ਦੁਨੀਆਂ ਦੀ ਸਭ ਤੋਂ ਵੱਡੀ ਤੇ ਮਕਬੂਲ ਖੇਡ ਫੁੱਟਬਾਲ ਦਾ 21ਵਾਂ ਮਹਾਂ-ਮੁਕਾਬਲਾ 'ਫੀਫਾ ਵਿਸ਼ਵ ਕੱਪ 2018' ਮੇਜਬਾਨ ਰੂਸ ਵਿਚ ਪੂਰੀ ਧੂਮਧਾਮ ਨਾਲ ਸ਼ੁਰੂ ਹੋ ਚੁੱਕਾ ਹੈ। ਇਸਦਾ ਬਜਟ 678 ਅਰਬ ਰੂਬਲ ਹੈ। ਵਿਸ਼ਵ ਕੱਪ ਦੀ ਇਨਾਮੀ ਰਕਮ 400 ਮਿਲੀਅਨ ਅਮਰੀਕੀ ਡਾਲਰ ਹੈ ਤੇ ਇਕ ਅੰਦਾਜੇ ਮੁਤਾਬਕ ਦੁਨੀਆਂ ਭਰ 'ਚੋਂ ਸੱਤ ਲੱਖ ਦੇ ਕਰੀਬ ਲੋਕ ਇਹ ਮੈਚ ਦੇਖਣ ਲਈ ਰੂਸ ਦੀ ਧਰਤੀ ਵੱਲ ਉਡਾਣ ਭਰਨਗੇ। ਦੁਨੀਆਂ ਦੇ 210 ਦੇਸ਼ਾਂ ਦੀਆਂ ਫੁੱਟਬਾਲ ਟੀਮਾਂ ਨੇ 872 ਮੈਚਾਂ ਦੇ ਕੁਆਲੀਫਾਈ ਗੇੜ ਦੀ ਪਾਰੀ ਖੇਡ ਕੇ ਇਸ ਮਹਾਂ-ਮੁਕਾਬਲੇ 'ਚ ਦਾਖਲ ਹੋਣ ਲਈ ਜੋਰ ਅਜਮਾਈ ਕੀਤੀ, ਜਿਸ ਵਿੱਚੋਂ 32 ਟੀਮਾਂ ਨੇ ਵਿਸ਼ਵ ਕੱਪ ਖੇਡਣ ਲਈ ਕੁਆਲੀਫਾਈ ਕੀਤਾ। ਦੁਨੀਆਂ ਭਰ ਵਿਚ ਸ਼ੋਸ਼ਲ ਮੀਡੀਆ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਅਤੇ ਲੋਕਾਂ ਦੀ ਜੁਬਾਨ ਉਤੇ ਫੁੱਟਬਾਲ ਦੇ ਇਸ ਮਹਾਂ-ਮੁਕਾਬਲੇ ਦੇ ਖੂਬ ਚਰਚੇ ਹਨ। ਫੀਫਾ ਕਲੱਬ, ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਅਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੀ ਇਸ ਮਹਾਂ-ਮੁਕਬਲੇ ਦੀ ਲੋਕਪ੍ਰਿਅਤਾ ਵਧਾਉਣ ਲਈ ਯਤਨ ਕਰ ਰਹੀਆਂ ਹਨ।
ਇਸ ਮਹਾਂ-ਕੁੰਭ ਦੌਰਾਨ ਰਾਸ਼ਟਰੀ ਤੇ ਬਹੁ-ਰਾਸ਼ਟਰੀ ਕੰਪਨੀਆਂ ਸੰਸਾਰ ਮੰਡੀ 'ਚ ਆਪਣਾ ਮਾਲ ਵੇਚਣ ਲਈ ਫੀਫਾ ਕੱਪ ਦੇ ਲੋਗੋ ਅਤੇ ਇਸਦੇ ਸੁਪਰ-ਸਟਾਰ ਖਿਡਾਰੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰ ਰਹੀਆਂ ਹਨ। ਨਾਇਕੀ, ਐਡੀਡਾਸ, ਕੋਕਾਕੋਲਾ ਆਦਿ ਵਰਗੀਆਂ ਬਹੁਰਾਸ਼ਟਰੀ ਕੰਪਨੀਆਂ ਤੋਂ ਇਲਾਵਾ ਸੰਸਾਰ ਭਰ 'ਚ ਖਾਸ ਕਰ ਉੱਤਰੀ, ਦੱਖਣੀ ਤੇ ਕੇਂਦਰੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਅੰਦਰ ਜਿੱਥੇ ਫੁੱਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹਕੇ ਬੋਲਦਾ ਹੈ, ਦੀਆਂ ਸੈਂਕੜੇ ਰਾਸ਼ਟਰੀ ਕੰਪਨੀਆਂ ਵੀ ਫੀਫਾ ਕੱਪ ਦੇ ਲੋਗੋ ਤੇ ਖਿਡਾਰੀਆਂ ਦੀਆਂ ਤਸਵੀਰਾਂ ਦੀ ਵਰਤੋਂ ਰਾਹੀਂ ਆਪਣੇ ਮਾਲ ਦੀ ਇਸ਼ਤਿਹਾਰਬਾਜੀ ਤੇ ਵਿਕਰੀ ਕਰ ਰਹੀਆਂ ਹਨ। ਸਪੋਰਟਸ ਕੱਪੜੇ, ਬੂਟ, ਬੱਚਿਆਂ ਦੇ ਖਿਡਾਉਣੇ, ਫੀਫਾ ਕੱਪ ਦੇ ਸਟਿੱਕਰ, ਇਲੈਕਟ੍ਰਾਨਿਕ ਸਮਾਨ, ਸਜਾਵਟ ਤੇ ਔਰਤਾਂ ਦੇ ਹਾਰ-ਸ਼ਿੰਗਾਰ ਦਾ ਸਮਾਨ, ਕਾਪੀਆਂ ਦੀਆਂ ਜਿਲਦਾਂ, ਖਾਣ-ਪੀਣ ਦੀਆਂ ਵਸਤਾਂ ਆਦਿ ਬਾਜਾਰ ਦੀ ਲਗਭਗ ਹਰ ਸ਼ੈਅ ਉੱਤੇ ਫੀਫਾ ਕੱਪ ਤੇ ਫੀਫਾ ਟੀਮਾਂ ਦੇ ਖਿਡਾਰੀਆਂ ਦੇ ਚਿਹਰੇ ਵੇਖਣ ਨੂੰ ਮਿਲ ਰਹੇ ਹਨ। ਜਿੱਥੇ ਇਹ ਰਾਸ਼ਟਰੀ ਤੇ ਬਹੁ-ਰਾਸ਼ਟਰੀ ਕੰਪਨੀਆਂ ਆਪਣੇ ਮਾਲ ਲਈ ਫੀਫਾ ਕੱਪ ਦੇ ਲੋਗੋ ਤੇ ਖਿਡਾਰੀਆਂ ਨੂੰ ਇਸ਼ਤਿਹਾਰਬਾਜੀ ਲਈ ਵਰਤ ਕੇ ਸਿੱਧੇ-ਅਸਿੱਧੇ ਤੌਰ ਤੇ ਫੀਫਾ ਕਲੱਬ ਨੂੰ ਮੋਟੀ ਰਕਮ ਦਾ ਭੁਗਤਾਨ ਕਰ ਰਹੀਆਂ ਹਨ ਉੱਥੇ ਖੁਦ ਫੀਫਾ ਕਲੱਬ ਵੀ ਸਿੱਧੇ ਤੌਰ ਤੇ ਇਸ ਧੰਦੇ ਵਿਚ ਲੱਗੀ ਹੋਈ ਹੈ। ਉਸਨੇ ਆਪਣਾ ਇਕ ਆਨਲਾਈਨ ਸਟੋਰ ਵੀ ਖੋਲ੍ਹਿਆ ਹੋਇਆ ਹੈ ਜਿੱਥੇ ਉਹ ਸਪੋਰਟਸ ਬੂਟਾਂ ਤੋਂ ਲੈ ਕੇ ਬੱਚਿਆਂ ਦੇ ਖਿਡਾਉਣੇ ਤੱਕ ਵੇਚ ਰਹੀ ਹੈ। ਫੀਫਾ ਕਲੱਬ ਦੁਨੀਆਂ ਭਰ ਦੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਤੋਂ ਇਲਾਵਾ ਸ਼ੋਸ਼ਲ ਮੀਡੀਆ ਰਾਹੀਂ (ਯੂਟਿਊਬ, ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ ਆਦਿ) ਵੀ ਇਸਦਾ ਖੂਬ ਪ੍ਰਚਾਰ ਕਰ ਰਹੀ ਹੈ। ਆਪਣੇ ਪ੍ਰਚਾਰ ਸਾਧਨਾਂ ਤੇ ਇਸ਼ਤਿਹਾਰਬਾਜੀ ਰਾਹੀਂ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਵਿਸ਼ਵ ਫੁੱਟਬਾਲ ਕੱਪ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਮੰਨੋਰੰਜਨ ਦੇ ਨਾਂ ਹੇਠ ਖੇਡਾਂ ਦਾ ਵਪਾਰ ਕਰ ਰਹੀ ਫੀਫਾ ਕਲੱਬ ਤੇ ਉਸਦੀਆਂ ਭਾਈਵਾਲ ਰਾਸ਼ਟਰੀ-ਬਹੁਰਾਸ਼ਟਰੀ ਕੰਪਨੀਆਂ ਦੁਆਰਾ ਇਸ ਕਦਰ ਚੌਂਪਾਸੀ ਵਿਸ਼ਵ ਕੱਪ ਦਾ ਸ਼ੋਰਗੁੱਲ ਖੜਾ ਕੀਤਾ ਜਾ ਰਿਹਾ ਹੈ ਕਿ ਦੁਨੀਆਂ ਭਰ 'ਚ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀਆਂ ਸਰਕਾਰਾਂ ਖਿਲਾਫ, ਸੀਰੀਆ ਤੇ ਮੱਧ ਪੂਰਬ ਦੇ ਹੋਰ ਦੇਸ਼ਾਂ ਉਪਰ ਹੋ ਰਹੇ ਸਾਮਰਾਜੀ ਹਮਲਿਆਂ ਅਤੇ ਫਲਸਤੀਨੀ ਲੋਕਾਂ ਉੱਤੇ ਥੋਪੀ ਜਾ ਰਹੀ ਨਿਹੱਕੀ ਜੰਗ ਖਿਲਾਫ ਦੁਨੀਆਂ ਭਰ 'ਚ ਉੱਠ ਰਹੀ ਵਿਰੋਧ ਦੀ ਅਵਾਜ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੰਦੀ ਦੀ ਮਾਰ ਹੇਠ ਆਈਆਂ ਅਤੇ ਜੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਸਰਕਾਰਾਂ ਲਈ ਚਾਲੂ ਵਿਸ਼ਵ ਕੱਪ ਫੌਰੀ ਦਰਦ-ਨਿਵਾਰਕ ਦਵਾ ਦਾ ਕੰਮ ਕਰ ਰਿਹਾ ਹੈ। ਸਥਾਨਕ ਸਰਕਾਰਾਂ ਵੀ ਫੀਫਾ ਕੱਪ ਦਾ ਗੁਣਗਾਣ ਕਰਕੇ ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਦੇ ਮੁਨਾਫਿਆਂ 'ਚ ਇਜਾਫਾ ਕਰਨ ਦਾ ਵਾਹਕ ਬਣ ਰਹੀਆਂ ਹਨ। ਇਸ ਸਰਕਾਰੀ ਇਮਦਾਦ ਦੇ ਵਿਸ਼ੇਸ਼ ਸਿਆਸੀ ਮਾਇਨੇ ਹਨ। ਇਸਦੀ ਉੱਘੀ ਮਿਸਾਲ ਦੱਖਣੀ ਅਮਰੀਕੀ ਦੇਸ਼ਾਂ ਦੀ ਪੂਰੀ ਬੈਲਟ ਤੇ ਖਾਸਕਰ ਇਸ ਖਿੱਤੇ ਦੇ ਚਿੱਲੀ, ਬੋਲੀਵੀਆ, ਅਰਜਨਟੀਨਾ ਆਦਿ ਦੇਸ਼ ਹਨ। ਇਹ ਦੇਸ਼ ਮੌਜੂਦਾ ਦੌਰ ਅੰਦਰ ਵੱਡੀ ਤੇ ਇਤਿਹਾਸਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। (ਇਹ ਉਹੀ ਖਿੱਤਾ ਹੈ ਜਿੱਥੇ ਅਬਾਦੀ ਦਾ ਵੱਡਾ ਹਿੱਸਾ ਲੋਕ ਫੁੱਟਬਾਲ ਦੇ ਦੀਵਾਨੇ ਹਨ) ਉਦਾਹਰਣ ਵਜੋਂ ਬੀਤੇ ਮਈ ਮਹੀਨੇ ਵਿਚ ਅਰਜਨਟੀਨਾ ਦਾ ਸਲਾਨਾ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦਨ ਦੇ ਮੁਕਾਬਲੇ ਆਪਣੇ ਸਾਰੇ ਇਤਿਹਾਸਕ ਰਿਕਾਰਡ ਤੋੜਦਿਆਂ ਬੁਰੇ ਦੌਰ 'ਚ ਦਾਖਲ ਹੋ ਗਿਆ। ਅਰਜਨਟੀਨਾ ਦੀ ਸਥਾਨਕ ਕਰੰਸੀ ਤੀਹ ਦਿਨਾਂ 'ਚ ਡਾਲਰ ਦੇ ਮੁਕਾਬਲੇ 20% ਲੁੜ੍ਹਕ ਗਈ ਅਤੇ ਰਾਤੋ-ਰਾਤ ਮਹਿੰਗਾਈ ਅਸਮਾਨ ਛੂਹ ਗਈ। ਉਦਯੋਗਿਕ ਖੇਤਰਾਂ 'ਚੋਂ ਲੱਖਾਂ ਹੱਥ ਵਿਹਲੇ ਹੋ ਗਏ ਤੇ ਰਾਤੋ-ਰਾਤ ਅਨੇਕਾਂ ਕਾਰੋਬਾਰ ਠੱਪ ਹੋ ਗਏ। ਰੀਅਲ ਅਸਟੇਟ ਅਤੇ ਸ਼ੇਅਰ ਮਾਰਕਿਟ ਦਾ ਬਜਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਸਰਕਾਰ ਦੁਆਰਾ ਵਾਰ-ਵਾਰ ਆਈਐਮਐਫ ਤੋਂ ਮਦਦ ਦੀ ਅਪੀਲ ਕਰਨ ਦੇ ਇਕ ਮਹੀਨੇ ਬਾਅਦ ਆਈਐਮਐਫ ਨੇ ਅਰਜਨਟੀਨਾ ਸਰਕਾਰ ਨੂੰ ਪਹਿਲਾਂ ਹੀ ਅੱਠ ਵਾਰ ਡਿਫਾਲਟਰ ਹੋਣ ਦੀ ਫਿਟਕਾਰ ਪਾਉਂਦਿਆਂ ਅਰਜਨਟੀਨਾਂ ਦੀਆਂ ਆਰਥਿਕ ਨੀਤੀਆਂ 'ਚ ਆਪਣੀ ਸਿੱਧੀ ਦਖਲਅੰਦਾਜੀ ਦੀਆਂ ਸ਼ਰਤਾਂ ਤਹਿਤ ਆਰਥਿਕ ਮੱਦਦ ਕੀਤੀ। ਅਜਿਹੇ 'ਚ ਲੋਕਾਂ ਦਾ ਸਰਕਾਰ ਵਿਰੁੱਧ ਰੋਹ ਲਗਾਤਾਰ ਲਾਮਬੰਦ ਹੋਣਾ ਸੁਭਾਵਕ ਹੀ ਸੀ। ਇਹੀ ਸੂਰਤ-ਏ-ਹਾਲ ਬਾਕੀ ਲਾਤੀਨੀ ਅਮਰੀਕੀ ਮੁਲਕਾਂ ਦੀ ਹੈ। ਅਜਿਹੇ 'ਚ ਵਿਸ਼ਵ ਕੱਪ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਿਹਾ ਹੈ ਅਤੇ ਉਹ ਸਰਕਾਰੀ ਨੀਤੀਆਂ ਖਿਲਾਫ ਲਾਮਬੰਦ ਹੋ ਰਹੇ ਲੋਕ ਰੋਹ ਨੂੰ ਵਿਸ਼ਵ ਕੱਪ ਦੇ ਸ਼ੋਰਗੁੱਲ ਹੇਠ ਰੋਲਣ ਲਈ ਫੀਫਾ ਕਲੱਬ ਦਾ ਸਹਿਯੋਗ ਕਰ ਰਹੀਆਂ ਹਨ। ਲੋਕਾਂ ਦੀ ਕਵਾਇਦ ਵਿਸ਼ਵ ਕੱਪ ਮੈਚਾਂ ਦੀ ਟਿਕਟ ਲਈ ਲੱਕੀ ਡਰਾਅ ਅਤੇ ਕੂਪਨਾਂ ਦੇ ਡੱਬੇ ਦੁਆਲੇ ਕਰਵਾਈ ਜਾ ਰਹੀ ਹੈ। ਮੈਚ ਦਾ ਸਿੱਧਾ ਆਨੰਦ ਨਾ ਮਾਣ ਸਕਣ ਵਾਲੇ ਲੋਕਾਂ ਦੇ ਮੰਨੋਰੰਜਨ ਦਾ ਪ੍ਰਬੰਧ ਕਰਨ ਲਈ ਘਰਾਂ ਦੀ ਚਾਰਦੀਵਾਰੀ ਅੰਦਰ ਹੀ ਟੀਵੀ, ਇੰਟਰਨੈੱਟ, ਮੋਬਾਇਲ ਫੋਨ ਅਦਿ ਦੀਆਂ ਕੀਮਤਾਂ 'ਚ ਭਾਰੀ ਛੂਟ ਦੇਣ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਫੀਫਾ ਕਲੱਬ ਨੇ ਪ੍ਰਸਿੱਧ ਬਾਲੀਵੁੱਡ ਕਲਾਕਾਰਾਂ ਤੇ ਫੁੱਟਬਾਲ ਖਿਡਾਰੀਆਂ ਉੱਤੇ ਲੱਖਾਂ ਡਾਲਰ ਖਰਚ ਕੇ ਇਸ਼ਤਿਹਾਰਬਾਜੀ ਦੇ ਨਾਲ-ਨਾਲ 'ਫੀਫਾ ਸੌਂਗ' ਤਿਆਰ ਕਰਵਾਇਆ ਹੈ। ਇਸ ਤੋਂ ਇਲਾਵਾ ਮੋਬਾਇਲ ਐਪਸ, ਫੀਫਾ ਕੱਪ ਲਾਇਵ ਪ੍ਰਸਾਰਣ, ਓਪਨ ਐਂਟਰੀ (ਰੂਸ 'ਚ), ਆਨਲਾਇਨ ਟਿਕਟ ਬੁਕਿੰਗ, ਆਨਲਾਇਨ ਸੱਟਾ ਕੁਇਜ ਮੁਕਾਬਲੇ, ਆਨਲਾਇਨ ਸਟੋਰ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।
2011 'ਚ ਭਾਰਤ ਦੀ ਰਾਜਧਾਨੀ ਦਿੱਲੀ ਅੰਦਰ ਹੋਏ ਵਿਸ਼ਵ ਕ੍ਰਿਕਟ ਮੈਚ ਅਤੇ 2014 'ਚ ਬਰਾਜੀਲ 'ਚ ਹੋਏ ਵਿਸ਼ਵ ਫੀਫਾ ਕੱਪ ਵਾਂਗ ਹਾਲੀਆ ਰੂਸ ਅੰਦਰ ਵੀ ਇਸਦੀ ਗਰੀਬੀ ਨੂੰ ਵੱਡੇ-ਵੱਡੇ ਸਾਇਨ ਬੋਰਡਾਂ ਹੇਠ ਕੱਜਣ ਦੇ ਯਤਨ ਕੀਤੇ ਗਏ।ਰੂਸ ਨੂੰ ਦੁਨੀਆਂ ਭਰ ਦੇ ਪੰਤਵੰਤੇ ਸੈਲਾਨੀਆਂ ਅੱਗੇ ਰੋਲ ਮਾਡਲ ਵਜੋਂ ਪੇਸ਼ ਕਰਨ ਲਈ ਅਪਰਾਧਮੁਕਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਚੋਰਾਂ-ਉਚੱਕਿਆਂ ਤੇ ਖਾਸ ਨਿਗ੍ਹਾਂ ਰੱਖੀ ਜਾ ਰਹੀ ਹੈ। ਪਰੰਤੂ ਇਨ੍ਹਾਂ ਪ੍ਰਬੰਧਾਂ ਦੀ ਹਵਾ ਪਹਿਲੇ ਹੀ ਦਿਨ ਨਿਕਲ ਗਈ ਜਦੋਂ ਆਰਸਨਲ ਖਿਡਾਰੀ ਨਵਾਨਕੋ ਕਾਨੂੰ ਦੇ ਰੂਸ ਪੁੱਜਣ ਤੇ 8 ਹਜਾਰ ਯੂਰੋ ਚੋਰੀ ਹੋ ਗਏ। ਭਿਖਾਰੀਆਂ ਨੂੰ ਤੀਹ ਦਿਨ ਲਈ ਮੈਚ ਸਟੇਡੀਅਮਾਂ ਤੋਂ ਪਾਸੇ ਹਟਾ ਦਿੱਤਾ ਗਿਆ। ਸ਼ਹਿਰ ਦੇ 2 ਮਿਲੀਅਨ ਕੁੱਤੇ ਤੇ ਬਿੱਲੀਆਂ ਜਹਿਰੀਲੀ ਦਵਾਈ ਤੇ ਗੋਲੀ ਮਾਰ ਕੇ ਮਾਰ ਦਿੱਤੇ ਗਏ। ਜਿਸਦੇ ਖਿਲਾਫ ਜਾਨਵਰ ਪ੍ਰੇਮੀ ਤੇ ਸੰਸਥਾਵਾਂ ਵਿਰੋਧ ਕਰ ਰਹੀਆਂ ਹਨ। ਵਿਸ਼ਵ ਕੱਪ ਤੇ ਫੀਫਾ ਕਲੱਬ ਨਾਲ ਜੁੜੇ ਵਾਵਾਦਾਂ ਬਾਰੇ ਬੋਲਣ ਤੇ ਲਿਖਣ ਵਾਲੇ ਲੇਖਕਾਂ ਅਤੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਮਲਿੰਗੀ ਖਿਡਾਰੀਆਂ ਦੇ ਵਿਸ਼ਵ ਕੱਪ 'ਚ ਦਾਖਲੇ ਤੇ ਰੋਕ ਤੇ ਉਹਨਾਂ ਦੇ ਮਾਨਵੀ ਹੱਕਾਂ ਲਈ ਐਲਜੀਬੀਟੀ ਸੰਸਥਾ ਵੱਲੋਂ ਸਮਲਿੰਗੀ ਹੱਕਾਂ ਲਈ ਉਠਾਈ ਜਾ ਰਹੀ ਅਵਾਜ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ। ਮਾਨਵੀ ਹਕੂਕ ਲਈ ਲੜਣ ਵਾਲੀਆਂ ਸੰਸਥਾਵਾਂ ਵੱਲੋਂ ਰੂਸ ਅੰਦਰ ਕਾਲੇ ਲੋਕਾਂ ਤੇ ਖਿਡਾਰੀਆਂ ਨਾਲ ਹੋ ਰਹੇ ਨਸਲੀ ਵਿਤਕਰੇ ਨੂੰ ਵਿਸ਼ਵ ਕੱਪ ਨਾਲ ਜੋੜਕੇ (ਕਾਲੇ ਫੁੱਟਬਾਲ ਖਿਡਾਰੀਆਂ ਨਾਲ ਫੁੱਟਬਾਲ ਮੈਚਾਂ ਦੌਰਾਨ ਵਿਤਕਰੇ ਦੇ ਸੰਦਰਭ 'ਚ) ਵਿਰੋਧ ਕੀਤਾ ਜਾ ਰਿਹਾ ਹੈ। ਰੂਸ 'ਚ ਕਈ ਨਿਰਪੱਖ ਪੱਤਰਕਾਰਾਂ ਤੇ ਲੇਖਕਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਕਈ ਖੱਬੇਪੱਖੀ ਗਰੁੱਪਾਂ ਨੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਨਾਕਾਮਯਾਬ ਰਹੀ ਪੁਤਿਨ ਸਰਕਾਰ ਦੇ ਵਿਰੋਧ ਵਜੋਂ ਇਸ ਕੱਪ ਦਾ ਸੰਪੂਰਨ ਬਾਈਕਾਟ ਕੀਤਾ। ਕਈ ਲੋਕ ਕਰੀਮੀਆ ਤੇ ਯੂਕਰੇਨ ਦੇ ਝਗੜੇ ਨੂੰ ਹੱਲ ਕਰਨ 'ਚ ਨਾਕਾਮ ਰਹੀ ਰੂਸ ਦੀ ਸਰਕਾਰ ਅਤੇ ਇਸ ਮਾਮਲੇ 'ਚ ਰੂਸ ਦੀ ਹਮਲਾਕਰੂ ਤੇ ਪਾਸਾਰਵਾਦੀ ਨੀਤੀ ਕਾਰਨ ਰੂਸੀ ਸਾਮਰਾਜੀ ਕਿਰਦਾਰ ਨੂੰ ਵਿਸ਼ਵ ਕੱਪ ਮੌਕੇ ਆਪਣੀ ਹੱਕੀ ਅਵਾਜ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਦੇ ਮੰਚ ਵਜੋਂ ਵੀ ਵਰਤ ਰਹੇ ਹਨ। ਉਧਰ ਫਲਸਤੀਨ ਉੱਪਰ ਹੋ ਰਹੇ ਲਗਾਤਾਰ ਤੇ ਤਾਜਾ ਹਮਲੇ ਸਬੰਧੀ ਇਸਰਾਇਲ ਦੀ ਜੰਗੀ ਨੀਤੀ ਦੇ ਵਿਰੋਧ ਵਜੋਂ ਫਲਸਤੀਨੀ ਲੋਕਾਂ ਅਤੇ ਖਾਸਕਰ ਫਲਸਤੀਨ ਦੀ ਫੁੱਟਬਾਲ ਟੀਮ ਦੁਆਰਾ ਅਰਜਨਟੀਨਾਂ ਦੇ ਪ੍ਰਸਿੱਧ ਖਿਡਾਰੀ ਲਿਉਨਲ ਮੈਸੀ ਨੂੰ ਇਸਰਾਇਲ ਨਾਲ ਦੋਸਤਾਨਾ ਮੈਚ ਨਾ ਖੇਡਣ ਦੀ ਅਪੀਲ ਕੀਤੀ ਗਈ। ਫਲਸਤੀਨੀ ਗਰਮਦਲੀਆਂ ਵੱਲੋਂ ਮੈਸੀ ਨੂੰ ਮੈਚ ਰੱਦ ਨਾ ਕਰਨ ਦੀ ਸੂਰਤ 'ਚ (ਧਮਕੀ ਬਾਅਦ ਇਹ ਮੈਚ ਰੱਦ ਕਰ ਦਿੱਤਾ ਗਿਆ ਸੀ) ਮਾਰਨ ਦੀ ਧਮਕੀ ਦੇਣਾ ਅਤੇ ਰੂਸ ਅੰਦਰ ਹੋ ਰਹੇ ਵਿਸ਼ਵ ਕੱਪ ਦਾ ਵਿਰੋਧ ਹੋਣ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਬੰਬਾਂ ਦੇ ਛਾਏ ਹੇਠ ਮੰਨੋਰੰਜਨ ਦੇ ਨਾਂ ਹੇਠ ਖੇਡਾਂ ਦਾ ਵਪਾਰ ਕਰਨ ਅਤੇ ਉਸ ਵਪਾਰ ਤੇ ਮੰਨੋਰੰਜਨ ਦੀ ਆੜ ਹੇਠ ਸਾਮਰਾਜੀ ਤੇ ਵੱਡੇ ਸਰਮਾਏਦਾਰ ਦੇਸ਼ਾਂ ਦੁਆਰਾ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੀ ਬਜਾਏ ਅਰਬਾਂ ਡਾਲਰ ਜੰਗ ਵਿਰੋਧੀ ਨੀਤੀਆਂ ਦੀ ਬਜਾਏ ਨਿੱਜੀ ਕਾਰਪੋਰੇਸ਼ਨਾਂ ਦੇ ਮੁਨਾਫੇ ਵਧਾਉਣ ਲਈ ਜੁਟਾਉਣੇ, ਜੰਗ ਦੀ ਮਾਰ ਹੇਠ ਆਏ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਣ ਬਰਾਬਰ ਹਨ। ਸਰਕਾਰਾਂ ਦੇ ਨਾਲ-ਨਾਲ ਵੱਡੀਆਂ ਕੰਪਨੀਆਂ ਵੀ ਜੰਗੀ ਹਾਲਤਾਂ 'ਚ ਸਰਕਾਰਾਂ ਦੇ ਇਸ਼ਾਰੇ ਦੇ ਚੱਲ ਰਹੀਆਂ ਹਨ। ਅਮਰੀਕੀ ਸਰਕਾਰ ਦੀ ਘੂਰੀ ਤੇ ਪ੍ਰਭਾਵ ਕਾਰਨ ਸਪੋਰਟਸ ਸਾਜੋ-ਸਮਾਨ ਤਿਆਰ ਕਰਨ ਵਾਲੀ ਵੱਡੀ ਬਹੁਰਾਸ਼ਟਰੀ ਕੰਪਨੀ ਨਾਇਕੀ ਨੇ ਫਲਸਤੀਨੀ ਖਿਡਾਰੀਆਂ ਨੂੰ ਆਪਣੀ ਕੰਪਨੀ ਦੇ ਬੂਟ ਵੇਚਣ ਤੇ ਪਹਿਣਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਇਲਾਵਾ ਫੀਫਾ ਕਲੱਬ ਉਪਰ ਫੰਡਾਂ 'ਚ ਕੀਤੀ ਜਾਂਦੀ ਘਪਲੇਬਾਜੀ, ਡੋਪ ਟੈਸਟ ਘੋਟਾਲਾ, ਮੈਚ ਫੈਕਸਿੰਗ, ਖਿਡਾਰੀਆਂ ਤੇ ਟੀਮਾਂ ਦੀ ਚੋਣ ਸਮੇਂ ਹੁੰਦੀ ਘਪਲੇਬਾਜੀ ਆਦਿ ਦੇ ਦੋਸ਼ ਲੱਗ ਰਹੇ ਹਨ।
ਕੁੱਲ ਮਿਲਾਕੇ ਦੇਖਣਾ ਹੋਵੇ ਤਾਂ ਆਰਥਿਕ ਤੇ ਇਸਦੇ ਸਿਆਸੀ ਅਧਾਰ ਵਜੋਂ ਫੀਫਾ ਕਲੱਬ ਦੀ ਹੈਸੀਅਤ ਇਕ ਵਿਸ਼ਵਵਿਆਪੀ ਕਾਰਪੋਰੇਸ਼ਨ ਤੋਂ ਘੱਟ ਨਹੀਂ ਜਿਸਦਾ ਵਿਸ਼ਵਵਿਆਪੀ ਢਾਂਚਾ ਅਤੇ ਕੁੱਲ ਬਜਟ ਅਰਬਾਂ ਡਾਲਰ ਦਾ ਹੈ। ਇਸ ਵਾਰ ਇਸਦੀ ਕਮਾਈ ਦਾ ਇਕ ਅੰਕੜਾ 53 ਅਰਬ 49 ਕਰੋੜ ਰੁਪਏ ਦਾ ਹੈ। ਫੀਫਾ ਕਲੱਬ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਨਾਲ ਮਿਲਕੇ ਅਤੇ ਆਪਣੇ ਸਿੱਧੇ ਨੈਟਵਰਕਾਂ ਰਾਹੀ ਫੁੱਟਬਾਲ ਦੀ ਖੇਡ ਦਾ ਅਤੇ ਲੋਕਾਂ ਦੇ ਮੰਨੋਰੰਜਨ ਦਾ ਵੱਡਾ ਵਪਾਰ ਕਰ ਰਹੀ ਹੈ। ਇਸਦੀਆਂ ਜੜ੍ਹਾਂ ਸਾਮਰਾਜੀ ਮੁਲਕਾਂ ਦੀਆਂ ਸਰਕਾਰਾਂ ਨੂੰ ਹੁੰਦੀ ਮੋਟੀ ਫੰਡਿੰਗ ਤੋਂ ਲੈ ਕੇ ਗਰੀਬ ਮੁਲਕਾਂ ਦੀਆਂ ਸਰਕਾਰਾਂ ਦੀ ਮੱਦਦ ਅਤੇ ਇਸਦੇ ਇਵਜ 'ਚ ਉਹਨਾਂ ਨਾਲ ਹੁੰਦੇ ਸਮਝੌਤਿਆਂ ਤੱਕ ਫੈਲੀਆਂ ਹੋਈਆਂ ਹਨ। ਹਰ ਖੇਤਰ ਦੀ ਖੇਡ ਤੇ ਖੇਡ ਸੱਭਿਆਚਾਰ ਨੂੰ ਪ੍ਰਫੁਲਿਤ ਕਰਨਾ ਫੀਫਾ ਅਤੇ ਇਸ ਵਰਗੀਆਂ ਹੋਰ ਵੱਡੀਆਂ ਵਿਸ਼ਵ ਖੇਡ ਕਲੱਬਾਂ ਦਾ ਕੋਈ ਮਕਸਦ ਨਹੀਂ ਹੈ। ਬਲਕਿ ਅਰਬਾਂ-ਖਰਬਾਂ ਦੀਆਂ ਕੁਝ ਕੁ ਚੁਣੀਦਾਂ ਖੇਡਾਂ ਦੀ ਚਕਾਚੌਂਦ ਹੇਠ ਵਪਾਰ ਅਤੇ ਸਿਆਸਤ ਦੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ। ਫੀਫਾ ਕਲੱਬ, ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਅਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਇਨ੍ਹਾਂ ਸਰਗਰਮੀਆਂ 'ਚ ਭਾਈਵਾਲ ਹਨ। ਸੰਸਾਰਵਿਆਪੀ ਭੁੱਖਮਰੀ, ਗਰੀਬੀ, ਬੇਰੁਜਗਾਰੀ, ਮਹਿੰਗਾਈ, ਜੰਗਾਂ, ਹਮਲੇ ਆਦਿ ਦੇ ਯੁੱਗ ਅੰਦਰ ਅਰਬਾਂ-ਖਰਬਾਂ ਦੀਆਂ ਖੇਡਾਂ ਤੇ ਮੰਨੋਰੰਜਨ ਬਹੁਗਿਣਤੀ ਗਰੀਬ ਲੋਕਾਂ ਦੀ ਜਿੰਦਗੀ 'ਚ ਕੋਈ ਚਾਨਣ ਅਤੇ ਖੁਸ਼ੀਆਂ ਨਹੀ ਲਿਆ ਸਕਦਾ। ਬਲਕਿ ਇਹਨਾਂ ਖੇਡਾਂ ਤੇ ਖੇਡ ਸਟੇਡੀਅਮਾਂ ਦਾ ਬੰਦੋਬਸਤ ਕਰਨ ਦਾ ਸਾਰਾ ਬੋਝ ਆਮ ਲੋਕਾਂ ਉਪਰ ਲੱਦਿਆ ਜਾਂਦਾ ਹੈ। 2022 'ਚ ਕਤਰ 'ਚ ਹੋਣ ਜਾ ਰਿਹਾ ਅਗਲਾ ਫੀਫਾ ਵਿਸ਼ਵ ਕੱਪ ਇਸਦੀ ਉਘੜਵੀਂ ਮਿਸਾਲ ਹੈ ਜਿੱਥੇ ਲੱਖਾਂ ਪ੍ਰਵਾਸੀ ਮਜਦੂਰਾਂ ਦੀ ਸਸਤੀ ਕਿਰਤ ਸ਼ਕਤੀ ਲੁੱਟ ਕੇ ਸਵਰਗੀ ਸਟੇਡੀਅਮ ਉਸਾਰੇ ਜਾ ਰਹੇ ਹਨ। ਜਿੱਥੇ ਫੁਟਬਾਲ ਸਟੇਡੀਅਮਾਂ ਦੀ ਉਸਾਰੀ ਦੌਰਾਨ ਦਰਜਨਾਂ ਮਜਦੂਰ ਮਰ ਚੁੱਕੇ ਹਨ। ਇਹੀ ਨਹੀਂ ਸਥਾਨਕ ਸਰਕਾਰਾਂ ਖਾਸਕਰ ਵਿਸ਼ਵ ਕੱਪ ਦੀ ਮੇਜਬਾਨੀ ਕਰਨ ਵਾਲੇ ਦੇਸ਼ਾਂ ਅੰਦਰ ਵਿਸ਼ਵ ਕੱਪ ਦੇ ਪ੍ਰਬੰਧਾਂ ਦਾ ਸਾਰਾ ਖਰਚ ਸਰਕਾਰੀ ਖਜਾਨੇ ਚੋਂ ਕੀਤਾ ਜਾਂਦਾ ਹੈ ਜਿਸਦੀ ਭਰਪਾਈ ਟੈਕਸਾਂ ਦੇ ਰੂਪ 'ਚ ਦੇਸ਼ ਦੇ ਲੋਕਾਂ ਦੀਆਂ ਜੇਬਾਂ ਚੋਂ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਵਿਸ਼ਵ ਪ੍ਰਸਿੱਧ ਖਿਡਾਰੀਆਂ ਵਿੱਚ ਵੀ ਮੁੱਕੇਬਾਜ ਮੁਹੰਮਦ ਅਲੀ ਵਾਂਗ ਉਹ ਨੈਤਿਕਤਾ ਤੇ ਦਲੇਰੀ ਨਹੀਂ ਰਹਿ ਗਈ ਜੋ ਨਸਲੀ ਭੇਦਭਾਵ ਤੇ ਜੰਗ ਖਿਲਾਫ ਰੋਸ ਵਜੋਂ ਆਪਣੀ ਅਵਾਜ ਵਿਸ਼ਵ ਦੇ ਅਮਨਪਸੰਦ ਲੋਕਾਂ ਦੀ ਹੱਕੀ ਅਵਾਜ ਨਾਲ ਮੇਚ ਸਕਣ।ਰੂਸ ਦੀ ਬਗਲ 'ਚ ਨਿਰਦੋਸ਼ ਲੋਕ ਮਰ ਰਹੇ ਹਨ ਤੇ ਦੂਜੇ ਪਾਸੇ ਬੰਬਾਂ ਦੀ ਗੂੰਜ, ਨਿਰਦੋਸ਼ਾਂ ਦੀਆਂ ਚੀਕਾਂ ਤੇ ਜੰਗ ਦੇ ਧੂੰਏਂ ਦੇ ਬੱਦਲਾਂ ਹੇਠ ਵਿਸ਼ਵ ਮੰਨੋਰੰਜਨ ਤੇ ਜਸ਼ਨ ਦੇ ਸੁਰ ਅਲਾਪੇ ਜਾ ਰਹੇ ਹੋਣਗੇ। ਵਿਸ਼ਵ ਕੱਪ, ਵਿਸ਼ਵ ਅਮਨ-ਸ਼ਾਤੀ ਤੇ ਵਿਸ਼ਵ ਦੇ ਲੋਕਾਂ ਦੀ ਖੁਸ਼ਹਾਲੀ ਨਾਲ ਹੀ ਸੋਭਦੇ ਹਨ।
-ਮਨਦੀਪ

No comments:
Post a Comment