Search This Blog

Wednesday, May 21, 2025

ਟਰੰਪ ਦੇ ਅਮਰੀਕੀ ਯੂਨੀਵਰਸਿਟੀਆਂ ‘ਤੇ ਹੱਲੇ ਦੇ ਮਾਇਨੇ



ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਸ਼ਾਸਨ ਕਾਲ ਸ਼ੁਰੂ ਹੋਣ ਦੇ ਨਾਲ ਜਿੱਥੇ ਉਸ ਦੁਆਰਾ ਐਲਾਨੀ ਟੈਰਿਫ ਜੰਗ ਨੇ ਦੁਨੀਆਂ ਭਰ ਦੀ ਆਰਥਿਕਤਾ ਨੂੰ ਦਹਿਸ਼ਤਜਦਾ ਕੀਤਾ ਹੋਇਆ ਹੈ ਉਥੇ ਹੀ ਉਸਨੇ ਆਪਣੇ ਦੇਸ਼ ਦੀਆਂ ਉੱਚ ਅਕਾਦਮਿਕ ਯੂਨੀਵਰਸਿਟੀਆਂ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਭਾਂਵੇ ਬਹਾਨਾ ਉਸ ਨੇ ਸਾਲ ਵਿਦਿਆਰਥੀਆਂ ਦੇ 7 ਅਕਤੂਬਰ 2023 ਤੋਂ ਹਮਾਸ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਗਾਜ਼ਾ ਦੇ ਲੋਕਾਂ ਖਿਲਾਫ ਵਿੱਢੀ ਜੰਗ ਦੇ ਵਿਰੋਧ ਵਿੱਚ ਹੋ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨੂੰ ਬਣਾਇਆ ਹੈ ।ਟਰੰਪ ਪਰਸ਼ਾਸ਼ਨ ਇਹਨਾਂ ਵਿਰੋਧ ਪਰਦਰਸ਼ਨਾਂ ਨੂੰ ਜੰਗ ਖਿਲਾਫ ਹੋਣ ਦੀ ਬਜਾਏ ਯਹੂਦੀਆਂ ਖਿਲਾਫ ਤੁਅਸੱਬਾਂ ਨਾਲ ਗ੍ਰਸਿਤ ਗਰਦਾਨ ਰਿਹਾ ਹੈ। ਜਿਸ ਲਈ ਉਸਨੇ ਯਹੂਦੀ ਖਿਲਾਫ ਨਫਰਤ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਜੋ ਅਮਰੀਕੀ ਯੂਨੀਵਰਸਿਟੀਆਂ ਨੂੰ ਹਦਾਇਤਾਂ ਜਾਰੀ ਕਰ ਰਹੀ ਹੈ। ਯੂਨੀਵਰਸਿਟੀਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਖੋਜ ਕਾਰਜਾਂ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਮੱਧ ਪੂਰਬ  ਨਾਲ ਸਬੰਧਤ ਵਿਭਾਗਾਂ ਵਿੱਚ ਪੜ੍ਹਨ ਅਤੇ ਪੜਾਉਣ ਵਾਲ਼ਿਆਂ ਦੀ ਵਿਚਾਰਧਾਰਕ ਪਹੁੰਚਾਂ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ।
ਯੂਨੀਵਰਸਿਟੀਆਂ ਨੂੰ ਦਿੱਤੇ ਜਾਣ ਵਾਲੇ ਫੈਡਰਲ ਫੰਡਾਂ ਤੇ ਰੋਕ ਲਗਾਉਣ ਦੇ ਫੈਸਲੇ ਲਏ ਜਾ ਰਹੇ ਹਨ। ਹਾਰਵਰਡ ਦੇ ਕੇਸ ਵਿੱਚ ਉਸਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ ਦੇਣ ਤੇ ਰੋਕ ਲਗਾਉਣ ਅਤੇ ਟੈਕਸ ਛੋਟ ਜਿਹੀਆਂ ਰਿਆਇਤਾਂ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਟਰੰਪ ਪਰਸ਼ਾਸ਼ਨ ਦੁਆਰਾ ਹਾਰਵਰਡ ਯੂਨੀਵਰਸਿਟੀ ਦੇ 9 ਬਿਲੀਅਨ ਡਾਲਰ ਦੀ ਫੈਡਰਲ ਫੰਡਿਗ ਤੇ ਰੋਕ ਲਗਾਉਣ ਦੀ ਸੰਭਾਨਵਾਂ ਜਤਾਈ ਜਾ ਰਹੀ ਹੈ ਜਦ ਕਿ 2.2 ਬਿਲੀਅਨ ਡਾਲਰ ਦੀ ਮੱਦਦ ਹਾਰਵਰਡ ਯੂਨੀਵਰਸਿਟੀ ਵੱਲੋਂ ਟਰੰਪ ਪਰਸ਼ਾਸ਼ਨ ਦੀ  ਸਿੱਧੀ ਅਲੋਚਨਾ ਕਾਰਨ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਹੈ । ਫੰਡਾਂ ਦੀ ਰੋਕ ਕੇਵਲ ਹਾਰਵਰਡ ਤੇ ਹੀ ਨਹੀਂ ਹੋਰ ਵੀ ਸੰਸਥਾਨ ਇਸ ਕਟੌਤੀ ਦੀ ਮਾਰ ਹੇਠ ਆਏ  ਹਨ ਜਿਸ ਵਿੱਚ  ਬਰਾਉਨ ਯੁਨੀਵਰਸਿਟੀ 510 ਮਿਲੀਅਨ ਡਾਲਰ ,ਕਾਰਨੈਲ਼ ਯੂਨੀਵਰਸਟੀ 1 ਬਿਲੀਅਨ ਡਾਲਰ , ਨਾਰਥ ਵੈਸਟਰਨ ਯੂਨੀਵਰਸਿਟੀ 790 ਮਿਲੀਅਨ , ਪੈਨਸਿਲਵੀਨਿਆ ਦੇ 175 ਮਿਲੀਅਨ ਇਸ ਕਾਰਨ ਰੋਕੇ ਜਾ ਰਹੇ ਹਨ ਕਿਉਂਕਿ ਉਸਨੇ 2022 ਵਿੱਚ ਟਰਾਂਸਜੈਂਡਰ ਦੌੜਾਕ ਦੇ ਖੇਡਾਂ ਵਿੱਚ ਭਾਗ ਲੈਣ ਦਾ ਪੱਖ ਲਿਆ ਸੀ। ਦਰਜਨਾਂ ਹੋਰ ਵਿਦਿਅਕ ਅਦਾਰੇ ਹਨ ਜਿਹਨਾਂ ਨੂੰ ਟਰੰਪ ਪਰਸ਼ਾਸਨ ਨੇ ਯਹੂਦੀ ਵਿਰੋਧੀ ਗਰਦਾਨਿਆਂ ਹੈ। ਇਹ ਅਦਾਰੇ ਜਾਰਜ ਵਾਸ਼ਿੰਗਟਨ ਡਿਸਟ੍ਰਿਕਟ ਵਿੱਚ ਆਉੰਦੇ ਹਨ ਅਤੇ ਟਰੰਪ ਆਲੋਚਕਾਂ ਦਾ ਮੰਨਣਾ ਹੈ ਇਹਨਾਂ ਨੇ ਡੈਮੋਕਰੇਟਾਂ ਨੂੰ ਵੋਟਾਂ ਪਾਈਆਂ ਸਨ ਜਿਸ ਦਾ ਬਦਲਾ ਲਿਆ ਜਾ ਰਿਹਾ ਹੈ। ਅਲੋਚਕਾਂ ਦਾ ਮੰਨਣਾਂ ਹੈ ਕਿ ਯੂਨੀਵਰਸਿਟੀਆਂ ਉਪਰ ਅਰਥਿਕ ਪਾਬੰਦੀਆਂ ਦਾ ਕਾਰਨ ਕੇਵਲ ਇਜਰਾਈਲ਼ ਦੇ ਫਲਸਤੀਨ ਉੱਪਰ ਹਮਲੇ ਦੇ ਵਿਰੋਧ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਨਹੀਂ ਸਗੋਂ ਰਿਪਬਲਿਕ ਪਾਰਟੀ ਦੀ ਸੋਚ ਦਾ ਯੂਨੀਵਰਸਿਟੀਆਂ ਵਿਚ ਅਕਾਦਮਿਕ  ਖੇਮਿਆਂ ਵਿੱਚ ਵਿਰੋਧ ਹੈ ਕਿਉਂਕਿ ਰਿਪਬਲਿਕਨ  ਉਚ ਵਿਦਿਅਕ ਅਦਾਰਿਆਂ ਦੀ ਅਕਾਦਮਿਕ ਖੁਲ਼੍ਹ, ਵੰਨਸੁਵੰਨਤਾ , ਬਰਾਬਰੀ ਅਤੇ ਸਮਾਵੇਸ ਨੂੰ ਬਰਦਾਸ਼ਤ ਨਹੀਂ ਕਰ ਰਹੇ । ਉਹ ਇਸਨੂੰ ਆਪਣੇ ਵਿਚਾਰਾਂ ਦਾ ਦੱਬਿਆ ਜਾਣਾ ਸਮਝਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਸਿੱਖਿਆ ਦਾ ਮਨੋਰਥ ਮਹਿਜ ਆਰਥਿਕ ਗਤੀਵਿਧੀਆਂ ਵਿੱਚ ਯੋਗਦਾਨ ਯਾਨੀ ਲੋਕਾਂ ਨੂੰ ਛੋਟੇ ਮੋਟੀਆਂ ਨੌਕਰੀਆਂ ਦੇ ਯੋਗ ਬਣਾਉਣਾ ਹੈ । ਇਹੀ ਸਭ ਵਿਚਾਰ ਟਰੰਪ ਪ੍ਰਸ਼ਾਸ਼ਨ ਦੇ ਹਾਰਵਰਡ ਨੂੰ ਲਿਖੇ ਪੱਤਰ ਦਾ ਮੂਲ ਮੁੱਦਾ ਸਨ ਉਹਨਾਂ ਨੇ ਯੂਨੀਵਰਸਿਟੀ ਦੇ ਪਰੋਫੈਸਰਾਂ ਅਤੇ ਉਹਨਾਂ ਦੇ ਖੋਜਾਰਥੀਆਂ ਦੇ ਕੰਮ ਨੂੰ ਰਿਪਬਲਿਕਨ ਵਿਚਾਰਾਂ ਦੇ ਹਾਮੀ ਨਾ ਹੋਣ ਨੂੰ ਉਹਨਾਂ ਦੀ ਕਮੀ ਦੱਸਿਆ ਸੀ ।
ਹਾਰਵਰਡ ਯੂਨੀਵਰਸਿਟੀ ਨੇ ਦਬਾਅ ਅੱਗੇ ਨਾ ਝੁਕਦੇ ਹੋਏ ਖੁਲ੍ਹੀ ਵਿਰੋਧਤਾ ਦਿਖਾਈ ਉਸਨੇ ਆਪਣੇ ਕਿਸੇ ਵੀ ਵਿਦਿਅਕ ਪਰੋਗਰਾਮ ਅਤੇ ਡਿਪਾਰਟਮੈਂਟ ਦੇ ਯਹੂਦੀ ਵਿਰੋਧੀ ਹੋਣ ਸਬੰਧੀ ਕਿਸੇ ਬਾਹਰਲੀ ਏਜੰਸੀ ਦੁਆਰਾ ਜਾਂਚ ਨੂੰ ਠੁਕਰਾਇਆ ਹੈ  ।ਜਦਕਿ ਟਰੰਪ ਪਰਸ਼ਾਸ਼ਨ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਨਿਯਮਾਂ ਦੀ ਉਲੰਘਨਾਂ ਯਾਨੀ ਸਰਕਾਰ ਤੋਂ ਵੱਖਰੇ ਵਿਚਾਰਾਂ ਨੂੰ ਰਿਪੋਰਟ ਕਰਵਾਉਣਾ ਚਾਹੁੰਦੀ ਸੀ। ਜਿਸ ਦੇ ਜਵਾਬ ਵਿੱਚ ਯੂਨੀਵਰਸਿਟੀ ਦੇ ਪਰੈਜੀਡੈਂਟ ਐਲਨ ਐੰਮ ਗਾਰਬਰ ਨੇ ਕਿਹਾ ਹੈ ਕਿ ਉਹ ਆਪਣੀ ਆਜਾਦੀ ਅਤੇ ਸੰਵਾਧਿਨਕ ਹੱਕਾਂ ਦਾ ਸਮਰਪਣ ਨਹੀਂ ਕਰਨਗੇ ।ਹਾਰਵਰਡ ਟਰੰਪ ਪ੍ਰਸ਼ਾਸ਼ਨ ਖਿਲਾਫ ਕੇਸ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਆਪਣੇ ਕੇਸ ਵਿੱਚ ਇਸਨੇ ਟਰੰਪ ਪ੍ਰਸ਼ਾਸ਼ਨ ਨੂੰ ਫੈਡਰਲ ਤਰੀਕਿਆਂ ਅਤੇ ਫਸਟ ਅਮੈਂਡਮੈਂਟ ਦੀ ਉਲੰਘਣਾ ਕਰਨ ਵਾਲੇ ਕਿਹਾ ਹੈ । ਦੂਜੇ ਪਾਸੇ ਕੋਲ਼ੰਬੀਆ ਯੂਨੀਵਰਸਿਤੀ ਆਪਣੀ 400 ਮਿਲੀਅਨ ਦੀ ਗਰਾਂਟ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਮੱਧ ਪੂਰਬੀ ਖੋਜ ਅਤੇ ਅਫਰੀਕਨ ਸਟੱਡੀਜ ਡਿਪਾਰਟਮੈਂਟ ਦੇ ਖੋਜ ਕਾਰਜਾਂ ਤੇ ਨਜ਼ਰਸਾਨੀ ਕਰਨ ਦੀ ਹਾਮੀ ਭਰੀ ਹੈ ਅਤੇ ਨਾਲ ਹੀ ਆਪਣੇ ਕੈਂਪਸ ਦੀ ਸੁਰੱਖਿਆ ਜਿਸ ਦਾ ਮਤਲਬ ਹੈ ਜੰਗ ਵਿਰੋਧੀ ਪ੍ਰਦਰਸ਼ਨਾਂ ਤੇ ਸਖਤੀ ਵਰਤਣ ਦਾ ਭਰੋਸਾ ਦਿੱਤਾ ਹੈ । ਇਹ ਯੂਨੀਵਰਸਿਟੀਆਂ ਦੇ ਫੰਡ ਤੇ ਰੋਕ ਨਹੀਂ ਸਗੋਂ ਉਹਨਾਂ ਦੇ ਅਕਾਦਮਿਕ ਕੰਮਾਂ ਵਿੱਚ ਦਖਲ ਦੇ ਕੇ ਆਪਣੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਦਾ ਇਰਾਦਾ ਹੈ ।
 ਟਰੰਪ ਦੀਆਂ ਨੀਤੀਆਂ ਅਤੇ ਉਸਦੇ ਬੜਬੋਲੇ ਅਤੇ ਤਰਕ ਵਿਹੂਣੇ ਫੈਸਲੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਉਪਰ ਵੀ ਅਸਰ ਅੰਦਾਜ਼ ਹੋ ਰਹੇ ਹਨ ਇਸ ਕਾਰਨ ਯੈਲ਼ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨਸਨ ਸਟੈਨਲੇ ਜਿਹੜੇ ਕਿ ਜਰਮਨ ਜ਼ਹੂਦੀ ਪਰਿਵਾਰ ਵਿਚੋਂ ਹਨ  ਜਿਹੜਾ ਹਿਟਲਰ ਦੇ ਹੋਲੋਕਾਸਟ ਤੋਂ ਬਚ ਗਏ ਸਨ । ਉਹ ਹੁਣ ਫਿਲਾਸਫੀ ਦੇ ਪ੍ਰੋਫੈਸਰ ਹਨ ਅਤੇ ਫਾਸ਼ੀਵਾਦ ਖੋਜ ਮਾਹਿਰ ਹਨ ਉਹਨਾਂ ਇਸੇ ਵਿਸ਼ੇ ਤੇ ਕਿਤਾਬਾਂ ਲਿਖੀਆਂ ਹਨ ਨੂੰ ਲਗਦਾ ਹੈ ਕਿ ਟਰੰਪ ਦਾ ਰੁਖ਼ ਅੰਤਰਰਾਸ਼ਟਰੀ ਗੈਰ ਕਾਨੂੰਨੀ ਇਮੀਗਰੈਂਟਸ ਨੂੰ ਦੇਸ਼ ਨਿਕਾਲਾ ਦੇਣ ਦੇ ਸ਼ੁਰੂਆਤੀ ਹਮਲਿਆਂ ਤਕ ਹੀ ਸੀਮਤ ਨਹੀਂ ਰਹੇਗਾ ਉਹ ਆਪਣੇ ਵਿਚਾਰਧਾਰਕ ਵਿਰੋਧੀਆਂ ਤੇ ਹਮਲੇ ਤੇਜ ਕਰੇਗਾ ਅਤੇ ਇਸਦੀ ਲਪੇਟ ਵਿਚ ਅਕਾਦਮਿਕ ਹਸਤੀਆਂ ਵੀ ਆਉਣਗੀਆਂ ਜਿਹੜੀਆਂ ਉਸਦੇ ਵਿਰੋਧ ਵਿਚ ਖੜ੍ਹਣਗੀਆਂ ਇਸ ਲਈ ਉਸਨੇ ਆਪਣੇ ਅਤੇ ਆਪਣੇ ਸਿਆਹਫਾਮ ਪੁੱਤਰਾਂ ਲਈ ਫ਼ਿਕਰਮੰਦ ਹੁੰਦੇ ਹੋਏ ਟੋਰਾਂਟੋ  ਯੂਨੀਵਰਸਿਟੀ ਦੇ ਮੂਨਕ ਸਕੂਲ ਆਫ ਗਲੋਬਲ ਅਫੈਰਸ ਪੋਲਿਸੀਜ਼ ਵਿੱਚ ਖੋਜ ਕਾਰਜ ਦੀ ਨੌਕਰੀ ਲੱਭ ਲਈ ਹੈ ਅਤੇ ਉਸਨੂੰ ਲਗਦਾ ਹੈ ਕਿ ਅਜਿਹਾ ਭਵਿੱਖ ਵਿਚ ਹੋਰਨਾਂ ਵਿਅਕਤੀਆਂ ਦੇ ਅਜਿਹਾ ਕਰਨ ਤੋਂ ਪਹਿਲਾਂ ਕਰ ਲੈਣਾ ਉਚਿਤ ਹੈ ਜਦੋਂ ਟਰੰਪ ਦੇ ਦਬਾਅ ਕਾਰਨ ਬੁੱਧੀਜੀਵੀ ਦੇਸ਼ ਚੋਂ ਪਲਾਇਨ ਕਰਨਗੇ । ਉਸਨੂੰ ਟਰੰਪ ਦਾ ਵਿਦਿਆਰਥੀਆਂ ਦੇ ਜੰਗ ਵਿਰੋਧੀ ਪ੍ਰਦਰਸ਼ਨਾਂ ਨੂੰ ਯਹੂਦੀ ਵਿਰੁਧ ਹੋਣ ਦਾ ਪ੍ਰਚਾਰ ਗਲਤ ਲਗਦਾ ਹੈ ਅਤੇ ਉਸਨੂੰ ਟਰੰਪ ਦਾ ਇਹ ਯਹੂਦੀ ਪ੍ਰੇਮ ਖੋਖਲਾ ਨਜਰ ਆਉਂਦਾ ਹੈ ਕਿਉਂਕਿ ਪ੍ਰੋ. ਸਟੈਨਲੇ ਨੂੰ ਟਰੰਪ ਵਿਚ ਫਾਸ਼ੀਵਾਦੀ ਰੁਚੀਆਂ ਨਜਰ ਆਉਂਦੀਆਂ ਹਨ। ਉਹ ਕਹਿੰਦਾ ਹੈ ਕਿ ਟਰੰਪ ਦੇ ਫਾਸ਼ੀਵਾਦ ਦਾ ਠੀਕਰਾ ਯਹੂਦੀਆਂ ਸਿਰ ਭੰਨਿਆਂ ਜਾਵੇਗਾ (ਜਦਕਿ ਟਰੰਪ ਦਾ ਝੁਕਾਅ ਇਸਾਈਆਂ ਵੱਲ ਹੀ ਹੈ) ਅਤੇ ਇਹ ਖਦਸ਼ਾ ਇਤਿਹਾਸਿਕ ਤੌਰ ਤੇ ਕਿਸੇ ਵੀ ਕੌਮ ਲਈ ਭਾਰੀ ਪੈਂਦਾ ਹੈ  ਜਿਸ ਦੇ ਮੋਢੇ ਚੜ੍ਹ ਫਾਸ਼ੀਵਾਦ ਆਪਣੇ ਰੱਥ ਦੌੜਾਉਂਦਾ ਹੈ । ਜਿਸ ਨਾਲ ਵਿਚਾਰਾਂ ਦੀ ਵੰਨ ਸੁਵੰਨਤਾ ਭੰਗ ਕਰਨ ਦੇ ਨਾਲ ਸਮਾਜਿਕ ਤਣਾਅ ਪੈਦਾ ਕਰਦੇ ਹੋਏ ਆਪਣੇ ਹਿੱਤ ਸਾਧੇ ਜਾਂਦੇ ਹਨ । 
 ਪ੍ਰੋਫੈਸਰ ਜਾਨਸਨ ਸਟੈਨਲੇ ਨੂੰ ਅੱਜ ਦੇ ਦੌਰ ਅਕਾਦਮਿਕ ਹਲਕਿਆਂ ਦੇ ਹਾਲਾਤ ਨੂੰ 1930ਵੇ ਦੇ ਨਾਲ ਮਿਲਦੇ ਲਗਦੇ ਹਨ ਜਦੋਂ ਇਟਲੀ ਦੇ ਫਾਸ਼ੀਵਾਦੀ ਮੁਸੋਲਿਨੀ ਨੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਨੂੰ ਆਪਣੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਈ ਸੀ । ਉਸਦਾ ਮੰਨਣਾ ਹੈ ਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਖੋਜਾਰਥੀ  ਹੀ ਸਭ ਤੋਂ ਪਹਿਲਾਂ ਇਸ ਹਮਲੇ ਦਾ ਸ਼ਿਕਾਰ ਹੁੰਦੇ ਹਨ ।ਇਸ ਵਾਰ ਵਿਦਿਆਰਥੀਆਂ ਦੇ ਜੰਗ ਵਿਰੋਧੀ ਪ੍ਰਦਰਸ਼ਨਾਂ ਨੂੰ ਮੀਡੀਆ ਦੀ ਸਹਾਇਤਾ ਨਾਲ ਗਲਤ ਪੇਸ਼ ਕਰਕੇ ਇਸ ਹਮਲੇ ਨਾਲ ਯੂਨੀਵਰਸਿਟੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਇਹ ਹਮਲੇ ਵਧਣ ਦੀ ਹੀ ਸੰਭਾਵਨਾ  ਹੈ । ਵਿਦਿਅਕ ਅਦਾਰਿਆਂ ਦੀ ਭਰੋਸਯੋਗਤਾ ਤੇ ਸਵਾਲ ਉਠਾਉਣ ਵਾਲੇ ਸਰਵੇ (gallop.com survey) ਵੀ ਸਾਹਮਣੇ ਲਿਆਂਦੇ ਜਾ ਰਹੇ ਹਨ ਜਿਹਨਾਂ ਅਨੁਸਾਰ ਹਰ ਤੀਜਾ ਅਮਰੀਕੀ ਉੱਚ ਵਿਦਿਆ ਵਿੱਚ ਵਿਸ਼ਵਾਸ਼ ਦੀ ਘਾਟ ਦਿਖਾ ਰਿਹਾ ਹੈ । ਇਹ ਗਿਣਿਆ ਏਜੰਡਾ ਹੈ ਕਿ ਸੋਚ ਵਿਚਾਰ ਅਤੇ ਖੋਜ ਦੇ ਕੇਂਦਰਾਂ ਦੀ ਸਾਖ ਅਤੇ ਲੋੜ ਨੂੰ ਖਤਮ ਕਰਕੇ ਆਮ ਲੋਕਾਂ ਨੂੰ ਕੇਵਲ ਰੁਜਗਾਰ ਜਾਂ ਗੁਜਰ ਬਸਰ ਕਰਨ ਵਾਲੀ ਸੋਚ ਤੱਕ ਸੀਮਤ ਰੱਖਿਆ ਜਾਵੇ । ਹਾਰਵਰਡ ਦੇ ਅਜੇ ਤੱਕ ਨਾ ਝੁਕਣ ਨਾ ਦਬਣ ਦੇ ਰੁੱਖ ਨੇ ਆਸ ਬਚਾਈ ਹੈ ਕਿ ਯੂਨੀਵਰਸਿਟੀਆਂ ਸ਼ਾਇਦ ਬਿਨਾਂ ਵਿਰੋਧ ਦੇ ਨਤਮਸਤਕ ਨਹੀਂ ਹੋਣਗੀਆਂ । ਖੋਜ ਸੰਸਥਾਨ ਅਤੇ ਵਿਦਿਅਕ ਅਦਾਰੇ  ਟੈਲੇਂਟ ਅਤੇ  ਵਿਚਾਰਾਂ ਦੀ ਖੁੱਲ੍ਹ ਵਾਲੇ ਖੋਜ ਕਾਰਜਾਂ ਲਈ ਨੌਜਵਾਨਾਂ ਨੂੰ ਸਥਾਨ ਦਿੰਦੇ ਰਹਿਣਗੇ ।

- ਗੁਰਮੀਤ ਧਾਲੀਵਾਲ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...