ਬੀਤੇ ਦਿਨੀਂ ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਤਿੰਨ ਜਹਾਜ਼ ਭਰਕੇ ਅਮਰੀਕਾ ਤੋਂ ਭਾਰਤ ਭੇਜੇ ਗਏ। ਸਿਤਮਜ਼ਰੀਫ਼ੀ ਦਾ ਇੱਕ ਪਹਿਲੂ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੇ ਅਮਰੀਕੀ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੀ ਬਜਾਏ ਪ੍ਰਵਾਸੀਆਂ ਦੇ ਦੇਸ਼-ਨਿਕਾਲੇ ਦੇ ਮੁੱਦੇ ਨੂੰ ਕੇਂਦਰ ’ਚ ਰੱਖਦਿਆਂ ਜਿੱਤ ਪ੍ਰਾਪਤ ਕੀਤੀ। ਅਮਰੀਕੀ ਵਿਦੇਸ਼ ਨੀਤੀ ਦੀ ਤਰਜ਼ ਤੇ ਕੈਨੇਡਾ ਅਤੇ ਇੰਗਲੈਂਡ ਵੀ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀਆਂ ਨੀਤੀਆਂ ਅਪਣਾਅ ਰਹੇ ਹਨ। ਭਾਵੇਂ ਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਵਿਦੇਸ਼ਾਂ ’ਚੋਂ ਕੱਢਣ ਦਾ ਵਰਤਾਰਾ ਕੋਈ ਨਵਾਂ ਨਹੀਂ ਹੈ, ਪਰੰਤੂ ਜਿੰਨੀ ਬੇਹੁਰਮਤੀ ਨਾਲ ਪ੍ਰਵਾਸੀਆਂ ਨੂੰ ਜਾਨਵਰਾਂ ਵਾਂਗ ਸੰਗਲਾਂ ’ਚ ਬੰਨ੍ਹਕੇ ਜੰਗੀ ਫੌਜੀ ਜਹਾਜ਼ਾਂ ’ਚ ਲੱਦ ਕੇ ਵਾਪਸ ਭੇਜਿਆ ਜਾ ਰਿਹਾ ਹੈ ਇਹ ਮਨੁੱਖੀ ਸੱਭਿਅਤਾ ਦੇ ਅਜੋਕੇ ਪੜਾਅ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਵਰਤਾਰਾ ਹੈ। ਦੇਸ਼ ਨਿਕਾਲੇ ਦੀ ਇਸ ਮੁਹਿੰਮ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਵੱਡੀ ਪ੍ਰਾਪਤੀ ਵਜੋਂ ਦਰਸਾਉਂਦਿਆਂ ਇਸਦਾ ਦੁਨੀਆ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਟਰੰਪ ਆਪਣੇ ਟੀਚੇ ਦੇ ਨੇੜੇ ਪਹੁੰਚਣ ਲਈ ਕੋਸਟਾ ਰੀਕਾ, ਗੁਆਟੇਮਾਲਾ ਤੇ ਪਨਾਮਾ ਦੇਸ਼ਾਂ ਦੀ ਸਹਿਮਤੀ ਨਾਲ ਉਨ੍ਹਾਂ ਦੇਸ਼ਾਂ ਵਿੱਚ ਵੀ ਪ੍ਰਵਾਸੀਆਂ ਦੇ ਜਹਾਜ਼ ਭਰਕੇ ਭੇਜ ਰਿਹਾ ਹੈ, ਜਿੱਥੇ ਉਹਨਾਂ ਨੂੰ ਜੇਲ੍ਹਾਂ ਤੇ ਨਿੱਜੀ ਹੋਟਲਾਂ ਵਿੱਚ ਨਜ਼ਰਬੰਦ ਕਰਕੇ ਰੱਖਿਆ ਜਾ ਰਿਹਾ ਹੈ। ਟਰੰਪ ਵੱਲੋਂ ਪ੍ਰਵਾਸੀਆਂ ਨੂੰ “ਅਪਰਾਧੀ” ਕਹਿਣਾ ਤੇ ਅਲ-ਸਲਵਾਡੋਰ ਵਰਗੀਆਂ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੇਲ੍ਹਾਂ ਵਿੱਚ ਭੇਜਣ ਦੀਆਂ ਵਿਉਂਤਾਂ ਪ੍ਰਵਾਸੀਆਂ ਦੀਆਂ ਜਿੰਦਗੀਆਂ ਤੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਹਨ। ਇਸ ਵਕਤ ਅਮਰੀਕਾ ਵਿੱਚ ਖੜੀ ਕੀਤੀ ਗਈ ਰਾਸ਼ਟਰੀ ਸੰਕਟ ਦੀ ਸਥਿਤੀ ਵਿੱਚ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲੇ ਮੈਕਸੀਕਨ ਲੋਕ ਹਨ, ਪਰੰਤੂ ਘੱਟ ਗਿਣਤੀ ਦੇ ਬਾਵਜੂਦ ਪੰਜਾਬੀਆਂ ਨੂੰ ਵੀ ਇਸ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।ਇਧਰ ਪੰਜਾਬ ਤੇ ਕੇਂਦਰ ਸਰਕਾਰ ਆਪਸੀ ਦੂਸ਼ਣਬਾਜ਼ੀ ਵਿੱਚ ਗ਼ਲਤਾਨ ਹੋ ਕੇ ਦੇਸ਼-ਨਿਕਾਲੇ ਦਾ ਸ਼ਿਕਾਰ ਪ੍ਰਵਾਸੀਆਂ ਉੱਪਰ ਸਿਆਸਤ ਕਰ ਰਹੀਆਂ ਹਨ। ਸੂਬਾਈ ਸਰਕਾਰ, ਕੇਂਦਰ ਸਰਕਾਰ ਉੱਤੇ ਦੋਸ਼ ਲਗਾ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਪ੍ਰਵਾਸੀਆਂ ਨਾਲ ਭਰੇ ਜਹਾਜ਼ ਪੰਜਾਬ ਵਿੱਚ ਕਿਉਂ ਉਤਾਰੇ ਜਾ ਰਹੇ ਹਨ? ਅਣ-ਮਨੁੱਖੀ ਤੇ ਬਦਸਲੂਕੀ ਵਾਲੇ ਤਰੀਕੇ ਨਾਲ ਬੇੜੀਆਂ ਵਿੱਚ ਜਕੜ ਕੇ ਭੇਜੇ ਭਾਰਤੀਆਂ ਉੱਪਰ ਵਿਦੇਸ਼ ਮੰਤਰੀ ਜੈਸ਼ੰਕਰ ਦਾ ਕਹਿਣਾ ਹੈ ਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਲਈ ਇਹ ਤਰੀਕਾ ਕੋਈ ਨਵਾਂ ਨਹੀਂ। ਜੈਸ਼ੰਕਰ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਿੱਤਰ ਡੋਨਾਲਡ ਟਰੰਪ ਨਾਲ ਇਸ ਬਾਬਤ ਗੱਲਬਾਤ ਕਰਨਗੇ। ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਅਮਰੀਕੀ ਫੌਜ਼ ਦਾ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉੱਤਰਿਆ। ਮੋਦੀ ਤੇ ਟਰੰਪ ਦੀ ਮਿਲਣੀ ਦੌਰਾਨ ਦੂਜਾ ਅਮਰੀਕੀ ਹਵਾਈ ਸੈਨਾ ਜਹਾਜ਼ 116 ਭਾਰਤੀਆਂ ਸਣੇ ਪੰਜਾਬ ਪਹੁੰਚਿਆ ਤੇ ਮੋਦੀ ਦੇ ਅਮਰੀਕਾ ਤੋਂ ਭਾਰਤ ਪਰਤਣ ਤੇ ਟਰੰਪ ਵੱਲੋਂ ਅਮਰੀਕੀ ਹਵਾਈ ਸੈਨਾ ਦਾ ਤੀਜਾ ਜਹਾਜ਼ 112 ਭਾਰਤੀਆਂ ਨੂੰ ਬੇੜੀਆਂ ਨਾਲ ਜਕੜ ਕੇ ਅੰਮ੍ਰਿਤਸਰ ਉਤਰਦਾ ਹੈ। ਪ੍ਰਵਾਸੀਆਂ ਪ੍ਰਤੀ ਵਿਤਕਰੇ ਤੇ ਧੱਕੇ ਦੀ ਇਸ ਅਮਰੀਕੀ ਨੀਤੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਕਾਮਾਗਾਟਾਮਾਰੂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਬੇਰੁਜ਼ਗਾਰੀ, ਨਸ਼ਾ ਤੇ ਖੇਤੀਬਾੜੀ ਸੰਕਟ ਵਾਂਗ ਪ੍ਰਵਾਸ ਵੀ ਪੰਜਾਬ ਦੇ ਸੰਕਟਾਂ ਦਾ ਇੱਕ ਚਰਚਿਤ ਰੁਝਾਨ ਬਣ ਗਿਆ ਹੈ। ਇਸ ਵੇਲੇ ਸੂਬਾਈ ਤੇ ਕੇਂਦਰੀ ਹਾਕਮਾਂ ਨੂੰ ਆਪਸੀ ਸਿਆਸੀ ਬਿਆਨਬਾਜ਼ੀਆਂ ਤੇ ਦੂਸ਼ਣਾਂ ਦੀ ਬਜਾਏ ਪ੍ਰਵਾਸ ਦੇ ਕਾਰਨਾਂ ਨੂੰ ਸਮਝਦਿਆਂ ਇਸਦੇ ਠੋਸ ਹੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।ਇੱਕ ਸਦੀ ਪਹਿਲਾਂ ਪੰਜਾਬ ਵਿੱਚੋਂ ਪ੍ਰਵਾਸ ਦਾ ਆਮ ਰੁਝਾਨ ਨਹੀਂ ਸੀ ਤੇ ਪੰਜਾਬੀਆਂ ਦਾ ਆਪਣੀ ਮਿੱਟੀ ਨਾਲ ਮੋਹ ਮਾਂ ਵਰਗਾ ਸੀ। ਵਿਰਲੇ-ਟਾਵੇਂ ਪ੍ਰਵਾਸ ਨੇ ਪੰਜਾਬ ਨੂੰ ਇਸ ਕਦਰ ਮਾਯੂਸ ਨਹੀਂ ਸੀ ਕੀਤਾ। ਪਰੰਤੂ ਹਰੇ ਇਨਕਲਾਬ ਤੋਂ ਤੁਰਤ ਬਾਅਦ ਪੰਜਾਬ ਦੀ ਖੇਤੀਬਾੜੀ ਵਿੱਚ ਹੋਏ ਤਿੱਖੇ ਸੁਧਾਰਾਂ ਨੇ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਤੇਜ਼ੀ ਨਾਲ ਬਦਲ ਦਿੱਤਾ। ਖੇਤੀਬਾੜੀ ਦੇ ਮਸ਼ੀਨੀਕਰਨ, ਸੁਧਰੇ ਹੋਏ ਬੀਜਾਂ ਤੇ ਰਸਾਇਣਕ ਖਾਦਾਂ ਸਦਕਾ ਖੇਤੀ ਦੇ ਉਤਪਾਦਨ ਵਿੱਚ ਅਥਾਹ ਵਾਧਾ ਤਾਂ ਹੋਇਆ, ਪਰੰਤੂ ਇਸ ਪੂੰਜੀਵਾਦੀ ਮਾਡਲ ਨੇ ਕਿਸਾਨੀ ਦੇ ਵੱਡੇ ਹਿੱਸੇ ਨੂੰ ਖੇਤੀਬਾੜੀ ਵਿੱਚੋਂ ਬਾਹਰ ਧਕੇਲ ਦਿੱਤਾ। ਖੇਤੀ ਦੇ ਮਸ਼ੀਨੀਕਰਨ ਨੇ ਕਰਜ਼ੇ, ਖੁਦਕੁਸ਼ੀਆਂ ਤੇ ਜਾਨਲੇਵਾ ਬਿਮਾਰੀਆਂ ਦੇ ਨਾਲ-ਨਾਲ ਦਿਹਾਤੀ ਖੇਤਰਾਂ ਵਿੱਚ ਕਿਰਤ ਸ਼ਕਤੀ ਦੇ ਵੱਡੇ ਹਿੱਸੇ ਨੂੰ ਰੁਜ਼ਗਾਰ ਵਿਹੂਣੇ ਕਰ ਦਿੱਤਾ। ਇਹੀ ਵਾਧੂ ਕਿਰਤ ਸ਼ਕਤੀ ਸ਼ਹਿਰਾਂ, ਅਰਬ ਮੁਲਕਾਂ ਤੇ ਵਿਕਸਿਤ ਮੁਲਕਾਂ ਵਿੱਚ ਸਸਤੀ ਕਿਰਤ ਸ਼ਕਤੀ ਵਜੋਂ ਸਮਾਅ ਜਾਣ ਲਈ ਮੰਡੀ ਭਾਲਣ ਲੱਗੀ। ਵਿਸ਼ਵੀਕਰਨ ਦੀਆਂ ਨੀਤੀਆਂ ਨੇ ਸੰਸਾਰ ਮੰਡੀ ਦਾ ਪਣਾ ਹੋਰ ਵੱਡਾ ਕਰ ਦਿੱਤਾ। ਪਿੰਡਾਂ ਦੇ ਨੌਜਵਾਨ ਘਾਟੇਵੰਦੀ ਖੇਤੀ ਦਾ ਪੱਲੜਾ ਛੱਡਕੇ ਸਰਕਾਰੀ ਨੌਕਰੀਆਂ ਲਈ ਉੱਚ ਵਿੱਦਿਆ ਹਾਸਲ ਕਰਨ ਲੱਗੇ। ਨੌਜਵਾਨਾਂ ਨੇ ਪਿੰਡ ਛੱਡ ਸ਼ਹਿਰਾਂ ਵਿੱਚ ਡੇਰੇ ਲਾ ਲਏ। ਸ਼ਹਿਰੀ ਮਾਨਸਿਕਤਾ ਦਾ ਪੇਂਡੂ ਮਾਨਸਿਕਤਾ ਨਾਲੋਂ ਲਗਾਅ ਕੇ ਰਿਸ਼ਤਾ ਟੁੱਟਣ ਲੱਗਾ, ਜਿਸ ਨਾਲ ਸਮਾਜਿਕ ਸਬੰਧਾਂ ਤੇ ਸੱਭਿਆਚਾਰ ਦਾ ਬਜ਼ਾਰੀਕਰਨ ਹੋਣ ਲੱਗਾ। ਪੂੰਜੀ ਦੀ ਦੌੜ ’ਚ ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਮਹਾਂਨਗਰਾਂ ਰਾਹੀਂ ਹੁੰਦੀ ਹੋਈ ਕਿਰਤ ਸ਼ਕਤੀ ਜਲਦ ਹੀ ਸੱਤ ਸੰਮੁਦਰੋਂ ਪਾਰ ਉਡਾਰੀ ਮਾਰਨ ਲੱਗੀ। ਉਧਰ ਵਿਕਸਤ ਮੁਲਕਾਂ ਨੇ ਆਪਣੇ ਉੱਚ ਤਕਨੀਕੀ ਪੱਧਰ ਲਈ ਰਵਾਇਤੀ ਤੇ ਗੈਰ-ਹੁਨਰਮੰਦ ਕਾਮਿਆਂ ਦੀ ਥਾਂ ਹੁਨਰਮੰਦ ਤੇ ਪੜ੍ਹੇ-ਲਿਖੇ ਕਾਮਿਆਂ ਦੀ ਦਰਾਮਦੀ ਲਈ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਖਿਆ ਨੀਤੀ ਨਾਲ ਜੋੜ ਦਿੱਤਾ। ਇਸਨੇ ਪੰਜਾਬ ਵਰਗੇ ਸੂਬਿਆਂ ਅੰਦਰ ਸਿੱਖਿਆ ਦੇ ਮਾਅਨੇ ਹੀ ਬਦਲ ਦਿੱਤੇ। ਸਿੱਖਿਆ ਨੀਤੀ, ਵਪਾਰਕ ਤੇ ਵੀਜ਼ਾ ਨੀਅਤੀ ਬਣ ਗਈ। ਪੱਛਮੀ ਮੁਲਕਾਂ ਨੇ ਸਸਤੇ ਤੇ ਹੁਨਰਮੰਦ ਕਾਮਿਆਂ ਦੀ ਲੋੜ ਲਈ ਸਿੱਖਿਆ ਨੂੰ ਵਪਾਰ ਬਣਾ ਕੇ ਲੱਖਾ ਨੌਜਵਾਨਾਂ ਨੂੰ ਆਪਣੀ ਮੰਡੀ ’ਚ ਰੁਜ਼ਗਾਰ ਲਈ ਆਕਰਸ਼ਿਤ ਕੀਤਾ। ਪੰਜਾਬ ਅੰਦਰ ਖੂੰਬਾਂ ਵਾਂਗ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਖੁੱਲ੍ਹੇ। ਇੱਕ ਰਿਪੋਰਟ ਮੁਤਾਬਕ ਲਗਭਗ 11000 ਆਈਲੈਟਸ ਸੈਂਟਰ ਸਿਰਫ਼ ਪੰਜਾਬ ਵਿੱਚ ਹਨ। ਇਹ ਸੈਂਟਰ ਅੰਗਰੇਜ਼ੀ ਭਾਸ਼ਾ ਤੇ ਗਿਆਨ ਪ੍ਰਾਪਤੀ ਲਈ ਨਹੀਂ ਖੁੱਲ੍ਹੇ ਸਗੋਂ ਵਿਦੇਸ਼ੀ ਮੰਡੀ ਵਿੱਚ ਹੁਨਰਮੰਦ ਕਾਮਿਆਂ ਦੇ ਨਿਰਯਾਤ ਲਈ ਸਨ। ਇਸਨੇ ਪੰਜਾਬ ਦੀ ਪੂੰਜੀ, ਸਸਤੀ ਕਿਰਤ ਸ਼ਕਤੀ ਤੇ ਬੌਧਿਕ ਹੂੰਝੇ ਲਈ ਜ਼ਮੀਨ ਤਿਆਰ ਕੀਤੀ। ਇਸ ਵਰਤਾਰੇ ਨੇ ਪ੍ਰਵਾਸ ਸੰਕਟ ਨੂੰ ਹੋਰ ਵੱਧ ਜਰਬਾਂ ਦੇ ਦਿੱਤੀਆਂ। ਹਰੇ ਇਨਕਲਾਬ ਦੀਆਂ ਬਰਕਤਾਂ ਦੀ ਬਦੌਲਤ ਖੇਤੀਬਾੜੀ ਵਿੱਚੋਂ ਬਾਹਰ ਹੋਈ ਵਾਧੂ ਵਸੋਂ ਨੇ ਚੰਗੇ ਭਵਿੱਖ ਤੇ ਰੁਜ਼ਗਾਰ ਦੀ ਤਲਾਸ਼ ਵਿੱਚ ਉਹਨਾਂ ਮੁਲਕਾਂ ਵੱਲ ਰੁਖ ਕੀਤਾ, ਜਿੱਥੇ ਪੰਜਾਬ ਦੇ ਮੁਕਾਬਲੇ ਉਜ਼ਰਤੀ ਮੁੱਲ ਵੱਧ ਤੇ ਬਿਹਤਰ ਜੀਵਨ ਪੱਧਰ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁਤਾਬਕ ਖੇਤੀਬਾੜੀ ਵਿੱਚੋਂ ਬਾਹਰ ਹੋਈ ਪੰਜਾਬੀ ਵਸੋਂ ਦੇ 42% ਹਿੱਸੇ ਨੇ ਕੈਨੇਡਾ, 16% ਦੁਬਈ ਤੇ 10% ਆਸਟ੍ਰੇਲੀਆ ਵਿੱਚ ਪ੍ਰਵਾਸ ਕੀਤਾ।ਹਰੇ ਇਨਕਲਾਬ ਦੇ ਮਾਰੂ ਪ੍ਰਭਾਵ ਤੋਂ ਇਲਾਵਾ ਪੰਜਾਬ ਦੀ ਜਵਾਨੀ ਨੂੰ ਹਥਿਆਰਬੰਦ ਜੁਝਾਰੂ ਨਕਸਲ਼ਬਾੜੀ ਲਹਿਰ ਤੇ ਖਾੜਕੂ ਲਹਿਰ ਦੌਰਾਨ ਸਰਕਾਰੀ ਦਹਿਸ਼ਤ ਦਾ ਸਾਹਮਣਾ ਵੀ ਕਰਨਾ ਪਿਆ। ਘੱਟ ਗਿਣਤੀਆਂ ਵਿਰੁੱਧ ਰਾਜਕੀ ਧੱਕੇਸ਼ਾਹੀ ਨੇ ਪਰਵਾਸ ਦੇ ਵੇਗ ਨੂੰ ਹੋਰ ਵੱਧ ਹੁਲਾਰਾ ਦਿੱਤਾ। ਮਾੜੇ ਵੇਲਿਆਂ ਵੇਲੇ ਪੰਜਾਬੀਆਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਬਾਹਰਲੇ ਮੁਲਕਾਂ ਵਿੱਚ ਪਨਾਹ ਦਿਵਾਉਣ ਲਈ ਹਰ ਹੀਲੇ ਵਰਤੇ। ਡਰ, ਸਹਿਮ ਤੇ ਸਰਕਾਰੀ ਜਬਰ ਤੋਂ ਬਚਣ ਲਈ ਯੂਕੇ, ਅਮਰੀਕਾ ਤੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪ੍ਰਵਾਸ ਕੀਤਾ। ਉਸ ਸਮੇਂ ਜਿਆਦਾਤਰ ਲੋਕਾਂ ਨੇ ਆਪਣੇ ਮੁਲਕ ਵਿੱਚ ਖਤਰੇ ਬਹਾਨੇ ਵਿਦੇਸ਼ਾਂ ਵਿੱਚ ਸਿਆਸੀ ਸ਼ਰਨ ਲਈ। ਪੰਜਾਬ ਦੇ ਇਹਨਾਂ ਸ਼ਰਨਾਰਥੀਆਂ ਦਾ ਕੁਝ ਹਿੱਸਾ ਵਿਦੇਸ਼ੀ ਤਾਕਤਾਂ ਲਈ ਕੂਟਨੀਤਿਕ ਹਥਿਆਰ ਤੇ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਲਈ ਸਿਆਸੀ ਲਾਹੇ ਤੇ ਪਾਰਟੀ ਫੰਡ ਦਾ ਸਾਧਨ ਵੀ ਬਣਿਆ। ਪੰਜਾਬ ਦੇ ਇੱਕ ਸਿਆਸੀ ਲੀਡਰ ਦੇ ਇਕਬਾਲੀਆ ਬਿਆਨ ਮੁਤਾਬਕ ਉਸਦੀ ਪਾਰਟੀ ਨੇ ਤਕਰੀਬਨ 50,000 ਪੱਤਰ ਬਾਹਰਲੇ ਮੁਲਕਾਂ ਵਿੱਚ ਪਨਾਹ ਲੈਣ ਵਾਲਿਆਂ ਨੂੰ ਮੁਹੱਇਆ ਕਰਵਾਏ (ਵੇਚੇ) ਹਨ।ਦੂਸਰਾ, 90ਵਿਆਂ ਦੇ ਦੌਰ ਅੰਦਰ ਭਾਰਤ ਵਿੱਚ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀਆਂ ਦੀ ਆਮਦ ਨਾਲ ਭਾਰਤ ਦੇ ਜਨਤਕ ਖੇਤਰ ਦਾ ਭੋਗ ਪੈਣਾ ਸ਼ੁਰੂ ਹੋ ਗਿਆ। ਇਸ ਨਾਲ ਪੜ੍ਹੇ-ਲਿਖੇ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਦੇ ਸੁਪਨੇ ਖੁਰਨ ਲੱਗੇ ਤੇ ਲੋਕਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਰਹਿਮੋ-ਕਰਮ ਤੇ ਛੱਡ ਦਿੱਤਾ ਗਿਆ। ਸਰਕਾਰੀ ਨੌਕਰੀਆਂ ਜਾਂ ਰੁਜ਼ਗਾਰ ਦੀ ਗਰੰਟੀ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਦਰ ਵਧਣ ਲੱਗੀ ਤੇ ਲੋਕਾਂ ਨੇ ਆਪਣੇ ਵਸੀਲੇ ਵੇਚਕੇ ਬਾਹਰਲੇ ਮੁਲਕਾਂ ਨੂੰ ਜਾਣ ਦਾ ਫੈਸਲਾ ਕੀਤਾ।ਨੌਜਵਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਰੁਖ਼ਸਤ ਕਰਨ ’ਚ ਪੰਜਾਬ ਦੀਆਂ ਸੂਬਾ ਸਰਕਾਰਾਂ ਦੀ ਵੀ ਵੱਡੀ ਭੂਮਿਕਾ ਹੈ। ਪੰਜਾਬ ਦੀਆਂ ਵੱਖ-ਵੱਖ ਕਿਸਮ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ, ਬੇਰੁਜ਼ਗਾਰੀ, ਮਹਿੰਗਾਈ, ਗੈਂਗਸਟਰਵਾਦ, ਭ੍ਰਿਸ਼ਟਾਚਾਰ, ਸਮਾਜਿਕ ਅਸੁਰੱਖਿਆ ਤੇ ਕਰਜ਼ਿਆਂ ਵੱਲ ਧੱਕਿਆ। ਲੋਕ ਆਪਣੇ ਬੱਚਿਆਂ ਨੂੰ ਕੈਮੀਕਲ ਨਸ਼ਿਆਂ ਤੇ ਗੈਂਗਵਾਦ ਦੀ ਮਾਰ ਤੋਂ ਬਚਾਉਣ ਲਈ ਕਿਸੇ ਵੀ ਹਾਲ ਵਿੱਚ ਵਿਦੇਸ਼ਾਂ ਨੂੰ ਭੇਜਣ ਲਈ ਮਜਬੂਰ ਹੋ ਗਏ। ਦੇਸ਼ ਵਿਚਲੇ ਅਸੁਰੱਖਿਅਤ ਭਵਿੱਖ ਤੋਂ ਇਲਾਵਾ ਵਿਦੇਸ਼ਾਂ ਵਿਚਲੀ ਵਿਅਕਤੀਗਤ ਅਜ਼ਾਦੀ, ਖਪਤਵਾਦੀ ਪੱਛਮੀ ਸੱਭਿਆਚਾਰ ਅਤੇ ਮੰਡੀ ਦੀ ਚਕਾਚੌਂਧ ਨੇ ਵੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਹੈ। ਇਸਤੋਂ ਬਿਨਾਂ ਵਿਦੇਸ਼ਾਂ ਵਿੱਚ ਮਜ਼ਬੂਤ ਬੁਨਿਆਦੀ ਢਾਚੇ, ਮੁਕਾਬਲਤਨ ਬਿਹਤਰ ਸਿਹਤ ਤੇ ਸਿੱਖਿਆ ਸੇਵਾਵਾਂ, ਸਾਫ ਵਾਤਾਵਰਣ, ਪੰਜਾਬ ਮੁਕਾਬਲੇ ਉੱਚ ਉਜ਼ਰਤਾਂ, ਰੁਜ਼ਗਾਰ ਦੇ ਮੌਕੇ ਤੇ ਸਮਾਜਿਕ ਸੁਰੱਖਿਆ ਤੇ ਲਾਭਾਂ ਨੇ ਵੀ ਤੀਜੀ ਦੁਨੀਆਂ ਦੇ ਵਾਸੀਆਂ ਨੂੰ ਅਵਾਸ ਲਈ ਆਕ੍ਰਸ਼ਿਤ ਕੀਤਾ।ਪਰੰਤੂ ਹੁਣ ਧੀਮੀ ਹੋ ਰਹੀ ਗਲੋਬਲ ਆਰਥਿਕਤਾ ਦੇ ਮੱਦੇਨਜ਼ਰ ਗੈਰ-ਹੁਨਰਮੰਦ ਕਾਮਿਆਂ ਦੀ ਮੰਗ ਘਟਣ ਕਾਰਨ ਪੱਛਮੀ ਮੁਲਕ ਧੜਾਧੜ ਆਪਣੀਆਂ ਅਵਾਸ ਤੇ ਸਿੱਖਿਆ ਨੀਤੀਆਂ ਬਦਲ ਰਹੇ ਹਨ। ਇਸਤੋਂ ਇਲਾਵਾ ਵਿਕਸਿਤ ਮੁਲਕਾਂ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ਦੀ ਕੀਤੀ ਲੁੱਟ-ਖਸੁੱਟ ਵਿੱਚੋਂ ਹੋਏ ਅਣਸਾਵੇਂ ਵਿਕਾਸ ਤੇ ਉਜਾੜੇ ਕਾਰਨ ਮਾਲਟਾ ਕਾਂਡ ਤੇ ਕਾਮਾਗਾਟਾਮਾਰੂ ਜਿਹੀਆਂ ਦਰਦਨਾਕ ਤੇ ਸ਼ਰਮਨਾਕ ਘਟਨਾਵਾਂ ਵੱਖਰੇ ਰੂਪ ’ਚ ਮੁੜ ਵਾਪਰਦੀਆਂ ਨਜ਼ਰ ਆ ਰਹੀਆਂ ਹਨ। ਜ਼ਿੰਦਗੀ ਦੀ ਜਮ੍ਹਾ ਪੂੰਜੀ ਖ਼ਰਚਕੇ ਗਰੀਬੀ ਤੇ ਬੇਰੁਜ਼ਗਾਰੀ ਦੀਆਂ ਜ਼ੰਜੀਰਾਂ ਤੋੜਨ ਲਈ ਵਤਨੋ ਬੇਵਤਨ ਹੋਏ ਨੌਜਵਾਨ ਮੁੜ ਬੇੜੀਆਂ ’ਚ ਜਕੜੇ ਵਤਨ ਪਰਤ ਰਹੇ ਹਨ। ਦੇਸ਼ ਦੀਆਂ ਸਰਕਾਰਾਂ ਨੂੰ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦੇ ਸਵੈਮਾਣ ਨੂੰ ਇਸ ਤਰ੍ਹਾਂ ਮਿੱਟੀ ’ਚ ਰੋਲ੍ਹਣ ਦਾ ਹੱਕ ਨਹੀਂ ਦੇਣਾ ਚਾਹੀਦਾ। ਇਸਤੋਂ ਵੀ ਵਧਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਧਰਤੀ ਤੇ ਸੁਰੱਖਿਅਤ ਭਵਿੱਖ, ਰੁਜ਼ਗਾਰ ਤੇ ਬੁਨਿਆਦੀ ਸਹੂਲਤਾਂ ਦੇਣ ਦਾ ਬੰਦੋਬਸਤ ਕਰੇ। ਇਸ ਨਾਜ਼ੁਕ ਮੌਕੇ ਤੇ ਦੇਸ਼-ਨਿਕਾਲੇ ਦੇ ਸ਼ਿਕਾਰ ਪ੍ਰਵਾਸੀਆਂ ਪ੍ਰਤੀ ਸਮਾਜਿਕ ਅਲਹਿਦਗੀ ਤੇ ਤ੍ਰਿਸਕਾਰ ਨਾਲੋਂ ਵੱਧ ਇਸਨੂੰ ਪੰਜਾਬ ਦੇ ਸਮੁੱਚੇ ਸੰਕਟ ਦੇ ਅੰਗ ਵਜ਼ੋਂ ਵਿਚਾਰਨਾ ਬੇਹੱਦ ਮਹੱਤਵਪੂਰਨ ਹੈ।- ਖੁਸ਼ਪਾਲ (+1 514-576-4373)- ਮਨਦੀਪ (+1 438-924-2052)
Search This Blog
Saturday, March 1, 2025
ਪੰਜਾਬ ਦੇ ਨੌਜਵਾਨ ਪ੍ਰਵਾਸੀਆਂ ਦਾ ਸੰਤਾਪ
Subscribe to:
Post Comments (Atom)
ਮਈ ਦਿਵਸ ਦੀ ਇਤਿਹਾਸਕ ਮਹੱਤਤਾ
ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...

No comments:
Post a Comment