਰਹੀ।
ਸਾਲ 2015 ਦੀਆਂ ਚੋਣਾਂ ਦੌਰਾਨ ਅਰਜਨਟੀਨਾ ਵਿਚ ਦੋ ਵੱਡੇ ਸਾਂਝੇ ਮੋਰਚੇ ਕਾਂਬੀਆਮੋਸ ਅਤੇ ਫਰੰਟ ਫਾਰ ਵਿਕਟਰੀ ਚੋਣ ਮੈਦਾਨ ਵਿਚ ਸਨ। ਉਸ ਸਮੇਂ ਤੋਂ ਹੀ ਮੁਰਸੀਓ ਮਾਕਰੀ ਆਪਣੀ ਚੋਣ ਮੁਹਿੰਮ ਦੌਰਾਨ ਅਰਜਨਟੀਨਾ ਦੀ ਆਰਥਿਕ ਦਸ਼ਾ ਦੇ ਲਗਾਤਾਰ ਨਿਘਰਨ ਦਾ ਮੁੱਖ ਕਾਰਨ ਬਾਰ੍ਹਾਂ ਸਾਲਾਂ ਤੋਂ ਲਗਾਤਾਰ ਸੱਤਾ ਵਿਚ ਰਹੀ ਖੱਬੇਪੱਖੀ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਦੱਸ ਰਹੇ ਹਨ। ਇਸ ਲਈ ਉਹਨੇ ਸੰਸਾਰ ਬੈਂਕ ਅਤੇ ਆਈਐੱਮਐੱਫ ਨਾਲ ਮਿਲ ਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਲੰਮੇ ਸਮੇਂ ਤੋਂ ਲੱਗੀਆਂ ਆਰਥਿਕ ਰੋਕਾਂ ਖੋਲ੍ਹਣ, ਨਵੇਂ ਫੰਡ ਜੁਟਾਉਣ, ਕੁੱਲ ਵਿੱਤੀ ਘਾਟੇ ‘ਚ ਸੁਧਾਰ ਲਿਆਉਣ, ਉਦਯੋਗਿਕ ਖੇਤਰਾਂ ਵਿਚ ਵਿਦੇਸ਼ੀ ਨਿਵੇਸ਼ ਵਧਾਉਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਲਗਾਤਾਰ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਘੱਟ ਵਿਆਜ ਦਰਾਂ ਉੱਤੇ ਕਰਜ਼ੇ ਦੇਣ, ਸਿਹਤ ਤੇ ਸਿੱੱਖਿਆ ਦੇ ਖੇਤਰ ’ਚ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਆਦਿ ਵਰਗੇ ਵਾਅਦੇ ਕੀਤੇ।
ਚੋਣਾਂ ਜਿੱਤਣ ਬਾਅਦ ਮਾਕਰੀ ਨੇ ਆਪਣਾ ਨਵਉਦਾਰਵਾਦੀ ਏਜੰਡਾ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਪਹਿਲੇ ਮਹੀਨੇ ਹੀ ਇਕ ਲੱਖ ਤੋਂ ਉੱਪਰ ਮੁਲਾਜ਼ਮਾਂ ਤੇ ਕਾਮਿਆਂ ਦੀ ਛਾਂਟੀ ਕਰ ਦਿੱਤੀ। ਬਜ਼ੁਰਗਾਂ, ਔਰਤਾਂ ਅਤੇ ਨਵਜੰਮੇ ਬੱੱਚਿਆਂ ਨੂੰ ਮਿਲਦੀਆਂ ਸਰਕਾਰੀ ਪੈਨਸ਼ਨਾਂ ਵਿਚ ਕਟੌਤੀ ਕਰ ਦਿੱਤੀ ਗਈ। ਮਿਉਂਸਿਪਲ ਕਮੇਟੀਆਂ ਦੇ ਸਰਕਾਰੀ ਫੰਡ ਘਟਾ ਦਿੱਤੇ। ਸਰਕਾਰੀ ਸਬਸਿਡੀਆਂ ‘ਚ ਵੱਡੇ ਕੱਟ ਲੱਗ ਗਏ। ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਮਾਕਰੀ ਦਾ ਨਾਮ ਪਨਾਮਾ ਪੇਪਰਾਂ ਵਿਚ ਟੈਕਸ ਚੋਰੀ ਕਰਨ ਦੇ ਮਾਮਲੇ ‘ਚ ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਉਨਲ ਮੈਸੀ ਤੋਂ ਵੀ ਉਪਰ ਪਹਿਲੇ ਨੰਬਰ ਉੱਤੇ ਗੂੰਜਿਆ। ਉਸ ਦੇ ਸ਼ਾਸਨ ਕਾਲ ਦੇ ਦੂਜੇ ਸਾਲ (2017) ਅੰਦਰ ਮਹਿੰਗਾਈ ਦੀ ਦਰ 20 ਫ਼ੀਸਦ ਤੋਂ 40 ਤੱਕ ਅੱਪੜ ਗਈ। ਉਸ ਦੀ ਸਰਕਾਰ ਦਾ ਪਹਿਲਾ ਬਜਟ ਘਾਟੇ ਵਾਲਾ ਰਿਹਾ। ਕੁੱਲ ਘਰੇਲੂ ਪੈਦਾਵਾਰ ਦੇ ਮੁਕਾਬਲੇ ਵਿੱਤੀ ਘਾਟਾ ਪਿਛਲੇ ਡੇਢ ਦਹਾਕੇ ਦੇ ਇਤਿਹਾਸ ਚੋਂ ਸਭ ਤੋਂ ਘੱਟ ਰਿਹਾ। ਉਸ ਦੁਆਰਾ ਸਿੱਧੇ ਵਿਦੇਸ਼ੀ ਨਿਵੇਸ਼ ਦੇ ਬੂਹੇ ਖੋਲ੍ਹਣ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕਾਂ ਨੇ ਅਰਜਨਟੀਨਾ ਦੀ ਮੰਡੀ ਵਿਚ ਨਿਵੇਸ਼ ਕਰਨ ਲਈ ਖਾਸ ਰੁਚੀ ਨਹੀਂ ਦਿਖਾਈ। ਨਿਵੇਸ਼ਕ ਅਰਜਨਟੀਨਾ ਦੀ ਕਰੰਸੀ ਦੀ ਅਸਥਿਰਤਾ ਕਾਰਨ ਕੰਨੀ ਕਤਰਾ ਰਹੇ ਸਨ।
ਇੰਨਾ ਕੁਝ ਕਰਨ ਦੇ ਬਾਵਜੂਦ ਆਈਐੱਮਐੱਫ ਤੇ ਸੰਸਾਰ ਬੈਂਕ ਆਰਥਿਕ ਸੁਧਾਰਾਂ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਨਾਖੁਸ਼ ਸਨ। ਉਹ ਆਰਥਿਕ ਸੁਧਾਰਾਂ ਲਈ ਸਾਜ਼ਗਰ ਮਾਹੌਲ ਬਣਾਉਣ ਲਈ ਮਾਕਰੀ ਉੱਤੇ ਦਬਾਅ ਪਾ ਰਹੇ ਸਨ। ਦੂਜੇ ਪਾਸੇ, ਮਾੜੀ ਤੇ ਅਸਥਿਰ ਆਰਥਿਕਤਾ ਕਾਰਨ ਪੈਦਾ ਹੋਈ ਉਪਰਾਮਤਾ ਅਤੇ ਵਧ ਰਹੇ ਲੋਕ ਰੋਹ ਦਾ ਵੀ ਮਾਕਰੀ ਉਪਰ ਦਬਾਅ ਸੀ। ਇਸ ਦੌਰਾਨ ਆਈਐੱਮਐੱਫ ਅਤੇ ਸੰਸਾਰ ਬੈਂਕ ਨੇ ‘ਉਡੀਕੋ ਤੇ ਦੇਖੋ’ ਦੀ ਨੀਤੀ ਉੱਤੇ ਚੱੱਲਦਿਆਂ ਆਪਣੇ ਪ੍ਰਭਾਵ ਵਾਲੇ ਨਿਵੇਸ਼ਕਾਂ ਤੇ ਕਾਰਪੋਰੇਸ਼ਨਾਂ ਨੂੰ ਅਰਜਨਟੀਨਾ ਦੀ ਮੰਡੀ ‘ਚ ਨਿਵੇਸ਼ ਕਰਨ ਤੋਂ ਗੁਰੇਜ ਕਰਨ ਦੀਆਂ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਵੱਲੋਂ ਦਿੱਤੇ ਜਾਂਦੇ ਫੰਡਾਂ ਅਤੇ ਸਬਸਿਡੀਆਂ ਉੱਤੇ ਰੋਕ ਲਗਾ ਦਿੱਤੀ। ਸਿੱਟੇ ਵਜੋਂ ਮਈ 2018 ਦੇ ਪਹਿਲੇ ਦੋ ਹਫਤਿਆਂ ਵਿਚ ਹੀ ਅਰਜਨਟੀਨਾ ਦੀ ਆਰਥਿਕਤਾ ਮੰਦਵਾੜੇ ਵਿਚ ਘਿਰ ਗਈ ਅਤੇ ਕਰੰਸੀ ਪੈਸੋ, ਡਾਲਰ ਦੇ ਮੁਕਾਬਲੇ 7 ਫ਼ੀਸਦ ਤੱਕ ਲੁੜਕ ਗਈ। ਰੀਅਲ ਅਸਟੇਟ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ। ਵੱਡੇ ਉਦਯੋਗਿਕ ਖੇਤਰਾਂ ਵਿਚੋਂ ਲੱਖਾਂ ਕਾਮੇ ਵਿਹਲੇ ਕਰ ਦਿੱਤੇ ਗਏ। ਲੋਕਾਂ ਦੀ ਖਰੀਦ ਸ਼ਕਤੀ ਘਟਣ ਕਾਰਨ ਬਾਜ਼ਾਰ ਖਾਲੀ ਖੜਕਣ ਲੱਗੇ। ਉਤਪਾਦਨ ਲੜੀ ’ਚ ਆਈ ਰੁਕਾਵਟ ਨੇ ਸਨਅਤਕਾਰਾਂ ਵਿਚ ਬੇਚੈਨੀ ਪੈਦਾ ਕਰ ਦਿੱਤੀ।
ਦੂਜੇ ਪਾਸੇ ਵੱਡੀਆਂ ਮੱਛੀਆਂ ਨੇ ਨਿੱਤ ਵਰਤੋਂ ਦੀਆਂ ਵਸਤਾਂ ਦੀ ਜ਼ਖੀਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕੀਮਤਾਂ ਅਸਮਾਨ ਛੋਹ ਗਈਆਂ। ਕੇਂਦਰੀ ਬੈਂਕ ਨੇ ਵਿਆਜ ਦਰਾਂ ਵਧਾ ਦਿੱਤੀਆਂ। ਇਸ ਵਾਧੇ ਨੇ ਨਿਵੇਸ਼ਕਾਂ ਨੂੰ ਨਿਵੇਸ਼ ਲਈ ਹੋਰ ਨਿਰਉਤਸ਼ਾਹਿਤ ਕੀਤਾ। ਇਸ ਵਾਧੇ ਨੇ ਬਾਜ਼ਾਰ ਅੰਦਰ ਉਭਾਰ ਖੜ੍ਹਾ ਕਰ ਦਿੱਤਾ ਹੈ। ਕਰੰਸੀ ਦੀ ਗਿਰਾਵਟ ਅਤੇ ਵਿਆਜ ਦਰਾਂ ਦੇ ਵਾਧੇ ਕਾਰਨ ਡਾਲਰ ਦੀ ਪੁੱਗਤ ਹੋਰ ਵਧ ਗਈ। ਕਾਰੋਬਾਰੀਆਂ ਤੇ ਰੱਜੇ-ਪੁੱਜੇ ਤਬਕੇ ਨੇ ਡਾਲਰ ਦਾ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਭੰਡਾਰ ਨੇ ਸਥਾਨਕ ਕਰੰਸੀ ਲਈ ਹੋਰ ਸੰਕਟ ਖੜ੍ਹਾ ਕੀਤਾ। ਲੋਕਾਂ ਅੰਦਰ ਮਾਕਰੀ ਸਰਕਾਰ ਖਿਲਾਫ ਰੋਹ ਵਧਣ ਲੱਗਾ। 2019 ਦੀਆਂ ਚੋਣਾਂ ਸਿਰ ਉੱਤੇ ਹੋਣ ਕਰਕੇ ਅਤੇ ਆਰਥਿਕ ਖੇਤਰ ਵਿਚ ਪੈਦਾ ਹੋਈ ਅਰਾਜਕਤਾ ਕਾਰਨ ਮਾਕਰੀ ਰਾਹਤ ਪੈਕਜ ਲਈ ਆਈਐੱਮਐੱਫ ਕੋਲ ਲੇਲ੍ਹੜੀਆਂ ਕੱਢਣ ਲੱਗਾ ਪਰ ਇਸ ਨੇ ਸੰਕਟ ਦੀ ਘੜੀ ਵਿਚ ਮਾਕਰੀ ਦੀ ਬਾਂਹ ਫੜਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮਾਕਰੀ ਸਰਕਾਰ ਅਤੇ ਆਈਐੱਮਐੱਫ ਵਿਚਕਾਰ ਸੌਦੇਬਾਜ਼ੀ ਦਾ ਗੇੜ ਸ਼ੁਰੂ ਹੋ ਗਿਆ। ਸੰਕਟ ਵਿਚ ਘਿਰੀ ਮਾਕਰੀ ਸਰਕਾਰ ਨੇ ਮਈ ਵਿਚ ਗੋਡੇ ਟੇਕ ਦਿੱਤੇ ਅਤੇ ਆਈਐੱਮਐੱਫ ਨੇ 50 ਅਰਬ ਡਾਲਰ ਦੇ ਬੌਂਡ ਜਾਰੀ ਕਰਕੇ ਆਰਥਿਕ ਨੀਤੀਆਂ ਵਿਚ ਦਖ਼ਲ ਦਾ ਰਾਹ ਮੋਕਲਾ ਕਰ ਲਿਆ।
ਅਜਿਹੇ ਸਮਝੌਤਿਆਂ ਨੇ ਇਕ ਵਾਰ ਫਿਰ ਦਿਖਾ ਦਿੱਤਾ ਕਿ ਆਈਐੱਮਐੱਫ ਅਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਵੱਖ ਵੱਖ ਦੇਸ਼ਾਂ ਅਤੇ ਦੇਸ਼ ਦੇ ਲੋਕਾਂ ਨੂੰ ਸੰਕਟ ਵਿਚੋਂ ਕੱਢਣ ਲਈ ਸੇਵਾਵਾਂ ਨਹੀਂ ਦਿੰਦੀਆਂ ਬਲਕਿ ਸੰਕਟ ਇਨ੍ਹਾਂ ਸੰਸਥਾਵਾਂ ਲਈ ਵਰਦਾਨ ਹਨ। ਇਹ ਸੰਕਟ ਦਾ ਵਪਾਰ ਕਰਦੀਆਂ ਹਨ ਅਤੇ ਗਰੀਬ ਦੇਸ਼ਾਂ ਦੀਆਂ ਆਰਥਿਕ ਨਾਕਾਬੰਦੀਆਂ ਕਰਕੇ ਤੇ ਕਰਜ਼-ਜਾਲ ਬੁਣ ਕੇ ਤਬਾਹਕੁਨ ਸ਼ਰਤਾਂ ਲਈ ਮਜਬੂਰ ਕਰਦੀਆਂ ਹਨ। ਲਾਤੀਨੀ ਅਮਰੀਕਾ ਦੇ ਦਰਜਨਾਂ ਦੇਸ਼ਾਂ ਦਾ ਇਹੀ ਇਤਿਹਾਸ ਹੈ। ਇਹ ਮਾਡਲ ਜਿੱਥੇ ਵੀ ਲਾਗੂ ਹੋਇਆ, ਉਹ ਦੇਸ਼ ਮੁੜ ਆਪਣੇ ਪੈਰਾਂ ਉੱਤੇ ਖੜ੍ਹਾ ਨਹੀਂ ਹੋਇਆ।
ਸੋ, ਬੈਂਕਾਂ ਦੀ ਖੁਦਮੁਖ਼ਤਾਰੀ ਦਾ ਸਵਾਲ ਨਵਉਦਾਰਵਾਦ ਦੇ ਏਜੰਡੇ ਅਧੀਨ ਹੈ। ਨਵਉਦਾਰਵਾਦੀ ਏਜੰਡੇ ਨੂੰ ਬੇਰੋਕ-ਟੋਕ ਅੱਗੇ ਵਧਾਉਣ ਲਈ, ਇਸ ਦੇ ਅੰਗ ਵਜੋਂ ਕਾਰਪੋਰੇਟ ਘਰਾਣਿਆਂ ਨੂੰ ਰਾਹਤ ਦੇਣ ਅਤੇ ਜਨਤਕ ਸਹੂਲਤਾਂ ਉੱਤੇ ਕੱਟ ਲਾਉਣ ਲਈ ਦੁਨੀਆਂ ਭਰ ਵਿਚ ਖੱਬੇਪੱਖੀ ਤੇ ਉਦਾਰਵਾਦੀ ਤਾਕਤਾਂ ਦੀ ਥਾਂ ਜਾਬਰ ਅਤੇ ਫਾਸ਼ੀ ਤਾਕਤਾਂ ਦੀ ਲੋੜ ਪੈ ਰਹੀ ਹੈ। ਅਰਜਨਟੀਨਾ ਵਿਚ ਕ੍ਰਿਸਟੀਨਾ ਦੀ ਬਜਾਏ ਮਾਕਰੀ, ਇਸੇ ਤਰ੍ਹਾਂ ਭਾਰਤ ਵਿਚ ਮਨਮੋਹਨ ਸਿੰਘ ਦੀ ਥਾਂ ਨਰੇਂਦਰ ਮੋਦੀ ਵਰਗੇ ਚਿਹਰਿਆਂ ਦੀ ਲੋੜ ਵੱਧ ਸੀ। ਇਸ ਲਈ ਕੌਮੀ ਅਤੇ ਕੌਮਾਂਤਰੀ ਮੀਡੀਆ ਵਿਚ ਅਜਿਹੇ ਚਿਹਰਿਆਂ ਦੀ ਸ਼ਨਾਖ਼ਤ ਲਈ ਜ਼ੋਰ ਦਿੱਤਾ ਜਾਦਾ ਹੈ। ਅਰਜਨਟੀਨਾ ਦਾ ਮੌਜੂਦਾ ਆਰਥਿਕ ਸੰਕਟ ਅਤੇ ਭਾਰਤ ਅੰਦਰ ਰਿਜ਼ਰਵ ਬੈਂਕ ਦੇ ਮੁਦਰਾ ਭੰਡਾਰ ਉੱਤੇ ਸਰਕਾਰੀ ਅੱਖ ਲਈ ਨਵਉਦਾਰਵਾਦੀ ਆਰਥਿਕ ਨੀਤੀਆਂ ਦੀ ਧੁੱਸ ਪ੍ਰਮੁੱਖ ਹੈ ਪਰ ਭਾਰਤ ਨੂੰ ਕੇਵਲ ਰਿਜ਼ਰਵ ਬੈਂਕ ਦੀ ਖੁਦਮੁਖ਼ਤਾਰੀ ਦੇ ਪ੍ਰਸੰਗ ਵਿਚ ਹੀ ਨਹੀਂ, ਸਮੁੱਚੇ ਰੂਪ ਵਿਚ ਪੂੰਜੀਵਾਦੀ ਨਵਉਦਾਰਵਾਦੀ ਨੀਤੀਆਂ ਦੇ ਹਮਲੇ ਦੇ ਪ੍ਰਸੰਗ ਵਿਚ ਹੀ ਅਰਜਨਟੀਨਾ ਦੀ ਆਰਥਿਕ ਮੰਦੀ ਤੋਂ ਸਬਕ ਲੈਣ ਦੀ ਲੋੜ ਹੈ।
ਸੰਪਰਕ: mandeepsaddowal@gmail.com
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਕੌਣ ਹੈ ਇੱਥੇ ਸੁਖੀ, ਕੌਣ ਇੱਥੇ ਮਸਤ ਹੈ ?
ਸੇਠ ਹੈ, ਸ਼ਾਹੂਕਾਰ ਹੈ, ਪੈਸੇ ਵਾਲੇ ਗਲ ਵੱਡਦੇ ਨੇ
ਗਾਲਾਂ ਵੀ ਸੁਣਦੇ ਨੇ, ਤੇ ਉੱਤੋਂ ਥੁੱਕ ਚੱਟਦੇ ਨੇ
ਚੋਰ ਹੈ, ਡਾਕੂ ਹੈ, ਝੂਠਾ-ਮਕਾਰ ਹੈ
ਕਾਤਲ ਹੈ, ਕਪਟੀ ਹੈ, ਲੁੱਚਾ-ਲਚਾਰ ਹੈ
ਜਿਵੇਂ ਵੀ ਟਿਕਟ ਮਿਲੀ, ਜਿੱਥੇ ਵੀ ਟਿਕਟ ਮਿਲੀ
ਸੱਤਾ ਦੇ ਘੋੜੇ ਉੱਤੇ ਉਹ ਵੀ ਸਵਾਰ ਹੈ
ਉਸਦੀ ਹੀ ਜਨਵਰੀ ਛੱਬੀ
ਤੇ ਉਸਦਾ ਹੀ ਪੰਦਰਾ ਅਗਸਤ ਹੈ!!
ਬਾਕੀ ਸਭ ਦੁੱਖੀ ਨੇ, ਬਾਕੀ ਸਭ ਪਸਤ ਹੈ
ਕੌਣ ਹੈ ਖਿੜਿਆ-ਖਿੜਿਆ, ਬੁਝਿਆ-ਬੁਝਿਆ ਕੌਣ ਹੈ
ਕੌਣ ਹੈ ਬੁਲੰਦ ਅੱਜ, ਕੌਣ ਅੱਜ ਮਸਤ ਹੈ
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਸੇਠ ਹੈ ਖਿੜਿਆ-ਖਿੜਿਆ, ਕਿਰਤੀ-ਕਾਮਾ ਬੁਝਿਆ-ਬੁਝਿਆ
ਮਾਲਕ ਬੁਲੰਦ ਹੈ, ਕੁਲੀ-ਮਜਦੂਰ ਪਸਤ ਹੈ
ਸੇਠ ਇੱਥੇ ਸੁਖੀ ਹੈ, ਸੇਠ ਇੱਥੇ ਮਸਤ ਹੈ
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਪਟਨਾ ਹੈ, ਦਿੱਲੀ ਹੈ, ਇੱਥੇ ਸਭ ਜੁਗਾੜ ਹੈ
ਮੇਲਾ ਹੈ, ਠੇਲਾ ਹੈ, ਭਾਰੀ ਭੀੜ-ਭਾੜ ਹੈ
ਫਰਿੱਜ ਹੈ, ਸੋਫਾ ਹੈ, ਬਿਜਲੀ ਦਾ ਝਾੜ ਹੈ
ਫੈਸ਼ਨ ਦੀ ਓਟ ਹੈ, ਸਭ ਕੁਝ ਉਜਾੜ ਹੈ
ਜਨਤਾ ਦੀ ਪਿੱਠ ਉੱਤੇ ਬਜ਼ਟ ਦਾ ਪਹਾੜ ਹੈ
ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਮਾਸਟਰ ਦੀ ਛਾਤੀ 'ਚ ਕਿੰਨੇ ਹੱਡ ਨੇ
ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਮਜਦੂਰ ਦੀ ਛਾਤੀ 'ਚ ਕਿੰਨੇ ਹੱਡ ਨੇ
ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਘਰਵਾਲੀ ਦੀ ਛਾਤੀ 'ਚ ਕਿੰਨੇ ਹੱਡ ਨੇ
ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਬੱਚੇ ਦੀ ਛਾਤੀ 'ਚ ਕਿੰਨੇ ਹੱਡ ਨੇ
ਦੇਖ ਲੋ ਜੀ, ਦੇਖ ਲੋ ਜੀ, ਦੇਖ ਲੋ ਜੀ,
ਦੇਖ ਲੋ ਜੀ,
ਜਨਤਾ ਦੀ ਪਿੱਠ ਉੱਤੇ ਬਜ਼ਟ ਦਾ ਪਹਾੜ ਹੈ
ਮੇਲਾ ਹੈ, ਠੇਲਾ ਹੈ, ਭਾਰੀ ਭੀੜ-ਭਾੜ ਹੈ
ਪਟਨਾ ਹੈ, ਦਿੱਲੀ ਹੈ, ਇੱਥੇ ਸਭ ਜੁਗਾੜ ਹੈ
ਫਰਿੱਜ ਹੈ, ਸੋਫਾ ਹੈ, ਬਿਜਲੀ ਦਾ ਝਾੜ ਹੈ
ਫੈਸ਼ਨ ਦੀ ਓਟ ਹੈ, ਸਭ ਕੁਝ ਉਜਾੜ ਹੈ
ਮਹਿਲ ਅਬਾਦ ਹੈ, ਝੌਂਪੜੀ ਉਝਾੜ ਹੈ
ਗਰੀਬਾਂ ਦੀ ਬਸਤੀ ਵਿਚ ਉਖਾੜ ਹੈ, ਪਛਾੜ ਹੈ
ਧੱਤ ਤੇਰੀ, ਧੱਤ ਤੇਰੀ, ਕੁਝ ਨਹੀਂ
ਕੁਝ ਵੀ ਨਹੀਂ!!
ਤਾੜ (ਖਜੂਰ) ਦਾ ਤਿਲ ਹੈ, ਤਿਲ ਦੀ ਤਾੜ ਹੈ
ਖਜੂਰ ਦੇ ਪੱਤੇ ਹਨ, ਪਤਿਆਂ ਦੇ ਪੱਖੇ ਹਨ
ਪੱਖਿਆ ਦੀ ਓਟ ਹੈ, ਪੱਖਿਆ ਦੀ ਆੜ ਹੈ
ਕੁਝ ਨਹੀਂ, ਕੁਝ ਨਹੀਂ
ਤਾੜ (ਖਜੂਰ) ਦਾ ਤਿਲ ਹੈ, ਤਿਲ ਦੀ ਤਾੜ ਹੈ
ਜਨਤਾ ਦੀ ਪਿੱਠ ਉੱਤੇ ਬਜ਼ਟ ਦਾ ਪਹਾੜ ਹੈ
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਕੌਣ ਹੈ ਇੱਥੇ ਸੁਖੀ, ਕੌਣ ਇੱਥੇ ਮਸਤ ਹੈ ?
ਸੇਠ ਇੱਥੇ ਸੁਖੀ ਹੈ, ਸੇਠ ਇੱਥੇ ਮਸਤ ਹੈ
ਮੰਤਰੀ ਹੀ ਸੁਖੀ ਹਨ, ਮੰਤਰੀ ਹੀ ਮਸਤ ਹੈ
ਉਸਦੀ ਹੈ ਜਨਵਰੀ, ਉਸਦਾ ਹੀ ਅਗਸਤ ਹੈ।
- ਨਾਗਾਰੁਜਨ
ਅਨੁਵਾਦ-ਮਨਦੀਪ
Labels:
ਕਾਵਿ-ਰਚਨਾਵਾਂ
Subscribe to:
Posts (Atom)
ਮਈ ਦਿਵਸ ਦੀ ਇਤਿਹਾਸਕ ਮਹੱਤਤਾ
ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...





