Search This Blog

Wednesday, September 26, 2018

ਲਗਾਤਾਰ ਟੁੱਟਦੇ ਜਾਣਾ ਕਾਇਦਾ ਹੈ ਜਾਂ ਸੰਘਰਸ਼ ?


(49)
ਜਦੋਂ ਮੈਂ ਫਿਰ ਤੋਂ ਵੇਖਦਾ ਹਾਂ ਸਮੁੰਦਰ
ਤਾਂ ਕੀ ਸਮੁੰਦਰ ਮੈਥੋਂ ਵਾਕਿਫ ਹੁੰਦਾ ਹੈ ਜਾਂ ਨਹੀਂ ?

ਲਹਿਰਾਂ ਮੈਨੂੰ ਉਹੀ ਸਵਾਲ ਕਿਉਂ ਕਰਦੀਆਂ ਹਨ
ਜੋ ਮੈਂ ਉਹਨਾਂ ਨੂੰ ਕਰਦਾ ਹਾਂ ?

ਅਤੇ ਉਹ ਐਨੇ ਬੇਕਾਰ ਜੋਸ਼ '
ਕਿਉਂ ਕਰਦੀਆਂ ਹਨ ਚਟਾਨਾਂ ਉੱਤੇ ਵਾਰ ?

ਰੇਤ ਉੱਤੇ ਆਪਣੇ ਐਲਾਨ ਦੁਹਰਾਉਂਦੇ ਹੋਏ
ਕੀ ਉਹ ਥੱਕ ਨਹੀਂ ਜਾਂਦੀਆਂ ?

(50)

ਸਮੁੰਦਰ ਨੂੰ ਕੌਣ ਸਮਝਾ ਸਕਦਾ ਹੈ
ਕਿ ਉਹ ਤਰਕ ਦੇ ਰਾਹ ਤੇ ਚੱਲੇ ?

ਕਿੱਥੋਂ ਹਾਸਲ ਕਰਦਾ ਹੈ ਉਹ ਆਪਣੀ
ਨੀਲੀ ਅੱਗ, ਹਰਾ ਹਨ੍ਹੇਰਾ ?

ਅਤੇ ਇਕ ਚਟਾਨ ' ਕਿਉਂ ਹਨ ਐਨੀਆਂ ਝੁਰੜੀਆਂ
ਅਤੇ ਐਨੇ ਸਾਰੇ ਛੇਦ ?

ਮੈਂ ਆਇਆ ਹਾਂ ਸਮੁੰਦਰ ਦੇ ਪਿੱਛਿਓਂ,
ਕਿੱਥੇ ਜਾਊਂਗਾ ਜੇਕਰ ਰੋਕ ਲਵੇ ਇਹ ਮੇਰਾ ਰਾਹ ?

ਸਮੁੰਦਰ ਦੇ ਫੰਦੇ ' ਫਸਕੇ
ਕਿਉਂ ਬੰਦ ਕਰ ਲਿਆ ਹੈ ਮੈਂ ਆਪਣਾ ਰਾਹ ?

(51)

ਸ਼ਹਿਰਾਂ ਤੋਂ ਕਿਉਂ ਹੈ ਮੈਨੂੰ ਨਫਰਤ
ਜਿੱਥੋਂ ਆਉਂਦੀ ਹੈ ਔਰਤਾਂ ਅਤੇ ਪੇਸ਼ਾਬ ਦੀ ਬਦਬੂ ?

ਸ਼ਹਿਰ ਕੀ ਤੁਫਾਨੀ ਢਾਲ ਦਾ
ਇਕ ਵਿਸ਼ਾਲ ਸਮੁੰਦਰ ਨਹੀਂ ਹੈ ?

ਕੀ ਹਵਾਵਾਂ ਦੇ ਸਾਗਰ 'ਤੇ
ਨਹੀਂ ਹਨ ਟਾਪੂ ਅਤੇ ਤਾੜ ਦੇ ਦਰੱਖਤ ?

ਕਿਉਂ ਪਰਤ ਆਇਆ
ਮੈਂ ਬੇਇੰਤਹਾ ਸਮੁੰਦਰ ਦੀ ਉਦਾਸੀ ਤੋਂ ?

(52)

ਕਿੰਨਾ ਵੱਡਾ ਹੈ ਉਹ ਕਾਲਾ ਆਕਟੋਪਸ
ਜਿਸਨੇ ਹਨ੍ਹੇਰੇ ਵਿਚ ਡੋਬ ਦਿੱਤਾ ਹੈ ਦਿਨ ਦਾ ਸਕੂਨ ?

ਕੀ ਇਸਦੀਆਂ ਟਾਹਣੀਆਂ ਲੋਹੇ ਦੀਆਂ ਬਣੀਆਂ ਹੋਈਆਂ ਹਨ
ਅਤੇ ਇਸਦੀਆਂ ਅੱਖਾਂ, ਬੁਝੀ ਹੋਈ ਅੱਗ ਦੀਆਂ ?

ਅਤੇ ਕਿਉਂ ਤਿੰਨ ਰੰਗਾਂ ਦੀ ਵ੍ਹੇਲ ਨੇ
ਰੋਕ ਲਿਆ ਮੇਰਾ ਰਾਹ ?

(53)

ਛਾਲਿਆਂ ਭਰੇ ਜਖਮਾਂ ਵਾਲੀ ਸ਼ਾਰਕ
ਕਿਸਨੇ ਨਿਗਲ ਲਈ ਮੇਰੀਆਂ ਅੱਖਾਂ ਸਾਹਮਣੇ ?

ਕੌਣ ਹੈ ਕਸੂਰਵਾਰ, ਹਵਾ ਦਾ ਬੁੱਲਾ
ਜਾਂ ਖੂਨ ਨਾਲ ਲੱਥਪੱਥ ਮੱਛੀਆਂ ?
ਲਗਾਤਾਰ ਟੁੱਟਦੇ ਜਾਣਾ 
ਕਾਇਦਾ ਹੈ ਜਾਂ ਸੰਘਰਸ਼ ?



(54)

ਕੀ ਇਹ ਸੱਚ ਹੈ ਕਿ ਅਬਾਬੀਲਾਂ
ਰਹਿਣ ਜਾ ਰਹੀਆਂ ਹਨ ਚੰਦ ਤੇ ?

ਕੀ ਉਹ ਲੈ ਜਾਣਗੀਆਂ ਆਪਣੇ ਨਾਲ ਬਸੰਤ ਵੀ
ਕੰਗਨੀਆਂ ਤੋਂ ਵੱਖ ਕਰਕੇ ?

ਕੀ ਪੱਤਝੜ ਵਿਚ ਉਡਾਣਾਂ ਭਰਨਗੀਆਂ
ਚੰਦ ਦੀਆਂ ਚਿੜੀਆਂ ?

ਬਿਸਮਥ* ਨੂੰ ਭਾਲਦੇ ਹੋਏ
ਕੀ ਉਹ ਚੁੰਝਾਂ ਮਾਰਨਗੀਆਂ ਅਸਮਾਨ ' ?

ਅਤੇ ਕੀ ਉਹ ਪਰਤਣਗੀਆਂ ਵਾਪਸ
ਸਵਾਹ ਨਾਲ ਭਰੀਆਂ ਹੋਈਆਂ ਬਾਲਕੋਨੀਆਂ ' ?

*ਇਕ ਰਸਾਇਣਿਕ ਤੱਤ

(55)

ਕਿਉਂ ਨਹੀਂ ਭੇਜਦੇ ਚੰਦ ਉੱਤੇ
ਚਕੂੰਦਰਾਂ ਅਤੇ ਕੱਛੂਆਂ ਨੂੰ ?

ਉਹ ਜਾਨਵਰ ਜੋ ਬਣਾਉਂਦੇ ਹਨ
ਖੱਡਾਂ ਅਤੇ ਸੁਰੰਗਾਂ ?

ਕਿਉਂ ਨਹੀਂ ਲੈ ਸਕਦੇ ਉਹ ਜਿੰਮੇਵਾਰੀ
ਇਨ੍ਹਾਂ ਦੁਰਾਡੀਆਂ ਥਾਵਾਂ ਦੇ ਮੁਆਇਨੇ ਦੀ ?

(56)

ਤੁਹਾਨੂੰ ਯਕੀਨ ਨਹੀਂ ਕਿ ਊਠ
ਆਪਣੇ ਕੁੱਬ ' ਲੁਕਾ ਕੇ ਰੱਖਦੇ ਹਨ ਰੌਸ਼ਨੀ ?

ਅਤੇ ਬੀਜਦੇ ਰਹਿੰਦੇ ਹਨ ਇਸਨੂੰ ਰੇਗਿਸਤਾਨ '
ਆਪਣੇ ਖੁਫਿਆ ਹਠ ਨਾਲ ?

ਅਤੇ ਕੀ ਧਰਤੀ ਨੂੰ ਥੋੜੇ ਸਮੇਂ ਲਈ
ਉਦਾਰ ਨਹੀਂ ਮਿਲਿਆ ਸਮੁੰਦਰ ?

ਕੀ ਸਾਨੂੰ ਇਸਦੇ ਜਵਾਰ ਸਮੇਤ
ਇਸਨੂੰ ਵਾਪਸ ਨਹੀਂ ਕਰਨਾ ਚੰਨ ਨੂੰ ?


ਪਾਬਲੋ ਨੈਰੂਦਾ

ਅਨੁਵਾਦ - ਮਨਦੀਪ


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...