ਯੁਵਕ ਲੀਗਾਂ ਦੇ ਕਾਰਜ਼- ਵੀ.ਆਈ. ਲੈਨਿਨ -2
ਪੁਰਾਣੇ ਸਕੂਲ ਨੌਕਰ ਪੈਦਾ ਕਰਦੇ ਸਨ, ਜਿਨਾਂ ਦੀ ਸਰਮਾਏਦਾਰਾਂ ਨੂੰ ਲੋੜ ਹੁੰਦੀ ਸੀ; ਪੁਰਾਣੇ ਸਕੂਲ ਵਿਗਿਆਨ ਦੇ ਬੰਦਿਆਂ ਨੂੰ ਐਸੇ ਆਦਮੀਆਂ ਵਿਚ ਬਦਲ ਦੇਂਦੇ ਸਨ, ਜਿਨਾਂ ਨੂੰ ਉਹ ਕੁਝ ਲਿਖਣਾ ਤੇ ਕਹਿਣਾ ਪੈਂਦਾ ਸੀ, ਜਿਸ ਨਾਲ ਵੀ ਸਰਮਾਏਦਾਰ ਖ਼ੁਸ਼ ਹੋਣ। ਇਸ ਲਈ ਸਾਨੂੰ ਉਹ ਸਕੂਲ ਖ਼ਤਮ ਕਰ ਦੇਣੇ ਚਾਹੀਦੇ ਹਨ। ਪਰ ਕੀ ਇਸ ਤੱਥ ਦਾ, ਕਿ ਸਾਨੂੰ ਉਹ ਖ਼ਤਮ ਕਰ ਦੇਣੇ, ਤਬਾਹ ਕਰ ਦੇਣੇ ਚਾਹੀਦੇ ਹਨ, ਮਤਲਬ ਇਹ ਹੈ ਕਿ ਸਾਨੂੰ ਉਨਾਂ ਤੋਂ ਉਹ ਸਭ ਕੁਝ ਨਹੀਂ ਲੈਣਾ ਚਾਹੀਦਾ ਜਿਹੜਾ ਮਨੁੱਖ ਜਾਤੀ ਨੇ ਇਕੱਠਾ ਕੀਤੇ ਹੈ ਤੇ ਜਿਹੜਾ ਮਨੁੱਖ ਲਈ ਜ਼ਰੂਰੀ ਹੈ? ਕੀ ਇਸਦਾ ਮਤਲਬ ਇਹ ਹੈ ਕਿ ਸਾਨੂੰ ਕੋਈ ਨਿਖੇੜ ਕਰਨ ਦੀ ਲੋੜ ਨਹੀਂ ਕਿ ਸਰਮਾਏਦਾਰੀ ਲਈ ਕੀ ਜ਼ਰੂਰੀ ਹੈ ਤੇ ਕਮਿਊਨਿਜ਼ਮ ਲਈ ਕੀ ਜ਼ਰੂਰੀ ਹੈ?
ਅਸੀਂ ਬਹੁ-ਗਿਣਤੀ ਦੀ ਮਰਜ਼ੀ ਦੇ ਖਿਲਾਫ਼, ਬੁਰਜੂਆ ਸਮਾਜ ਵਿਚ ਵਰਤੇ ਜਾਂਦੇ ਪੁਰਾਣੇ ਡਰਿੱਲ-ਸਾਰਜੰਟ ਢੰਗਾਂ ਦੀ ਥਾਂ ਮਜ਼ਦੂਰਾਂ ਤੇ ਕਿਸਾਨਾਂ ਦੇ ਜਮਾਤੀ ਚੇਤੰਨਤਾ ਵਾਲੇ ਜ਼ਬਤ ਨੂੰ ਦੇਣਾ ਚਾਹੁੰਦੇ ਹਾਂ, ਜਿਹੜੇ ਪੁਰਾਣੇ ਸਮਾਜ ਲਈ ਆਪਣੀ ਨਫ਼ਰਤ ਨੂੰ ਦ੍ਰਿੜਤਾ, ਯੋਗਤਾ ਤੇ ਇਸ ਘੋਲ ਲਈ ਆਪਣੀਆਂ ਸ਼ਕਤੀਆਂ ਨੂੰ ਇਕਮੁੱਠ ਕਰਨ ਤੇ ਜਥੇਬੰਦ ਕਰਨ ਲਈ ਤਤਪਰਤਾ ਨਾਲ ਜੋੜਦੇ ਹਨ, ਤਾਂ ਕਿ ਇੱਕ ਵੱਡੇ ਸਾਰੇ ਦੇਸ਼ ਦੇ ਇਲਾਕੇ ਉੱਪਰ ਬਿਖਰੇ ਹੋਏ ਤੇ ਨਿੱਖੜੇ ਹੋਏ ਲੱਖਾਂ ਕਰੋੜਾਂ ਲੋਕਾਂ ਦੀਆਂ ਮਰਜ਼ੀਆਂ ਨੂੰ ਇੱਕੋ ਇੱਕ ਮਰਜ਼ੀ ਵਿਚ ਢਾਲ ਸਕਣ, ਜਿਸ ਤੋਂ ਬਿਨਾਂ ਹਾਰ ਅਟੱਲ ਹੈ। ਇਸ ਇਕਮੁਠਤਾ ਤੋਂ ਬਿਨਾਂ, ਮਜ਼ਦੂਰਾਂ ਤੇ ਕਿਸਾਨਾਂ ਦੇ ਇਸ ਚੇਤੰਨ ਜ਼ਬਤ ਤੋਂ ਬਿਨਾਂ, ਸਾਡਾ ਉਦੇਸ਼ ਨਿਰਾਸ਼ਾਜਨਕ ਹੈ। ਇਸ ਤੋਂ ਬਿਨਾਂ, ਅਸੀਂ ਸਾਰੇ ਦੁਨੀਆਂ ਦੇ ਸਰਮਾਏਦਾਰਾਂ ਤੇ ਭੂਮੀਪਤੀਆਂ ਨੂੰ ਨਹੀਂ ਹਰਾ ਸਕਾਂਗੇ। ਅਸੀਂ ਬੁਨਿਆਦ ਨੂੰ ਵੀ ਪੱਕਿਆਂ ਨਹੀਂ ਕਰ ਸਕਾਂਗੇ, ਉਸ ਬੁਨਿਆਦ ਉੱਪਰ ਨਵੇਂ, ਕਮਿਊਨਿਸਟ ਸਮਾਜ ਦੀ ਉਸਾਰੀ ਕਰਨ ਦੀ ਤਾਂ ਗੱਲ ਹੀ ਛੱਡੋ। ਇਸੇ ਤਰਾਂ ਪੁਰਾਣੇ ਸਕੂਲਾਂ ਦੀ ਨਿਖੇਧੀ ਕਰਨ ਦੇ ਨਾਲ ਨਾਲ, ਪੁਰਾਣੇ ਸਕੂਲਾਂ ਲਈ ਬਿਲਕੁਲ ਹੱਕੀ ਤੇ ਜ਼ਰੂਰੀ ਨਫ਼ਰਤ ਰੱਖਣ ਤੇ ਉਨਾਂ ਨੂੰ ਤਬਾਹ ਕਰ ਦੇਣ ਦੀ ਤਤਪਰਤਾ ਦੀ ਪ੍ਰਸੰਸਾ ਕਰਨ ਦੇ ਨਾਲ ਨਾਲ, ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਪੜਾਈ ਦੀ ਪੁਰਾਣੀ ਪ੍ਰਣਾਲੀ, ਪੁਰਾਣੀ ਰੱਟੇਬਾਜ਼ੀ ਤੇ ਪੁਰਾਣੀ ਡਰਿੱਲ ਦੀ ਥਾਂ ਕੁੱਲ ਸਮੁੱਚੇ ਮਨੁੱਖੀ ਗਿਆਨ ਨੂੰ ਪ੍ਰਾਪਤ ਕਰਨ ਦੀ ਯੋਗਤਾ ਨੂੰ ਦੇਣੀ ਚਾਹੀਦੀ ਹੈ ਤੇ ਇਸ ਤਰਾਂ ਨਾਲ ਪ੍ਰਾਪਤ ਕਰਨ ਦੀ ਯੋਗਤਾ ਨੂੰ ਕਿ ਕਮਿਊਨਿਜ਼ਮ ਕੋਈ ਰੱਟਾ ਲਾ ਕੇ ਸਿੱਖਣ ਵਾਲੀ ਚੀਜ਼ ਨਾ ਬਣ ਜਾਏ, ਸਗੋਂ ਇੱਕ ਐਸੀ ਚੀਜ਼ ਬਣੇ ਜਿਸ ਬਾਰੇ ਤੁਸੀਂ ਖ਼ੁਦ ਸੋਚਿਆ ਹੈ, ਐਸੀ ਚੀਜ਼ ਜਿਹੜੀ ਐਸੇ ਸਿੱਟਿਆਂ ਨੂੰ ਸਾਕਾਰ ਕਰੇ ਜਿਹੜੇ ਅਜੋਕੀ ਵਿੱਦਿਆ ਦੇ ਦ੍ਰਿਸ਼ਟੀਕੋਣ ਤੋਂ ਅਟੱਲ ਹਨ।
ਇਸ ਤਰੀਕੇ ਨਾਲ ਮੁੱਖ ਕਾਰਜ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਜਦੋਂ ਅਸੀਂ ਇਸ ਨਿਸ਼ਾਨੇ ਦੀ ਗੱਲ ਕਰਦੇ ਹਾਂ : ਕਮਿਊਨਿਜ਼ਮ ਸਿੱਖੋ।
ਮੈਂ ਤੁਹਾਨੂੰ ਇਹ ਸਪੱਸ਼ਟ ਕਰਨ ਲਈ ਤੇ ਇਸ ਮਸਲੇ ਵੱਲ ਕਿ ਤੁਹਾਨੂੰ ਕਿਵੇਂ ਸਿੱਖਣਾ ਚਾਹੀਦਾ ਹੈ, ਪਹੁੰਚ ਦੀ ਵਿਆਖਿਆ ਕਰਨ ਲਈ ਇੱਕ ਅਮਲੀ ਉਦਾਹਰਣ ਦੇਵਾਂਗਾ : ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਫੌਜੀ ਮਸਲਿਆਂ ਤੋਂ ਪਿੱਛੋਂ, ਰੀਪਬਲਿਕ ਦੀ ਰਾਖੀ ਕਰਨ ਦੇ ਮਸਲਿਆਂ ਤੋਂ ਪਿੱਛੋਂ, ਸਾਡੇ ਸਾਹਮਣੇ ਹੁਣ ਆਰਥਿਕ ਮਸਲਾ ਖੜਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਕਮਿਊਨਿਸਟ ਸਮਾਜ ਓਨਾ ਚਿਰ ਨਹੀਂ ਉਸਾਰਿਆ ਜਾ ਸਕਦਾ ਜਦੋਂ ਤੱਕ ਅਸੀਂ ਸਨਅਤ ਤੇ ਜ਼ਰਾਇਤ ਨੂੰ ਬਹਾਲ ਨਹੀਂ ਕਰ ਲੈਂਦੇ ਤੇ ਉਹ ਵੀ ਪੁਰਾਣੇ ਤਰੀਕੇ ਨਾਲ ਨਹੀਂ। ਉਨਾਂ ਨੂੰ ਆਧੁਨਿਕ ਆਧਾਰ ਉੱਤੇ, ਵਿਗਿਆਨ ਵਿਚਲੀਆਂ ਨਵੀਨਤਮ ਚੀਜ਼ਾਂ ਦੇ ਮੁਤਾਬਕ, ਮੁੜ-ਬਹਾਲ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਪਤਾ ਹੈ ਕਿ ਬਿਜਲੀ ਉਹ ਆਧਾਰ ਹੈ, ਸਾਰੇ ਦੇਸ਼ ਦੇ, ਸਨਅਤ ਤੇ ਜ਼ਰਾਇਤ ਦੀਆਂ ਸਾਰੀਆਂ ਸ਼ਾਖਾਂ ਦੇ ਬਿਜਲਈਕਰਨ ਤੋਂ ਪਿੱਛੋਂ ਹੀ, ਇਸ ਨਿਸ਼ਾਨੇ ਨੂੰ ਪ੍ਰਾਪਤ ਕਰ ਲੈਣ ਤੋਂ ਪਿੱਛੋਂ ਹੀ, ਤੁਸੀਂ ਆਪਣੇ ਲਈ ਕਮਿਊਨਿਸਟ ਸਮਾਜ ਉਸਾਰ ਸਕੋਗੇ, ਜਿਹੜਾ ਕਿ ਪੁਰਾਣੀ ਪੀੜੀ ਉਸਾਰਨ ਦੇ ਯੋਗ ਨਹੀਂ ਹੋਵੇਗੀ। ਸਾਰੇ ਦੇਸ਼ ਨੂੰ ਆਰਥਿਕ ਤੌਰ 'ਤੇ ਮੁੜ-ਸੁਰਜੀਤ ਕਰਨ ਦਾ, ਜ਼ਰਾਇਤ ਤੇ ਸਨਅਤ, ਦੋਹਾਂ ਨੂੰ ਆਧੁਨਿਕ ਵਿਗਿਆਨ ਤੇ ਟੈਕਨਾਲੌਜੀ ਉੱਪਰ, ਬਿਜਲੀ ਉੱਪਰ ਆਧਾਰਿਤ ਆਧੁਨਿਕ ਤਕਨੀਕੀ ਲੀਹਾਂ ਉੱਤੇ ਮੁੜ-ਜਥੇਬੰਦ ਕਰਨ ਤੇ ਬਹਾਲ ਕਰਨ ਦਾ ਕੰਮ ਤੁਹਾਡੇ ਸਾਹਮਣੇ ਖੜਾ ਹੈ। ਤੁਸੀਂ ਬੜੀ ਚੰਗੀ ਤਰਾਂ ਸਮਝਦੇ ਹੋ ਕਿ ਅਨਪੜ ਲੋਕ ਬਿਜਲਈਕਰਨ ਨਾਲ ਨਹੀਂ ਨਜਿੱਠ ਸਕਦੇ ਤੇ ਨਾ ਹੀ ਮੁੱਢਲੀ ਅੱਖਰਬੋਧਤਾ ਕਾਫ਼ੀ ਹੈ। ਇਹ ਸਮਝਣਾ ਕਾਫ਼ੀ ਨਹੀਂ ਕਿ ਬਿਜਲੀ ਕੀ ਹੈ ; ਲੋੜ ਇਸ ਗਿਆਨ ਦੀ ਹੈ ਕਿ ਇਸਨੂੰ ਸਨਅਤ ਵਿਚ ਤੇ ਜ਼ਰਾਇਤ ਵਿਚ, ਤੇ ਸਨਅਤ ਤੇ ਜ਼ਰਾਇਤ ਦੀਆਂ ਵੱਖੋ ਵੱਖਰੀਆਂ ਸ਼ਾਖਾਂ ਵਿਚ ਕਿਵੇਂ ਵਰਤਣਾ ਹੈ। ਇਹ ਗੱਲ ਆਪ ਸਿੱਖਣੀ ਪੈਂਦੀ ਹੈ, ਤੇ ਮਜ਼ਦੂਰ ਲੋਕਾਂ ਦੀ ਸਾਰੀ ਉੱਠ ਰਹੀ ਪੀੜੀ ਨੂੰ ਇਹ ਸਿਖਾਈ ਜਾਣੀ ਚਾਹੀਦੀ ਹੈ। ਇਹ ਕਾਰਜ ਹੈ ਜਿਹੜਾ ਜਮਾਤੀ ਚੇਤਨਤਾ ਵਾਲੇ ਹਰ ਕਮਿਊਨਿਸਟ ਸਾਹਮਣੇ, ਹਰ ਨੌਜਵਾਨ ਸਾਹਮਣੇ ਖੜਾ ਹੈ, ਜਿਹੜਾ ਆਪਣੇ ਆਪ ਨੂੰ ਕਮਿਊਨਿਸਟ ਸਮਝਦਾ ਹੈ ਤੇ ਜਿਹੜਾ ਸਪੱਸ਼ਟ ਤਰਾਂ ਨਾਲ ਸਮਝਦਾ ਹੈ ਕਿ ਯੁਵਕ ਕਮਿਊਨਿਸਟ ਲੀਗ ਵਿਚ ਸ਼ਾਮਲ ਹੋਣ ਤੋਂ ਪਿੱਛੋਂ ਉਸਨੇ ਕਮਿਊਨਿਜ਼ਮ ਉਸਾਰਨ ਵਿਚ ਪਾਰਟੀ ਦੀ ਸਹਾਇਤਾ ਕਰਨ ਦੀ ਤੇ ਕਮਿਊਨਿਸਟ ਸਮਾਜ ਸਿਰਜਣ ਵਿਚ ਸਮੁੱਚੀ ਜਵਾਨ ਪੀੜੀ ਦੀ ਸਹਾਇਤਾ ਕਰਨ ਦੀ ਸਹੁੰ ਚੁੱਕੀ ਹੈ। ਉਸਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਸਿਰਫ਼ ਆਧੁਨਿਕ ਵਿੱਦਿਆ ਦੇ ਆਧਾਰ 'ਤੇ ਹੀ ਇਸਨੂੰ ਸਿਰਜ ਸਕਦਾ ਹੈ, ਤੇ ਜੇ ਉਹ ਇਹ ਵਿੱਦਿਆ ਪ੍ਰਾਪਤ ਨਹੀਂ ਕਰਦਾ ਤਾਂ ਕਮਿਊਨਿਜ਼ਮ ਸਿਰਫ਼ ਇੱਕ ਪਵਿੱਤਰ ਇੱਛਾ ਬਣਿਆ ਰਹੇਗਾ।
ਬੁਰਜੂਆਜ਼ੀ ਨੂੰ ਉਲਟਾਉਣਾ ਤੁਹਾਡੇ ਤੋਂ ਪਹਿਲਾਂ ਦੀ ਪੀੜੀ ਦਾ ਕੰਮ ਸੀ। ਉਦੋਂ ਮੁੱਖ ਕੰਮ ਬੁਰਜੂਆਜ਼ੀ ਦੀ ਆਲੋਚਨਾ ਕਰਨਾ, ਜਨਤਾ ਵਿਚ ਬੁਰਜੂਆਜ਼ੀ ਲਈ ਨਫ਼ਰਤ ਪੈਦਾ ਕਰਨਾ ਤੇ ਜਮਾਤੀ ਚੇਤਨਤਾ ਤੇ ਆਪਣੀਆਂ ਸ਼ਕਤੀਆਂ ਨੂੰ ਇਕਮੁੱਠ ਕਰਨ ਦੀ ਯੋਗਤਾ ਭਰਨਾ ਸੀ। ਨਵੀਂ ਪੀੜੀ ਸਾਹਮਣੇ ਕਿਤੇ ਜ਼ਿਆਦਾ ਜਟਿਲ ਕੰਮ ਖੜਾ ਹੈ। ਤੁਹਾਡਾ ਕੰਮ ਸਰਮਾਏਦਾਰਾਂ ਵੱਲੋਂ ਭੜਕਾਏ ਗਏ ਹਮਲੇ ਦੇ ਖਿਲਾਫ਼ ਮਜ਼ਦੂਰਾਂ ਤੇ ਕਿਸਾਨਾਂ ਦੀ ਸਰਕਾਰ ਨੂੰ ਕਾਇਮ ਰੱਖਣ ਲਈ ਸਿਰਫ਼ ਆਪਣੀਆਂ ਤਾਕਤਾਂ ਇਕੱਠੀਆਂ ਕਰਨਾ ਨਹੀਂ। ਬੇਸ਼ੱਕ, ਤੁਹਾਨੂੰ ਇਹ ਕਰਨਾ ਚਾਹੀਦਾ ਹੈ ; ਇਹ ਐਸੀ ਚੀਜ਼ ਹੈ ਜਿਹੜੀ ਤੁਸੀਂ ਸਪੱਸ਼ਟ ਤਰਾਂ ਸਮਝਦੇ ਹੋ, ਤੇ ਜਿਸਨੂੰ ਕਮਿਊਨਿਸਟ ਸਾਫ਼ ਸਾਫ਼ ਦੇਖਦੇ ਹਨ। ਪਰ ਇਹ ਕਾਫ਼ੀ ਨਹੀਂ। ਤੁਸੀਂ ਇੱਕ ਕਮਿਊਨਿਸਟ ਸਮਾਜ ਉਸਾਰਨਾ ਹੈ। ਕਈ ਪੱਖਾਂ ਤੋਂ ਅੱਧਾ ਕੰਮ ਹੋ ਚੁੱਕਾ ਹੈ। ਪੁਰਾਣਾ ਨਿਜ਼ਾਮ ਢਾਹ ਦਿੱਤਾ ਗਿਆ ਹੈ, ਜਿਵੇਂ ਕਿ ਇਸ ਲਈ ਯੋਗ ਸੀ। ਥਾਂ ਸਾਫ਼ ਕਰ ਦਿੱਤੀ ਗਈ ਹੈ, ਤੇ ਇਸ ਜ਼ਮੀਨ ਉੱਤੇ ਜਵਾਨ ਕਮਿਊਨਿਸਟ ਪੀੜੀ ਨੂੰ ਕਮਿਊਨਿਸਟ ਸਮਾਜ ਉਸਾਰਨਾ ਚਾਹੀਦਾ ਹੈ। ਤੁਹਾਡੇ ਸਾਹਮਣੇ ਉਸਾਰੀ ਦਾ ਕੰਮ ਖੜਾ ਹੈ, ਤੇ ਤੁਸੀਂ ਇਹ ਕੰਮ ਸਿਰਫ਼ ਤਾਂ ਹੀ ਪੂਰਾ ਕਰ ਸਕਦੇ ਹੋ ਜੇ ਤੁਸੀਂ ਸਾਰਾ ਆਧੁਨਿਕ ਗਿਆਨ ਆਪਣੇ ਅੰਦਰ ਰਚਾ ਲਵੋ ਤਾਂ, ਜੇ ਤੁਸੀਂ ਕਮਿਊਨਿਜ਼ਮ ਨੂੰ ਘੜੇ-ਘੜਾਏ ਤੇ ਰੱਟਾ ਲਾਏ ਫਾਰਮੂਲਿਆਂ, ਮਸ਼ਵਰਿਆਂ, ਨੁਸਖਿਆਂ, ਤਜਵੀਜ਼ਾਂ ਤੇ ਪ੍ਰੋਗਰਾਮਾਂ ਤੋਂ ਬਦਲ ਕੇ ਐਸੀ ਜਿਊਂਦੀ-ਜਾਗਦੀ ਹਕੀਕਤ ਬਣਾ ਸਕੋ, ਜਿਹੜੀ ਤੁਹਾਡੇ ਕੰਮ ਨੂੰ ਏਕਤਾ ਦੇਂਦੀ ਹੈ ਤੇ ਜੇ ਤੁਸੀਂ ਕਮਿਊਨਿਜ਼ਮ ਨੂੰ ਆਪਣੇ ਸਾਰੇ ਅਮਲੀ ਕੰਮ ਵਿਚ ਰਾਹ-ਦਿਖਾਵਾ ਬਣਾ ਸਕੋ।
ਇਹ ਕਾਰਜ ਹੈ ਜਿਹੜਾ ਤੁਹਾਨੂੰ ਸਾਰੀ ਨੌਜਵਾਨ ਪੀੜੀ ਨੂੰ ਵਿੱਦਿਆ ਦੇਣ, ਸਿਖਲਾਈ ਦੇਣ ਤੇ ਉਭਾਰਨ ਵਿਚ ਨੇਪਰੇ ਚੜਾਉਣਾ ਚਾਹੀਦਾ ਹੈ। ਤੁਹਾਨੂੰ ਕਮਿਊਨਿਸਟ ਸਮਾਜ ਦੇ ਲੱਖਾਂ ਉਸਰਈਆਂ ਵਿਚ ਸਭ ਤੋਂ ਮੂਹਰੇ ਹੋਣਾ ਚਾਹੀਦਾ ਹੈ, ਜਿਨਾਂ ਦੀਆਂ ਸਫਾਂ ਵਿਚ ਹਰ ਨੌਜਵਾਨ ਤੇ ਮੁਟਿਆਰ ਨੂੰ ਹੋਣਾ ਚਾਹੀਦਾ ਹੈ। ਤੁਸੀਂ ਕਮਿਊਨਿਸਟ ਸਮਾਜ ਨਹੀਂ ਉਸਾਰ ਸਕੋਗੇ, ਜਦੋਂ ਤੱਕ ਤੁਸੀਂ ਨੌਜਵਾਨ ਮਜ਼ਦੂਰਾਂ ਤੇ ਕਿਸਾਨਾਂ ਦੇ ਜਨ-ਸਮੂਹ ਨੂੰ ਭਰਤੀ ਨਹੀਂ ਕਰਦੇ।
ਇਸ ਨਾਲ ਮੈਂ ਕੁਦਰਤੀ ਤੌਰ 'ਤੇ ਇਸ ਸਵਾਲ ਵੱਲ ਆ ਜਾਂਦਾ ਹੈ ਕਿ ਸਾਨੂੰ ਕਮਿਊਨਿਜ਼ਮ ਕਿਵੇਂ ਸਿਖਾਉਣਾ ਚਾਹੀਦਾ ਹੈ ਤੇ ਸਾਡੇ ਢੰਗਾਂ ਦੇ ਵਿਸ਼ੇਸ਼ ਲੱਛਣ ਕੀ ਹੋਣੇ ਚਾਹੀਦੇ ਹਨ।
ਇੱਥੇ ਮੈਂ ਸਭ ਤੋਂ ਪਹਿਲਾਂ ਕਮਿਊਨਿਸਟ ਸਦਾਚਾਰ ਦਾ ਸਵਾਲ ਲਵਾਂਗਾ।
ਤੁਹਾਨੂੰ ਆਪਣੇ ਆਪ ਨੂੰ ਕਮਿਊਨਿਸਟ ਬਨਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਯੁਵਕ ਲੀਗ ਦਾ ਇਹ ਕਰਤੱਵ ਹੈ ਕਿ ਆਪਣੀ ਅਸਲੀ ਸਰਗਰਮੀ ਨੂੰ ਇਸ ਤਰਾਂ ਨਾਲ ਜਥੇਬੰਦ ਕਰੇ ਕਿ ਸਿੱਖਣ, ਜਥੇਬੰਦ ਕਰਨ, ਇਕਮੁੱਠ ਹੋਣ ਤੇ ਘੋਲ ਕਰਨ ਨਾਲ ਇਸ ਦੇ ਮੈਂਬਰ ਆਪਣੇ ਆਪ ਨੂੰ ਵੀ ਤੇ ਉਨਾਂ ਸਾਰਿਆਂ ਨੂੰ ਵੀ ਸਿਲਾਈ ਦੇਣ ਜਿਹੜੇ ਯੁਵਕ ਲੀਗ ਵੱਲ ਅਗਵਾਈ ਲਈ ਵੇਖਦੇ ਹਨ; ਇਸਨੂੰ ਕਮਿਊਨਿਸਟ ਸਿਖਲਾਉਣੇ ਚਾਹੀਦੇ ਹਨ। ਅੱਜ ਨੌਜਵਾਨਾਂ ਦੀ ਸਿਲਾਈ, ਵਿੱਦਿਆ ਤੇ ਪੜਾਈ ਦਾ ਸਾਰਾ ਮੰਤਵ ਉਨਾਂ ਵਿਚ ਕਮਿਊਨਿਸਟ ਸਦਾਚਾਰ ਭਰਨਾ ਹੋਣਾ ਚਾਹੀਦਾ ਹੈ।
ਪਰ ਕੀ ਕਮਿਊਨਿਸਟ ਸਦਾਚਾਰ ਵਰਗੀ ਕੋਈ ਚੀਜ਼ ਹੈ? ਕੀ ਕਮਿਊਨਿਸਟ ਇਖਲਾਕ ਵਰਗੀ ਕੋਈ ਚੀਜ਼ ਹੈ?
ਬੇਸ਼ਕ, ਹੈ। ਅਕਸਰ ਇਹ ਇਸ਼ਾਰਾ ਕੀਤਾ ਜਾਂਦਾ ਹੈ ਕਿ ਸਾਡਾ ਆਪਣਾ ਕੋਈ ਸਦਾਚਾਰ ਨਹੀਂ; ਅਕਸਰ ਹੀ ਬਰਜੂਆਜ਼ੀ ਅਸਾਂ, ਕਮਿਊਨਿਸਟਾਂ, ਉੱਤੇ ਸਭ ਇਖਲਾਕ ਰੱਦ ਕਰਨ ਦਾ ਦੋਸ਼ ਲਾਉਂਦੀ ਹੈ। ਇਹ ਮਸਲੇ ਨੂੰ ਘਚੋਲੇ ਵਿਚ ਪਾਉਣ ਦਾ, ਮਜ਼ਦੂਰਾਂ ਤੇ ਕਿਸਾਨਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਦਾ ਢੰਗ ਹੈ।
ਅਸੀਂ ਕਿਨਾਂ ਅਰਥਾਂ ਵਿਚ ਸਦਾਚਾਰ ਨੂੰ ਰੱਦ ਕਰਦੇ ਹਾਂ, ਇਖਲਾਕ ਨੂੰ ਰੱਦ ਕਰਦੇ ਹਾਂ?
ਉਨਾਂ ਅਰਥਾਂ ਵਿਚ, ਜਿਹੜੇ ਅਰਥ ਇਸਨੂੰ ਬੁਰਜੂਆਜ਼ੀ ਵੱਲੋਂ ਦਿੱਤੇ ਗਏ ਹਨ, ਜਿਹੜੀ ਸਦਾਚਾਰ ਨੂੰ ਰੱਬ ਦੇ ਹੁਕਮਾਂ ਉੱਤੇ ਆਧਾਰਤ ਕਰਦੀ ਹੈ। ਇਸ ਨੁਕਤੇ ਉੱਤੇ, ਬੇਸ਼ਕ ਅਸੀਂ ਕਹਿੰਦੇ ਹਾਂ ਕਿ ਸਾਡਾ ਰੱਬ ਵਿਚ ਯਕੀਨ ਨਹੀਂ, ਤੇ ਇਹ ਵੀ, ਕਿ ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਪੜਾਈ, ਭੂਮੀਪਤੀ ਤੇ ਬੁਰਜੂਆਜ਼ੀ ਪਰਮਾਤਮਾ ਦਾ ਨਾਂ ਸਿਰਫ਼ ਇਸ ਲਈ ਲੈਂਦੇ ਹਨ ਕਿ ਲੋਟੂਆਂ ਵਜੋਂ ਆਪਣੇ ਹਿੱਤਾਂ ਨੂੰ ਅੱਗੇ ਤੋਰ ਸਕਣ। ਜਾਂ, ਸਦਾਚਾਰ ਨੂੰ ਇਖਲਾਕ ਦੇ ਹੁਕਮਾਂ ਉੱਤੇ, ਰੱਬ ਦੇ ਹੁਕਮਾਂ ਉੱਤੇ ਆਧਾਰਤ ਕਰਨ ਦੀ ਥਾਂ, ਉਹ ਇਸਨੂੰ ਵਿਚਾਰਵਾਦੀ ਜਾਂ ਅਰਧ-ਵਿਚਾਰਵਾਦੀ ਲਫ਼ਾਜ਼ੀ ਉੱਤੇ ਆਧਾਰਤ ਕਰਦੇ ਸਨ, ਜੋ ਕਿ ਹਮੇਸ਼ਾ ਹੀ ਰੱਬ ਦੇ ਹੁਕਮਾਂ ਨਾਲ ਬਿਲਕੁਲ ਮਿਲਦੀ-ਜੁਲਦੀ ਚੀਜ਼ ਹੋ ਨਿਬੜਦੀ ਸੀ।
ਅਸੀਂ ਮਨੁੱਖੋ-ਬਾਹਰੇ ਜਾਂ ਜਮਾਤੋਂ-ਬਾਹਰੇ ਸੰਕਲਪਾਂ ਉੱਤੇ ਆਧਾਰਤ ਕਿਸੇ ਵੀ ਇਖਲਾਕ ਨੂੰ ਰੱਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਇਹ ਛਲ ਹੈ, ਭੂਮੀਪਤੀਆਂ ਤੇ ਸਰਮਾਏਦਾਰਾਂ ਦੇ ਹਿੱਤਾਂ ਵਿਚ ਮਜ਼ਦੂਰਾਂ ਤੇ ਕਿਸਾਨਾਂ ਨੂੰ ਉੱਲੂ ਬਣਾਉਣਾ, ਭੁਚਲਾਉਣਾ ਹੈ।
ਅਸੀਂ ਕਹਿੰਦੇ ਹਾਂ ਕਿ ਸਾਡਾ ਇਖਲਾਕ ਪੂਰੀ ਤਰਾਂ ਪ੍ਰੋਲਤਾਰੀਆਂ ਦੇ ਜਮਾਤੀ ਘੋਲ ਦੇ ਹਿੱਤਾਂ ਦੇ ਅਧੀਨ ਹੈ। ਸਾਡਾ ਇਖਲਾਕ ਪ੍ਰੋਲਤਾਰੀਆਂ ਦੇ ਜਮਾਤੀ ਘੋਲ ਦੇ ਹਿੱਤਾਂ ਤੋਂ ਨਿਕਲਦਾ ਹੈ।
ਪੁਰਾਣਾ ਸਮਾਜ ਭੂਮੀਪਤੀਆਂ ਤੇ ਸਰਮਾਏਦਾਰਾਂ ਵੱਲੋਂ ਸਾਰੇ ਮਜ਼ਦੂਰਾਂ ਤੇ ਕਿਸਾਨਾਂ ਉੱਤੇ ਜਬਰ ਕਰਨ ਉੱਤੇ ਆਧਾਰਤ ਸੀ। ਸਾਡੇ ਲਈ ਇਸ ਸਭ ਕੁਝ ਨੂੰ ਤਬਾਹ ਕਰਨਾ, ਉਨਾਂ ਨੂੰ ਉਲਟਾਉਣਾ ਜ਼ਰੂਰੀ ਸੀ, ਪਰ ਇਹ ਕਰਨ ਲਈ ਸਾਡੇ ਲਈ ਏਕਤਾ ਪੈਦਾ ਕਰਨੀ ਜ਼ਰੂਰੀ ਸੀ। ਇਹ ਇੱਕ (ਏਕਤਾ) ਐਸੀ ਚੀਜ਼ ਹੈ ਜਿਸਨੂੰ ਰੱਬ ਨਹੀਂ ਪੈਦਾ ਕਰ ਸਕਦਾ।
ਇਸ ਏਕਤਾ ਨੂੰ ਸਿਰਫ਼ ਫੈਕਟਰੀਆਂ ਹੀ ਆਪਣੀ ਲੰਮੀਂ ਨੀਂਦ ਤੋਂ ਜਾਗੇ ਤੇ ਸਿਖਲਾਏ ਪ੍ਰੋਲਤਾਰੀ ਹੀ ਮੁਹੱਈਆ ਕਰ ਸਕਦੇ ਸਨ। ਜਦੋਂ ਇਸ ਜਮਾਤ ਨੇ ਰੂਪ ਧਾਰਿਆ ਸਿਰਫ਼ ਉਦੋਂ ਹੀ ਵਿਸ਼ਾਲ ਲਹਿਰ ਪੈਦਾ ਹੋਈ ਜਿਸਦਾ ਸਿੱਟਾ ਉਹ ਕੁਝ ਨਿਕਲਿਆ, ਜੋ ਕੁਝ ਇਸ ਵੇਲੇ ਸਾਡੇ ਕੋਲ ਹੈ - ਸਭ ਤੋਂ ਕਮਜ਼ੋਰ ਦੇਸ਼ਾਂ ਵਿਚੋਂ ਇੱਕ ਵਿਚ ਪ੍ਰੋਲਤਾਰੀ ਇਨਕਲਾਬ ਦੀ ਜਿੱਤ, ਜਿਹੜਾ ਦੇਸ਼ ਤਿੰਨ ਸਾਲਾਂ ਤੋਂ ਸਾਰੀ ਦੁਨੀਆਂ ਦੀ ਬਰਜੂਆਜ਼ੀ ਦੇ ਹੱਲਿਆਂ ਨੂੰ ਪਛਾੜ ਰਿਹਾ ਹੈ। ਅਸੀਂ ਦੇਖ ਸਕਦੇ ਹਾਂ ਕਿ ਸਾਰੀ ਦੁਨੀਆਂ ਵਿਚ ਪ੍ਰੋਲਤਾਰੀ ਇਨਕਲਾਬ ਕਿਵੇਂ ਵਿਕਾਸ ਕਰ ਰਿਹਾ ਹੈ। ਤਜ਼ਰਬੇ ਦੇ ਆਧਾਰ 'ਤੇ ਅਸੀਂ ਹੁਣ ਕਹਿੰਦੇ ਹਾਂ ਕਿ ਸਿਰਫ਼ ਪ੍ਰੋਲਤਾਰੀ ਹੀ ਉਹ ਠੋਸ ਤਾਕਤ ਸਿਰਜ ਸਕਦੇ ਸਨ, ਜਿਸ ਦੇ ਮਗਰ ਨਿੱਖੜੀ ਹੋਈ ਤੇ ਬਿਖਰੀ ਹੋਈ ਕਿਸਾਨੀ ਚੱਲ ਰਹੀ ਹੈ ਤੇ ਜਿਸਨੇ ਲੋਟੂਆਂ ਦੇ ਸਾਰੇ ਹਮਲੇ ਝੱਲ ਲਏ ਹਨ। ਸਿਰਫ਼ ਇਹ ਜਮਾਤ ਹੀ ਮਜ਼ਦੂਰ ਜਨਤਾ ਨੂੰ ਇਕਮੁੱਠ ਕਰਨ ਵਿਚ, ਉਨਾਂ ਦੀਆਂ ਸਫਾਂ ਇਕੱਠੀਆਂ ਕਰਨ ਵਿਚ ਤੇ ਕਮਿਊਨਿਸਟ ਸਮਾਜ ਦੀ ਨਿਪਟਾਊ ਤਰਾਂ ਨਾਲ ਰਾਖੀ ਕਰਨ ਵਿਚ, ਇਸਨੂੰ ਨਿਪਟਾਊ ਤਰਾਂ ਨਾਲ ਪੱਕੇ-ਪੈਰੀਂ ਕਰਨ ਵਿਚ ਤੇ ਨਿਪਟਾਊ ਤਰਾਂ ਨਾਲ ਉਸਾਰਨ ਵਿਚ ਸਹਾਇਤਾ ਕਰ ਸਕਦੀ ਹੈ।
ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡੇ ਲਈ ਐਸੀ ਕੋਈ ਚੀਜ਼ ਨਹੀਂ, ਜਿਵੇਂ ਕਿ ਮਨੁੱਖੀ ਸਮਾਜ ਤੋਂ ਬਾਹਰ ਖੜਾ ਇਖਲਾਕ ; ਇਹ ਇੱਕ ਛਲ ਹੈ। ਸਾਡੇ ਲਈ ਇਖਲਾਕ ਪ੍ਰੋਲਤਾਰੀਆਂ ਦੇ ਜਮਾਤੀ ਘੋਲ ਦੇ ਅਧੀਨ ਹੈ।
ਇਸ ਜਮਾਤੀ ਘੋਲ ਵਿਚ ਕੀ ਆਉਂਦਾ ਹੈ? ਇਸ ਵਿਚ ਜ਼ਾਰ ਨੂੰ ਉਲਟਾਉਣਾ, ਸਰਮਾਏਦਾਰਾਂ ਨੂੰ ਉਲਟਾਉਣਾ ਤੇ ਸਰਮਾਏਦਾਰ ਜਮਾਤ ਖ਼ਤਮ ਕਰਨਾ ਆਉਂਦਾ ਹੈ।
ਇਸ ਜਮਾਤੀ ਘੋਲ ਵਿਚ ਕੀ ਆਉਂਦਾ ਹੈ? ਇਸ ਵਿਚ ਜ਼ਾਰ ਨੂੰ ਉਲਟਾਉਣਾ, ਸਰਮਾਏਦਾਰਾਂ ਨੂੰ ਉਲਟਾਉਣਾ ਤੇ ਸਰਮਾਏਦਾਰ ਜਮਾਤ ਖ਼ਤਮ ਕਰਨਾ ਆਉਂਦਾ ਹੈ।
ਆਮ ਤੌਰ 'ਤੇ ਜਮਾਤਾਂ ਕਿਸਨੂੰ ਕਹਿੰਦੇ ਹਨ? ਜਮਾਤਾਂ ਉਹ ਚੀਜ਼ ਹੁੰਦੀਆਂ ਹਨ, ਜਿਹੜੀ ਸਮਾਜ ਦੇ ਇੱਕ ਹਿੱਸੇ ਨੂੰ ਆਗਿਆ ਦੇਂਦੀ ਹੈ ਕਿ ਉਹ ਦੂਜੇ ਹਿੱਸੇ ਦੀ ਕਿਰਤ 'ਤੇ ਕਬਜ਼ਾ ਕਰ ਸਕੇ। ਜੇ ਸਮਾਜ ਦਾ ਇੱਕ ਹਿੱਸਾ ਸਾਰੀ ਜ਼ਮੀਨ 'ਤੇ ਕਬਜ਼ਾ ਕਰ ਲੈਂਦਾ ਹੈ ਤਾਂ ਸਾਡੇ ਸਾਹਮਣੇ ਭੂਮੀਪਤੀ ਜਮਾਤ ਤੇ ਕਿਸਾਨ ਜਮਾਤ ਆਉਂਦੀ ਹੈ। ਜੇ ਸਮਾਜ ਦੇ ਇੱਕ ਹਿੱਸੇ ਕੋਲ ਫੈਕਟਰੀਆਂ, ਕਾਰੋਬਾਰ ਵਿਚ ਹਿੱਸੇ ਤੇ ਸਰਮਾਇਆ ਹੁੰਦਾ ਹੈ, ਜਦ ਕਿ ਦੂਜਾ ਹਿੱਸਾ ਇਨਾਂ ਫੈਕਟਰੀਆਂ ਵਿਚ ਕੰਮ ਕਰਦਾ ਹੈ, ਤਾਂ ਸਾਡੇ ਸਾਹਮਣੇ ਸਰਮਾਏਦਾਰ ਜਮਾਤ ਤੇ ਪ੍ਰੋਲਤਾਰੀ ਜਮਾਤ ਆਉਂਦੀ ਹੈ।
ਜ਼ਾਰ ਨੂੰ ਕੱਢ ਮਾਰਨਾ ਕੋਈ ਮੁਸ਼ਕਿਲ ਨਹੀਂ ਸੀ - ਇਸ ਲਈ ਸਿਰਫ਼ ਕੁਝ ਦਿਨਾਂ ਦੀ ਲੋੜ ਸੀ। ਭੂਮੀਪਤੀਆਂ ਨੂੰ ਕੱਢ ਮਾਰਨਾ ਕੋਈ ਬਹੁਤਾ ਮੁਸ਼ਕਿਲ ਨਹੀਂ ਸੀ - ਇਹ ਕੰਮ ਕੁਝ ਮਹੀਨਿਆਂ ਵਿਚ ਕਰ ਦਿੱਤਾ ਗਿਆ। ਨਾ ਹੀ ਸਰਮਾਏਦਾਰਾਂ ਨੂੰ ਕੱਢ ਮਾਰਨਾ ਕੋਈ ਬਹੁਤਾ ਮੁਸ਼ਕਿਲ ਸੀ। ਪਰ ਜਮਾਤਾਂ ਨੂੰ ਖ਼ਤਮ ਕਰਨਾ ਬੇਮਿਸਾਲ ਤੌਰ 'ਤੇ ਮੁਸ਼ਕਿਲ ਕੰਮ ਹੈ ; ਅਜੇ ਵੀ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਵਿਚਕਾਰ ਵੰਡ ਹੈ। ਜੇ ਕਿਸਾਨ ਨੂੰ ਉਸਦੇ ਜ਼ਮੀਨ ਦੇ ਟੋਟੇ 'ਤੇ ਲਾ ਦਿੱਤਾ ਜਾਂਦਾ ਹੈ ਤੇ ਉਹ ਆਪਣੇ ਵਾਧੂ ਅਨਾਜ ਉੱਪਰ, ਭਾਵ ਉਸ ਅਨਾਜ ਉੱਪਰ ਜਿਸਦੀ ਉਸਨੂੰ ਆਪਣੇ ਲਈ ਜਾਂ ਆਪਣੇ ਪਸ਼ੂਆਂ ਲਈ ਲੋੜ ਨਹੀਂ, ਕਬਜ਼ਾ ਜਮਾ ਬੈਠਦਾ ਹੈ, ਜਦ ਕਿ ਬਾਕੀ ਦੇ ਲੋਕਾਂ ਨੂੰ ਰੋਟੀ ਤੋਂ ਵੀ ਬਿਨਾਂ ਰਹਿਣਾ ਪੈਂਦਾ ਹੈ, ਤਾਂ ਉਹ ਕਿਸਾਨ ਲੋਟੂ ਬਣ ਜਾਂਦਾ ਹੈ, ਜਿੰਨਾ ਜ਼ਿਆਦਾ ਅਨਾਜ ਉਹ ਜੋੜ ਸਕਦਾ ਹੈ, ਓਨਾ ਜ਼ਿਆਦਾ ਮੁਨਾਫ਼ਾ ਉਸਨੂੰ ਹੁੰਦਾ ਹੈ ; ਜਿੱਥੋਂ ਤੱਕ ਬਾਕੀ ਲੋਕਾਂ ਦਾ ਸਵਾਲ ਹੈ, ਉਨਾਂ ਨੂੰ ਭੁੱਖੇ ਮਰਨ ਦਿਓ : ''ਜਿੰਨਾ ਜ਼ਿਆਦਾ ਉਹ ਭੁੱਖੇ ਮਰਨਗੇ, ਓਨਾ ਮਹਿੰਗਾ ਮੈਂ ਅਨਾਜ ਵੇਚ ਸਕਦਾ ਹਾਂ।'' ਸਾਰਿਆਂ ਨੂੰ ਇੱਕੋ ਇੱਕ ਸਾਂਝੀ ਯੋਜਨਾ ਅਨੁਸਾਰ, ਸਾਂਝੀ ਜ਼ਮੀਨ ਉੱਤੇ, ਸਾਂਝੀਆਂ ਫੈਕਟਰੀਆਂ ਵਿਚ ਤੇ ਇੱਕ ਸਾਂਝੀ ਪ੍ਰਣਾਲੀ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ। ਕੀ ਇਹ ਪ੍ਰਾਪਤ ਕਰਨਾ ਸੌਖਾ ਹੈ? ਤੁਸੀਂ ਦੇਖ ਸਕਦੇ ਹੋ ਕਿ ਇਹ ਏਨਾ ਸੌਖਾ ਨਹੀਂ, ਜਿੰਨਾ ਜ਼ਾਰ ਨੂੰ, ਭੂਮੀਪਤੀਆਂ ਤੇ ਸਰਮਾਏਦਾਰਾਂ ਨੂੰ ਕੱਢ ਮਾਰਨਾ ਸੌਖਾ ਸੀ। ਲੋੜ ਇਸ ਚੀਜ਼ ਦੀ ਹੈ ਕਿ ਪ੍ਰੋਲਤਾਰੀ ਕਿਸਾਨੀ ਦੇ ਇੱਕ ਹਿੱਸੇ ਨੂੰ ਮੁੜ-ਵਿੱਦਿਆ ਦੇਣ; ਉਨਾਂ ਕਿਸਾਨਾਂ ਦੇ ਵਿਰੋਧ ਨੂੰ ਕੁਚਲਣ ਲਈ, ਜਿਹੜੇ ਅਮੀਰ ਹਨ ਤੇ ਬਾਕੀ ਲੋਕਾਂ ਦੀ ਕੰਗਾਲੀ ਤੇ ਥੁੜ ਤੋਂ ਮੁਨਾਫ਼ਾ ਕਮਾ ਰਹੇ ਹਨ, ਕੰਮ ਕਰਦੇ ਕਿਸਾਨਾਂ ਨੂੰ ਆਪਣੇ ਵੱਲ ਖਿੱਚਣਾ ਚਾਹੀਦਾ ਹੈ। ਇਸ ਲਈ ਸਾਡੇ ਵੱਲੋਂ ਜ਼ਾਰ ਨੂੰ ਉਲਟਾਉਣ ਤੇ ਭੂਮੀਪਤੀਆਂ ਤੇ ਸਰਮਾਏਦਾਰਾਂ ਨੂੰ ਕੱਢ ਮਾਰਨ ਤੋਂ ਪਿੱਛੋਂ ਪ੍ਰੋਲਤਾਰੀ ਘੋਲ ਦਾ ਕਾਰਜ ਪੂਰੀ ਤਰਾਂ ਨੇਪਰੇ ਨਹੀਂ ਚੜ ਗਿਆ। ਇਸਨੂੰ ਨੇਪਰੇ ਚੜਾਉਣਾ ਉਸ ਪ੍ਰਬੰਧ ਦਾ ਕਰਤੱਵ ਹੈ, ਜਿਸਨੂੰ ਅਸੀਂ ਪ੍ਰੋਲਤਾਰੀਆਂ ਦੀ ਡਿਕਟੇਟਰਸ਼ਿਪ ਕਹਿੰਦੇ ਹਾਂ।
ਜਮਾਤੀ ਘੋਲ ਜਾਰੀ ਹੈ; ਇਸਨੇ ਸਿਰਫ਼ ਰੂਪ ਬਦਲ ਲਏ ਹਨ। ਇਹ ਪੁਰਾਣੇ ਲੋਟੂਆਂ ਦੀ ਵਾਪਸੀ ਨੂੰ ਰੋਕਣ ਲਈ, ਅਬੋਧ ਕਿਸਾਨਾਂ ਦੇ ਖਿਲਰੇ ਹੋਏ ਜਨਸਮੂਹਾਂ ਨੂੰ ਇੱਕੋ-ਇੱਕ ਯੂਨੀਅਨ ਵਿਚ ਇਕਮੁੱਠ ਕਰਨ ਲਈ ਪ੍ਰੋਲਤਾਰੀਆਂ ਦਾ ਜਮਾਤੀ ਘੋਲ ਹੈ। ਜਮਾਤੀ ਘੋਲ ਜਾਰੀ ਹੈ ਤੇ ਸਾਰੇ ਹਿਤਾਂ ਨੂੰ ਇਸ ਘੋਲ ਦੇ ਅਧੀਨ ਕਰ ਦੇਣਾ ਸਾਡਾ ਕਰਤੱਵ ਹੈ। ਸਾਡਾ ਕਮਿਊਨਿਸਟ ਇਖਲਾਕ ਵੀ ਉਸੇ ਕਰਤੱਵ ਦੇ ਅਧੀਨ ਹੈ।
ਅਸੀਂ ਕਹਿੰਦੇ ਹਾਂ : ਇਖਲਾਕ ਉਹ ਹੈ ਜਿਹੜਾ ਪੁਰਾਣੇ ਲੋਟੂ ਸਮਾਜ ਨੂੰ ਤਬਾਹ ਕਰਨ ਵਿਚ ਤੇ ਸਾਰੇ ਕਿਰਤੀ ਲੋਕਾਂ ਨੂੰ ਪ੍ਰੋਲਤਾਰੀਆਂ ਦੁਆਲੇ ਜੋੜਨ ਵਿਚ ਸਹਾਈ ਹੁੰਦਾ ਹੈ, ਜਿਹੜੇ ਪ੍ਰੋਲਤਾਰੀ ਕਿ ਨਵਾਂ, ਕਮਿਊਨਿਸਟ ਸਮਾਜ ਉਸਾਰ ਰਹੇ ਹਨ।
ਕਮਿਊਨਿਸਟ ਇਖਲਾਕ ਉਸਨੂੰ ਕਹਿੰਦੇ ਹਨ ਜਿਹੜਾ ਇਸ ਘੋਲ ਵਿਚ ਸਹਾਈ ਹੁੰਦਾ ਤੇ ਸਭ ਲੁੱਟ-ਖਸੁਟ ਦੇ ਖ਼ਿਲਾਫ਼, ਸਭ ਤੁਛ ਨਿੱਜੀ ਮਲਕੀਅਤ ਦੇ ਖ਼ਿਲਾਫ਼ ਮਜ਼ਦੂਰ ਲੋਕਾਂ ਨੂੰ ਇਕਮੁੱਠ ਕਰਦਾ ਹੈ; ਕਿਉਂਕਿ ਤੁਛ ਜਾਇਦਾਦ ਇੱਕ ਆਦਮੀ ਦੇ ਹੱਥਾਂ ਵਿਚ ਉਹ ਚੀਜ਼ ਦੇ ਦੇਂਦੀ ਹੈ, ਜਿਸਨੂੰ ਸਾਰੇ ਸਮਾਜ ਦੀ ਕਿਰਤ ਨੇ ਸਿਰਜਿਆ ਹੈ। ਸਾਡੇ ਦੇਸ਼ ਵਿਚ ਜ਼ਮੀਨ ਸਾਂਝੀ ਮਲਕੀਅਤ ਹੈ।
ਪਰ ਫ਼ਰਜ਼ ਕਰੋ ਕਿ ਮੈਂ ਇਹ ਸਾਂਝੀ ਮਲਕੀਅਤ ਦਾ ਇੱਕ ਟੋਟਾ ਲੈਂਦਾ ਹਾਂ ਤੇ ਇਸ ਤੋਂ ਆਪਣੀ ਲੋੜ ਨਾਲੋਂ ਦੁੱਗਣਾ ਅਨਾਜ ਪੈਦਾ ਕਰਦਾ ਹਾਂ ਤੇ ਵਾਧੂ ਅਨਾਜ ਉੱਤੇ ਮੁਨਾਫ਼ੇਖੋਰੀ ਕਰਦਾ ਹਾਂ? ਫ਼ਰਜ਼ ਕਰੋ ਕਿ ਮੈਂ ਇਹ ਦਲੀਲ ਦੇਂਦਾ ਹਾਂ ਕਿ ਜਿੰਨੇ ਜ਼ਿਆਦਾ ਭੁੱਖੇ ਮਰਦੇ ਲੋਕ ਹੋਣਗੇ, ਓਨੀ ਜ਼ਿਆਦਾ ਉਹ ਕੀਮਤ ਅਦਾ ਕਰਨਗੇ? ਕੀ ਮੈਂ ਫਿਰ ਇੱਕ ਕਮਿਊਨਿਸਟ ਵਾਂਗ ਵਿਵਹਾਰ ਕਰ ਰਿਹਾ ਹੋਵਾਂਗਾ? ਨਹੀਂ, ਮੈਂ ਇੱਕ ਲੋਟੂ ਵਾਂਗ, ਇੱਕ ਮਾਲਕ ਵਾਂਗ ਵਿਹਾਰ ਕਰ ਰਿਹਾ ਹੋਵਾਂਗਾ। ਇਸਦਾ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਜੇ ਇਸਨੂੰ ਚਲਦੇ ਰਹਿਣ ਦੀ ਆਗਿਆ ਦੇ ਛੱਡੀ ਤਾਂ ਚੀਜ਼ਾਂ ਫਿਰ ਵਾਪਸ ਸਰਮਾਏਦਾਰਾਂ ਦੀ ਹਕੂਮਤ ਵੱਲ, ਬੁਰਜੂਆਜ਼ੀ ਦੀ ਹਕੂਮਤ ਵੱਲ ਮੁੜ ਪੈਣਗੀਆਂ, ਜਿਵੇਂ ਪਿਛਲੇ ਇਨਕਲਾਬਾਂ ਵਿਚ ਇੱਕ ਤੋਂ ਬਹੁਤੀ ਵਾਰੀ ਵਾਪਰਿਆ ਹੈ। ਸਰਮਾਏਦਾਰਾਂ ਵਿਚ ਇੱਕ ਤੋਂ ਬਹੁਤੀ ਵਾਰੀ ਵਾਪਰਿਆ ਹੈ। ਸਰਮਾਏਦਾਰਾਂ ਤੇ ਬੁਰਜੂਆਜ਼ੀ ਦੀ ਹਕੂਮਤ ਦੀ ਮੁੜ-ਬਹਾਲੀ ਨੂੰ ਰੋਕਣ ਲਈ, ਸਾਨੂੰ ਮੁਨਾਫ਼ੇਖੋਰੀ ਦੀ ਆਗਿਆ ਨਹੀਂ ਦੇਣੀ ਚਾਹੀਦੀ; ਸਾਨੂੰ ਇਹ ਆਗਿਆ ਨਹੀਂ ਦੇਣੀ ਚਾਹੀਦੀ ਕਿ ਵਿਅਕਤੀ ਬਾਕੀ ਲੋਕਾਂ ਦੀ ਕੀਮਤ ਉੱਤੇ ਆਪਣੇ ਆਪ ਨੂੰ ਧਨਾਢ ਬਨਾਉਣ; ਕਿਰਤੀ ਲੋਕਾਂ ਨੂੰ ਪ੍ਰੋਲਤਾਰੀਆਂ ਨਾਲ ਇਕਮੁੱਠ ਹੋ ਜਾਣਾ ਚਾਹੀਦਾ ਹੈ ਤੇ ਕਮਿਊਨਿਸਟ ਸਮਾਜ ਬਣਾਉਣਾ ਚਾਹੀਦਾ ਹੈ। ਇਹ ਕਮਿਊਨਿਸਟ ਨੌਜਵਾਨਾਂ ਦੀ ਲੀਗ ਦੇ ਜਥੇਬੰਦੀ ਦੇ ਬੁਨਿਆਦੀ ਕਰਤੱਵ ਦਾ ਮੁੱਖ ਲੱਛਣ ਹੈ।
ਪੁਰਾਣਾ ਸਮਾਜ ਇਸ ਅਸੂਲ ਉੱਪਰ ਆਧਾਰਤ ਸੀ : ਲੁੱਟੋ ਜਾਂ ਲੁੱਟੇ ਜਾਓ : ਦੂਜਿਆਂ ਲਈ ਕੰਮ ਕਰੋ ਜਾਂ ਦੂਜਿਆਂ ਨੂੰ ਆਪਣੇ ਲਈ ਕੰਮ ਕਰਨ 'ਤੇ ਮਜ਼ਬੂਰ ਕਰੋ; ਗ਼ੁਲਾਮ-ਮਾਲਕ ਬਣੋ ਜਾਂ ਗ਼ੁਲਾਮ ਬਣੋ। ਕੁਦਰਤੀ ਤੌਰ 'ਤੇ, ਇਹੋ ਜਿਹੇ ਸਮਾਜ ਵਿਚ ਪਲੇ ਲੋਕ, ਕਿਹਾ ਜਾ ਸਕਦਾ ਹੈ, ਮਾਂ ਦੇ ਦੁੱਧ ਨਾਲ ਹੀ ਉਸ ਮਨੋਅਵਸਥਾ, ਆਦਤ, ਉਸ ਸੰਕਲਪ ਨੂੰ ਆਪਣੇ ਅੰਦਰ ਰਚਾਉਂਦੇ ਹਨ ਜਿਹੜਾ ਕਹਿੰਦਾ ਹੈ : ਤੁਸੀਂ ਜਾਂ ਗ਼ੁਲਾਮ-ਮਾਲਕ ਹੋ ਜਾਂ ਗ਼ੁਲਾਮ ਹੋ, ਜਾਂ ਫਿਰ ਨਿੱਕੇ ਮਾਲਕ, ਤੁੱਛ ਕਰਮਚਾਰੀ, ਮਾਮੂਲੀ ਜਿਹੇ ਅਫ਼ਸਰ, ਜਾਂ ਇੱਕ ਬੁੱਧੀਮਾਨ ਹੋ - ਮਤਲਬ ਕੀ ਕਿ ਐਸੇ ਆਦਮੀ ਹੋ ਜਿਹੜਾ ਸਿਰਫ਼ ਆਪਣੇ ਨਾਲ ਸੰਬੰਧਤ ਹੈ, ਤੇ ਕਿਸੇ ਹੋਰ ਦੀ ਜ਼ਰਾ ਵੀ ਪ੍ਰਵਾਹ ਨਹੀਂ ਕਰਦਾ।
(ਚੱਲਦਾ )

No comments:
Post a Comment