Search This Blog

Thursday, September 27, 2018

ਲੂਣ ਦੇ ਰੇਗਿਸਤਾਨ 'ਚ ਕਿਵੇਂ ਮੁਮਕਿਨ ਹੈ ਫੁੱਲਾਂ ਦਾ ਖਿੜਣਾ ?


(57)
ਗ੍ਰਹਾਂ ਵਿਚਕਾਰ ਚੁੰਮਣਾ ਉੱਤੇ
ਕੀ ਸਹੀ ਨਹੀਂ ਰਹੇਗੀ ਪਾਬੰਧੀ ?

ਦੂਜੇ ਗ੍ਰਹਾਂ ਲਈ ਤਿਆਰ ਹੁੰਦੇ ਵਕਤ
ਕੀ ਸਾਨੂੰ ਨਹੀਂ ਸੋਚਣਾ ਚਾਹੀਦਾ ਇਹਨਾਂ ਚੀਜਾਂ ਬਾਰੇ ?

ਅਤੇ ਪਲੇਅਟਿਪਸ* ਨੇ ਕਿਉਂ ਨਹੀਂ ਪਹਿਨੀ
ਪੁਸ਼ਾਕ ਪੁਲਾੜ ਲਈ ?

ਕੀ ਘੋੜੇ ਦੀ ਨਾਲ
ਚੰਦ ਦੇ ਘੋੜੇ ਲਈ ਨਹੀਂ ਬਣੀ ਸੀ ?

* ਇਕ ਜਾਨਵਰ

(58)

ਰਾਤ ਨੂੰ ਉਹ ਕੀ ਵੱਜ ਰਿਹਾ ਸੀ 
ਗ੍ਰਹਿ ਸਨ ਜਾਂ ਘੋੜਿਆਂ ਦੀਆਂ ਟਾਪਾਂ ?

ਇਸ ਸਵੇਰ ਮੈਨੂੰ ਚੁਣਨਾ ਹੀ ਹੋਵੇਗਾ
ਸਮੁੰਦਰ ਅਤੇ ਅਸਮਾਨ ਵਿਚੋਂ ਇੱਕ ਨੂੰ ?

ਅਤੇ ਕਿਉਂ ਅਸਮਾਨ ਐਨੀ ਸੁਵੱਖਤੇ
ਨਿਕਲਿਆ ਹੈ ਧੁੰਦ ਦੀ ਪੁਸ਼ਾਕ ਪਹਿਣਕੇ ?

ਈਲਾ ਨੇਗਰਾ* ' ਕਿਸਨੂੰ ਮੇਰੀ ਉਡੀਕ ਸੀ ?
ਹਰਿਆਲੀ ਸੱਚਾਈ ਨੂੰ ਜਾਂ ਅਦਬੀ ਸਲੀਕੇ ਨੂੰ ?

* ਈਲਾ ਨੇਗਰਾ (Isla Negra – Black Island) ਪਾਬਲੋ ਨੈਰੂਦਾ ਦੇ ਤਿੰਨਾ ਘਰਾਂ ਵਿਚੋਂ ਇਕ ਘਰ ਜਿੱਥੇ ਉਹਨਾਂ ਨੇ ਜਿੰਦਗੀ ਦੇ ਆਖਰੀ ਪਲ ਬਿਤਾਏ

(59)

ਮੇਰੀ ਪੈਦਾਇਸ਼ ਕਿਉਂ ਨਹੀਂ ਸੀ ਰਹੱਸਮਈ
ਕਿਉਂ ਵੱਡਾਂ ਹੋਇਆਂ ਮੈਂ ਬਿਨ ਸਾਥੀਆਂ ਦੇ ?

ਕਿਸਨੇ ਦਿੱਤਾ ਮੈਨੂੰ ਹੁਕਮ
ਕਿ ਭੇੜ ਦੇਵਾਂ ਮੈਂ ਆਪਣੇ ਗੌਰਵ ਦੇ ਬੂਹੇ ?

ਅਤੇ ਜਦੋਂ ਮੈਂ ਸੌ ਰਿਹਾ ਸੀ ਜਾਂ ਬਿਮਾਰ ਸਾਂ
ਕੌਣ ਸੀ ਜੋ ਜਿਉਂ ਰਿਹਾ ਸੀ ਮੇਰੀ ਜਗ੍ਹਾ ?

ਕਿਹੜਾ ਪਰਚਮ ਲਹਿਰਾਇਆ ਉਸ ਜਗ੍ਹਾ
ਜਿੱਥੇ ਮੇਰੀ ਯਾਦ ਹਾਲੇ ਦਫਨਾਈ ਨਹੀਂ ਗਈ ?

(60)

ਅਤੇ ਗੁੰਮਨਾਮੀ ਦੀ ਅਦਾਲਤ ਵਿੱਚ
ਮੇਰੀ ਅਹਿਮੀਅਤ ਕੀ ਹੈ ?

ਭਵਿੱਖ ਜੋ ਵੀ ਰੂਪ ਧਾਰੇਗਾ
ਉਸਦੀ ਸੱਚੀ ਤਸਵੀਰ ਕਿਹੜੀ ਹੈ ?

ਇਸਦੀ ਪੀਲੀ ਅਫਰਾਤ '
ਕੀ ਇਹ ਅਨਾਜ ਦਾ ਦਾਣਾ ਹੈ ?

ਜਾਂ ਇਸਦਾ ਸੁਕੜੂ ਜਿਹਾ ਦਿਲ ਹੈ
ਜੋ ਆੜੂ ਦਾ ਨੁਮਾਇੰਦਾ ਹੈ ?

(61)

ਪਾਰੇ ਦੀ ਜਿਊਂਦੀ ਬੂੰਦ
ਹੇਠਾਂ ਡਿੱਗਦੀ ਹੈ ਜਾਂ ਸਦੀਵੀ ?

ਕੀ ਮੇਰੀਆਂ ਦਰਦ ' ਡੁੱਬੀਆਂ ਨਜਮਾਂ
ਦੇਖਣਗੀਆਂ ਮੇਰੀਆਂ ਆਪਣੀਆਂ ਅੱਖਾਂ ਨਾਲ ?

ਆਪਣੀ ਤਬਾਹੀ ਬਾਅਦ, ਜਦ ਮੈਂ ਸੌਣ ਜਾਊਂਗਾ
ਤਾਂ ਕੀ ਮੇਰੇ ਨਾਲ ਰਹੇਗੀ ਮੇਰੀ ਮਹਿਕ, ਮੇਰਾ ਦਰਦ ?

(62)

ਕੀ ਅਰਥ ਹੁੰਦੇ ਹਨ
ਮੌਤ ਦੇ ਪੈਂਡੇ ਤੇ ਚੱਲਦੇ ਰਹਿਣ ਦੇ ?

ਲੂਣ ਦੇ ਰੇਗਿਸਤਾਨ '
ਕਿਵੇਂ ਮੁਮਕਿਨ ਹੈ ਫੁੱਲਾਂ ਦਾ ਖਿੜਣਾ ?

ਜਿਸ ਸਮੁੰਦਰ ਵਿਚ ਨਹੀਂ ਹੁੰਦੀ ਕੋਈ ਹਰਕਤ
ਕੀ ਉਸ ਵਿਚ ਕੱਪੜੇ ਹਨ ਮਰਨ ਖਾਤਰ ?

ਹੁਣ ਜਦੋਂ ਹੱਡੀਆਂ ਵੀ ਨਹੀਂ ਰਹੀਆਂ
ਕੌਣ ਹੈ ਜੋ ਆਖੀਰੀ ਗੁਬਾਰ ' ਜਿੰਦਾ ਹੈ ?

(63)

ਕਿਵੇਂ ਕਰਦੇ ਹਨ ਤਾਲਮੇਲ ਪੰਛੀਆਂ ਨਾਲ
ਉਹਨਾਂ ਦੀ ਜੁਬਾਨ ਦੇ ਤਰਜਮੇ ਦਾ ?

ਕਿਵੇਂ ਦੱਸਾਂ ਮੈਂ ਕੱਛੂਏ ਨੂੰ
ਕਿ ਮੇਰੀ ਰਫਤਾਰ ਉਸ ਨਾਲੋਂ ਵੀ ਧੀਮੀ ਹੈ ?

ਮੈਂ ਕਿਵੇਂ ਮੰਗਾ ਪਿੱਸੂ ਤੋਂ
ਉਸਦੀ ਚੈਪੀਅਨਸ਼ਿੱਪ ਦਾ ਹਿਸਾਬ ?

ਜਾਂ ਕਿੰਝ ਕਹਾਂ ਗੁਲਨਾਰ ਨੂੰ
ਕਿ ਮੈਂ ਸ਼ੁਕਰਗੁਜਾਰ ਹਾਂ ਤੇਰੀ ਖੁਸ਼ਬੂ ਲਈ ?

(64)

ਕਿਉਂ ਲਹਿਰਾਉਂਦੇ ਹਨ ਪਰਚਮ ਦੀ ਤਰ੍ਹਾਂ
ਮੇਰੇ ਫਿੱਕੇ ਪੈ ਚੁੱਕੇ ਕੱਪੜੇ ?

ਕੀ ਮੈਂ ਕਦੇ-ਕਦੇ ਬੁਰਾ ਹਾਂ
ਜਾਂ ਚੰਗਾ ਹਾਂ ਹਮੇਸ਼ਾ ਹੀ ?

ਕੀ ਅਸੀਂ ਸਿੱਖਦੇ ਹਾਂ ਰਹਿਮਦਿਲੀ
ਜਾਂ ਬਸ ਰਹਿਮਦਿਲੀ ਦਾ ਮਖੌਟਾ ?

ਕੀ ਬਾਰਈ ਦਾ ਫੁੱਲ ਚਿੱਟਾ ਨਹੀਂ ਹੈ ?
ਅਤੇ ਚੰਗਿਆਈ ਦੇ ਫੁੱਲ ਕਾਲੇ ਨਹੀਂ ਹਨ ?

ਬੇਸ਼ੁਮਾਰ ਮਾਸੂਮਾਂ ਨੂੰ ਨਾਮ
ਅਤੇ ਗਿਣਤੀ ਕੌਣ ਦਿੰਦਾ ਹੈ ?

(65)

ਕੀ ਲੋਹੇ ਦੀ ਬੂੰਦ ਚਮਕਦੀ ਹੈ
ਮੇਰੇ ਗੀਤਾਂ ਦੇ ਅੱਖਰਾਂ ਵਾਂਗ ?

ਕੀ ਇਕ ਸ਼ਬਦ ਕਦੇ
ਸਰਕਦਾ ਹੈ ਇਕ ਸੱਪ ਵਾਂਗ ?

ਕੀ ਅਜਿਹਾ ਨਹੀਂ ਹੁੰਦਾ ਕਿ ਇਕ ਨਾਮ ਬੈਠੇ ਮਲਕੜੇ ਜਿਹੇ
ਤੁਹਾਡੇ ਦਿਲ ', ਨਾਰੰਗੀ ਦੀ ਤਰ੍ਹਾਂ ?

ਮੱਛੀਆਂ ਕਿਸ ਨਦੀ ਤੋਂ ਆਉਂਦੀਆਂ ਹਨ ?
ਕੀ ਚਾਂਦੀਗਿਰੀ ਵਰਗੇ ਸ਼ਬਦਾਂ ਚੋਂ ?

ਜਦ ਉਹ ਲੱਦ ਦਿੰਦੇ ਹਨ ਢੇਰ ਸਾਰੇ ਸ਼ਬਦ
ਤਾਂ ਕੀ ਤੈਰਦੇ ਹੋਏ ਜਹਾਜ ਡੁੱਬ ਨਹੀਂ ਜਾਂਦੇ ?


(66)

ਕੀ ਲੋਕੋਮੋਟਿਵ* ਸ਼ਬਦ ਦੇ ਤਿੰਨੇ
ਛੱਡਦੇ ਹਨ ਧੂੰਆਂ, ਅੱਗ ਅਤੇ ਭਾਫ ?

ਮਜਲੂਮ ਸ਼ਹਿਰਾਂ ਉੱਤੇ ਬਾਰਿਸ਼
ਕਿਹੜੀ ਜੁਬਾਨ ਨਾਲ ਵਰ੍ਹਦੀ ਹੈ ?

ਸਵੇਰੇ-ਸਵੇਰੇ ਸਮੁੰਦਰ ਦੀ ਹਵਾ
ਕਿਸ ਚਿਕਨੇ-ਚੋਪੜੇ ਲਫਜ ਨੂੰ ਦੁਹਰਾਉਂਦੀ ਹੈ ?

ਕੀ ਅਫੀਮ ਲਫਜ ਨਾਲੋਂ ਵੀ ਜਿਆਦਾ
ਫੈਲਿਆ ਹੋਇਆ ਹੈ ਕੋਈ ਸਿਤਾਰਾ ?

ਕੀ ਗਿੱਦੜ ਸ਼ਬਦ ਤੋਂ ਵੀ ਜਿਆਦਾ ਤਿੱਖੇ
ਹੁੰਦੇ ਹਨ ਕਿਸੇ ਦੇ ਪੰਜੇ ?

*ਰੇਲਗੱਡੀ ਨੂੰ ਖਿੱਚਣ ਲਈ ਵਰਤਿਆ ਜਾਣ ਵਾਲਾ ਇੰਝਣ



ਪਾਬਲੋ ਨੈਰੂਦਾ

ਅਨੁਵਾਦ - ਮਨਦੀਪ


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...