Search This Blog

Thursday, February 3, 2022

ਕਜ਼ਾਕਿਸਤਾਨ ਮੱਧ ਏਸ਼ੀਆ ਦੇ ਭੂ-ਸਿਆਸੀ ਦ੍ਰਿਸ਼ ਦੀ ਅਹਿਮ ਕੜੀ



ਖੇਤਰਫਲ ਪੱਖੋਂ ਸੰਸਾਰ ਵਿਚੋਂ ਨੌਵੇਂ ਸਥਾਨ ਤੇ ਆਉਂਦਾ 2 ਕਰੋੜ ਵਸੋਂ ਵਾਲਾ ਕਜ਼ਾਕਿਸਤਾਨ ਤੇਲ ਉਤਪਾਦਨ ਅਤੇ ਭੂ-ਸਿਆਸੀ ਤੌਰ ਤੇ ਮੱਧ ਏਸ਼ੀਆ ਦਾ ਮਹੱਤਵਪੂਰਨ ਦੇਸ਼ ਹੈ। 1990 ਤੱਕ ਸੋਵੀਅਤ ਸੰਘ ਦਾ ਹਿੱਸਾ ਰਹੇ ਕਜ਼ਾਕਿਸਤਾਨ ਦੀ ਸੀਮਾ ਚੀਨ, ਰੂਸ, ਤੁਰਕਮੇਨਿਸਤਾਨ, ਤਾਜਿਕਿਸਤਾਨ ਅਤੇ ਉਜਬੇਕਿਸਤਾਨ ਨਾਲ ਲੱਗਦੀ ਹੈ। ਨਵੇਂ ਵਰ੍ਹੇ ਦੇ ਸ਼ੁਰੂਆਤੀ ਦਿਨਾਂ ਵਿੱਚ ਕਜ਼ਾਕਿਸਤਾਨ ਸਰਕਾਰ ਨੇ ਤਰਲ ਪੈਟਰੋਲੀਅਮ ਗੈਸ (ਐਲਪੀਜੀ) ਤੇ ਸਰਕਾਰੀ ਮੁੱਲ ਸੀਮਾ ਹਟਾ ਦਿੱਤੀ ਜਿਸ ਨਾਲ ਦੇਸ਼ ਦੇ ਹਰ ਵਰਗ ਉੱਪਰ ਇਸਦਾ ਅਸਰ ਪਿਆ ਅਤੇ ਦਿਨਾਂ ਵਿੱਚ ਹੀ ਇਸਦੇ ਵਿਰੋਧ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹਿੰਸਕ ਪ੍ਰਦਰਸ਼ਨਾਂ ਵਿੱਚ ਦਰਜਨਾਂ ਮੁਜ਼ਾਹਰਾਕਾਰੀਆਂ ਅਤੇ 16 ਪੁਲਿਸ ਕਰਮੀਆਂ (ਨੈਸ਼ਨਲ ਗਾਰਡ) ਦੀ ਮੌਤ ਹੋ ਗਈ, ਸੈਂਕੜੇ ਲੋਕ ਜਖਮੀ ਹੋ ਗਏ ਅਤੇ 3000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ (ਅਲਮਾਤੀ) ਵਿੱਚ ਕਰਫਿਊ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਨੇ ਫੌਜ਼ ਨੂੰ ਪ੍ਰਦਰਸ਼ਨਕਾਰੀਆਂ ਨੂੰ ‘ਵੇਖਦੇ ਹੀ ਗੋਲੀ ਮਾਰਨ’ ਦਾ ਹੁਕਮ ਦੇ ਦਿੱਤਾ ਹੈ।
ਕਜ਼ਾਕਿਸਤਾਨ ਅਮੀਰ ਤੇਲ ਭੰਡਾਰ ਵਾਲਾ ਮੱਧ ਏਸ਼ੀਆ ਦਾ ਮਹੱਤਵਪੂਰਨ ਦੇਸ਼ ਹੈ। ਇੱਥੇ ਰੋਜ਼ਾਨਾ 16 ਲੱਖ ਬੈਰਲ ਤੇਲ ਉਤਪਾਦਨ ਹੁੰਦਾ ਹੈ ਜੋ ਦੇਸ਼ ਅੰਦਰ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਉਤਸਾਹਿਤ ਕਰਨ ਦਾ ਮੁੱਖ ਸ੍ਰੋਤ ਹੈ। ਇਸਦੇ ਅਮਰੀਕਾ, ਚੀਨ ਅਤੇ ਰੂਸ ਨਾਲ ਤੇਲ ਵਪਾਰਕ ਸਬੰਧ ਹਨ। ਮੱਧ ਏਸ਼ੀਆ ਵਿੱਚ ਵਪਾਰਕ ਪਸਾਰ ਲਈ ਚੀਨ ਲਈ ਇਹ ਖਿੱਤਾ ਉਸਦੀ ‘ਇੱਕ ਪੱਟੀ, ਇੱਕ ਸੜਕ’ ਯੋਜਨਾ ਲਈ ਬੇਹੱਦ ਮਹੱਤਵਪੂਰਨ ਸੀਮਾ ਖੇਤਰ ਹੈ। ਗਵਾਂਢੀ ਰੂਸ ਨਾਲ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਕਜ਼ਾਕਿਸਤਾਨ ਦੇ ਅਹਿਮ ਆਰਥਿਕ ਅਤੇ ਫੌਜ਼ੀ ਸਮਝੌਤੇ ਸਹੀਬੰਦ ਹਨ। ਕਜ਼ਾਕਿਸਤਾਨ ਵਿੱਚ ਲੰਮੇ ਸਮੇਂ ਤੋਂ ਰੂਸ ਅਤੇ ਚੀਨ ਦਾ ਪ੍ਰਭਾਵ ਚੱਲਦਾ ਆ ਰਿਹਾ ਹੈ। ਊਰਜਾ ਸ੍ਰੋਤਾਂ ਨੂੰ ਲੈ ਕੇ ਕਜ਼ਾਕਿਸਤਾਨ ਵਿੱਚ ਅਮਰੀਕਾ ਦੇ ਹਿੱਤ ਵੀ ਜੁੜੇ ਹੋਏ ਹਨ। ਉਸਦੀਆਂ ਵੱਡੀਆਂ ਤੇਲ ਤੇ ਗੈਸ ਕੰਪਨੀਆਂ ਇਕਸਾਨਮੋਬਿਲ ਅਤੇ ਸ਼ੇਵੇਰੌਨ ਦਾ ਇੱਥੇ ਬਿਲੀਅਨਾਂ ਡਾਲਰ ਦਾ ਨਿਵੇਸ਼ ਹੈ। ਯੂਰਪ ਨਾਲ ਵੀ ਇਸ ਦੇਸ਼ ਦੇ ਵਪਾਰਕ ਹਿੱਤ ਜੁੜੇ ਹੋਏ ਹਨ। ਇਸ ਲਈ ਇਸ ਖਿੱਤੇ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਆਰਥਿਕ-ਸਿਆਸੀ ਹਿਲਜੁਲ ਸੰਸਾਰ ਦੀਆਂ ਇਹਨਾਂ ਵੱਡੀਆਂ ਸਾਮਰਾਜੀ ਸ਼ਕਤੀਆਂ (ਅਮਰੀਕਾ, ਰੂਸ, ਚੀਨ, ਯੂਰਪ) ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।
ਨਵੇਂ ਵਰ੍ਹੇ ਦੀ ਆਮਦ ਤੇ ਕਜ਼ਾਕਿਸਤਾਨ ਵਿੱਚ ਤੇਲ ਕੀਮਤਾਂ ਉੱਤੇ ਸੀਮਾਂ ਹਟਾਉਣ ਤੋਂ ਦੇਸ਼ ਦੇ ਪੱਛਮੀ ਹਿੱਸੇ ਦੇ ਉਦਯੋਗਿਕ ਖੇਤਰਾਂ ਵਿੱਚੋਂ ਸ਼ੁਰੂ ਹੋਇਆ ਸੰਘਰਸ਼ ਪੂਰੇ ਦੇਸ਼ ਵਿੱਚ ਫੈਲ ਗਿਆ। ਕਜ਼ਾਕਿਸਤਾਨ ਵਿੱਚ ਲੋਕ ਨਿੱਜੀ ਅਤੇ ਪਬਲਿਕ ਆਵਾਜਾਈ ਲਈ ਐਲਪੀਜੀ ਦੀ ਵਰਤੋਂ ਕਰਦੇ ਹਨ। ਇਸ ਲਈ ਤੇਲ ਕੀਮਤਾਂ ਵਿੱਚ ਹੋਏ ਲੱਗਭੱਗ ਦੁੱਗਣੇ ਵਾਧੇ ਨੇ ਕੋਵਿਡ ਦੌਰਾਨ ਵਧੀ ਮਹਿੰਗਾਈ ਨੂੰ ਹੋਰ ਵੱਧ ਜ਼ਰਬਾਂ ਦੇ ਦਿੱਤੀਆਂ। ਸਰਕਾਰੀ ਅੰਕੜਿਆਂ ਮੁਤਾਬਕ ਇਕ ਕਜ਼ਾਖ ਦੀ ਔਸਤਨ ਆਮਦਨ ਗੁਜਾਰੇ ਲਈ ਬਹੁਤ ਨੀਵੀਂ ਹੈ। ਇਹਨਾਂ ਅਲਾਮਤਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਤੋੜ-ਫੋੜ ਅਤੇ ਸੁਰੱਖਿਆ ਬਲਾਂ ਤੇ ਹਮਲਿਆਂ ਤੋਂ ਇਲਾਵਾ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਕਈ ਸਰਕਾਰੀ ਇਮਾਰਤਾਂ ਉੱਪਰ ਕਬਜਾ ਕਰ ਲਿਆ। ਕਈ ਥਾਈਂ ਅਗਜ਼ਨੀ ਦੀਆਂ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ। ਅਸਲ ਵਿੱਚ ਲੋਕਾਂ ਅੰਦਰ ਪਹਿਲਾਂ ਹੀ ਆਰਥਿਕ ਅਤੇ ਸਮਾਜਿਕ ਸੁਰੱਖਿਆ ਨੂੰ ਲੈ ਕੇ ਬੇਚੈਨੀ ਸੀ ਅਤੇ ਉਹ ਲਗਾਤਾਰ ਸੱਤਾਧਿਰ ਦੇ ਮਾੜੇ ਰਾਜਨੀਤਿਕ ਸਰੋਕਾਰਾਂ ਨੂੰ ਲੈ ਕੇ ਤੰਗ ਸਨ। ਤੇਲ ਕੀਮਤਾਂ ਵਿੱਚ ਵਾਧੇ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਵੱਧ ਰਹੇ ਲੋਕ ਰੋਹ ਕਾਰਨ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਵਾਧਾ ਵਾਪਸ ਲੈਣਾ ਪਿਆ। ਰਾਸ਼ਟਰਪਤੀ ਕਾਸਿਮ ਜੋਮਾਰਟ ਤੋਕਾਯੇਵ ਨੇ ਵਿਰੋਧ ਨੂੰ ਵੇਖਦਿਆਂ ਮੰਤਰੀ ਮੰਡਲ ਭੰਗ ਕਰਕੇ ਸਾਬਕਾ ਰਾਸ਼ਟਰਪਤੀ ਨਜ਼ਰਬਾਯੇਵ ਨੂੰ ਸੁਰੱਖਿਆ ਪ੍ਰੀਸ਼ਦ ਦੇ ਅਹੁਦੇ ਤੋਂ ਹਟਾ ਦਿੱਤਾ। 

ਰਾਸ਼ਟਰਪਤੀ ਤੋਕਾਯੇਵ ਨੇ ਪ੍ਰਦਰਸ਼ਨਕਾਰੀਆਂ ਨੂੰ ‘ਅੱਤਵਾਦੀ’ ਘੋਸ਼ਿਤ ਕਰਦਿਆਂ ਫੌਜ਼ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ। ਵਿਰੋਧ ਨੂੰ ਦਬਾਉਣ ਲਈ ਤੋਕਾਯੇਵ ਨੇ ਰੂਸ ਦੇ ‘ਸਮੂਹਿਕ ਸੁਰੱਖਿਆ ਸੰਧੀ ਸੰਗਠਨ’ (ਸੀਐਸਟੀਓ) ਤੋਂ ਮੱਦਦ ਦੀ ਗੁਹਾਰ ਲਗਾਈ। ਰੂਸ ਵੱਲੋਂ ਭੇਜੀ ਫੌਜ਼ੀ ਨਫਰੀ ਨੇ ਕਜ਼ਾਕਿਸਤਾਨ ਦੀ ਪੁਲਿਸ ਅਤੇ ਫੌਜ਼ ਨਾਲ ਮਿਲਕੇ ਤੇਲ ਕੀਮਤਾਂ ਖਿਲਾਫ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਡੰਡੇ ਅਤੇ ਗੋਲੀ ਨਾਲ ਦਬਾਉਣ ਦੀ ਮੁਹਿੰਮ ਚਲਾਈ ਹੋਈ ਹੈ। ਸੀਐਸਟੀਓ ਇੱਕ ਤਰ੍ਹਾਂ ਨਾਲ ਰੂਸੀ ‘ਨਾਟੋ’ ਹੀ ਹੈ ਜੋ ਅਮਨ-ਸ਼ਾਤੀ ਬਹਾਲੀ ਦੇ ਬਹਾਨੇ ਅਮਰੀਕੀ ਨਾਟੋ ਵਾਂਗ ਦੂਸਰੇ ਮੁਲਕਾਂ ’ਚ ਫੌਜ਼ੀ ਦਖਲਅੰਦਾਜ਼ੀ ਦਾ ਸਾਧਨ ਹੈ। ਰਾਸ਼ਟਰਪਤੀ ਵੱਲੋਂ ਸੰਘਰਸ਼ ਕਰ ਰਹੇ ਲੋਕਾਂ ਨੂੰ ‘ਅੱਤਵਾਦੀ’ ਕਹਿਣ, ਰੂਸੀ ਫੌਜ਼ੀ ਦਖਲਅੰਦਾਜ਼ੀ, ਪੁਲਿਸ ਅਤੇ ਫੌਜ਼ੀ ਦਮਨ ਖਿਲਾਫ ਲੋਕਾਂ ਦਾ ਰੋਹ ਹੋਰ ਵੱਧ ਗਿਆ ਅਤੇ ਕਈ ਥਾਈਂ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਣ ਨਾਲ ਸਥਿਤੀ ਹੋਰ ਵੱਧ ਨਾਜ਼ੁਕ ਬਣ ਗਈ। ਸਰਕਾਰ ਨੇ ਦੇਸ਼ ਅੰਦਰ ਫੇਸਬੁੱਕ, ਵੱਟਸਐਪ, ਚੀਨ ਦੀ ਐਪ ਵੀਚੈਟ ਆਦਿ ਸ਼ੋਸ਼ਲ ਐਪਸ ਉੱਤੇ ਪਾਬੰਧੀ ਲਗਾ ਦਿੱਤੀ। ਕਜ਼ਾਕਿਸਤਾਨ ’ਚ ਬਿਨਾਂ ਸਰਕਾਰੀ ਪ੍ਰਵਾਨਗੀ ਲਏ ਤੋਂ ਸਰਕਾਰ ਖਿਲਾਫ ਪ੍ਰਦਰਸ਼ਨ ਸੰਵਿਧਾਨਕ ਤੌਰ ਤੇ ਗੈਰ ਕਾਨੂੰਨੀ ਹੈ ਪਰ ਫਿਰ ਵੀ ਲੋਕ ਇਸਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਮੌਜੂਦਾ ਸੰਘਰਸ਼ ਦੀਆਂ ਮੁੱਖ ਮੰਗਾਂ ਹਨ: ਤੇਲ ਕੀਮਤਾਂ ਉੱਤੇ ਸੀਮਾ ਹਟਾਉਣ, ਸਥਾਨਕ ਗਵਰਨਰਾਂ ਦੀ ਸਿੱਧੀ ਚੋਣ ਕਰਨ (ਮੌਜੂਦਾ ਸਮੇਂ ਗਵਰਨਰਾਂ ਦੀ ਚੋਣ ਰਾਸ਼ਟਰਪਤੀ ਦੁਆਰਾ ਹੁੰਦੀ ਹੈ।), ਕੋਵਿਡ ਦੌਰਾਨ ਵਧੀ ਮਹਿੰਗਾਈ ਨੂੰ ਨੱਥ ਪਾਉਣ, ਮੌਜੂਦਾ ਸਰਕਾਰ ਬਦਲਣ, 1993 ਦਾ ਸੰਵਿਧਾਨ ਬਦਲਣ, ਸਿਆਸਤ ਅਤੇ ਚੋਣਾਂ ਅੰਦਰ ਪਰਿਵਾਰਵਾਦ ਪ੍ਰੰਪਰਾ ਖਤਮ ਕਰਨ ਅਤੇ ਨਾਗਰਿਕਾਂ ਉੱਤੇ ਪਏ ਮੁਕੱਦਮੇ ਖਾਰਿਜ਼ ਕੀਤੇ ਜਾਣ।
ਕਜ਼ਾਕਿਸਤਾਨ 1991 ਵਿੱਚ ਸੋਵੀਅਤ ਯੂਨੀਅਨ ਵਿਚੋਂ ਬਾਹਰ ਆ ਕੇ ਇਕ ਅਜ਼ਾਦ ਦੇਸ਼ ਵਜੋਂ ਹੋਂਦ ’ਚ ਆਇਆ ਸੀ। ਅਜਾਦੀ ਤੋਂ ਬਾਅਦ ਨੂਰਸੁਲਤਾਨ ਨਜ਼ਰਬਾਯੇਵ ਇੱਕ ਵੱਡਾ ਕੌਮੀ ਨੇਤਾ ਬਣਕੇ ਉਭਰਿਆ ਅਤੇ ਉਸਨੇ ਲੱਗਭੱਗ 29 ਸਾਲ ਕਜ਼ਾਕਿਸਤਾਨ ਦੀ ਸੱਤਾ ਦੀ ਕਮਾਨ ਸੰਭਾਲੀ। ਉਸਨੂੰ ‘ਲੀਡਰ ਆਫ ਨੇਸ਼ਨ’ ਦੇ ਸਨਮਾਨ ਨਾਲ ਜਾਣਿਆ ਜਾਂਦਾ ਰਿਹਾ। ਅਤੇ ਉਸਦੇ ਸਨਮਾਨ ਵਿੱਚ ਹੀ ਕਜ਼ਾਕਿਸਤਾਨ ਦੀ ਰਾਜਧਾਨੀ ਅਲਮਾਤੀ (ਅਲਮ ਅੱਤਾ) ਦਾ ਨਾਮ ਬਦਲਕੇ ਅਸਤਾਨਾ (ਨੂਰ ਸੁਲਤਾਨ) ਰੱਖਿਆ ਗਿਆ। ਰੂਸੀ ਸ਼ਾਸ਼ਕ ਪੁਤਿਨ ਨਾਲ ਚੰਗੇ ਸਬੰਧਾਂ ’ਚੋਂ ਉਹ ਲਗਾਤਾਰ ਰੂਸੀ ਸਾਮਰਾਜ ਨਾਲ ਮਿਲਕੇ ਚੱਲਦਾ ਰਿਹਾ। ਉਸਨੇ 1995 ਵਿੱਚ ਰੂਸ ਨਾਲ ਆਰਥਿਕ ਅਤੇ ਫੌਜ਼ੀ ਸਮਝੌਤੇ ਕੀਤੇ। ਫਿਰ ਰੂਸ ਦੇ ਨਾਲ-ਨਾਲ ਚੀਨ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਵਧਾਇਆ। 2001 ਵਿਚ ਕਜ਼ਾਕਿਸਤਾਨ, ਚੀਨ, ਰੂਸ, ਤੁਰਕਮੇਨਿਸਤਾਨ, ਤਾਜਿਕਿਸਤਾਨ ਅਤੇ ਉਜਬੇਕਿਸਤਾਨ ਨਾਲ ਮਿਲਕੇ ‘ਸ਼ੰਘਈ ਸਹਿਯੋਗ ਸੰਗਠਨ’ (ਐਸਸੀਓ) ਵਿੱਚ ਸ਼ਾਮਲ ਹੋਇਆ। 2019 ਵਿਚ ਨਜ਼ਰਬਾਯੇਵ ਨੇ ਵਿਰੋਧ ਪ੍ਰਦਰਸ਼ਨਾਂ ਬਾਅਦ ਰਾਸ਼ਟਰਪਤੀ ਪਦ ਤੋਂ ਅਸਤੀਫਾ ਦੇ ਦਿੱਤਾ ਪ੍ਰੰਤੂ ਉਹ ਸੁਰੱਖਿਆ ਪ੍ਰੀਸ਼ਦ ਦੇ ਪਦ ਤੇ ਰਹਿਕੇ ਪਰਦੇ ਪਿੱਛਿਓਂ ਸਰਕਾਰ ਚਲਾਉਣ ਵਾਲੇ ਪ੍ਰਮੁੱਖ ਬਣੇ ਰਹੇ। 
ਕਜ਼ਾਕਿਸਤਾਨ ਦੀ ਮੌਜੂਦਾ ਹਾਲਤ ਨੂੰ ਲੈ ਕੇ ਖਿੱਚੋਤਾਣ ਖਾਸ ਤੌਰ ਤੇ ਦੋ ਵੱਡੀਆਂ ਸਾਮਰਾਜੀ ਸ਼ਕਤੀਆਂ ਰੂਸ ਅਤੇ ਅਮਰੀਕਾ ਵਿਚਕਾਰ ਬਣੀ ਹੋਈ ਹੈ ਅਤੇ ਬਾਕੀ ਦੀਆਂ ਵੱਡੀਆਂ ਤਾਕਤਾਂ (ਚੀਨ ਅਤੇ ਯੂਰਪ) ਸਿੱਧੇ ਸਰਗਰਮ ਟਕਰਾਅ ਵਿੱਚ ਨਹੀਂ ਹਨ। ਰੂਸ ਆਪਣੇ ਗਵਾਂਢ ਕਜ਼ਾਕਿਸਤਾਨ ’ਚ ਕੋਈ ਗੜਬੜ ਨਹੀਂ ਚਾਹੁੰਦਾ ਕਿਉਂਕਿ ਉਹ ਯੂਕਰੇਨ ਅਤੇ ਬੇਲਾਰੂਸ ਵਿੱਚ ਉਲਝਿਆ ਹੋਇਆ ਹੈ। ਦੋ ਸਾਲ ਪਹਿਲਾਂ ਰੂਸ, ਬੇਲਾਰੂਸ ਵਿੱਚ ਸੱਤਾ ਤਬਦੀਲੀ ਦੇ ਯਤਨਾਂ ’ਚ ਸ਼ਾਮਲ ਰਿਹਾ ਅਤੇ 2014 ’ਚ ਯੂਕਰੇਨ ਵਿੱਚ ਸੱਤਾਬਦਲੀ ਦੇ ਯਤਨ ਕਰਦਾ ਰਿਹਾ। ਇਸ ਹਾਲਤ ਵਿੱਚ ਜੇਕਰ ਕਜ਼ਾਕਿਸਤਾਨ ਦਾ ਸਿਆਸੀ ਦ੍ਰਿਸ਼ ਬਦਲਦਾ ਹੈ ਤਾਂ ਇਸਦਾ ਫਾਇਦਾ ਅਮਰੀਕਾ ਦੇ ਯੂਕਰੇਨ ਅਤੇ ਕਜ਼ਾਕਿਸਤਾਨ ਵਿੱਚ ਪਸਾਰੇ ਦੇ ਰੂਪ ਵਿੱਚ ਹੋਣ ਦੀ ਸੰਭਾਵਨਾ ਹੈ। ਕਿਉਂਕਿ ਅਮਰੀਕਾ ਹੁਣੇ-ਹੁਣੇ ਅਫਗਾਨਿਸਤਾਨ ਵਿੱਚੋਂ ਬੇਆਬਰੂ ਹੋਕੇ ਨਿਕਲਿਆ ਹੈ। ਅਤੇ ਉਹ ਹੁਣ ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਤੋਂ ਬਾਅਦ ਕਜ਼ਾਕਿਸਤਾਨ ਵਿੱਚ ਡੇਰਾ ਲਾਉਣ ਦੀ ਤਾਕ ’ਚ ਹੈ। ਉਹ ਰੂਸ ਦੀ ਕਜ਼ਾਕਿਸਤਾਨ ਵਿੱਚ ਫੌਜ਼ੀ ਦਖਲਅੰਦਾਜ਼ੀ ਖਿਲਾਫ ‘ਅਮਨ-ਸ਼ਾਤੀ ਬਹਾਲੀ’ ਤੇ ‘ਮਨੁੱਖੀ ਅਧਿਕਾਰਾਂ’ ਦੇ ਝੰਡਾਬਰਦਾਰ ਨਾਮ ਹੇਠ ਕਜ਼ਾਕਿਸਤਾਨ ਮਸਲੇ ਤੇ ਸਰਗਰਮ ਸਿਆਸਤ ਕਰ ਰਿਹਾ ਹੈ। ਉਸਦਾ ਮਕਸਦ ਮੱਧ ਏਸ਼ੀਆ ਵਿੱਚ ਘੁਸਪੈਠ ਕਰਕੇ ਰੂਸ ਅਤੇ ਚੀਨ ਨੂੰ ਨਾਟੋ ਤੇ ਯੂਰਪੀ ਸੰਘ ਦੀ ਮੱਦਦ ਨਾਲ ਘੇਰਨਾ ਹੈ ਅਤੇ ਉੱਥੇ ਮੱਧ ਏਸ਼ੀਆ ਉੱਤੇ ਕੈਰੀ ਅੱਖ ਰੱਖਣ ਲਈ ਆਪਣੇ ਫੌਜ਼ੀ ਅੱਡੇ ਸਥਾਪਿਤ ਕਰਨਾ ਹੈ। ਅਮਰੀਕੀ ਸਾਮਰਾਜੀ ਨਾਟੋ ਅਤੇ ਯੂਰਪੀ ਸੰਘ ਨਾਲ ਮਿਲਕੇ ਰੂਸ ਨੂੰ ਘੇਰਨ ਲਈ ਉਸ ਉੱਤੇ ਲਗਾਤਾਰ ਦਬਾਅ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਹ ਰੂਸ ਨੂੰ ਕਜ਼ਾਕਿਸਤਾਨ ਵਿੱਚੋਂ ਬਾਹਰ ਕੱਢਣ ਦਾ ਰਾਹ ਲੱਭ ਰਹੇ ਹਨ। ਇਸਤੋਂ ਇਲਾਵਾ ਅਮਰੀਕਾ ਯੂਕਰੇਨ ਨੂੰ ਨਾਟੋ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ ਅਤੇ ਉਸਦਾ ਲਗਾਤਾਰ ਰੂਸ ਨਾਲ ਇਸ ਮਸਲੇ ਤੇ ਟਕਰਾਅ ਚੱਲ ਰਿਹਾ ਹੈ। ਉਧਰੋਂ ਰੂਸ ਵੀ ਕਜ਼ਾਕਿਸਤਾਨ ਵਿੱਚ ਦਖਲਅੰਦਾਜ਼ੀ ਕਰਕੇ ਨਾਟੋ ਦੇ ਪ੍ਰਭਾਵ ਨੂੰ ਰੋਕਣਾ ਚਾਹੁੰਦਾ ਹੈ। ਇਸ ਤਰ੍ਹਾਂ ਉਹ ਮੱਧ ਏਸ਼ੀਆ ਵਿੱਚ ਅਮਰੀਕੀ ਦਖਲਅੰਦਾਜ਼ੀ ਅਤੇ ਉਸਦੇ ਫੌਜ਼ੀ ਅੱਡਿਆਂ ਦੇ ਵਿਸਥਾਰ ਤੇ ਰੋਕ ਲਾਉਣਾ ਚਾਹੁੰਦਾ ਹੈ।
ਚੀਨ ਦੀ ‘ਇਕ ਪੱਟੀ, ਇਕ ਸੜਕ’ ਦੀ ਯੋਜਨਾ ਵਿੱਚ ਕਜ਼ਾਕਿਸਤਾਨ ਦੀ ਖਾਸ ਮਹੱਤਤਾ ਕਾਰਨ ਚੀਨ ਨਹੀਂ ਚਾਹੁੰਦਾ ਕਿ ਕਜ਼ਾਕਿਸਤਾਨ ਵਿੱਚ ਅਮਰੀਕਾ ਦਾ ਪ੍ਰਭਾਵ ਵਧੇ। ਇਸ ਲਈ ਉਹ ਰੂਸੀ ਸਾਮਰਾਜੀਆਂ ਵਾਲੀ ਦਿਸ਼ਾ ਵਿੱਚ ਹੀ ਅੱਗੇ ਵੱਧ ਰਿਹਾ ਹੈ। ਇਸਤੋਂ ਇਲਾਵਾ ਕਜ਼ਾਕਿਸਤਾਨ ਨਾਲ ਚੀਨ ਦਾ ਗੈਸ-ਤੇਲ ਸਮੇਤ ਅਨੇਕਾਂ ਖਣਿਜ਼ ਪਦਾਰਥਾਂ ਦਾ ਚੋਖਾ ਵਪਾਰ ਹੈ। ਚੀਨ ਕਜ਼ਾਖ ਸਰਕਾਰ ਦੁਆਰਾ ਲੋਕਾਂ ਉੱਤੇ ਕੀਤੇ ਜਾ ਰਹੇ ਦਮਨ ਨੂੰ ਸਹੀ ਕਰਾਰ ਦੇ ਰਿਹਾ ਹੈ। ਤੁਰਕੀ ਦੇ ਵੀ ਕਜ਼ਾਕਿਸਤਾਨ ਵਿੱਚ ਆਪਣੇ ਹਿੱਤ ਹਨ। ਉਹ ਇਸਲਾਮੀ ਧਾਰਮਿਕ ਕੱਟਰਪੰਥੀਆਂ ਗਰੁੱਪਾਂ ਨਾਲ ਮਿਲਕੇ ਕਜ਼ਾਕਿਸਤਾਨ ਵਿੱਚ ਗੜਬੜ ਫੈਲਾ ਰਹੇ ਹਨ। 
ਰੂਸੀ ਸਾਮਰਾਜੀ ਅਤੇ ਯੂਰਪੀ ਸੰਘ ਵਿਚਕਾਰ ਪਹਿਲਾਂ ਹੀ ਟਕਰਾਅ ਵਾਲੀ ਹਾਲਤ ਬਣੀ ਹੋਈ ਹੈ। ਨਾਟੋ ਪ੍ਰਭਾਵ ਵਾਲੇ ਪੱਛਮੀ ਯੂਰਪੀ ਮੁਲਕ ਲਗਾਤਾਰ ਅਮਰੀਕਾ ਨਾਲ ਮਿਲਕੇ ਚੱਲਦੇ ਹਨ। ਇਸ ਲਈ ਅਮਰੀਕਾ, ਜਰਮਨੀ ਰਾਹੀਂ ਰੂਸ ਉੱਤੇ ਨਾਰਡ-2 ਗੈਸ ਪਾਇਪਲਾਈਨ ਦੀ ਵਰਤੋਂ ਨਾ ਕਰਨ ਲਈ ਦਬਾਅ ਬਣਾ ਰਿਹਾ ਹੈ। ਉਧਰੋਂ ਕਜ਼ਾਕਿਸਤਾਨ ਦੇ ਰਹਿਬਰ ਵੀ ਰੂਸ, ਚੀਨ, ਅਮਰੀਕਾ ਅਤੇ ਯੂਰਪੀ ਸਾਮਰਾਜੀਆਂ ਨਾਲ ਸਾਂਝ-ਭਿਆਲੀ ਪਾ ਕੇ ਸਾਮਰਾਜੀਆਂ ਨੂੰ ਆਪਣਾ ਦੇਸ਼ ਲੁਟਾ ਰਹੇ ਹਨ। ਇਸ ਤਰ੍ਹਾਂ ਕਜ਼ਾਕਿਸਤਾਨ ਦਾ ਅਵਾਮ ਸਾਮਰਾਜੀ ਚੌਕੜੀ (ਰੂਸ, ਚੀਨ, ਅਮਰੀਕਾ, ਯੂਰਪ) ਅਤੇ ਉਹਨਾਂ ਦੀ ਭਾਈਵਾਲ ਕਜ਼ਾਕਿਸਤਾਨੀ ਸਰਕਾਰ ਦੀ ਲੁੱਟ-ਖਸੁੱਟ ਅਤੇ ਦਮਨ ਦਾ ਸ਼ਿਕਾਰ ਹੋ ਰਹੇ ਹਨ। ਇਸ ਸਮੇਂ ਸਾਮਰਾਜੀ ਤਾਕਤਾਂ ਵਿਚਕਾਰ ਘਿਰੇ ਕਜ਼ਾਕਿਸਤਾਨ ਦੀ ਹੋਣੀ ਦਾ ਮਾਰਗ ਕਜ਼ਾਖ ਲੋਕਾਂ ਨੂੰ ਖੁਦ ਲੱਭਣਾ ਹੋਵੇਗਾ ਜੋ ਸਾਮਰਾਜੀ ਤਾਕਤਾਂ ਅਤੇ ਕਜ਼ਾਕਿਸਤਾਨ ਦੀ ਸਰਮਾਏਦਾਰ ਜਮਾਤ ਤੋਂ ਲੋਕਾਂ ਦੀ ਮੁਕਤੀ ਬਿਨਾਂ ਸੰਭਵ ਨਹੀਂ ਹੈ। 

-ਮਨਦੀਪ, ਵਟ੍ਹਸਐਪ : +5493813389246

https://epaper.punjabitribuneonline.com/c/66184477



No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...