Search This Blog

Friday, May 9, 2025

ਭਾਰਤ -ਪਾਕਿ ਜੰਗ ਦੇ ਸਾਇਰਨ ਦੀ ਬਜਾਏ ਅਮਨ ਸ਼ਾਂਤੀ ਦੇ ਸਾਇਰਨ ਵਜਾਓ



ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਹਕੂਮਤਾਂ ਨੇ ਲੋਕਾਂ ਨੂੰ ਨਹੱਕੀ ਜੰਗ ਵਿੱਚ ਝੋਕ ਦਿੱਤਾ ਹੈ। ਸਾਡੇ ਦੋਵੇਂ ਮੁਲਕਾਂ ਦੇ ਆਮ ਲੋਕ ਬੇਰੁਜ਼ਗਾਰੀ , ਗਰੀਬੀ ਅਤੇ ਭੁੱਖ ਨੰਗ ਦੀ ਨਰਕੀ ਹਾਲਤ ਵਿੱਚ ਫਸੇ ਹੋਏ ਹਨ ਅਤੇ ਇਹ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਭਾਰਤੀ ਸਰਕਾਰ ਨੇ 22 ਅਪ੍ਰੈਲ ਦੀਆਂ ਅਤਿਵਾਦੀ ਘਟਨਾਵਾਂ ਨੂੰ ਹਮਲੇ ਦਾ ਆਧਾਰ ਬਣਾ ਕੇ ਪਾਕਿਸਤਾਨ ਨਾਲ ਵਧਦੇ ਤਣਾਅ ਨੂੰ ਹੋਰ ਅੱਗੇ ਵਧਾਉਂਦਿਆਂ ਪਾਕਿਸਤਾਨ ਉੱਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ । ਦੋਵਾਂ ਦੇਸ਼ਾਂ ਦੇ ਸਰਕਾਰੀ ਮੀਡੀਏ ਨੇ ਭਾਰਤ -ਪਾਕਿਸਤਾਨ ਰਿਸ਼ਤਿਆਂ ਵਿੱਚ ਪਾਈ ਜਾਂਦੀ ਖਟਾਸ ਨੂੰ ਹੋਰ ਹਵਾ ਦੇ ਦਿੱਤੀ ਹੈ। ਦਰਅਸਲ ਮੋਦੀ ਅਮਿਤ ਸ਼ਾਹ ਜੋੜੀ ਜੰਮੂ ਕਸ਼ਮੀਰ ਅੰਦਰ ਧਾਰਾ 370 ਖਤਮ ਕਰਕੇ ਇਸ ਨੂੰ ਆਪਣੀ ਇੱਕ ਬਹੁਤ ਵੱਡੀ ਪ੍ਰਾਪਤੀ ਦੇ ਤੌਰ 'ਤੇ ਪੇਸ਼ ਕਰ ਰਹੀ ਸੀ ਅਤੇ ਇਸ ਧਾਰਾ ਦੇ ਖ਼ਤਮ ਕਰਨ ਨੂੰ ਇਹ ਜੰਮੂ ਕਸ਼ਮੀਰ ਅੰਦਰ ਅਮਨ ਸ਼ਾਂਤੀ ਅਤੇ ਤਰੱਕੀ ਦੀ ਜ਼ਾਮਨੀ ਹੋਣ ਦੇ ਸਬੂਤ ਦੇ ਤੌਰ ਤੇ ਪੇਸ਼ ਕਰ ਰਹੀ ਸੀ ਅਤੇ ਇਹ ਪਿਛਲੀਆਂ ਸਰਕਾਰਾਂ ਨੂੰ ਧਾਰਾ 370 ਨੂੰ ਨਾ ਖ਼ਤਮ ਕਰਨ ਲਈ ਕੋਸ ਰਹੀ ਸੀ । ਹੁਣ ਇਸ ਧਾਰਾ ਨੂੰ ਖ਼ਤਮ ਕਰਕੇ ਜੰਮੂ ਕਸ਼ਮੀਰ ਨੂੰ ਕੇਂਦਰੀ ਸਰਕਾਰ ਦੀਆਂ ਯੂਨੀਅਨ ਟੈਰਟਰੀਆਂ ਵਿੱਚ ਤਬਦੀਲ ਕਰ ਦਿੱਤਾ ਸੀ। ਗ੍ਰਹਿ ਮੰਤਰੀ ਅੰਮਿਤ ਸਾਹ ਅਤੇ ਪ੍ਰਧਾਨ ਮੰਤਰੀ ਮੋਦੀ  ਵੱਲੋਂ ਇਨ੍ਹਾਂ ਰਾਜਾਂ ਨੂੰ ਸਿੱਧੇ ਕੇਂਦਰ ਅਧੀਨ ਕਰ ਦਿੱਤਾ ਸੀ ਅਤੇ ਲਾਅ ਆਡਰ ਨੂੰ ਕੇਂਦਰ ਦੇ ਅਧਿਕਾਰ ਖੇਤਰ ਅਧੀਨ ਕਰ ਲਿਆ ਸੀ। ਭਾਰਤ ਸਰਕਾਰ ਵੱਲੋਂ ਕਸ਼ਮੀਰ ਅੰਦਰ ਸੈਲਾਨੀਆਂ ਦੀ ਆਮਦ ਨੂੰ ਵਧਾ ਚੜ੍ਹਾ ਪੇਸ਼ ਕੀਤਾ ਜਾ ਰਿਹਾ ਸੀ ਅਤੇ ਇਸ ਨੂੰ ਭਾਜਪਾ ਸਰਕਾਰ ਦੀਆਂ  ਨੀਤੀਆਂ ਦੀ ਸਫ਼ਲਤਾ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਸੀ । ਪਰ 22 ਅਪ੍ਰੈਲ 2025 ਨੂੰ ਅਤਿਵਾਦੀਆਂ ਵੱਲੋਂ ਪਹਿਲਗਾਮ ਅੰਦਰ 25 ਭਾਰਤੀਆਂ ਅਤੇ ਇਕ ਹੋਰ ਨਾਗਰਿਕ ਦੇ ਬੇਰਹਿਮੀ ਨਾਲ ਕਤਲ ਨੇ ਭਾਰਤੀ ਸਰਕਾਰ ਦੇ ਸਫ਼ਲਤਾ ਦੇ ਦਾਅਵਿਆਂ ਨੂੰ ਬੁਰੀ ਤਰ੍ਹਾਂ ਗਲਤ ਸਾਬਤ ਕਰ ਦਿੱਤਾ ਅਤੇ ਇਸ ਬੇਰਹਿਮੀ ਦੇ ਕਤਲੇਆਮ ਨੇ ਭਾਰਤੀ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਸੀ। ਪਹਿਲਗਾਮ ਅੰਦਰ ਸੈਲਾਨੀਆਂ ਦੇ ਹੋਏ ਇਸ ਖ਼ੂੰਖ਼ਾਰ ਹਮਲੇ ਨੇ ਮੋਦੀ ਅਤੇ ਗ੍ਰਹਿਮੰਤਰੀ ਅਮਿਤ ਸਾਹ ਦੀ ਨਮੋਸ਼ੀ ਜੱਗ ਜ਼ਾਹਰ ਕਰ ਦਿੱਤੀ ਸੀ। ਅਤਿਵਾਦੀਆਂ ਵੱਲੋਂ ਬੇਖੌਫ ਹੋ ਕੇ ਸ਼ਰੇਆਮ ਸੈਲਾਨੀਆਂ ਦਾ ਚੁਣ ਚੁਣ ਕੇ ਕਤਲੇਆਮ ਕਰਨ ਨੇ ਭਾਜਪਾ ਹਕੂਮਤ ਦੀ ਨਾਅਹਿਲੀਅਤ ਨੂੰ ਜੱਗ ਜ਼ਾਹਰ ਕਰ ਦਿੱਤਾ।

ਅਤਿਵਾਦੀਆਂ ਵੱਲੋਂ ਬੇਕਸੂਰ ਹਿੰਦੂਆਂ ਦੇ ਕਤਲੇਆਮ ਦੀ ਘਿਨਾਉਣੀ ਕਾਰਵਾਈ ਨੇ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ ਅਤੇ ਕਈ ਨੌਜਵਾਨ ਔਰਤਾਂ ਦੇ ਸੁਹਾਗ ਰੋਲ ਦਿਤੇ ਅਤੇ ਅਤਿਵਾਦੀਆਂ ਵੱਲੋਂ ਇਸ ਘਿਨੌਣੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸ ਦੇਣ ਦੀਆਂ ਤਨਜਾਂ ਨੇ ਦੇਸ਼ ਦੀ ਮਾਨਵਤਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ।  ਇਨ੍ਹਾਂ ਤਨਜ਼ ਭਰੇ ਨਹੋਰਿਆਂ ਨੇ ਭਾਰਤ ਦੇ ਅਖੌਤੀ ਗੋਦੀ ਮੀਡੀਏ ਨੂੰ ਭਾਰਤੀ ਲੋਕਾਂ ਅੰਦਰ ਕੌਮੀ ਜਨੂੰਨ ਭਰਨ ਦੇ ਬਿਰਤਾਂਤ ਸਿਰਜਣ ਦਾ ਭਰਪੂਰ ਮਸਾਲਾ ਮੁੱਹਈਆ ਕਰਾ ਹੈ। ਜਿਸ ਨਾਲ ਮੋਦੀ ਹਕੂਮਤ ਆਪਣੀ  ਨਮੋਸ਼ੀ ਅਤੇ ਬਦਖੋਈ ਨੂੰ ਢੱਕਣ ਲਈ ਪਾਕਿਸਤਾਨ ਉੱਤੇ ਕੋਈ ਦਰਸ਼ਨੀ ਕਾਰਵਾਈ ਕਰਨ ਤੋਂ ਉਰੇ ਕੋਈ ਚਾਰਾ ਨਹੀਂ  ਸੀ ਰਹਿ ਗਿਆ ਸੀ । ਸਿੱਟੇ ਵਜੋਂ ਮੋਦੀ ਸਰਕਾਰ ਨੇ ਪਹਿਲਾਂ ਭਾਰਤ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ, ਸਿੰਧੂ ਦਰਿਆ ਸਮਝੌਤਾ ਮੁਅੱਤਲ ਕਰ ਦਿੱਤਾ ਹੈ, ਭਾਰਤ ਪਾਕਿਸਤਾਨ ਹਵਾਈ ਸਫ਼ਰ 'ਤੇ ਰੋਕਾਂ ਲਾ ਦਿੱਤੀਆਂ ਹਨ, ਪਾਕਿਸਤਾਨੀ ਨਾਗਰਿਕ ਦੇ ਪਾਸਪੋਰਟ ਰੱਦ ਕਰਨ ਵਰਗੇ ਕਦਮ ਚੁੱਕ ਕੇ ਬੇਕਸੂਰ ਪਾਕਿਸਤਾਨੀ ਨਾਗਰਿਕਾਂ ਨੂੰ ਖੱਜਲ ਖੁਆਰ ਕੀਤਾ ਗਿਆ ਆਦਿ।  
 ਭਾਜਪਾ ਸਰਕਾਰ ਵੱਲੋਂ ਪਾਕਿਸਤਾਨ 'ਤੇ ਮਿਲਟਰੀ ਹਵਾਈ ਹਮਲੇ ਕਰਨ ਲਈ ਕੌਮਾਂਤਰੀ ਹਮਾਇਤ ਬਟੋਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਜ਼ਰਾਈਲ ਨੂੰ ਛੱਡ ਕਿਸੇ ਦੇਸ਼ ਨੇ ਭਾਰਤ ਵੱਲੋਂ ਪਾਕਿਸਤਾਨ ਉੱਤੇ ਹਮਲੇ ਕਰਨ ਦੀ ਕਿਸੇ ਦੇਸ਼ ਵੱਲੋਂ ਠੋਸ ਯਕਯਹਿਤੀ ਪੇਸ਼ ਨਹੀਂ ਕੀਤੀ ਗਈ ਅਤੇ ਭਾਰਤ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਕੋਈ ਬਹੁਤਾ ਬੂਰ ਨਹੀਂ ਪਿਆ ਅਤੇ ਭਾਰਤ ਦੀਆਂ ਇਹ ਕੂਟਨੀਤਕ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ ਹਨ।  ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਜਦੋਂ ਯੂਰਪੀਨ ਯੂਨੀਅਨ ਦੀ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਤਾਂ ਯੂਰਪੀਨ ਯੂਨੀਅਨ ਨੇ ਸਾਫ਼ ਕਹਿ ਦਿੱਤਾ ਕਿ ਦੋਵਾਂ ਦੇਸ਼ਾਂ ਆਪਸੀ ਤਣਾਅ ਘਟਾਉਣਾ ਚਾਹੀਦਾ ਹੈ।  ਇਸ 'ਤੇ ਵਿਦੇਸ਼ੀ ਮੰਤਰੀ ਜੈਸ਼ੰਕਰ ਨੂੰ ਖਿਝ ਕੇ ਕਹਿਣਾ ਪਿਆ ਸੀ ਕਿ ਭਾਰਤ ਨੂੰ ਮੱਤਾਂ ਦੇਣ ਦੀ ਲੋੜ ਨਹੀਂ ਹੈ । ਭਾਰਤ ਨੂੰ ਜਿਸ ਦੇਸ਼ ਅਮਰੀਕਾ ਤੋਂ ਭਾਰਤ ਨੂੰ ਹਮਾਇਤ ਦੀ ਸਭ ਤੋਂ ਵੱਧ ਆਸ ਸੀ, ਉਸ ਨੇ ਭਾਰਤ ਦੇ ਹਵਾਈ ਹਮਲਿਆਂ ਦੀ ਨਿੰਦਾ ਕਰਕੇ ਭਾਰਤ ਨੂੰ ਨਮੋਸ਼ੀ ਦੀ ਹਾਲਤ ਵਿੱਚ ਸੁੱਟ ਦਿੱਤਾ ਹੈ।
 

ਉਧਰ ਯੂਐਨਓ ਨੇ ਵੀ ਪਾਕਿਸਤਾਨ ਅਤੇ ਭਾਰਤ ਨੂੰ ਬਚ  ਕੇ ਚੱਲਣ ਦੀ ਅਡਵਾਈਜਰੀ ਨੇ ਭਾਰਤੀ ਕੂਟਨੀਤੀ ਨੂੰ ਅਸਫ਼ਲ ਬਣਾ ਦਿੱਤਾ । ਪਰ ਇਸ ਦੇ ਬਾਵਜੂਦ ਭਾਰਤੀ ਮੀਡੀਏ ਵੱਲੋਂ ਇਸ ਨੂੰ ਕੌਮਾਂਤਰੀ ਸਹਿਯੋਗ ਪ੍ਰਾਪਤ ਹੋਣ ਦੀ ਰਟ ਲਾਈ ਜਾ ਰਹੀ ਹੈ ਅਤੇ  ਭਾਰਤੀ ਸਰਕਾਰ ਵੱਲੋਂ ਲੋਕਾਂ ਅੰਦਰ ਪਾਕਿਸਤਾਨ ਵਿਰੁੱਧ ਹਮਲੇ ਕਰਨ ਦਾ ਲਗਾਤਾਰ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਭਾਰਤ ਉਪਰ ਦੁਨੀਆਂ ਭਰ ਦੀਆਂ ਸਰਕਾਰਾਂ ਵੱਲੋਂ ਹਮਲੇ ਨਾ ਕਰਨ ਦੀਆਂ ਚਿਤਾਵਨੀਆਂ ਦੇ ਬਾਵਜੂਦ  ਭਾਰਤ ਵੱਲੋਂ ਪਾਕਿਸਤਾਨ ਉੱਤੇ ਏਅਰ ਸਟਰਾਈਕ ਕੀਤੇ ਗਏ ਹਨ। ਭਾਰਤ ਅਤੇ ਪਾਕਿਸਤਾਨ ਮਿਲਟਰੀ ਸਾਜੋ ਸਮਾਨ ਸਾਮਰਾਜੀ ਦੇਸ਼ਾਂ ਉਪਰ ਬੁਰੀ ਤਰ੍ਹਾਂ ਨਿਰਭਰ ਹਨ ਅਤੇ ਭਾਰਤ ਸਾਊਦੀ ਅਰਬ ਨੂੰ ਛੱਡ ਕੇ ਦੁਨੀਆਂ ਦੇ ਫੌਜੀ ਸਾਜੋ ਸਮਾਨ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਬਣਿਆ ਹੋਇਆ ਹੈ। ਪਰ ਭਾਰਤੀ ਮੀਡੀਏ ਵੱਲੋਂ ਵੱਖ ਵੱਖ ਸਾਮਰਾਜੀ ਦੇਸ਼ਾਂ ਤੋਂ ਖਰੀਦੇ ਜੰਗੀ ਸਾਜ਼ੋ ਸਾਮਾਨ ਨੂੰ ਆਪਣੀ ਬਹਾਦਰੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰੂਸੀ ਐਸ 400 ਸੁਰੱਖਿਆ ਛੱਤਰੀ ਦੇ ਗੁਣਗਾਨ ਕੀਤੇ ਜਾ ਰਹੇ ਹਨ।ਇਸ ਸਮੇਂ ਭਾਰਤ ਫੌਜੀ ਸਾਜੋ ਸਮਾਨ ਅਤੇ ਹਥਿਆਰਾਂ ਲਈ ਅਮਰੀਕਾ ਅਤੇ ਰੂਸ ਉਪਰ ਨਿਰਭਰ ਹੈ ਅਤੇ ਪਾਕਿਸਤਾਨ ਅਮਰੀਕਾ ਅਤੇ ਚੀਨ ਉਪਰ ਨਿਰਭਰ ਹੈ। ਹੁਣ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਉਪਰ ਹਮਲੇ ਕਰ ਰਹੇ ਹਨ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਰਕਾਰੀ ਮੀਡੀਆ ਸਾਮਰਾਜੀ ਦੇਸ਼ਾਂ ਤੋਂ ਖਰੀਦੇ ਫੌਜੀ ਹਥਿਆਰਾਂ ਨੂੰ ਵਰਤ ਕੇ ਇਕ ਦੂਜੇ ਨਾਲੋਂ ਬਾਜੀ ਮਾਰਨ ਦੀਆਂ ਫੜ੍ਹਾਂ ਮਾਰ ਰਹੇ ਹਨ ਅਤੇ ਇਸ ਜੰਗ ਦੌਰਾਨ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆ ਹਨ। ਮਿਜ਼ਾਇਲ ਹਮਲਿਆਂ ਵਿਚ ਲੋਕ ਮਾਰੇ ਜਾ ਰਹੇ ਹਨ ਅਤੇ ਰਾਤ ਦੇ ਬਲੈਕ ਆਊਟਾਂ ਨਾਲ ਲੋਕ ਭੈਅ ਭੀਤ ਹੋ ਰਹੇ ਹਨ । ਪਰ ਭਾਵੇਂ ਵੱਡੇ ਸਾਮਰਾਜੀ ਦੇਸ਼ ਭਾਰਤ ਪਾਕਿਸਤਾਨ ਜੰਗ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਦਿਖਾਈ ਦੇ ਰਹੇ ਹਨ ਪਰ ਇਨ੍ਹਾਂ  ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਹਥਿਆਰ ਵੇਚਣੇ ਹਨ, ਇਸ ਕਰਕੇ ਇਹ ਸਾਮਰਾਜੀ ਦੇਸ਼  ਜੰਗ ਫੌਰੀ ਰੋਕਣ ਦੀ ਕੋਸ਼ਿਸ਼ ਨਹੀਂ ਕਰਨਦੀਆਂ ਸੰਭਾਵਨਾਵਾਂ ਘੱਟ ਹਨ । ਭਾਰਤ ਪਾਕਿਸਤਾਨ ਦੀਆਂ ਹਾਕਮ ਜਮਾਤਾਂ ਵੀ ਲੋਕਾਂ ਦਾ ਧਿਆਨ ਆਪਣੇ ਬੁਨਿਆਦੀ ਮੁੱਦਿਆਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜੰਗ ਨੂੰ  ਇਸਤੇਮਾਲ ਕਰਨਗੀਆਂ। ਪਰ ਭਾਰਤ ਪਾਕਿਸਤਾਨ ਪ੍ਰਮਾਣੂ ਸੰਪੰਨ ਦੇਸ਼ ਹੋਣ ਕਰਕੇ ਸਾਮਰਾਜੀ ਦੇਸ਼ ਇਸ ਜੰਗ ਨੂੰ ਪ੍ਰਮਾਣੂ ਜੰਗ ਵਿੱਚ ਵਟਣ ਤੋਂ ਰੋਕਣ ਲਈ ਪੂਰੀ ਕੋਸ਼ਿਸ ਕਰਨਗੇ । ਇਸ ਦੇ ਬਾਵਜੂਦ ਭਾਰਤ ਪਾਕਿਸਤਾਨੀ ਲੋਕਾਂ ਨੂੰ ਜੰਗ ਵੱਲੋਂ ਪੈਦਾ ਕੀਤੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਕਰਕੇ ਇਸ ਨਹੱਕੀ ਜੰਗ ਨੂੰ ਰੋਕਣ ਲਈ ਭਾਰਤ ਦੇ ਅਮਨ ਅਤੇ ਇਨਸ਼ਾਫ ਪਸੰਦ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
- ਮੋਹਨ ਸਿੰਘ ਡਾ.

No comments:

Post a Comment

ਭਾਰਤ-ਅਮਰੀਕਾ ਵਪਾਰ ਸਮਝੌਤਾ ਅਰਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਜਿਹਾ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ...