ਟਰੰਪ ਦੀਆਂ ਅਰਾਜਕ ਨੀਤੀਆਂ ਨਾਲ ਸੰਸਾਰ ਅੰਦਰ ਵੱਖ-ਵੱਖ ਦੇਸ਼ਾਂ ਵੱਲੋਂ ਆਪੋ-ਆਪਣੇ ਰੱਖਿਆ ਖੇਤਰ ਦੀ ਮਜ਼ਬੂਤੀ ਲਈ ਜੰਗੀ ਮਾਰੂ ਹਥਿਆਰਾਂ ਦੀ ਖ਼ਰੀਦੋ-ਫਰੋਖਤ ਦੀ ਦੌੜ ਤੇਜ਼ ਹੋ ਗਈ ਹੈ। ਅਜੋਕੀਆਂ ਹਾਲਾਤਾਂ ਦੀਆਂ ਜੜ੍ਹਾਂ ਇਸਦੇ ਇਤਿਹਾਸ ਪਿਛੋਕੜ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਅਮਰੀਕੀ ਸਾਮਰਾਜ ਨੇ ਦੂਜੀ ਸੰਸਾਰ ਜੰਗ ਸਮੇਂ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਪ੍ਰਮਾਣੂ ਬੰਬ ਸੁੱਟ ਕੇ ਦੁਨੀਆਂ ਨੂੰ ਭੈਅਭੀਤ ਕਰਕੇ ਆਪਣੇ ਆਪ ਨੂੰ ਦੁਨੀਆਂ ਦੀ ਪ੍ਰਮਾਣੂ ਮਹਾਂਸ਼ਕਤੀ ਐਲਾਨ ਦਿੱਤਾ ਸੀ। ਇਸ ਨੇ ਦੁਨੀਆਂ ਉੱਤੇ ਬਸਤੀਵਾਦ ਦੀ ਜਗ੍ਹਾ ਨਵਬਸਤੀਵਾਦੀ ਪ੍ਰਬੰਧ ਥੋਪ ਦਿੱਤਾ। ਦੂਜੀ ਵਿਸ਼ਵ ਜੰਗ ਤੋਂ ਬਾਅਦ ਸੰਸਾਰ ਅੰਦਰ ਵੱਡੀਆਂ ਤਬਦੀਲੀਆਂ ਹੋਈਆਂ ਜਿਸਨੇ ਬਰਤਾਨਵੀ ਸਾਮਰਾਜ ਦੀ ਚੜ੍ਹਤ ਦੇ ਦੌਰ ਦਾ ਅੰਤ ਕਰ ਦਿੱਤਾ। ਬਰਤਾਨਵੀ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਅਮਰੀਕਾ ਦੁਨੀਆਂ ਦੀ ਇਕ ਵੱਡੀ ਸਾਮਰਾਜੀ ਤਾਕਤ ਬਣਕੇ ਉੱਭਰਿਆ। ਦੂਜੇ ਪਾਸੇ ਸੋਵੀਅਤ ਯੂਨੀਅਨ ਵੀ ਇਕ ਤਕੜੀ ਸਮਾਜਵਾਦੀ ਤਾਕਤ ਵਜੋਂ ਅਮਰੀਕਾ ਅੱਗੇ ਵੱਡੀ ਚੁਣੌਤੀ ਬਣਕੇ ਸਾਹਮਣੇ ਆਇਆ ਬਲਕਿ ਸੋਵੀਅਤ ਯੂਨੀਅਨ ਸਮਾਜਵਾਦੀ ਕੈਂਪ ਵਜੋਂ ਅਮਰੀਕਾ ਦੇ ਮੁਕਾਬਲੇ ਇਕ ਵੱਡੀ ਤਾਕਤ ਬਣ ਗਿਆ ਸੀ ਜੋ ਬਾਅਦ ਵਿੱਚ ਇੱਕ ਸਮਾਜਿਕ ਸਾਮਰਾਜ ਵਿਚ ਤਬਦੀਲ ਹੋ ਗਿਆ। ਇਸ ਤਰ੍ਹਾਂ ਅਮਰੀਕੀ ਸਾਮਰਾਜੀ ਅਤੇ ਸੋਵੀਅਤ ਸਮਾਜਿਕ ਸਾਮਰਾਜ ਵਿਚਕਾਰ ਠੰਡੀ ਜੰਗ ਚੱਲੀ ਜਿਸ ਵਿੱਚ ਰੂਸੀ ਸਮਾਜਿਕ ਸਾਮਰਾਜ ਖਿੰਡ ਗਿਆ। ਅੰਤ ਦੁਨੀਆਂ ਵਿੱਚ ਅਮਰੀਕੀ ਸਾਮਰਾਜੀ ਇਕੋ ਇੱਕ ਮਹਾਂਸ਼ਕਤੀ ਬਣ ਗਿਆ।
ਠੰਡੀ ਜੰਗ ਤੋਂ ਬਾਅਦ ਸੰਸਾਰ ਅੰਦਰ ਵੱਖ-ਵੱਖ ਮੌਕਿਆਂ ਤੇ ਤੀਸਰੀ ਸੰਸਾਰ ਜੰਗ ਦਾ ਖਤਰਾ ਮੰਡਰਾਉਂਦਾ ਤੇ ਟਲਦਾ ਆ ਰਿਹਾ ਹੈ। ਇਸ ਜੰਗ ਦੇ ਵਿਸ਼ੇਸ਼ ਕਰਕੇ ਪ੍ਰਮਾਣੂ ਜੰਗ ਵਿੱਚ ਵਟਣ ਦੇ ਖਦਸੇ ਪੈਦਾ ਹੁੰਦੇ ਰਹੇ ਅਤੇ ਇਸ ਸਾਮਰਾਜੀ ਅਤੇ ਪ੍ਰਮਾਣੂ ਜੰਗ ਵਿਰੁੱਧ ਕੌਮੀ ਮੁਕਤੀ ਲਹਿਰ ਅਤੇ ਸ਼ਾਂਤੀ ਲਹਿਰ ਵੀ ਨਾਲ-ਨਾਲ ਚਲਦੀ ਰਹੀ। ਸੰਸਾਰ ਤਾਕਤਾਂ ਵਿਚਕਾਰ ਪ੍ਰਮਾਣੂ ਜੰਗ ਤੇ ਪ੍ਰਮਾਣੂ ਹਥਿਆਰਾਂ ਦੇ ਪਸਾਰ ਵਿਰੁੱਧ ਕਈ ਸੰਧੀਆਂ-ਸਮਝੌਤੇ ਵੀ ਹੁੰਦੇ ਆ ਰਹੇ ਹਨ। ਪ੍ਰਮਾਣੂ ਹਥਿਆਰਾਂ ਦੀ ਰੋਕ ਅਤੇ ਪ੍ਰਮਾਣੂ ਹਥਿਆਰਾਂ ਦੇ ਪਸਾਰ ਵਿਰੋਧੀ ਸੰਧੀਆਂ ਵਿੱਚ ਯੂਐਨਓ ਦਾ ਮਹੱਤਵਪੂਰਨ ਰੋਲ ਰਿਹਾ। ਯੂਐਨਓ ਦਾ ਅੰਤਰਰਾਸ਼ਟਰੀ ਮਸਲਿਆਂ ਵਿੱਚ ਇਕ ਸਾਲਸੀ ਵਾਲਾ ਰੋਲ ਰਹਿਣ ਕਰਕੇ ਇਸ ਨੇ ਦੁਨੀਆਂ ਵਿੱਚ ਪ੍ਰਮਾਣੂ ਹਥਿਆਰਾਂ ਅਤੇ ਪ੍ਰਮਾਣੂ ਤਕਨਾਲੋਜੀ ਦੇ ਫੈਲਾਅ ਨੂੰ ਰੋਕਣ, ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਮਾਣੂ ਹਥਿਆਰ ਰਹਿਤ ਸੰਸਾਰ ਸਿਰਜਣ ਦੇ ਟੀਚਿਆਂ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ। ਯੂਐਨਓ ਦੀ ਵਿਚੋਲਗਿਰੀ ਕਾਰਨ ਦੁਨੀਆਂ ਅੰਦਰ ਪ੍ਰਮਾਣੂ ਪ੍ਰਸਾਰ ਵਿਰੋਧੀ (NPT) ਸੰਧੀ ਹੋਂਦ ਵਿੱਚ ਆਈ ਜਿਸਨੂੰ 1968 ਵਿੱਚ ਅਪਣਾਇਆ ਗਿਆ ਸੀ ਅਤੇ 1970 ਵਿੱਚ ਲਾਗੂ ਕੀਤਾ ਗਿਆ। ਇਸ ਗੈਰ ਪਸਾਰ ਸੰਧੀ ਨੂੰ ਪੰਜ ਪ੍ਰਮਾਣੂ ਦੇਸ਼ਾਂ ਨੂੰ ਛੱਡ ਕੇ ਵਿਸ਼ਵ ਵਿਆਪੀ ਪ੍ਰਮਾਣੂ ਹਥਿਆਰ ਰਹਿਤ ਸੰਸਾਰ ਪ੍ਰਬੰਧ ਦਾ ਅਧਾਰ ਮੰਨਿਆ ਜਾਂਦਾ ਰਿਹਾ ਹੈ। ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਨੂੰ ਇਸ ਤਕਨਾਲੋਜੀ ਨੂੰ ਗੈਰ-ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਨੂੰ ਮੁੱਹਈਆ ਨਾ ਕਰਨ ਲਈ ਸਹਿਮਤ ਹੋਣਾ ਪਿਆ ਅਤੇ ਦੁਨੀਆਂ ਅੰਦਰ ਪੰਜ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਦੇ ਤੌਰ ਤੇ ਮਾਨਤਾ ਹਾਸਲ ਹੋਈ। ਅਤੇ ਇਨ੍ਹਾਂ ਪੰਜ ਦੇਸ਼ਾਂ ਦੀ ਪ੍ਰਮਾਣੂ ਹਥਿਆਰਾਂ ਉੱਤੇ ਅਜਾਰੇਦਾਰੀ ਹੋਣ ਨਾਲ ਬਾਕੀ ਦੇਸ਼ਾਂ ਨੂੰ ਗੈਰ ਪ੍ਰਮਾਣੂ ਦੇਸ਼ ਮੰਨਿਆ ਗਿਆ ਅਤੇ ਯੂਐਨਓ ਦੇ ਨਿਸ਼ਸਤਰੀਕਰਨ ਪ੍ਰੋਗਰਾਮ ਦੀ ਨੀਤੀ ਬਾਕੀ ਸਾਰੇ ਦੇਸ਼ਾਂ ਨੂੰ ਸਖ਼ਤ ਅਤੇ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਨਿਯੰਤਰਣ ਅਧੀਨ ਰੱਖਿਆ ਗਿਆ ਸੀ ਜੋ ਦੁਨੀਆਂ ਅੰਦਰ ਸੰਪੂਰਨ ਅਮਨ ਦੀ ਮੰਗ ਕਰਦੀ ਸੀ। ਯੂਐਨਓ ਦੀ ਦੇਖ-ਰੇਖ ਵਿੱਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਅਤੇ ਇਹ ਗੈਰ ਪ੍ਰਮਾਣੂ ਪਸਾਰ ਸੰਧੀ ਨੂੰ ਸਾਰੀਆਂ ਧਿਰਾਂ ਨੂੰ ਭੇਦਭਾਵ ਤੋਂ ਬਿਨਾਂ ਸ਼ਾਂਤੀਪੂਰਨ ਉਦੇਸ਼ਾਂ ਲਈ ਪਰਮਾਣੂ ਊਰਜਾ ਵਿਕਸਤ ਕਰਨ ਅਤੇ ਵਰਤੋਂ ਕਰਨ ਦੇ ਅਧਿਕਾਰ ਨੂੰ ਮਾਨਤਾ ਦਿੰਦੀ ਸੀ।
ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਇੱਕ ਪ੍ਰਮਾਣੂ ਸੁਰੱਖਿਆ ਪ੍ਰਣਾਲੀ ਰਾਹੀਂ ਸੰਧੀ ਦੀ ਪਾਲਣਾ ਦੀ ਪੁਸ਼ਟੀ ਕਰਨ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਂਦੀ ਰਹੀ ਹੈ, ਜਿਸ ਵਿੱਚ ਪ੍ਰਮਾਣੂ ਪ੍ਰੋਗਰਾਮਾਂ ਦਾ ਨਿਰੀਖਣ ਸ਼ਾਮਲ ਹੁੰਦਾ ਹੈ।
ਸਮੀਖਿਆ ਕਾਨਫਰੰਸਾਂ, ਸੰਧੀਆਂ ਨੂੰ ਲਾਗੂ ਕਰਦੀਆਂ ਅਤੇ ਉਸਦਾ ਮੁਲਾਂਕਣ ਕਰਦੀਆਂ ਸਨ ਅਤੇ ਇਹ ਸੰਧੀਆਂ ਅਤੇ ਸਮਝੌਤਿਆਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਨੂੰ ਹੱਲ ਕਰਨ ਲਈ ਹਰ ਪੰਜ ਸਾਲਾਂ ਬਾਅਦ ਸਮੀਖਿਆ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਂਦੀਆਂ ਸਨ। ਗੈਰ ਪ੍ਰਮਾਣੂ ਪਸਾਰ ਸੰਧੀ NPT ਨੂੰ 1995 ਵਿੱਚ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਗਿਆ ਸੀ। ਇਨ੍ਹਾਂ ਸੰਧੀਆਂ ਨੂੰ ਲਾਗੂ ਕਰਨ ਲਈ ਕਈ ਚੁਣੌਤੀਆਂ ਦਰਪੇਸ਼ ਸਨ ਅਤੇ ਇਨ੍ਹਾਂ ਦੀਆਂ ਬਹੁਤ ਸਾਰੀਆਂ ਸੀਮਤਾਈਆਂ ਵੀ ਸਨ। ਕੁਝ ਦੇਸ਼ ਇਨ੍ਹਾਂ ਸੰਧੀਆਂ ਨੂੰ ਮੰਨਣ ਤੋਂ ਇਨਕਾਰੀ ਰਹੇ ਹਨ। ਕੁਝ ਦੇਸ਼ਾਂ ਨੇ ਇਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤੇ ਜਾਂ ਇਸ ਤੋਂ ਪਿੱਛੇ ਹਟ ਗਏ ਸਨ। ਕੌਮਾਂਤਰੀ ਊਰਜਾ ਏਜੰਸੀ ਸਾਰੇ ਦੇਸ਼ਾਂ ਦੇ ਪ੍ਰਮਾਣੂ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਸੀ ਪਰ ਇਸ ਪ੍ਰਣਾਲੀ ਉਤੇ ਠੀਕ ਢੰਗ ਨਾਲ ਅਮਲ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਆਰਮਜ਼ ਕੰਟਰੋਲ ਐਸੋਸੀਏਸ਼ਨ ਨੋਟ ਕਰਦੀ ਹੈ ਅਤੇ ਕੁਝ ਲੋਕ ਦਲੀਲ ਦਿੰਦੇ ਹਨ ਕਿ ਗੈਰ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਨੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਅੱਗੇ ਵਧਾਉਣ ਦੀ ਆਪਣੀ ਜ਼ਿੰਮੇਵਾਰੀ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ।
ਸੰਖੇਪ ਵਿੱਚ, ਗੈਰ ਪਸਾਰ ਪ੍ਰਮਾਣੂ ਸੰਧੀ ਹਥਿਆਰਾਂ ਦੇ ਫੈਲਣ ਨੂੰ ਰੋਕਣ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਸੰਧੀ ਰਹੀ ਹੈ, ਪਰ ਇਸਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪਰ ਠੰਡੀ ਜੰਗ ਦੇ ਖਾਤਮੇ ਅਤੇ ਸੋਵੀਅਤ ਸੰਘ ਦੇ ਖਿੰਡਾਅ ਬਾਅਦ ਦੁਨੀਆਂ ਦੇ ਹਾਲਾਤ ਹੋਰ ਵੀ ਬਦਲ ਗਏ ਹਨ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਉਲੰਘਣਾਵਾਂ ਹੋਈਆਂ ਹਨ ਅਤੇ ਅਮਰੀਕਨ ਸਾਮਰਾਜਵਾਦ ਦੇ ਬਾਕੀ ਸਾਮਰਾਜੀ ਦੇਸ਼ਾਂ ਨਾਲੋਂ ਹਾਵੀ ਹੋਣ ਕਰਕੇ ਅਫਗਾਨਿਸਤਾਨ, ਇਰਾਕ, ਸੀਰੀਆ ਆਦਿ ਦੇਸ਼ਾਂ ਉਤੇ ਵੱਡੀਆਂ ਸਾਮਰਾਜੀ ਤਾਕਤਾਂ ਨੇ ਹਮਲੇ ਕੀਤੇ ਹਨ ਪਰ ਇਨ੍ਹਾਂ ਹਮਲਿਆਂ ਨਾਲ ਨਜਿੱਠਣ ਲਈ ਯੂਐਨਓ ਬੁਰੀ ਤਰ੍ਹਾਂ ਫੇਲ੍ਹ ਹੋ ਗਈ।
ਹੁਣ ਟਰੰਪ ਦੇ ਉਭਾਰ ਨਾਲ ਸੰਸਾਰ ਹਾਲਤਾਂ ਹੋਰ ਵੀ ਬਦਲ ਰਹੀਆਂ ਹਨ। ਟਰੰਪ ਨੇ ਸੱਤਾ ਵਿਚ ਆਉਂਦਿਆਂ ਹੀ ਆਪਣੇ ਮਨਮਾਨੇ ਕਾਰਜਕਾਰੀ ਹੁਕਮ ਜਾਰੀ ਕਰਕੇ ਫਾਸੀਵਾਦੀ ਰੁੱਖ ਅਖ਼ਤਿਆਰ ਕਰ ਲਿਆ ਹੈ। ਟਰੰਪ ਨੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਸੰਧੀਆਂ ਵਿਚੋਂ ਮਨਮਾਨੇ ਢੰਗ ਨਾਲ ਬਾਹਰ ਆਉਣ ਅਤੇ ਉਨ੍ਹਾਂ ਨੂੰ ਨਜਰਅੰਦਾਜ ਕਰਨ ਦਾ ਅਮਲ ਚਲਾ ਦਿੱਤਾ ਹੈ। ਅਮਰੀਕਾ ਨੇ ਪਹਿਲਾਂ ਹੀ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆਂ ਭਰ ਅੰਦਰ ਫੌਜੀ ਅੱਡੇ ਸਥਾਪਤ ਕੀਤੇ ਹੋਏ ਹਨ ਅਤੇ ਸੋਵੀਅਤ ਯੂਨੀਅਨ ਨੂੰ ਦੁਨੀਆਂ ਭਰ ਅੰਦਰ ਮਾਤ ਦੇਣ ਲਈ ਉਸ ਦੀ ਘੇਰਾਬੰਦੀ ਲਈ ਨਾਟੋ ਗੁੱਟ ਬਣਾਇਆ ਸੀ ਅਤੇ ਸੋਵੀਅਤ ਯੂਨੀਅਨ ਦੀ ਘੇਰਾਬੰਦੀ ਲਈ ਯੂਐਸਏਡ ਗੁੱਟ ਬਣਾਇਆ ਗਿਆ ਸੀ ਪਰ ਸੋਵੀਅਤ ਯੂਨੀਅਨ ਦੇ ਖਿੰਡਣ ਬਾਅਦ ਹੁਣ ਅਮਰੀਕਾ ਨੂੰ ਇਨ੍ਹਾਂ ਸੰਸਥਾਵਾਂ ਦੀ ਉਸ ਤਰ੍ਹਾਂ ਦੀ ਜ਼ਰੂਰਤ ਨਾ ਰਹਿਣ ਕਾਰਨ ਉਹ ਇਨ੍ਹਾਂ ਦਾ ਬਜਟ ਘਟਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ ਇਕ ਪਾਸੇ 86% ਸਕੀਮਾਂ ਦੇ ਫੰਡ ਘਟਾ ਦਿੱਤੇ ਹਨ ਅਤੇ ਦੂਜੇ ਪਾਸੇ ਉਹ ਨਾਟੋ ਮੁਲਕਾਂ ਉੱਤੇ ਸਾਰੇ ਮੁਲਕਾਂ ਨੂੰ ਆਪਣੇ ਫ਼ੌਜੀ ਖ਼ਰਚੇ ਵਧਾਉਣ ਲਈ ਦਬਾਅ ਪਾ ਰਿਹਾ ਹੈ। ਪਰ ਆਰਥਿਕ ਸੰਕਟ ਵਿਚ ਫਸੇ ਨਾਟੋ ਮੁਲਕ ਹੁਣ ਤੱਕ ਆਪਣੇ ਰੱਖਿਆ ਖ਼ਰਚੇ ਵਧਾਉਣ ਲਈ ਰਾਜ਼ੀ ਨਹੀਂ ਹੋ ਰਹੇ। ਦੁਨੀਆਂ ਅੰਦਰ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ ਅਤੇ ਅੱਜ ਅਮਰੀਕਾ ਦੁਨੀਆਂ ਦਾ ਸਭ ਤੋਂ ਵੱਡਾ ਕਰਜ਼ੱਈ ਦੇਸ਼ ਬਣਿਆ ਹੋਇਆ ਹੈ ਅਤੇ ਇਸਦੇ ਸਿਰ 32 ਖਰਬ ਡਾਲਰ ਤੋਂ ਵੱਧ ਕਰਜ਼ਾ ਹੈ। ਇਸ ਦਾ ਫੌਜੀ ਬਜਟ 988 ਅਰਬ ਡਾਲਰ ਤੋਂ ਉੱਪਰ ਹੈ ਜੋ ਦੁਨੀਆਂ ਵਿੱਚ ਸਭ ਤੋਂ ਵੱਧ ਹੈ। ਅਮਰੀਕਾ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਉਸ ਦਾ ਖੋਜ ਅਤੇ ਵਿਕਾਸ ਬਜਟ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਸ ਦੇ ਮੁਕਾਬਲੇ ਖੋਜ ਵਿਕਾਸ ਕਾਰਜਾਂ ਵਿਚ ਚੀਨ ਅੱਗੇ ਵਧ ਰਿਹਾ ਹੈ। ਹੁਣ ਪਿਛਲੇ ਸਮੇਂ ਤੋਂ ਅਮਰੀਕਾ ਬਜਟ ਘਾਟੇ ਦੀ ਬੱਚਤ ਲਈ ਦੁਨੀਆਂ ਦੀਆਂ ਕੌਮਾਂਤਰੀ ਸੰਸਥਾਵਾਂ ਵਿਚੋਂ ਬਾਹਰ ਆ ਰਿਹਾ ਹੈ ਅਤੇ ਉਹ ਨਾਟੋ ਦਾ ਖਰਚ ਘਟਾਉਣ ਲਈ ਯੂਰਪੀਅਨ ਯੂਨੀਅਨ ਨੂੰ ਮਿਲਟਰੀ ਖ਼ਰਚੇ ਵਧਾਉਣ ਲਈ ਜ਼ੋਰ ਪਾ ਰਿਹਾ ਹੈ। ਇਸ ਸਮੇਂ ਦੁਨੀਆਂ ਅੰਦਰ ਚੀਨ ਅਮਰੀਕਾ ਦਾ ਮੁੱਖ ਦੁਸ਼ਮਣ ਅਤੇ ਮੁੱਖ ਚੁਣੌਤੀ ਬਣਿਆ ਹੋਇਆ ਹੈ, ਇਸ ਕਰਕੇ ਅਮਰੀਕਾ ਯੂਰਪੀ ਯੂਨੀਅਨ ਵਿੱਚ ਨਾਟੋ ਦੇ ਫੌਜੀ ਅੱਡਿਆਂ ਦੇ ਖਰਚੇ ਘਟਾਉਣਾ ਚਾਹੁੰਦਾ ਹੈ ਪਰ ਯੂਰਪੀ ਯੂਨੀਅਨ ਅਜਿਹਾ ਨਹੀਂ ਚਾਹੁੰਦਾ ਕਿ ਅਮਰੀਕਾ ਨਾਟੋ ਦਾ ਬਜਟ ਘਟਾਵੇ ਕਿਉਂਕਿ ਸੁਰੱਖਿਆ ਲਈ ਉਸ ਦੀ ਅਮਰੀਕਾ ਉਪਰ ਨਿਰਭਰਤਾ ਬਣੀ ਹੋਈ ਹੈ। ਇਸ ਸਮੇਂ ਦੁਨੀਆ ਅੰਦਰ ਤਾਕਤਾਂ ਦਾ ਸੰਤੁਲਨ ਬਣਾ ਕੇ ਰੱਖਣਾ ਅਮਰੀਕਾ ਲਈ ਮੁਸ਼ਕਲ ਹੋ ਰਿਹਾ ਹੈ। ਉਧਰ ਟਰੰਪ ਅਮਰੀਕਾ ਅੰਦਰ ਖਰਚੇ ਘੱਟ ਕਰਨ ਲਈ ਮੁਲਾਜ਼ਮਾਂ ਦੀ ਛਾਂਟੀ ਕਰਨ ਲਈ ਕਲਿਆਣਕਾਰੀ ਕਾਰਜਾਂ ਉਪਰ ਕਟੌਤੀ ਕਰ ਰਿਹਾ ਹੈ ਅਤੇ ਇਸ ਵਿਰੁੱਧ ਟਰੰਪ ਦੇ ਵਿਰੋਧੀ ਬਾਈਡਨ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਰਕੇ ਟਰੰਪ ਵੱਲੋਂ ਟੈਰਿਫ ਵਧਾਉਣ ਰਾਹੀਂ ਖਜ਼ਾਨਾ ਭਰਨ ਅਤੇ ਦਰਾਮਦਾਂ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਟਰੰਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੂੰ ਟੈਰਿਫ ਲਾਉਣ ਨਾਲ 2-3 ਅਰਬ ਡਾਲਰ ਦੀ ਕਮਾਈ ਹੋਵੇਗੀ। ਉਹਦਾ ਤਰਕ ਹੈ ਕਿ ਇਤਿਹਾਸ ਅੰਦਰ ਜਦੋਂ ਵੀ ਅਮਰੀਕਾ ਨੇ ਟੈਰਿਫ ਲਾਏ ਹਨ ਉਹ ਦੁਨੀਆਂ ਦਾ ਸਭ ਤੋਂ ਅਮੀਰ ਦੇਸ਼ ਰਿਹਾ। ਪਰ ਉਹ ਇਹ ਭੁੱਲ ਰਿਹਾ ਹੈ ਕਿ ਟੈਰਿਫਾਂ ਦੇ ਵਾਧੇ ਨਾਲ ਮਹਿੰਗਾਈ ਵਧਦੀ ਹੈ ਅਤੇ ਇਨ੍ਹਾਂ ਟੈਰਿਫਾਂ ਨਾਲ ਦੁਨੀਆਂ ਅੰਦਰ ਹਾਹਾਕਾਰ ਮੱਚ ਗਈ ਹੈ ਅਤੇ ਇਸ ਨਾਲ ਵਿਸ਼ਵ ਵਪਾਰ ਸੰਸਥਾ ਰਾਹੀਂ ਸੰਸਾਰ ਅੰਦਰ ਸਥਾਪਤ ਵਿਦੇਸ਼ੀ ਵਪਾਰ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਅਮਰੀਕਾ ਵੱਲੋਂ ਚੀਨ ਉਪਰ ਇਕ ਪਾਸੜ 245 ਫੀਸਦੀ ਟੈਰਿਫ ਲਾਏ ਜਾ ਰਹੇ ਹਨ। ਟੈਰਿਫ ਤੋਂ ਇਲਾਵਾ ਅਮਰੀਕਾ ਵੱਲੋਂ ਜੰਗੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਟਰੰਪ ਨੇ ਪੈਂਟਾਗਨ ਨੂੰ ਆਧੁਨਿਕ ਹਥਿਆਰ ਤਿਆਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਅਮਰੀਕਾ ਵੱਲੋਂ ਨਾਟੋ ਤੋਂ ਪਿਛਾਂਹ ਹਟਣ ਨਾਲ ਚਿਰਾਂ ਤੋਂ ਨਿਸ਼ਸਤਰੀਕਰਨ ਦੀ ਨੀਤੀ ਉੱਤੇ ਚੱਲਣ ਵਾਲਾ ਜਾਪਾਨ ਮਿਲਟਰੀ ਤਿਆਰੀਆਂ ਅਤੇ ਪ੍ਰਮਾਣੂ ਬੰਬਾਂ ਦੀ ਦੌੜ ਵਿਚ ਸ਼ਾਮਿਲ ਹੋ ਰਿਹਾ ਹੈ। ਅਮਰੀਕਾ ਤੇ ਇਸਰਾਇਲ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਈਰਾਨ ਨੂੰ ਲਗਾਤਾਰ ਜੰਗੀ ਘੁਰਕੀਆਂ ਦੇ ਰਹੇ ਹਨ। ਪ੍ਰਮਾਣੂ ਹਥਿਆਰ ਸੰਪੰਨ ਬਰਤਾਨੀਆ ਅਤੇ ਫਰਾਂਸ ਵੱਲੋਂ ਯੂਰਪੀ ਯੂਨੀਅਨ ਨੂੰ ਪ੍ਰਮਾਣੂ ਛੱਤਰੀ ਪ੍ਰਦਾਨ ਕਰਨ ਲਈ ਯੂਰਪੀ ਯੂਨੀਅਨ ਦੀ ਲੰਡਨ ਵਿੱਚ ਮੀਟਿੰਗ ਹੋ ਚੁੱਕੀ ਹੈ ਅਤੇ ਟਰੰਪ ਨੇ ਆਪਣੇ ਸਹਿਯੋਗੀ ਰਹੇ ਦੇਸ਼ਾਂ ਨੂੰ ਪ੍ਰਮਾਣੂ ਵਿਕਲਪ ਦੀ ਹੱਲਾਸ਼ੇਰੀ ਦੇ ਦਿੱਤੀ ਹੈ ਅਤੇ ਟਰੰਪ ਵੱਲੋਂ ਕੌਮਾਂਤਰੀ ਸੰਸਥਾਵਾਂ ਯੂਐਨਓ, ਵਿਸਵ ਵਪਾਰ ਸੰਸਥਾ, ਵਿਸ਼ਵ ਸਿਹਤ ਸੰਗਠਨ, ਵਾਤਾਵਰਨ ਸੰਸਥਾਵਾਂ ਆਦਿ ਨੂੰ ਛੱਡਿਆ ਜਾ ਰਿਹਾ ਹੈ ਅਤੇ ਦੁਨੀਆਂ ਅੰਦਰ ਅਰਾਜਕਤਾ ਦਾ ਬੋਲਬਾਲਾ ਫੈਲਾਇਆ ਜਾ ਰਿਹਾ ਹੈ।
ਇਸ ਤਰ੍ਹਾਂ ਟਰੰਪ ਦੇ ਟੈਰਿਫਾਂ ਦੀ ਜੰਗ ਪੂਰੀ ਸੂਰੀ ਫੌਜੀ ਅਤੇ ਪ੍ਰਮਾਣੂ ਜੰਗ ਦੀਆਂ ਤਿਆਰੀਆਂ ਵਿੱਚ ਤਬਦੀਲ ਹੋਣ ਦੇ ਖਤਰੇ ਪੈਦਾ ਹੋ ਰਹੇ ਹਨ ਅਤੇ ਚੀਨ ਵੱਲੋਂ ਅਮਰੀਕਾ ਦੀ ਟੈਰਿਫ ਜੰਗ ਦਾ ਮੁਕਾਬਲਾ ਕਰਨ ਲਈ ਖਰਬਾਂ ਡਾਲਰ ਜ਼ਮਾਂ ਕੀਤੇ ਹੋਏ ਹਨ ਅਤੇ ਉਹ ਟਰੰਪ ਦੀ ਟੈਰਿਫ ਜੰਗ ਲੜਨ ਦੇ ਮੁਕਾਬਲੇ ਦੇ ਦਮਗਜ਼ੇ ਮਾਰ ਰਿਹਾ ਹੈ। ਚੀਨ ਵੱਲੋਂ ਚੀਨੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਆਰਥਿਕ ਪ੍ਰੋਤਸਾਹਨ ਦੇਣ ਕਰਕੇ ਪਿਛਲੀ ਤਿਮਾਹੀ ਵਿਚ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਪਰ ਅਮਰੀਕਾ ਚੀਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੋਣ ਕਰਕੇ ਇਸ ਦਾ ਚੀਨ ਦੇ ਅਰਥਚਾਰੇ ਉੱਤੇ ਜ਼ਰੂਰ ਮਾੜਾ ਪ੍ਰਭਾਵ ਪਵੇਗਾ ਅਤੇ ਇਕੱਲੇ ਚੀਨ ਉਪਰ ਹੀ ਨਹੀਂ ਸਗੋਂ ਇਸ ਦਾ ਸੰਸਾਰ ਅਰਥਵਿਵਸਥਾ ਉੱਪਰ ਵੀ ਬੁਰਾ ਪ੍ਰਭਾਵ ਪਵੇਗਾ।
ਇਸਦੇ ਨਾਲ ਹੀ ਅਮਰੀਕਾ ਅਤੇ ਇਸ ਦੇ ਭਾਈਵਾਲ ਸਾਮਰਾਜੀ ਦੇਸ਼ਾਂ ਦਾ ਆਪਸੀ ਪਾੜਾ ਬਹੁਤ ਵੱਧ ਗਿਆ ਹੈ ਅਤੇ ਉਸ ਦੇ ਭਾਈਵਾਲਾਂ ਦੀ ਅਮਰੀਕਾ ਉਪਰ ਕਈ ਕਿਸਮ ਦੀ ਨਿਰਭਰਤਾ ਬਹੁਤ ਵਧ ਗਈ ਹੈ। ਇਸ ਕਰਕੇ ਅਮਰੀਕਾ ਨੇ ਆਪਣੇ ਭਾਈਵਾਲ ਨਾਲ ਪਹਿਲਾਂ ਵਾਲੀ ਬਹੁਪੱਖੀ ਸਮੂਹਿਕ ਸਮਝ ਤਿਆਗ ਦਿੱਤੀ ਹੈ ਅਤੇ ਰੂਸ-ਯੂਕਰੇਨ, ਇਜ਼ਰਾਈਲ-ਫਲਸਤੀਨ ਅਤੇ ਤਾਈਵਾਨ-ਚੀਨ ਅਤੇ ਹੋਰ ਮਸਲਿਆਂ ਬਾਰੇ ਆਪਣੇ ਭਾਈਵਾਲ ਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਅਤੇ ਹੁਣ ਟੈਰਿਫ ਲਾਉਣ ਸਮੇਂ ਇਸ ਨੇ ਕਿਸੇ ਦੂਜੇ ਦੇਸ਼ ਦੀ ਪ੍ਰਵਾਹ ਨਹੀਂ ਕੀਤੀ ਅਤੇ ਇਸ ਤੋਂ ਇਲਾਵਾ ਅਮਰੀਕਾ ਦਾ ਸੰਵਿਧਾਨ ਰਾਸ਼ਟਰਪਤੀ ਨੂੰ ਵਸੀਹ ਅਖਤਿਆਰ ਦਿੰਦਾ ਹੈ ਅਤੇ ਟਰੰਪ ਨੇ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਅੰਦਰ ਬਹੁਸੰਮਤੀ ਹਾਸਲ ਕਰਨ ਨਾਲ ਹੋਰ ਵੀ ਜ਼ਿਆਦਾ ਤਾਕਤਾਂ ਹਾਸਲ ਕਰ ਲਈਆਂ ਹਨ। ਹੁਣ ਟਰੰਪ ਇਨ੍ਹਾਂ ਤਾਕਤਾਂ ਦਾ ਦੁਰਉਪਯੋਗ ਕਰ ਰਿਹਾ ਹੈ ਅਤੇ ਇਸ ਦੁਰਉਪਯੋਗ ਨਾਲ ਉਸ ਨੇ ਕੌਮਾਂਤਰੀ ਸੰਧੀਆਂ ਅਤੇ ਸਮਝੌਤਿਆਂ ਦੀ ਤੌਹੀਨ ਕਰਕੇ ਦੁਨੀਆ ਅੰਦਰ ਅਰਾਜਕਤਾਵਾਦੀ ਮਾਹੌਲ ਸਿਰਜ ਦਿੱਤਾ ਹੈ ਅਤੇ ਚਿਰਾਂ ਤੋਂ ਸਥਾਪਤ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਤਹਿਸ ਨਹਿਸ਼ ਕਰਕੇ ਇਕ ਅਫਰਾ-ਤਫਰੀ ਵਰਗਾ ਮਾਹੌਲ ਸਿਰਜ ਦਿੱਤਾ ਹੈ। ਪਰ ਟਰੰਪ ਦੀਆਂ ਟੈਰਿਫ ਨੀਤੀਆਂ ਦਾ ਅਸਲੀ ਸੱਚ ਉਘੜਦਾ ਦੇਖਣ ਲਈ ਇੰਤਜ਼ਾਰ ਕਰਨਾ ਪਵੇਗਾ। ਭਵਿੱਖ ‘ਚ ਅਮਰੀਕਾ ਜਾਂ ਚੀਨ ਵਿੱਚੋਂ ਕਿਸ ਦਾ ਹੱਥ ਉਪਰ ਹੋਵੇਗਾ, ਇਹ ਤਾਂ ਅਜੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਟਰੰਪ ਦੀਆਂ ਨੀਤੀਆਂ ਦੇ ਅਰਾਜਕਤਾਵਾਦੀ ਵਿਹਾਰਕ ਅਮਲ ਦੀਆਂ ਦੁਸ਼ਵਾਰੀਆਂ ਦਾ ਕੌੜਾ ਸੁਆਦ ਦੁਨੀਆਂ ਭਰ ਦੇ ਲੋਕਾਂ ਨੂੰ ਚੱਖਣਾ ਪਵੇਗਾ ਅਤੇ ਸਾਮਰਾਜੀ ਹਮਲਿਆਂ ਅਤੇ ਜੰਗਾਂ ਨੂੰ ਰੋਕਣ ਲਈ ਅੱਗੇ ਆਉਣ ਪਵੇਗਾ। ਜੇ ਟਰੰਪ ਦੀਆਂ ਆਪ ਹੁਦਰੀਆਂ ਨੀਤੀਆਂ ਨੂੰ ਠੱਲ੍ਹ ਨਾ ਪਾਈ ਗਈ ਤਾਂ ਇਹ ਸੰਸਾਰ ਅੰਦਰ ਸ਼ਾਂਤੀ ਅਤੇ ਅਮਨ ਲਈ ਵੱਡਾ ਖਤਰਾ ਖੜਾ ਕਰੇਗਾ। ਇਸ ਕਰਕੇ ਮੌਜੂਦਾ ਹਾਲਾਤਾਂ ਅੰਦਰ ਸੰਸਾਰ ਸ਼ਾਂਤੀ ਅਤੇ ਇਨਕਲਾਬੀ ਤਬਦੀਲੀ ਦੇ ਵਧਾਰੇ ਲਈ ਇਨਕਲਾਬੀ ਤਾਕਤਾਂ ਦਾ ਸਾਮਰਾਜਵਾਦ ਵਿਰੁੱਧ ਸਾਂਝਾ ਮੋਰਚਾ ਉਸਾਰਨ ਦੀ ਫੌਰੀ ਜ਼ਰੂਰਤ ਹੈ।
- ਮੋਹਨ ਸਿੰਘ ਡਾ.

No comments:
Post a Comment