Search This Blog

Monday, September 24, 2018

ਅਤੇ ਕੀ ਫੌਲਾਦ ਦੇ ਡੱਬੇ 'ਚ ਰੱਖਦੇ ਹਨ ਲੁਕਾ ਕੇ ਅਮੀਰ ਲੋਕ ਆਪਣੇ ਸੁਪਨੇ ?


(25)
ਰੁੱਖਾਂ ਦੇ ਝੁੰਡ ਮਹਿਜ ਬਰਫ ਦੀ ਉਡੀਕ 'ਚ
ਕਿਉਂ ਲਾਹ ਸੁੱਟਦੇ ਹਨ ਆਪਣੇ ਕੱਪੜੇ ?

ਅਸੀਂ ਕਿਵੇਂ ਜਾਣਾਗੇ ਕਿ ਕੌਣ ਹੈ ਰੱਬ
ਕਲਕੱਤੇ ਦੇ ਦੇਵਤਿਆਂ ਚੋਂ ?

ਕਿਉਂ ਰਹਿੰਦੇ ਹਨ ਐਨੀ ਬਦਹਾਲੀ 'ਚ
ਰੇਸ਼ਮ ਦੇ ਸਭ ਕੀੜੇ ?

ਕਿਉਂ ਹੈ ਐਨੀ ਦੁਸ਼ਵਾਰ 
ਚੈਰੀ ਦੇ ਦਿਲ ਦੀ ਮਿਠਾਸ ?

ਕੀ ਇਸ ਲਈ ਕਿ ਇਸਨੇ ਮਰ ਜਾਣਾ ਹੈ
ਜਾਂ ਇਸ ਲਈ ਕਿ ਇਸਨੇ ਰਹਿਣਾ ਹੈ ਸਦਾ ਕਾਇਮ ?

(26)

ਜਿਸ ਈਮਾਨਦਾਰ ਸੈਨੇਟਰ ਨੇ
ਤੋਹਫੇ 'ਚ ਦਿੱਤਾ ਹੈ ਮੈਨੂੰ ਇਕ ਗੜ੍ਹ ?

ਕੀ ਉਸਨੇ ਖਾ ਲਿਆ ਹੈ ਆਪਣੇ ਭਤੀਜੇ ਦੇ ਨਾਲ
ਕਾਤਲ ਦਾ ਦਿੱਤਾ ਹੋਇਆ ਕੇਕ ?

ਕਿਸਨੂੰ ਠੱਗਦਾ ਹੈ ਮੰਗੋਲੀਆ
ਆਪਣੀ ਨਿੰਬੂਆਂ ਵਰਗੀ ਮਹਿਕ ਲੈ ਕੇ ?

ਆਪਣਾ ਖੰਜਰ ਕਿੱਥੇ ਰੱਖਦਾ ਹੈ ਬਾਜ
ਜਦ ਲਿਟਦਾ ਹੈ ਉਹ ਬੱਦਲਾਂ ਤੇ ?

(27)

ਸ਼ਾਇਦ ਸ਼ਰਮ ਨਾਲ ਮਰ ਜਾਂਦੀਆਂ ਹੋਣਗੀਆਂ
ਕੁਰਾਹੇ ਪਈਆਂ ਹੋਈਆਂ ਰੇਲਾਂ ?

ਜਿਸਨੇ ਨਹੀਂ ਦੇਖਿਆ ਕਦੇ ਕੌੜਾ ਮੁਸੱਵਰ ?

ਕਿੱਥੇ ਦਫਨਾਈਆਂ ਹਨ ਉਨ੍ਹਾਂ ਨੇ
ਕਾਮਰੇਡ ਪਾੱਲ ਏਲੂਆਰਦ ਦੀਆਂ ਅੱਖਾਂ ?

ਉਨ੍ਹਾਂ ਨੇ ਪੁੱਛਿਆ ਗੁਲਾਬ ਦੀਆਂ ਝਾੜੀਆਂ ਤੋਂ
ਕੀ ਤੁਹਾਡੇ ਕੋਲ ਥੋੜੇ ਜਿਹੇ ਕੰਡਿਆ ਜੋਗੀ ਜਗ੍ਹਾ ਹੈ ?


(28)

ਬੁੱਢੇ ਲੋਕਾਂ ਨੂੰ ਯਾਦ ਕਿਉਂ ਨਹੀਂ ਰਹਿੰਦੇ
ਕਰਜ ਅਤੇ ਜਲੇ ਹੋਏ ਜਖਮਾਂ ਦੇ ਹਾਦਸੇ ?

ਹੈਰਤ 'ਚ ਡੁੱਬੀ ਨੌਜਵਾਨ ਕੁੜੀ ਦੀ
ਉਹ ਖੁਸ਼ਬੂ ਕੀ ਹਕੀਕੀ ਸੀ ?

ਗਰੀਬ ਕਿਉਂ ਨਹੀਂ ਸਮਝਦੇ
ਜਦ ਉਹ ਗਰੀਬ ਨਹੀਂ ਰਹਿ ਜਾਂਦੇ ?

ਕਿੱਥੇ ਮਿਲੇਗੀ ਤੁਹਾਨੂੰ ਉਹ ਘੰਟੀ
ਜੋ ਵੱਜੇਗੀ ਤੁਹਾਡੇ ਸੁਪਨਿਆਂ 'ਚ ?


(29)

ਮੋਟੇ ਤੌਰ ਤੇ ਕਿੰਨੇ ਮੀਟਰ ਦੀ ਹੋਵੇਗੀ
ਸੂਰਜ ਅਤੇ ਸੰਤਰਿਆਂ ਵਿਚਕਾਰਲੀ ਦੂਰੀ ?

ਕੌਣ ਜਗਾਉਂਦਾ ਹੈ ਸੂਰਜ ਨੂੰ
ਜਦੋਂ ਉਹ ਸੌ ਜਾਂਦਾ ਹੈ ਆਪਣੇ ਬਲਦੇ ਹੋਏ ਬਿਸਤਰ 'ਤੇ ?

ਸਵਰਗ ਦੇ ਸੰਗੀਤ ਵਿੱਚ 
ਧਰਤੀ ਕੀ ਸਿਕੰਦਰ ਦੀ ਤਰ੍ਹਾਂ ਗਾਉਂਦੀ ਹੈ ?

ਕੀ ਇਹ ਸੱਚ ਹੈ ਕਿ ਉਦਾਸੀ ਗਾੜੀ ਹੁੰਦੀ ਹੈ
ਅਤੇ ਨਾ-ਉਮੀਦੀ ਪਤਲੀ ?


(30)


ਜਦ ਉਨ੍ਹਾਂ ਨੇ ਆਪਣੀ ਨੀਲੀ* ਕਿਤਾਬ ਲਿਖੀ 
ਤਾਂ ਕੀ ਹਰੇ ਨਹੀਂ ਸਨ ਰੂਬਿਨ ਦਾਰੀਓ** ?

ਰਿਮਬਾਊਦ***ਕੀ ਸੁਰਖ ਲਾਲ ਨਹੀਂ ਸੀ
ਅਤੇ ਗੌਨਗੋਰਾ**** ਬੈਂਗਣੀ ਰੰਗ ਦੇ ?

ਅਤੇ ਕੀ ਵਿਕਟਰ ਊਗੋ ਦਾ ਰੰਗ ਤਿਰੰਗਾ ਨਹੀਂ ਸੀ
ਅਤੇ ਮੈਂ ਪੀਲੇ ਫੀਤਿਆਂ ਵਰਗਾ ?

ਕੀ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ ਸਾਰੀਆਂ ਯਾਦਾਂ
ਪਿੰਡਾਂ ਦੇ ਗਰੀਬਾਂ ਦੀਆਂ ?

ਅਤੇ ਕੀ ਫੌਲਾਦ ਦੇ ਡੱਬੇ 'ਚ ਰੱਖਦੇ ਹਨ
ਲੁਕਾ ਕੇ ਅਮੀਰ ਲੋਕ ਆਪਣੇ ਸੁਪਨੇ ?

*ਨਿਕਾਰਾਗੂਆ ਦੇ ਕਵੀ ਰੂਬਿਨ ਦਾਰੀਓ ਦੀ ਪੁਸਤਕ ਦਾ ਨਾਂ। 'ਅਸੂਲ' ਭਾਵ ਨੀਲਾ।

**ਨਿਕਾਰਾਗੂਆ ਦਾ ਕਵੀ।
***ਫਰਾਂਸ ਦਾ ਇਕ ਕਵੀ।



****ਸਪੇਨ ਦਾ ਕਵੀ ਲੂਇਸ ਦੇ ਗੌਨਗੋਰਾ।


(31)

ਮੈਂ ਕਿਸਨੂੰ ਪੁੱਛ ਸਕਦਾ ਹਾਂ
ਕਿ ਇਸ ਦੁਨੀਆਂ ਤੇ ਮੈਂ ਕੀ ਕਰਨ ਆਇਆ ਹਾਂ ?

ਮੈਂ ਨਾ ਚਾਹਵਾਂ ਤਾਂ ਵੀ ਕਿਉਂ ਕਰਦਾ ਹਾਂ ਹਰਕਤ
ਕਿਉਂ ਨਹੀਂ ਰਹਿ ਸਕਦਾ ਮੈਂ ਬਿਨਾਂ ਹਿੱਲੇ ?

ਬਿਨਾਂ ਪੱਤੀਆਂ ਦੇ ਹੀ ਮੈਂ ਕਿਉਂ ਲੁੜਕਦਾ ਰਹਿੰਦਾ ਹਾਂ
ਅਤੇ ਉੱਡਦਾ ਰਹਿੰਦਾ ਹਾਂ ਬਿਨਾਂ ਖੰਭਾਂ ਤੋਂ ?

ਅਤੇ ਕਿਉਂ ਮੈਂ ਫੈਸਲਾ ਲਿਆ ਪ੍ਰਵਾਸ ਕਰਨ ਦਾ
ਜੇਕਰ ਰਹਿੰਦੀ ਹੈ ਮੇਰੀ ਰੂਹ ਚਿੱਲੀ 'ਚ ਹੀ ?


(32)

ਕੀ ਇਸਤੋਂ ਵੀ ਛੋਟੀ ਹੈ ਕੋਈ ਗੱਲ ਜਿੰਦਗੀ 'ਚ
ਕਿ ਕੋਈ ਪਾਬਲੋ ਨੈਰੂਦਾ ਕਹੇ ਖੁਦ ਨੂੰ ?

ਕੀ ਕੋਈ ਜਮਾਂ ਕਰਦਾ ਹੈ ਬੱਦਲਾਂ ਨੂੰ
ਕੋਲੰਬੀਆ ਦੇ ਅਸਮਾਨ 'ਚ ?

ਲੰਡਨ ਵਿਚ ਹੀ ਕਿਉਂ ਹੁੰਦੀ ਹੈ ਹਮੇਸ਼ਾਂ
ਛਤਰੀਆਂ ਦੀ ਮਜਲਿਸ ?

ਕੀ ਬਦਾਮੀ ਰੰਗ ਦਾ ਸੀ
ਲਹੂ ਸ਼ੀਬਾ ਦੀ ਰਾਣੀ ਦਾ ?

ਜਦ ਰੋਂਦੇ ਹਨ ਬਾਓਦੇਲੇਅਰ*
ਤਾਂ ਕੀ ਸਵਾਹ ਵਹਿੰਦੇ ਸਨ ਅੱਥਰੂ ?
*ਫਰਾਂਸ ਦਾ ਕਵੀ ਚਾਰਲਸ ਬਾਓਦੇਲੇਅਰ




ਪਾਬਲੋ ਨੈਰੂਦਾ

ਅਨੁਵਾਦ - ਮਨਦੀਪ

No comments:

Post a Comment

ਭਾਰਤ-ਅਮਰੀਕਾ ਵਪਾਰ ਸਮਝੌਤਾ ਅਰਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਜਿਹਾ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ...