Search This Blog

Tuesday, September 25, 2018

ਕੀ ਉਸਨੂੰ ਪਤਾ ਹੈ ਕਿ ਮੈਂ ਉਸਨੂੰ ਕਦੇ ਨਹੀਂ ਚਾਹਿਆ ਅਤੇ ਨਾ ਹੀ ਚਾਹਿਆ ਉਸਨੇ ਕਦੇ ਮੈਨੂੰ ?


(41)
ਰਹਿਮਦਿਲ ਬਣਨ ਬਾਅਦ
ਕਿੰਨੀ ਦੇਰ ਤੱਕ ਜਿਊਂਦਾ ਰਹਿੰਦਾ ਹੈ ਇਕ ਗੈਂਡਾ ?

ਕੀ ਹੈ ਨਵਾਂ 
ਤਾਜਾ ਬਸੰਤ ਦੀਆਂ ਪੱਤੀਆਂ ਲਈ ?

ਠੰਡ 'ਚ, ਪੱਤੀਆਂ
ਕੀ ਲੁਕ ਕੇ ਰਹਿੰਦੀਆਂ ਹਨ ਜੜ੍ਹਾਂ 'ਚ ?

ਧਰਤੀ ਤੋਂ ਕੀ ਸਿੱਖਦੇ ਹਨ ਰੁੱਖ
ਤਾਂਕਿ ਕਰ ਸਕਣ ਅਸਮਾਨ ਨਾਲ ਗੱਲਾਂ ?

(42)

ਕੌਣ ਹੈ ਸਭ ਤੋਂ ਜਿਆਦਾ ਬਦਨਸੀਬ, ਜੋ ਉਡੀਕ ਕਰਦਾ ਹੈ
ਜਾਂ ਜਿਸਨੇ ਨਹੀਂ ਕੀਤੀ ਕਿਸੇ ਦੀ ਉਡੀਕ ?

ਕਿੱਥੇ ਖਤਮ ਹੁੰਦੀ ਹੈ ਸੱਤਰੰਗੀ ਪੀਂਘ
ਤੁਹਾਡੀ ਰੂਹ 'ਚ ਜਾਂ ਪੱਛਮ ਵੱਲ ?

ਖੁਦਕਸ਼ੀਆਂ ਲਈ ਸਵਰਗ
ਸ਼ਾਇਦ ਹੁੰਦਾ ਹੋਵੇਗਾ ਇਕ ਅਦਿੱਖ ਤਾਰਾ ?

ਲੋਹੇ ਦੇ ਬਾਗ ਕਿੱਥੇ ਹਨ
ਜਿੱਥੋਂ ਡਿੱਗਦੇ ਹਨ ਉਲਕਾ ?


(43)

ਕੌਣ ਸੀ ਉਹ ਜਿਸਨੇ ਤੁਹਾਨੂੰ ਪਿਆਰ ਕੀਤਾ
ਤੁਹਾਡੇ ਸੁਪਨਿਆਂ 'ਚ, ਜਦੋਂ ਤੁਸੀਂ ਸੌ ਰਹੇ ਸੀ ?

ਸੁਪਨਿਆਂ ਅੰਦਰਲੀਆਂ ਚੀਜਾਂ ਕਿੱਥੇ ਚਲੀਆਂ ਜਾਂਦੀਆਂ ਹਨ ?
ਕੀ ਉਹ ਦਾਖਲ ਹੋ ਜਾਂਦੀਆਂ ਹਨ ਦੂਜਿਆਂ ਦੇ ਸੁਪਨਿਆਂ 'ਚ ?

ਅਤੇ ਜੋ ਪਿਤਾ ਤੁਹਾਡੇ ਸੁਪਨਿਆਂ 'ਚ ਸਾਹ ਲੈਂਦੇ ਹਨ
ਤੁਹਾਡੇ ਜਾਗਣ ਬਾਅਦ ਫਿਰ ਤੋਂ ਹੋ ਜਾਂਦੀ ਹੈ ਉਹਨਾਂ ਦੀ ਮੌਤ ?

ਸੁਪਨਿਆਂ 'ਚ, ਕੀ ਪੌਦਿਆਂ ਤੇ ਫੁੱਲ ਖਿੜਦੇ ਹਨ
ਅਤੇ ਕੀ ਪੱਕਦੇ ਹਨ ਸੱਚਮੁੱਚ ਉਹਨਾਂ ਦੇ ਫਲ ?


(44)


ਕਿੱਥੇ ਹੈ ਉਹ ਬੱਚਾ ਜੋ ਮੈਂ ਸੀ
ਮੇਰੇ ਅੰਦਰ ਹੀ ਹੈ ਜਾਂ ਚਲਾ ਗਿਆ ਹੈ ?

ਕੀ ਉਸਨੂੰ ਪਤਾ ਹੈ ਕਿ ਮੈਂ ਉਸਨੂੰ ਕਦੇ ਨਹੀਂ ਚਾਹਿਆ
ਅਤੇ ਨਾ ਹੀ ਚਾਹਿਆ ਉਸਨੇ ਕਦੇ ਮੈਨੂੰ ?

ਕਿਉਂ ਗੁਜਾਰਦੇ ਹਾਂ ਅਸੀਂ ਐਨਾ ਵਕਤ ਵੱਡੇ ਹੋਣ ਲਈ
ਜਦ ਹੋ ਹੀ ਜਾਣਾ ਹੈ ਅਸੀਂ ਅਲਹਿਦਾ ?

ਜਦ ਮਰ ਗਿਆ ਮੇਰਾ ਬਚਪਨ
ਤਦ ਕਿਉਂ ਨਹੀਂ ਮਰ ਗਏ ਅਸੀਂ ਦੋਵੇਂ ?

ਅਤੇ ਹੁਣ ਮੇਰੀ ਰੂਹ ਮਰ ਜਾਂਦੀ ਹੈ
ਤਾਂ ਕੀ ਮੇਰਾ ਪਿੱਛਾ ਕਰਦਾ ਹੈ ਮੇਰਾ ਪਿੰਜਰ ?

(45)

ਕੀ ਜੰਗਲ ਦਾ ਪੀਲਾ ਰੰਗ
ਉਹੀ ਹੈ ਜੋ ਪਿਛਲੇ ਸਾਲ ਸੀ ?

ਅਤੇ ਕੀ ਅਚਾਨਕ ਸਮੁੰਦਰੀ ਪੰਛੀਆਂ ਦੀ ਕਾਲੀ ਉਡਾਣ
ਦੁਹਰਾਉਂਦੀ ਹੈ ਖੁਦ ਨੂੰ ?

ਅਤੇ ਜਿੱਥੇ ਬ੍ਰਹਿਮੰਡ ਖਤਮ ਹੁੰਦਾ ਹੈ
ਉਸਨੂੰ ਮੌਤ ਕਹਿੰਦੇ ਹਨ ਜਾਂ ਅਨੰਤਤਾ ? 

ਪੱਟੀ ਉੱਤੇ ਕਿਸਦਾ ਵਜਨ ਜਿਆਦਾ ਹੁੰਦਾ ਹੈ,
ਉਦਾਸੀ ਦਾ ਜਾਂ ਯਾਦਾਂ ਦਾ ?

(46)

ਅਤੇ ਉਸ ਮਹੀਨੇ ਦਾ ਨਾਂ ਕੀ ਹੈ
ਜੋ ਦਸੰਬਰ ਅਤੇ ਜਨਵਰੀ ਦੇ ਵਿਚਕਾਰ ਆਉਂਦਾ ਹੈ ?

ਅਤੇ ਕਿਸ ਅਧਾਰ ਤੇ ਬਾਰ੍ਹਾਂ ਅੰਗੂਰਾਂ ਨੂੰ
ਕਹਿੰਦੇ ਹਨ ਇਕ ਗੁੱਛਾ ?

ਅਤੇ ਕਿਉਂ ਨਹੀਂ ਮਿਲਦੇ ਸਾਨੂੰ ਐਨੇ ਲੰਮੇ ਮਹੀਨੇ
ਜੋ ਚੱਲਣ ਪੂਰਾ ਸਾਲ ?

ਕੀ ਬਸੰਤ ਨੇ ਨਹੀਂ ਠੱਗਿਆ ਤੁਹਾਨੂੰ ਅਜਿਹੇ ਚੁੰਮਣਾ ਨਾਲ
ਜੋ ਕਦੇ ਨਹੀਂ ਟਹਿਕਦੇ ?


(47)


ਪੱਤਝੜ ਦੇ ਦਰਮਿਆਨ
ਕੀ ਸੁਣਦੇ ਹੋ ਤੁਸੀਂ ਪੀਲੇ ਧਮਾਕੇ ?

ਕਿਸ ਤਰਕ ਜਾਂ ਨਾਇਨਸਾਫੀ ਨਾਲ
ਬਾਰਿਸ਼ ਰੋਂਦੀ ਹੈ ਆਪਣੀ ਖੁਸ਼ੀ ?

ਜਦ ਝੁੰਡ ਉਡਾਣ ਭਰਦਾ ਹੈ
ਤਾਂ ਕਿਹੜਾ ਪੰਛੀ ਦਿਖਾਉਂਦਾ ਹੈ ਰਾਹ ?

ਹਮਿੰਗਬਰਡ ਕਿਸ ਉੱਤੇ ਟੰਗਦੀ ਹੈ
ਆਪਣੀ ਜਗਮਗਾਉਂਦੀ ਹੋਈ ਸੁਡੌਲਤਾ ?

(48)


ਜਲਪਰੀਆਂ ਦੀਆਂ ਛਾਤੀਆਂ 
ਕੀ ਸਮੁੰਦਰ ਦੇ ਪੇਚਦਾਰ ਖੋਲ ਹਨ ?

ਜਾਂ ਉਹ ਜੰਮੀਆਂ ਹੋਈਆਂ ਲਹਿਰਾਂ ਹਨ
ਜਾਂ ਝੱਗਾਂ ਦੀ ਠਹਿਰੀ ਹੋਈ ਖੇਡ ਹੈ ?

ਚਾਰਗਾਹਾਂ 'ਚ ਅੱਗ
ਕੀ ਜੰਗਲੀ ਜੁਗਨੂੰਆਂ ਤੋਂ ਨਹੀਂ ਆਉਂਦੀ ?

ਕੀ ਪੱਤਝੜ ਦੇ ਵਾਲ ਸੰਵਾਰਨ ਵਾਲਿਆਂ ਨੇ
ਖਿੰਡਾ ਦਿੱਤੇ ਹਨ ਕ੍ਰਿਸਥੇਮਸ ਦੇ ਵਾਲ?

ਪਾਬਲੋ ਨੈਰੂਦਾ

ਅਨੁਵਾਦ - ਮਨਦੀਪ


No comments:

Post a Comment

ਭਾਰਤ-ਅਮਰੀਕਾ ਵਪਾਰ ਸਮਝੌਤਾ ਅਰਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਜਿਹਾ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ...