Search This Blog

Wednesday, January 17, 2024

ਯਮਨ ਉੱਤੇ ਅਮਰੀਕੀ ਹਮਲੇ ਦੇ ਆਲਮੀ ਅਸਰ - ਹਰਸ਼ਵਿੰਦਰ


ਇਜ਼ਰਾਇਲ-ਫਲਸਤੀਨ ਜੰਗ ਵਿੱਚ ਫ਼ਲਸਤੀਨ ਦੇ ਲੋਕਾਂ ਦਾ ਸਾਥ ਦੇਣ ਲਈ ਹੂਤੀ ਬਾਗੀਆਂ ਵੱਲੋਂ ਲਾਲ ਸਾਗਰ ਵਿੱਚ ਅਮਰੀਕੀ ਵਪਾਰਕ ਜਹਾਜ਼ਾਂ ਨੂੰ ਲਗਾਤਾਰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਹੂਤੀ ਬਾਗੀ ਯਮਨ ਨਾਲ ਸਬੰਧਿਤ ਹਨ ਅਤੇ ਯਮਨ ਵਿੱਚ ਦੋ ਤਰ੍ਹਾਂ ਦੇ ਬਾਗੀ ਗਰੱੁਪ ਹਨ, ਇੱਕ ਇਰਾਨ ਦੀ ਸ਼ਹਿ ਪ੍ਰਾਪਤ ਹੂਤੀ ਬਾਗ਼ੀ, ਦੂਜਾ ਹੱਦੀ ਬਾਗ਼ੀ। ਹੱਦੀ ਬਾਗੀਆਂ ਨੂੰ ਸਾਊਦੀ ਅਰਬ ਦਾ ਸਮਰਥਨ ਪ੍ਰਾਪਤ ਹੈ। ਸਾਊਦੀ ਅਰਬ ਅਤੇ ਇਰਾਨ ਦਾ ਸੁੰਨੀ-ਸ਼ੀਆ ਵਿਵਾਦ ਨੂੰ ਲੈ ਕੇ ਛੱਤੀ ਦਾ ਅੰਕੜਾ ਚੱਲਦਾ ਆ ਰਿਹਾ ਹੈ ਪਰ ਚੀਨ ਦੇ ਦਖਲ ਕਰਕੇ ਇਹ ਦੋਨੇਂ ਮੁਲਕ ਫਿਲਹਾਲ ਸ਼ਾਂਤੀ ਦੇ ਰਾਹ ’ਤੇ ਚੱਲ ਰਹੇ ਹਨ। ਯਮਨ ਵਿੱਚ ਹੱਦੀ ਪੱਖੀ ਬਹੁਗਿਣਤੀ ਹੈ, ਪਰ ਪ੍ਰਮੁੱਖ ਥਾਵਾਂ ’ਤੇ ਹੂਤੀਆਂ ਦਾ ਕਬਜ਼ਾ ਹੈ। ਉਧਰ ਹੂਤੀ ਬਾਗ਼ੀ ਗਾਜ਼ਾ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਦੇ ਵਿਰੋਧ ’ਚ ਪਿਛਲੇ ਕਈ ਦਿਨਾਂ ਤੋਂ ਲਾਲ ਸਾਗਰ ਵਿਚਦੀ ਲੰਘ ਰਹੇ ਅਮਰੀਕੀ ਪੱਖੀ ਜਹਾਜ਼ਾਂ ’ਤੇ ਹਮਲੇ ਕਰ ਰਹੇ ਸਨ। ਇਹਨਾਂ ਹਮਲਿਆਂ ’ਚ ਹੁਣ ਤੱਕ 27 ਜਹਾਜ਼ਾਂ ਨੂੰ ਹੂਤੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ, ਜਿਸਦਾ ਸਾਰੇ ਪ੍ਰਭਾਵਿਤ ਦੇਸ਼ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਅਮਰੀਕਾ ਦੇ ਜਹਾਜ਼ ’ਤੇ 10 ਜਨਵਰੀ ਨੂੰ ਹੂਤੀਆਂ ਦਾ ਹਮਲਾ ਹੋਇਆ। ਇਹੀ ਉਹ ਕਾਰਨ ਸੀ ਜਿਸ ਕਰਕੇ ਯਮਨ ਨੂੰ ਅਮਰੀਕੀ ਅਗਵਾਈ ਵਾਲੇ ਹਮਲੇ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਅਨੁਸਾਰ ਇਸ ਤੋਂ ਪਹਿਲਾਂ 44 ਦੇਸ਼ਾਂ ਦੇ ਸਮੂਹ ਵੱਲੋਂ ਯਮਨ ਨੂੰ ਸਮਝਾਇਆ ਗਿਆ ਸੀ ਪਰ 10 ਜਨਵਰੀ ਵਾਲੇ ਹਮਲੇ ਦੇ ਨੁਕਸਾਨ ਤੋਂ ਬਾਅਦ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨੀਦਰਲੈਂਡ ਅਤੇ ਬਹਿਰੀਨ ਦੇਸ਼ਾਂ ਵੱਲੋਂ ਯਮਨ ਦੀਆਂ 28 ਥਾਵਾਂ ਅਤੇ ਹੂਤੀਆਂ ਦੇ 60 ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਗਏ।

ਅਮਰੀਕਾ ਨੇ ਅਧਿਕਾਰਿਤ ਤੌਰ ’ਤੇ ਦੁਨੀਆ ਦੇ ਪਾਣੀਆਂ ਨੂੰ ਕਈ ਕਮਾਂਡਾਂ ਵਿੱਚ ਵੰਡਿਆ ਹੋਇਆ ਹੈ ਜਿਵੇਂ ਅਮਰੀਕੀ ਉੱਤਰੀ ਕਮਾਂਡ, ਦੱਖਣੀ ਕਮਾਂਡ, ਕੇਂਦਰੀ ਕਮਾਂਡ, ਯੂਰਪੀਅਨ ਕਮਾਂਡ, ਅਫ਼ਰੀਕੀ ਕਮਾਂਡ ਅਤੇ ਹਿੰਦ-ਪ੍ਰਸ਼ਾਂਤ ਕਮਾਂਡ। ਇਹਨਾਂ ਕਮਾਂਡਾਂ ਰਾਹੀਂ ਅਮਰੀਕਰਨ ਕਮਾਂਡਰ ਦੁਨੀਆ ਭਰ ਵਿੱਚ ਹਰ ਵੇਲੇ ਹਮਲੇ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਯਮਨ ਉੱਤੇ ਤਾਜ਼ਾ ਹਮਲਾ ਅਮਰੀਕੀ ਕੇਂਦਰੀ ਕਮਾਂਡ ਰਾਹੀਂ ਕੀਤਾ ਗਿਆ। ਇਸ ਵਿੱਚ ਯੂ. ਕੇ. ਦੇ ਜੈੱਟ ਸਾਈਪਰਸ ਤੋਂ ਉੱਡ ਕੇ ਸਿੱਧਾ ਯਮਨ ’ਤੇ ਹਮਲਾ ਕਰਦੇ ਹਨ। ਜਦੋਂ ਇਹ ਕਮਾਂਡ ਹਮਲਾ ਕਰਦੀ ਹੈ ਤਾਂ ਵਾਰ-ਵਾਰ ਇਹ ਜ਼ਿਕਰ ਕਰਦੀ ਹੈ ਜਿਹੜੇ 20 ਦੇਸ਼ ਮਿਲ ਕੇ ਲਾਲ ਸਾਗਰ ਵਿੱਚ ਸਮੁੰਦਰੀ ਯੁੱਧ ਅਭਿਆਸ ਕਰਦੇ ਹਨ ਉਹ ਜੋ ‘ਆਪਰੇਸ਼ਨ ਪਰੋਸਪੈਰਟੀ ਗਾਰਡੀਅਨ’ ਚਲਾ ਰਹੇ ਹਨ, ਉਹਦੇ ਨਾਲ ਇਸ ਹਮਲੇ ਦਾ ਕੋਈ ਸਬੰਧ ਨਹੀਂ ਹੈ।
ਇਸ ਹਮਲੇ ਦਾ ਪ੍ਰਮੁੱਖ ਕਾਰਨ ਤਾਂ ਲਾਲ ਸਾਗਰ ਦੀ ਵਪਾਰਕ ਮਹੱਤਤਾ ਹੈ। ਪਰ ਇਸਦੇ ਨਾਲ ਹੀ ਈਰਾਨ ਜਿਸਦੀ ਇਜ਼ਰਾਈਲ ਨਾਲ ਤਲਖ਼ੀ ਚੱਲਦੀ ਰਹਿੰਦੀ ਹੈ, ਚਾਹੇ ਉਹ ਈਰਾਨ ਦੇ ਉਹ ਬੰਦੇ ਲੱਭ ਕੇ ਮਾਰਨੇ ਹੋਣ ਜਿੰਨਾਂ ਇਜ਼ਰਾਈਲ ਤੇ ਕੋਈ ਹਮਲਾ ਕੀਤਾ ਜਾਂ ਈਰਾਨ ਵੱਲੋਂ ਹਮਾਸ ਨੂੰ ਹਥਿਆਰਾਂ ਦਾ ਯੋਗਦਾਨ, ਲਿਬਨਾਨ  ਵਿੱਚ ਹਿਜ਼ਬੁੱਲਾ ਨੂੰ ਸਹਾਇਤਾ ਅਤੇ ਯਮਨ ਵਿੱਚ ਹੂਤੀ ਬਾਗ਼ੀਆਂ ਨੂੰ ਡਰੋਨ ਅਤੇ ਮਿਜ਼ਾਇਲਾਂ ਮੁਹੱਈਆ ਕਰਵਾਉਣੀਆਂ ਆਦਿ। ਇਹ ਸਭ ਮੱਧ-ਪੂਰਬ ਵਿੱਚ ਇਜ਼ਰਾਈਲ ਨੂੰ ਘੇਰਨ ਦੀ ਰਣਨੀਤੀ ਦਾ ਹਿੱਸਾ ਹੈ, ਪਰ ਇਜ਼ਰਾਈਲ ਅਮਰੀਕਾ ਦੀ ਫੌਜੀ-ਚੌਂਕੀ ਅਤੇ ਉਸਦਾ ਸੰਗੀ ਹੈ, ਇਸ ਕਰਕੇ ਜਿਆਦਾਤਰ ਅਰਬ ਮੁਲਕਾਂ ਦੇ ਵਿਰੋਧ ਦੇ ਬਾਵਜੂਦ ਵੀ ਇਜ਼ਰਾਈਲੀ-ਅਮਰੀਕੀ ਦਬਦਬਾ ਕਾਇਮ ਰਹਿੰਦਾ ਆ ਰਿਹਾ ਹੈ ਅਤੇ ਸਾਮਰਾਜੀ ਇਹਨਾਂ ਮੁਸਲਿਮ ਮੁਲਕਾਂ ਨੂੰ ਸੁੰਨੀ-ਸ਼ੀਆਂ ਦੀ ਰੰਗਤ ਦੇ ਕੇ ਲੰਬੇ ਸਮੇਂ ਤੋਂ ਵੰਡ ਕੇ ਰੱਖਣ ਵਿੱਚ ਕਾਮਯਾਬ ਹੋ ਰਹੇ ਹਨ। ਲਾਲ ਸਾਗਰ ਦਾ ਲਾਂਘਾ ਕੁੱਲ ਆਲਮ ਲਈ ਮਹੱਤਤਾ ਰੱਖਦਾ ਹੈ। ਇਸ ਰਾਹੀਂ ਗਲੋਬਲ ਪੱਧਰ ਤੇ 15% ਸਮੁੰਦਰੀ ਵਪਾਰ ਹੁੰਦਾ ਹੈ। ਦੁਨੀਆ ਦਾ 8% ਆਨਾਜ, 12% ਤੇਲ ਅਤੇ 8% ਗੈਸ ਇਸੇ ਲਾਂਘੇ ਰਾਂਹੀ ਲਿਜਾਇਆ ਜਾਂਦਾ ਹੈ। ਹੂਤੀਆਂ ਦੀ ਬਗਾਵਤ ਨੇ ਇੱਕ ਟ੍ਰਿਲੀਅਨ ਡਾਲਰ ਦੇ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ। ਲਾਲ ਸਾਗਰ ਵਪਾਰਕ ਪੱਖ ਤੋਂ ਬੇਹੱਦ ਮਹੱਤਵਪੂਰਨ ਖਿੱਤਾ ਹੋਣ ਦੇ ਨਾਲ ਹੀ ਇਸਦਾ ਯਮਨ ਨਾਲ ਲੱਗਦਾ ਚੈੱਕ ਪੁਆਇੰਟ ਭੂਸਿਆਸੀ ਤੌਰ ਤੇ ਵੀ ਨਾਜ਼ੁਕ ਹਿੱਸਾ ਹੈ।
ਯਮਨ ’ਤੇ ਇਸ ਅਮਰੀਕੀ ਹਮਲੇ ਵਿੱਚ ਸਰਕਾਰੀ ਅੰਕੜੇ ਅਨੁਸਾਰ 5 ਮੌਤਾਂ ਹੋਈਆਂ ਅਤੇ 6 ਲੋਕ ਜਖ਼ਮੀ ਹੋਏ, ਪਰ ਜਿਸ ਤਰ੍ਹਾਂ ਦਹਿ ਹਜ਼ਾਰਾਂ ਲੋਕ ਯਮਨ ਦੀਆਂ ਸੜਕਾਂ ’ਤੇ ਇਸ ਹਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਉੱਤਰੇ, ਹਾਲਾਤ ਗੰਭੀਰ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਮਾਮਲੇ ਤੋਂ ਬਾਅਦ ਈਰਾਨ ਦਾ ਕਹਿਣਾ ਹੈ ਕਿ ਇਸ ਖ਼ਿੱਤੇ ਵਿੱਚ ਅਸਥਿਰਤਾ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਸਾਊਦੀ ਅਰਬ ਹਾਲ ਦੀ ਘੜੀ ਚੀਨ ਦੇ ਦਿਖਾਏ ਸ਼ਾਂਤੀ ਮਾਰਗ ਨੂੰ ਅਪਣਾਅ ਰਿਹਾ ਹੈ ਅਤੇ ਇਸ ਹਮਲੇ ਵਿੱਚ ਆਵਦੀ ਕੋਈ ਵੀ ਭੂਮਿਕਾ ਤੋਂ ਦੂਰੀ ਬਣਾ ਰਿਹਾ ਹੈ। ਹੂਤੀਆਂ ਦੇ ਰਾਡਾਰ ਸੈਂਟਰ ’ਤੇ ਦੂਜਾ ਹਮਲਾ ਹੋਇਆ ਤਾਂ ਕਿ ਉਹ ਜਵਾਬੀ ਕਾਰਵਾਈ ਨਾ ਕਰ ਸਕਣ।
ਅਮਰੀਕਾ ਦੇ ਅੰਦਰ ਵੀ “ਯਮਨ ਨੂੰ ਜਿਊਣ ਦੇਵੋ” ਦੇ ਨਾਂ ਹੇਠ ਪ੍ਰਦਰਸ਼ਨ ਹੋਏ, ਬਾਇਡਨ ਸਰਕਾਰ ਦੇ ਇੱਕ ਸੰਸਦ ਮੈਂਬਰ ਰੋਅ ਖੰਨਾ ਨੇ ਹੀ ਸਵਾਲ ਉਠਾਇਆ ਹੈ ਕਿ ਇਹ ਹਮਲਾ ਕਰਨ ਤੋਂ ਪਹਿਲਾਂ ਬਾਇਡਨ ਨੇ ਸੰਸਦ ਤੋਂ ਪ੍ਰਵਾਨਗੀ ਕਿਉਂ ਨਹੀ ਲਈ? ਉਹਨਾਂ ਇਸ ਹਮਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀਆਂ ਦਾ ਇਤਿਹਾਸ ਹੀ ਇਸ ਤਰ੍ਹਾਂ ਦੇ ਨਿਹੱਕੇ ਹਮਲਿਆਂ ਦਾ ਰਿਹਾ ਹੈ। ਅਮਰੀਕਾ ਵਿੱਚ ਯਮਨ ਪੱਖੀ ਲੋਕਾਂ ਨੇ ਵਾਈਟ ਹਾਊਸ ਅਤੇ ਨਿਊਯਾਰਕ ਟਾਈਮ ਸੁਕੇਅਰ ਮੂਹਰੇ ਅਮਰੀਕੀ ਝੰਡਾ ਜਲਾ ਕੇ ਜੰਗ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ ਕਿਹਾ ਨਵੰਬਰ ’ਚ ਹੋ ਰਹੀਆਂ ਚੋਣਾਂ ’ਚ ਬਾਇਡਨ ਦਾ ਵੋਟ ਪ੍ਰਤਿਸ਼ਤ ਡਿੱਗ ਰਿਹਾ ਹੈ, ਇਹਨਾਂ ਦਾ ਕਹਿਣਾ ਹੈ ਬਾਇਡਨ ਆਵਦੀ ਸ਼ਾਖ ਬਚਾਉਣ ਲਈ ਅਮਰੀਕਾ ਨੂੰ ਯੁੱਧ ’ਚ ਝੋਕ ਰਿਹਾ ਹੈ। ਰੂਸ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਯੂ. ਐੱਨ. ਸੁਰੱਖਿਆ ਕੌਂਸਲ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਭਾਰਤ ਨੇ ਅਮਰੀਕਾ ਨਾਲ ਫੋਨ-ਵਾਰਤਾ ਤੋਂ ਬਾਅਦ 10 ਜੰਗੀ ਜਹਾਜ਼ ਅਰਬ ਸਾਗਰ ਵਿੱਚ ਤੈਨਾਤ ਕਰ ਦਿੱਤੇ ਹਨ। ਸੰਸਾਰ ਦੇ ਮਿਹਨਤਕਸ਼ ਲੋਕ ਜਿਹੜੇ ਪਹਿਲਾਂ ਹੀ ਦੋ ਜੰਗਾਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਲਈ ਇਹ ਇੱਕ ਹੋਰ ਭਿਅੰਕਰ ਸਦਮਾ ਹੋਵੇਗਾ। ਅਮਰੀਕੀ ਸਾਮਰਾਜ ਜਿਸਨੇ ਆਪਣੇ ਖੂਨੀ ਪੰਜੇ ਫ਼ਲਸਤੀਨ ਚੋਂ ਹਟਾਉਣ ਦੀ ਬਜਾਇ ਉਲਟਾ ਯਮਨ ਉੱਤੇ ਘਾਤਕ ਹਮਲੇ ਵਿੱਢ ਦਿੱਤੇ ਹਨ। ਇਹਨਾਂ ਹਮਲਿਆਂ ਕਰਕੇ ਜੇ ਇਸ ਜੰਗ ਵਿੱਚ ਹੋਰ ਦੇਸ਼ ਕੁੱਦਦੇ ਹਨ ਤਾਂ ਇਸਦੇ ਨਤੀਜੇ ਲੋਕਾਈ ਲਈ ਵੱਡੀ ਮਾਰ ਵਾਲੇ ਸਾਬਤ ਹੋਣਗੇ। ਯਮਨ ਜੇ ਇਸ ਜੰਗ ਵਿੱਚ ਉਤਰਦਾ ਹੈ ਤਾਂ ਮੱਧ-ਪੂਰਬ ਵਿੱਚ ਤਣਾਅ ਵੱਧ ਜਾਵੇਗਾ ਤੇ ਇਜ਼ਰਾਇਲੀ ਜੰਗ ਦਾ ਘੇਰਾ ਹੋਰ ਵਧੇਗਾ। ਇਰਾਨ, ਸਾਊਦੀ ਅਰਬ ਅਤੇ ਹੋਰ ਅਰਬ ਦੇਸ਼ਾਂ ਦੀ ਸਥਿਤੀ ਕਸੂਤੀ ਬਣਦੀ ਜਾ ਰਹੀ ਹੈ। ਇਸ ਨਾਲ ਤੇਲ ਦੀ ਕੀਮਤਾਂ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਵੇਗੀ। ਲਾਲ ਸਾਗਰ ਦੀ ਵਪਾਰਕ ਮਹੱਤਤਾ ਕਰਕੇ ਸੰਸਾਰ ਵਿੱਚ ਮਹਿੰਗਾਈ ਹੋਰ ਵਧੇਗੀ। ਲਾਲ ਸਾਗਰ ਜਿਸ ਰਾਹੀਂ ਇੱਕ ਟ੍ਰਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ ਉਹ ਲਾਂਘਾ ਲਗਭਗ ਰੁੱਕ ਗਿਆ ਹੈ। ਅਸਥਿਰਤਾ ਵਧਣ ਨਾਲ ਦੁਨੀਆ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰੇਗੀ। ਇਸ ਲਈ ਅਮਰੀਕੀ ਸਾਮਰਾਜੀ ਹਮਲਿਆਂ ਦਾ ਵਿਰੋਧ ਜ਼ਰੂਰੀ ਹੈ।


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...