Search This Blog

Saturday, October 17, 2020

ਚੇ ਗੁਵਾਰਾ ਦੀ ਗੁਰੀਲਾ ਫੌਜੀ ਟੋਪੀ ਵਾਲੀ ਤਸਵੀਰ ਦੀ ਵਾਰਤਾ

ਚੇ ਗੁਵਾਰਾ

ਚੇ ਗੁਵਾਰਾ ਦੀ ਪੰਜ ਨੁਕਰਾ ਲਾਲ ਤਾਰੇ ਵਾਲੀ ਗੁਰੀਲਾ ਫੌਜੀ ਟੋਪੀ ਪਹਿਨੀ ਹੋਈ ਤਸਵੀਰ ਦੁਨੀਆਂ ਦੀ ਵਸੋਂ ਦੇ ਵੱਡੇ ਹਿੱਸੇ ਨੇ ਜਰੂਰ ਦੇਖੀ ਹੋਵੇਗੀ। ਇਸ ਤਸਵੀਰ ਵਿੱਚ ਚੇ ਤਿਰਛਾ ਅਤੇ ਥੋੜਾ ਉਤਾਂਹ ਵੱਲ ਮੂੰਹ ਕਰਕੇ ਗੰਭੀਰ ਅੰਦਾਜ
'ਚ ਖੜਾ ਦਿਖਾਈ ਦਿੰਦਾ ਹੈ। ਚੇ ਦੀ ਇਸ ਅਸਲ ਤਸਵੀਰ ਤੋਂ ਐਡਿਟ ਕੀਤੀ ਤਸਵੀਰ ਦੀਆਂ ਵੀ ਅਨੇਕਾਂ ਵੰਨਗੀਆਂ ਦੇਖਣ ਨੂੰ ਮਿਲਦੀਆਂ ਹਨ। ਅੱਜ ਇਹ ਤਸਵੀਰ ਸੰਸਾਰ ਪ੍ਰਸਿੱਧ ਤਸਵੀਰਾਂ ਵਿੱਚ ਸ਼ੁਮਾਰ ਹੈ। ਤਸਵੀਰ ਜੋ ਹਰ ਤਰ੍ਹਾਂ ਦੀਆਂ ਵਲਗਣਾਂ ਤੋਂ ਉਪਰ ਉੱਠਕੇ ਅੰਬਰ ਵਿੱਚ ਸਿਤਾਰੇ ਵਾਂਗ ਚਮਕ ਰਹੀ ਹੈ। ਇਸਦੀ ਪ੍ਰਸਿੱਧੀ ਇਸ ਕਦਰ ਹੈ ਕਿ ਇਹ ਹਰੇਕ ਤੇ ਆਪਣੀ ਛਾਪ ਛੱਡਦੀ ਹੈ। ਇਸਦਾ ਜਾਦੂ ਦੁਨੀਆਂ ਭਰ ਵਿੱਚ ਦਿਨ-ਬ-ਦਿਨ ਹੋਰ ਵੱਧ ਅਸਰ-ਅੰਦਾਜ਼ ਹੋ ਰਿਹਾ ਹੈ।

ਜਨਰਲ ਹੈਡਕੁਆਟਰ ਦਫਤਰ ਦੇ ਇੰਚਾਰਜ ਸੀਲੀਆ ਸੰਚੇਜ ਨੇ ਚੇ ਨੂੰ ਪੰਜ ਨੁਕਰਾ ਲਾਲ ਤਾਰਾ ਸਨਮਾਨ ਵਜ਼ੋਂ ਭੇਂਟ ਕੀਤਾ ਸੀ, ਜਿਸਨੂੰ ਉਹ ਆਪਣੀ ਟੋਪੀ ਉਪਰ ਲਗਾਕੇ ਰੱਖਦਾ ਸੀ। ਚੇ ਗੁਵਾਰਾ ਦੀ ਇਹ ਤਸਵੀਰ ਕਿਊਬਾ ਦੇ ਇਕ ਸਟੂਡੀਓ ਵਿੱਚ ਕਈ ਵਰ੍ਹੇ ਅਣਗੌਲੀ ਹੀ ਪਈ ਰਹੀ। ਇਹ ਤਸਵੀਰ ਕਿਊਬਾ ਦੇ ਫੈਸ਼ਨ ਫੋਟੋਗ੍ਰਾਫਰ ਅਲਬੇਰਤੋ ਦਿਆ ਗੁਤੇਰੇਜ਼ ਨੇ 5 ਮਾਰਚ 1960 ਨੂੰ ਖਿੱਚੀ ਸੀ। ਅਲਬੇਰਤੋ ਦਿਆ ਗੁਤੇਰੇਜ਼ ਨੇ ਆਪਣਾ ਨਾਮ ਬਦਲ ਕੇ ਅਲਬੇਰਤੋ ਕੋਰਦਾ ਰੱਖ ਲਿਆ। ਉਸਨੂੰ ਸੰਸਾਰ ਭਰ ਵਿੱਚ ਇਸੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਕੋਰਦਾ ਨੂੰ ਔਰਤਾਂ ਦਾ ਝੱਸ ਸੀ ਅਤੇ ਇਸੇ ਝੱਸ ਲਈ ਉਸਨੇ ਫੈਸ਼ਨ ਫੋਟੋਗ੍ਰਾਫੀ ਦਾ ਕਿੱਤਾ ਚੁਣਿਆ ਸੀ। ਕੋਰਦਾ ਇੱਕ ਸਧਾਰਨ ਪਿਛੋਕੜ ਵਾਲਾ ਵਿਅਕਤੀ ਸੀ ਪਰੰਤੂ ਕਿਊਬਨ ਇਨਕਲਾਬ ਅਤੇ ਚੇ ਦੀ ਇਸ ਤਸਵੀਰ ਨੇ ਨਾ ਸਿਰਫ ਉਸਨੂੰ ਪ੍ਰਸਿੱਧ ਫੋਟੋਗ੍ਰਾਫਰ ਦੇ ਤੌਰ ਤੇ ਪ੍ਰਸਿੱਧੀ ਬਖਸ਼ੀ ਬਲਕਿ ਬਾਅਦ ਵਿੱਚ ਉਹ ਇਨਕਲਾਬੀ ਵਿਚਾਰਧਾਰਾ ਨਾਲ ਵੀ ਨੇੜਿਓਂ ਜੁੜਿਆ ਰਿਹਾ।

5 ਮਾਰਚ 1960 ਨੂੰ ਕਿਊਬਾ ਦੇ ਸ਼ਹਿਰ ਹਵਾਨਾ ਵਿੱਚ 'ਲਾ ਕੂਬਰੇ' ਨਾਂ ਦੇ ਫਰੈਂਚ ਬੇੜੇ ਦੁਆਰਾ ਕੀਤੇ ਕਾਤਲਾਨਾ ਹਮਲੇ ਵਿੱਚ ਮਾਰੇ ਗਏ 139 ਲੋਕਾਂ ਦੀ ਯਾਦ ਵਿੱਚ ਇੱਕ ਸੋਗ ਸਮਾਗਮ ਰੱਖਿਆ ਗਿਆ ਸੀ। ਇਸ ਸਮੇਂ ਹਵਾਨਾ ਦੀਆਂ ਸੜਕਾਂ ਉੱਤੇ ਹਜ਼ਾਰਾਂ ਲੋਕ ਇਸ ਫਰੈਂਚ ਹਮਲੇ ਦਾ ਵਿਰੋਧ ਕਰ ਰਹੇ ਸਨ। ਕਿਊਬਾ ਦੀ ਕਮਿਊਨਿਸਟ ਪਾਰਟੀ ਨੇ ਇਸਦੇ ਵਿਰੋਧ ਅਤੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇੱਕ ਸਮਾਗਮ ਦਾ ਸੱਦਾ ਦਿੱਤਾ। ਇਸ ਦੌਰਾਨ ਫੀਦਲ ਕਾਸਤਰੋ, ਸੀਮੋਨ ਦਾ ਬੂਅਰ, ਚੇ ਗੁਵਾਰਾ ਅਤੇ ਮਸ਼ਹੂਰ ਫਰੈਂਚ ਲੇਖਕ ਜੀਆਂ ਪਾਲ ਸਾਰਤਰੇ ਇਸ ਸਮਾਗਮ ਵਿੱਚ ਹਾਜ਼ਰ ਸਨ। ਉਸ ਦਿਨ ਕੋਰਦਾ ਵੀ ਇਸ ਸਮਾਗਮ ਵਿੱਚ ਹਾਜ਼ਰ ਸੀ। ਉਹ 'ਰੈਵੋਲਿਊਸ਼ਨ' ਅਖਬਾਰ ਲਈ ਕੰਮ ਕਰਦਾ ਸੀ ਅਤੇ ਅਖਬਾਰ ਵੱਲੋਂ ਉਸਦੀ ਡਿਊਟੀ ਇਸ ਸਮਾਗਮ ਦੀਆਂ ਤਸਵੀਰਾਂ ਲੈਣ ਲਈ ਲਗਾਈ ਗਈ ਸੀ। ਸਟੇਜ ਉੱਪਰ ਫੀਦਲ ਕਾਸਤਰੋ ਭਾਸ਼ਣ ਦੇ ਰਿਹਾ ਸੀ। ਫੀਦਲ ਇਸ ਸਮੇਂ ਸੀ. ਆਈ. ਏ. ਨੂੰ ਉਹਨਾਂ ਦੀ ਸਰਕਾਰ ਨੂੰ ਸਾਬੋਤਾਜ਼ ਕਰਨ ਲਈ ਜਿੰਮੇਵਾਰ ਠਹਿਰਾਅ ਰਿਹਾ ਸੀ। ਅਤੇ ਇਸ ਮੌਕੇ ਸੀਮੋਨ ਦਾ ਬੂਅਰ, ਜਿਆਂ ਪਾਲ ਸਾਰਤਰੇ ਸਮੇਤ ਕਈ ਆਗੂ ਸਟੇਜ ਉੱਤੇ ਹਾਜਰ ਸਨ। ਅਤੇ ਚੇ ਗੁਵਾਰਾ ਸਟੇਜ ਦੇ ਪਿੱਛੇ ਖੜਾ ਸੀ। ਉਹ ਮਾਰੇ ਗਏ ਲੋਕਾਂ ਦੀ ਦੁੱਖ ਅਤੇ ਪੀੜਾ ਨਾਲ ਭਰਿਆ ਖੜਾ ਸੀ। ਜਿਉਂ ਹੀ ਕੋਰਦਾ ਦੀ ਨਜ਼ਰ ਚੇ ਗੁਵਾਰਾ ਉੱਤੇ ਪਈ ਤਾਂ ਉਸਨੇ ਚੇ ਦੀਆਂ ਦੋ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ। ਸਮਾਗਮ ਦੀ ਸਮਾਪਤੀ ਬਾਅਦ ਕੋਰਦਾ ਨੇ ਆਪਣੇ ਸਟੂਡੀਓ ਵਿੱਚ ਆ ਕੇ ਅਖਬਾਰ ਲਈ ਚੇ ਦੀ ਤਸਵੀਰ ਦੇ ਕਈ ਪ੍ਰਿੰਟ ਤਿਆਰ ਕੀਤੇ। ਉਸਨੇ ਸਮਾਗਮ ਦੀਆਂ ਹੋਰ ਤਸਵੀਰਾਂ ਸਮੇਤ ਚੇ ਦੀ ਇਹ ਤਸਵੀਰ ਵੀ ਅਖਬਾਰ ਨੂੰ ਭੇਜ ਦਿੱਤੀ। ਪਰੰਤੂ ਅਖਬਾਰ ਨੇ ਚੇ ਦੀ ਇਹ ਤਸਵੀਰ ਨਹੀਂ ਛਾਪੀ। ਅਗਲੇ ਦਿਨ ਅਖਬਾਰ ਵਿੱਚ ਸਮਾਗਮ ਦੀ ਰਿਪੋਰਟ ਸਮੇਤ ਫੀਦਲ, ਸੀਮੋਨ ਅਤੇ ਸਾਰਤਰੇ ਦੀਆਂ ਤਸਵੀਰਾਂ ਛਾਪੀਆਂ ਗਈਆਂ। ਕੋਰਦਾ ਨੇ ਚੇ ਦੀ ਇਸ ਤਸਵੀਰ ਦੇ ਵੱਡੇ ਪ੍ਰਿੰਟ ਲੈ ਕੇ ਇਸਨੂੰ ਆਪਣੇ ਸਟੂਡਿਓ ਵਿੱਚ ਲਾ ਲਿਆ। ਕਾਫੀ ਸਮਾਂ ਕੋਰਦਾ ਇਹ ਤਸਵੀਰ ਆਪਣੇ ਦੋਸਤਾਂ ਨੂੰ ਸੌਗਾਤ ਵਜੋਂ ਦਿੰਦਾ ਰਿਹਾ ਪਰੰਤੂ ਕਿਸੇ ਨੇ ਵੀ ਇਸ ਤਸਵੀਰ ਨੂੰ ਗੌਹ ਨਾਲ ਨਹੀਂ ਵਾਚਿਆ। ਕਈ ਸਾਲਾਂ ਬਾਅਦ 1967 'ਚ ਗਿਆਨਕੋਮੋ ਫਲਤ੍ਰੀਨੇਲੀ ਨਾਮ ਦਾ ਇੱਕ ਪ੍ਰਕਾਸ਼ਕ ਕਿਊਬਾ ਆਇਆ ਤਾਂ ਕਿਊਬਾ ਸਰਕਾਰ ਨੇ ਕੋਰਦਾ ਨੂੰ ਚੇ ਦੀ ਫੋਟੋ ਲਈ ਉਸਦੀ ਮੱਦਦ ਕਰਨ ਲਈ ਕਿਹਾ। ਕੋਰਦਾ ਨੇ ਫਲਤ੍ਰੀਨੇਲੀ ਨੂੰ ਸਟੂਡਿਓ ਬੁਲਾਕੇ ਚੇ ਦੀ ਇੱਕ ਤਸਵੀਰ ਦਿੰਦਿਆਂ ਕਿਹਾ ਕਿ ਇਹ ਚੇ ਦੀ ਸਭ ਤੋਂ ਵਧੀਆ ਤਸਵੀਰ ਹੈ। ਫਲਤ੍ਰੀਨੇਲੀ ਨੇ ਕੋਰਦਾ ਨੂੰ ਇਸ ਫੋਟੋ ਦੇ ਦੋ ਪ੍ਰਿੰਟ ਤਿਆਰ ਕਰਨ ਲਈ ਕਿਹਾ। ਦੂਜੇ ਦਿਨ ਜਦੋਂ ਫਲਤ੍ਰੀਨੇਲੀ ਇਹ ਪ੍ਰਿੰਟ ਲੈਣ ਲਈ ਸਟੂਡਿਓ ਆਇਆ ਤਾਂ ਕੋਰਦਾ ਨੇ ਉਸਨੂੰ ਕਿਊਬਨ ਇਨਕਲਾਬ ਦਾ ਹਮਾਇਤੀ ਹੋਣ ਕਰਕੇ ਬਿਨਾਂ ਪੈਸੇ ਲਏ ਇਹ ਪ੍ਰਿੰਟ ਉਸਦੇ ਹੱਥ ਵਿੱਚ ਸੌਂਪ ਦਿੱਤੇ। ਪ੍ਰਕਾਸ਼ਕ ਨੂੰ ਦਿੱਤੀ ਇਹ ਤਸਵੀਰ ਪਹਿਲੀ ਵਾਰ 'ਪੈਰਿਸ ਮੈੱਚ' ਨਾਮ ਦੇ ਮੈਗਜ਼ੀਨ ਵਿੱਚ ਛਪੀ। ਇਸ ਮੈਗਜ਼ੀਨ ਵਿੱਚ ਚੇ ਦੀ ਇਸ ਤਸਵੀਰ ਦੇ ਨਾਲ ‘Les Gurrilleros’ (The guerrilla) ਸਿਰਲੇਖ ਹੇਠ ਇਕ ਲੇਖ ਵੀ ਛਪਿਆ ਸੀ। ਇੱਥੋਂ ਹੀ ਚੇ ਦੀ ਇਹ ਤਸਵੀਰ ਦੁਨੀਆ ਭਰ ਵਿੱਚ ਰਾਤੋ-ਰਾਤ ਫੈਲ ਗਈ ਅਤੇ ਜਲਦੀ ਹੀ ਸੰਸਾਰ ਪ੍ਰਸਿੱਧ ਤਸਵੀਰਾਂ ਵਿੱਚ ਸ਼ੁਮਾਰ ਹੋ ਗਈ। ਇਸ ਤਸਵੀਰ ਦੇ ਵਾਇਰਲ ਹੋਣ ਬਾਅਦ ਦੁਨੀਆਂ ਭਰ ਦੇ ਫੋਟੋਗ੍ਰਾਫਰਾਂ ਨੇ ਇਸਨੂੰ ਐਡਿਟ ਅਤੇ ਕਰੌਪ ਕਰਕੇ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਸਲੀ ਤਸਵੀਰ ਵਿੱਚ ਚੇ ਦੇ ਸਾਹਮਣੇ ਇੱਕ ਪਾਸੇ ਖੜੇ ਇੱਕ ਵਿਅਕਤੀ ਦਾ ਅੱਧਾ ਚਿਹਰਾ ਦਿਖਾਈ ਦਿੰਦਾ ਹੈ ਅਤੇ ਇਸਦੇ ਦੂਜੇ ਪਾਸੇ ਕਿਸੇ ਸਜਾਵਟੀ ਬੂਟੇ ਦੇ ਪੱਤੇ ਦਿਖਾਈ ਦਿੰਦੇ ਹਨ।

ਇਸਤੋਂ ਬਾਅਦ ਦੁਨੀਆਂ ਭਰ ਵਿੱਚ ਇਸ ਤਸਵੀਰ ਦੇ ਧੜਾਧੜ ਪੋਸਟਰ ਬਣਾਕੇ ਵੇਚੇ ਜਾਣ ਲੱਗੇ। ਇਸਦੇ ਕਾਪੀਰਾਇਟ ਦੀ ਪ੍ਰਵਾਹ ਕੀਤੇ ਬਿਨਾਂ, ਕੋਰਦਾ ਤੋਂ ਪ੍ਰਵਾਨਗੀ ਲਏ ਬਿਨਾਂ ਅਤੇ ਚੇ ਦੇ ਪਰਿਵਾਰ ਨੂੰ ਸੂਚਿਤ ਕੀਤੇ ਬਿਨਾਂ ਮਨਚਾਹੇ ਢੰਗ ਨਾਲ ਇਸ ਤਸਵੀਰ ਦੀ ਵਰਤੋਂ ਕੀਤੀ ਜਾਣ ਲੱਗੀ। ਚੇ ਦੀ ਧੀ ਆਲੀਦਾ ਗੁਵਾਰਾ ਦਾ ਕਹਿਣਾ ਹੈ ਕਿ ਫੈਸ਼ਨ ਦੇ ਉਦੇਸ਼ ਲਈ ਉਸਦੇ ਪਿਤਾ ਦੀ ਫੋਟੋ ਦਾ ਸਰਵਵਿਆਪੀ ਸ਼ੋਸ਼ਣ ਹੋਇਆ ਹੈ। ਕੋਰਦਾ ਵੀ ਚੇ ਦੀ ਤਸਵੀਰ ਦੀ ਹੋ ਰਹੀ ਦੁਰਗਤੀ ਤੋਂ ਤੰਗ ਸੀ। ਇੱਕ ਵਾਰ ਸੰਨ 2000 ਵਿੱਚ Smirnoff (ਵੋਦਕਾ ਕੰਪਨੀ) ਵੱਲੋਂ ਚੇ ਦੀ ਤਸਵੀਰ ਦੀ ਵਰਤੋਂ ਸਬੰਧੀ ਕੰਪਨੀ ਤੇ ਮੁਕੱਦਮਾ ਦਰਜ ਕਰਦੇ ਹੋਏ ਕੋਰਦਾ ਨੇ ਕਿਹਾ ਕਿ, 'ਚੇ ਗੁਵਾਰਾ ਦੇ ਆਦਰਸ਼ਾਂ, ਜਿਹਨਾਂ ਲਈ ਉਹ ਕੁਰਬਾਨ ਹੋਇਆ, ਦਾ ਸਮਰਥਕ ਹੋਣ ਦੇ ਨਾਤੇ ਉਸਦੀ ਕਾਪੀ ਕਰਨ ਦੇ ਖਿਲਾਫ ਨਹੀਂ ਹਾਂ। ਉਹਨਾਂ ਦੇ ਖਾਸ ਕਰਕੇ ਜੋ ਉਹਨਾਂ ਦੀ ਯਾਦ ਦਾ ਪਸਾਰਾ ਕਰਨਾ ਚਾਹੁੰਦੇ ਹਨ। ਅਤੇ ਜੋ ਸੰਸਾਰ ਭਰ ਵਿੱਚ ਸਮਾਜਿਕ ਨਿਆਂ ਦਾ ਕਾਰਜ ਕਰ ਰਹੇ ਹਨ। ਪਰ ਮੈਂ ਸਪੱਸ਼ਟ ਤੌਰ ਤੇ ਚੇ ਦੀ ਤਸਵੀਰ ਦੇ ਸ਼ੋਸ਼ਣ, ਅਲਕੋਹਲ ਵਰਗੇ ਪ੍ਰੋਹਤਸਾਹਨ ਲਈ, ਜਾਂ ਕਿਸੇ ਵੀ ਮੰਤਵ ਲਈ ਜੋ ਚੇ ਦੀ ਪ੍ਰਸਿੱਧੀ ਦਾ ਖੰਡਨ ਕਰਦਾ ਹੈ, ਦੇ ਖਿਲਾਫ ਹਾਂ।' ਕੋਰਦਾ ਨੂੰ ਇਸ ਕੇਸ ਵਿੱਚ ਅਦਾਲਤੀ ਫੈਸਲੇ ਮੁਤਾਬਕ 50,000 ਡਾਲਰ ਦੀ ਰਾਸ਼ੀ ਮਿਲੀ ਜਿਹੜੀ ਉਸਨੇ ਕਿਊਬਾ ਦੇ ਸਿਹਤ-ਸੰਭਾਲ ਪ੍ਰਬੰਧ ਨੂੰ ਦਾਨ ਕਰ ਦਿੱਤੀ। ਇਸ ਮੌਕੇ ਉਸਨੇ ਕਿਹਾ, 'ਜੇਕਰ ਚੇ ਅੱਜ ਜਿੰਦਾ ਹੁੰਦਾ ਤਾਂ ਉਹ ਵੀ ਇਹੀ ਕਰਦਾ।' ਇਸ ਸਮੇਂ ਇਹ ਤਸਵੀਰ ਸਰਵਵਿਆਪੀ ਮਹੱਤਤਾ ਹਾਸਲ ਕਰ ਚੁੱਕੀ ਹੈ। ਚੇ ਦੀ ਇਸ ਤਸਵੀਰ ਤੋਂ ਇਲਾਵਾ ਵੀ ਢੇਰ ਸਾਰੀਆਂ ਤਸਵੀਰਾਂ ਹਨ ਜੋ ਅਕਸਰ ਹੀ ਸ਼ੋਸ਼ਲ ਮੀਡੀਆ ਉੱਤੇ ਘੁੰਮਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ 1962 ਵਿੱਚ ਸਵਿਸ ਫੋਟੋਗ੍ਰਾਫਰ ਰੇਨੇ ਬੂਰੀ ਵੱਲੋਂ ਯੂਐਨ ਦੇ ਇੱਕ ਸਮਾਗਮ ਦੌਰਾਨ ਹੋਟਲ ਰੀਵੇਰਾ ਵਿੱਚ ਚੇ ਨਾਲ ਮੁਤਾਕਾਤ ਸਮੇਂ ਚੇ ਦੀ ਮੂੰਹ ਵਿੱਚ ਸ਼ਿਗਾਰ ਸੁਲਗਾਈ ਬੈਠੇ ਦੀ ਤਸਵੀਰ ਵੀ ਕਾਫੀ ਮਸ਼ਹੂਰ ਹੈ। ਕਿਊਬਾ ਦੇ ਕਰੰਸੀ ਨੋਟਾਂ ਉੱਤੇ ਚੇ ਦੀ ਤਸਵੀਰ, ਸਮੇਤ ਉਹਨਾਂ ਦੇ ਦਸਤਖਤ ਅੱਜ ਵੀ ਦੇਖਣ ਨੂੰ ਮਿਲ ਜਾਂਦੀ ਹੈ। ਇਸਤੋਂ ਇਲਾਵਾ 1967 ਵਿੱਚ ਉਸਦੀ ਮੌਤ ਤੋਂ ਬਾਅਦ ਦੀਆਂ ਤਸਵੀਰਾਂ ਵੀ ਦੁਨੀਆਂ ਭਰ ਦੇ ਅਖਬਾਰਾਂ, ਮੈਗਜੀਨਾਂ ਅਤੇ ਟੀਵੀ ਚੈਨਲਾਂ ਉੱਪਰ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਈਆਂ ਸਨ। ਉਸ ਸਮੇਂ ਦੀਆਂ ਸਾਰੀਆਂ ਤਸਵੀਰਾਂ ਕਾਲੀਆਂ ਅਤੇ ਚਿੱਟੀਆਂ ਸਨ। ਪਰੰਤੂ ਅੱਜ-ਕੱਲ੍ਹ ਨਵੀਂ ਤਕਨੀਕ ਦੀ ਵਰਤੋਂ ਕਰਕੇ ਇਹ ਤਸਵੀਰਾਂ ਰੰਗਦਾਰ ਰੂਪ ਵਿੱਚ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।

ਦੁਨੀਆਂ ਭਰ ਦੇ ਇਨਕਲਾਬੀ ਖੇਮਿਆਂ ਵਿੱਚ, ਉਹਨਾਂ ਦੇ ਰਸਾਲੇ, ਅਖਬਾਰ, ਪੁਸਤਕਾਂ ਆਦਿ ਪ੍ਰਚਾਰ ਸਮੱਗਰੀ ਵਿੱਚ ਇਹ ਤਸਵੀਰ ਆਮ ਹੀ ਵੇਖੀ ਜਾਂਦੀ ਹੈ। ਪਰ ਇਸਤੋਂ ਬਿਨਾਂ ਸੰਸਾਰ ਮੰਡੀ ਵਿੱਚ ਟੀ-ਸ਼ਰਟਾਂ, ਲੌਕਟ, ਕੌਫੀ ਦੇ ਕੱਪ, ਰੈੱਡ ਵਾਇਨ ਦੀਆਂ ਬੋਤਲਾਂ ਆਦਿ ਉੱਤੇ ਵੀ ਚੇ ਦੀ ਇਹ ਤਸਵੀਰ ਵੱਖਰੋ-ਵੱਖਰੇ ਤੌਰ ਤੇ ਵਰਤੀ ਜਾਂਦੀ ਆਮ ਮਿਲਦੀ ਹੈ। ਪੱਛਮੀ ਯੂਰਪੀ ਅਤੇ ਲਾਤੀਨੀ ਮੁਲਕਾਂ ਦੀ ਮੰਡੀ ਵਿੱਚ ਇਸਦੀ ਸੰਸਾਰ ਦੇ ਦੂਜੇ ਮੁਲਕਾਂ ਦੇ ਬਜ਼ਾਰਾਂ ਨਾਲੋਂ ਜਿਆਦਾ ਭਰਮਾਰ ਹੈ। ਭਾਵੇਂ ਇਸ ਤਸਵੀਰ ਦੇ ਨਾਲ-ਨਾਲ ਚੇ ਦੇ ਮੋਟਰਸਾਇਕਲ, ਕਿਸ਼ਤੀ, ਬਦੂੰਕ, ਸ਼ਿਗਾਰ, ਘੋੜੇ ਉੱਤੇ ਬੈਠੇ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਵੀ ਉਸਦੀ ਦਬੰਗ ਸ਼ਖਸ਼ੀਅਤ ਨੂੰ ਉਭਾਰਿਆ ਜਾਂਦਾ ਹੈ ਪਰ ਇਹਨਾਂ ਤਸਵੀਰਾਂ ਦਾ ਪ੍ਰਭਾਵ ਚੇ ਦੀ ਲਾਲ ਤਾਰੇ ਵਾਲੀ ਗੁਰੀਲਾ ਫੌਜੀ ਟੋਪੀ ਵਾਲੀ ਤਸਵੀਰ ਵਾਂਗ ਨਹੀਂ ਹੈ। ਸ਼ੋਸ਼ਲ ਮੀਡੀਆ ਸਾਇਟਾਂ ਉੱਤੇ ਨਜ਼ਰ ਮਾਰਿਆਂ ਚਾਰੇ ਪਾਸੇ ਚੇ ਦੀ ਇਸ ਤਸਵੀਰ ਦੇ ਦਰਸ਼ਨ ਹੋ ਜਾਂਦੇ ਹਨ। ਯੂ ਟਿਊਬ, ਫੇਸਬੁੱਕ, ਟਵਿੱਟਰ, ਸਨੈੱਪਚੈੱਟ, ਇੰਸਟਾਗ੍ਰਾਮ ਆਦਿ ਸ਼ੋਸ਼ਲ ਸਾਇਟਾਂ ਉੱਤੇ, ਜਿਹਨਾਂ ਦੀ ਵਰਤੋਂ ਸੰਸਾਰ ਦਾ ਵੱਡਾ ਹਿੱਸਾ ਆਮ ਕਰਦਾ ਹੈ, ਚੇ ਦੀ ਇਸ ਤਸਵੀਰ ਦੀਆਂ ਪ੍ਰੋਫਾਇਲ ਫੋਟੋਆਂ ਦਾ ਹੜ੍ਹ ਆਇਆ ਹੋਇਆ ਹੈ। ਐਮਾਜ਼ੌਨ ਵਰਗੇ ਆਨਲਾਈਨ ਬਜ਼ਾਰਾਂ ਉੱਤੇ ਉਸਦੀ ਇਸ ਤਸਵੀਰ ਵਾਲੇ ਬੈਗ, ਟੋਪੀਆਂ, ਬਰੈਸਲੈੱਟ, ਬੂਟ, ਟੀ-ਸ਼ਰਟਾਂ, ਕੋਟ ਆਦਿ ਧੜਾਧੜ ਵਿਕ ਰਹੇ ਹਨ।

ਦੁਨੀਆਂ ਭਰ ਵਿੱਚ ਚੇ ਗੁਵਾਰਾ ਹੀ ਇੱਕੋ-ਇੱਕ ਅਜਿਹਾ ਇਨਕਲਾਬੀ ਹੈ ਜਿਸ ਦੀਆਂ ਤਸਵੀਰਾਂ ਸਭ ਤੋਂ ਵੱਧ ਵਿਕਦੀਆਂ ਹਨ। ਉਸਦੀਆਂ ਤਸਵੀਰਾਂ ਦੀ ਆਨਲਾਈਨ ਵਿਕਰੀ ਹੁੰਦੀ ਹੈ। ਕਿਤਾਬਾਂ ਅਤੇ ਪੋਸਟਰ ਤਾਂ ਲੱਗਭਗ ਦੁਨੀਆਂ ਭਰ ਦੇ ਵੱਡੀ ਗਿਣਤੀ ਪ੍ਰਕਾਸ਼ਨਾਂ ਨੇ ਬਿਨਾਂ ਕਾਪੀਰਾਇਟ ਦੀ ਪ੍ਰਵਾਹ ਕੀਤੇ ਰੱਜ ਕੇ ਵੇਚੇ ਹਨ। ਅੱਜ ਸੰਸਾਰ ਭਰ ਵਿੱਚ ਚੇ ਦਾ ਨਾਮ ਵਿਕਦਾ ਹੈ, 'ਡਾਲਰਾਂ ਵਾਂਗ'। ਇਸੇ ਲਈ ਮੰਡੀ ਦੇ ਵਪਾਰੀਆਂ ਨੇ ਡਾਇਪਰਾਂ ਅਤੇ ਤਾਸ਼ ਉੱਤੇ ਵੀ ਚੇ ਦੀ ਫੋਟੋ ਦੇ ਸਟਿੱਕਰ ਛਾਪਕੇ ਆਪਣੀਆਂ ਜੇਬਾਂ ਗਰਮ ਕਰਨ ਤੋਂ ਗੁਰੇਜ ਨਹੀਂ ਕੀਤਾ। ਇਸ ਤਰ੍ਹਾਂ ਇਨਕਲਾਬ ਦੇ ਚਿੰਨ੍ਹ ਨੌਜਵਾਨ ਗੁਰੀਲੇ ਨੂੰ 'ਮੰਡੀ ਦੀ ਵਸਤੂ' ਬਣਾਕੇ ਉਸਦਾ ਬਜ਼ਾਰੀਕਰਨ ਕੀਤਾ ਜਾ ਰਿਹਾ ਹੈ।

ਉਸਦੀ ਇਸ ਤਸਵੀਰ ਨੂੰ ਲੈ ਕੇ ਦੁਨੀਆਂ ਭਰ ਵਿੱਚ ਬੜੇ ਅਪਵਾਦ ਹਨ। ਮੰਡੀ ਦੇ ਮੁਨਾਫਾਖੋਰਾਂ ਨੇ ਜੋ ਕੁਝ ਚੇ ਦੀ ਇਸ ਤਸਵੀਰ ਨਾਲ ਕੀਤਾ ਹੈ ਉਸਦਾ ਮਕਸਦ ਤਾਂ ਸਮਝ ਪੈਂਦਾ ਹੈ ਪਰ ਉਸਦੇ ਆਪਣਿਆਂ ਨੇ ਜੋ ਕੁਝ ਕੀਤਾ ਉਹ ਬੜਾ ਦੁਖਦਾਇਕ ਹੈ। ਉਸਦੇ ਆਪਣੇ ਵੀ ਉਸਦੇ ਨਾਮ ਨੂੰ ਇੱਕ ਬਰੈਂਡ ਵਾਂਗ ਵਰਤਣ ਦੀ ਦੌੜ ਦੇ ਸ਼ਿਕਾਰ ਰਹੇ ਹਨ। ਉਸਦੇ ਨਾਮ ਅਤੇ ਤਸਵੀਰਾਂ ਉੱਤੇ ਟੂਰਿਸਟ ਮਾਰਕਿਟ ਲਈ ਗਾਹਕਾਂ ਨੂੰ ਆਕ੍ਰਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਚੇ ਨੂੰ ਕਿਊਬਾ ਦੇ ਲੋਕ ਉਸਦੇ ਜਿਊਂਦੇ ਜੀਅ 'ਸੰਤ ਚੇ' ਆਖ ਕੇ ਬੁਲਾਉਂਦੇ ਸਨ। ਬੋਲੀਵੀਆ ਦੇ ਸਕੂਲ ਵਿਚ ਇਕ ਥੜੇ ਤੇ ਪਈ ਉਸਦੀ ਮ੍ਰਿਤਕ ਦੇਹ ਦੀ ਤਸਵੀਰ ਦੀ ਤੁਲਨਾ ਯੀਸੂ ਮਸੀਹ ਨਾਲ ਕੀਤੀ ਜਾਂਦੀ ਹੈ। ਇਸ ਤਸਵੀਰ ਵਿਚ ਉਸਦਾ ਚਿਹਰਾ ਸੂਲੀ ਤੇ ਲਟਕਦੇ ਯੀਸੂ ਦੇ ਚਿਹਰੇ ਵਾਂਗ ਦਿਖਦਾ ਹੈ। ਕਿਊਬਾ ਦੀ ਅਬਾਦੀ ਦਾ ਉਹ ਹਿੱਸਾ ਜੋ ਕਿਊਬਾ ਦੇ 1959 ਦੇ ਇਨਕਲਾਬ ਤੋਂ ਬਾਅਦ ਵੀ ਆਸਤਿਕ ਤੇ ਪਿਛਾਖੜੀ ਵਿਚਾਰਾਂ ਦਾ ਧਾਰਨੀ ਸੀ ਉਹ ਹਿੱਸਾ ਚੇ ਦੀਆਂ ਤਸਵੀਰਾਂ ਘਰਾਂ ਦੀਆਂ ਸ਼ੈਲਫਾਂ ਉੱਤੇ ਲਾ ਕੇ ਉਸਦੀ ਸੰਤ ਵਾਂਗ ਪੂਜਾ ਕਰਦਾ ਰਿਹਾ। ਉਸਦੀ ਸ਼ਹੀਦੀ ਬਾਅਦ ਕਿਊਬਾ ਦੇ ਲੋਕਾਂ ਦੀ ਅਬਾਦੀ ਦੇ ਇਕ ਹਿੱਸੇ ਨੂੰ ਜਾਪਿਆ ਕਿ ਉਹਨਾਂ ਦਾ ਮਸੀਹਾ, ਸੰਤ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਉਹਨਾਂ ਨੂੰ ਜਾਪਿਆ ਕਿ ਹੁਣ ਕਿਊਬਾ ਉੱਤੇ ਮੁੜ ਕਿਆਮਤ ਦੇ ਦਿਨ ਆਉਣ ਵਾਲੇ ਹਨ। ਇਹ ਉਹਨਾਂ ਲੋਕਾਂ ਦਾ ਚੇ ਪ੍ਰਤੀ ਆਦਰ-ਸਤਿਕਾਰ ਸੀ, ਉਸ ਪ੍ਰਤੀ ਸ਼ਰਧਾ ਸੀ। ਉਹ ਉਸਨੂੰ ਆਪਣਾ ਮੁਕਤੀ ਦਾਤਾ ਸਮਝਦੇ ਸਨ। ਪਰ ਇਨਕਲਾਬੀ ਤੇ ਖਾਸਕਰ ਕਮਿਊਨਿਸਟ ਕਿਸੇ ਵਿਅਕਤੀ ਦੀ ਕੁਰਬਾਨੀ ਅਤੇ ਉਸਦੇ ਵਿਅਕਤੀਗਤ ਪ੍ਰਭਾਵ ਦਾ ਦੈਵੀਕਰਨ ਕਰਨ ਦੀ ਲਾਗ ਤੋਂ ਅਛੂਤੇ ਰਹਿਣ ਦੇ ਯਤਨ ਕਰਦੇ ਹਨ। ਉਹਨਾਂ ਨੂੰ ਇਹ ਕਰਨਾ ਵੀ ਚਾਹੀਦਾ ਹੈ। ਪਰ ਕਈ ਵਾਰ ਇਨਕਲਾਬੀ ਲਹਿਰਾਂ ਦੀਆਂ ਕੁੱਝ ਕੜੀਆਂ ਜਾਣੇ-ਅਣਜਾਣੇ ਇਸ ਲਾਗ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਹ ਅਹਿਸਾਸ ਮਨ ਨੂੰ ਕਿੰਨਾ ਹੁਲਾਸ ਦਿੰਦਾ ਹੈ ਕਿ ਚੇ ਦਾ ਦਬੰਗੀ ਸਟਾਇਲ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਸਿਤਾਰੇ ਚੇ ਦੀ ਇਸ ਤਸਵੀਰ ਵਾਲੀਆਂ ਟੀ-ਸ਼ਰਟਾਂ ਪਹਿਨਕੇ ਇਸਦਾ ਪ੍ਰਦਰਸ਼ਨ ਕਰ ਰਹੇ ਹਨ। ਪਰ ਚੇ 'ਸਿਰ ਚੜ੍ਹਕੇ' ਬੋਲਣ ਵਾਲਾ ਇਨਕਲਾਬੀ ਕਮਿਊਨਿਸਟ ਗੁਰੀਲਾ ਯੋਧਾ ਨਹੀਂ ਸੀ/ਹੈ, ਕਮਾਂਡਰ ਅਰਨੈਸਤੋ ਚੇ ਗੁਵਾਰਾ 'ਸਿਰ 'ਚ ਵੜਕੇ' ਮੌਲ੍ਹਣ ਵਾਲਾ ਆਦਰਸ਼ ਇਨਕਲਾਬੀ ਸੀ/ਹੈ। ਅੱਜ  ਚੇ ਨੂੰ ਇਸ ਦੁਨੀਆਂ ਤੋਂ ਗਏ ਨੂੰ ਛੇ ਦਹਾਕੇ ਪੂਰੇ ਹੋਣ ਜਾ ਰਹੇ ਹਨ। ਛੇ ਦਹਾਕੇ ਪਹਿਲਾਂ ਪੂੰਜੀਵਾਦੀ ਆਧੁਨਿਕੀਕਰਨ ਦੀ ਇਹ ਰਫਤਾਰ ਨਹੀਂ ਸੀ ਜੋ ਅੱਜ ਹੈ। ਅੱਜ ਦੁਨੀਆਂ ਭਰ ਵਿੱਚ ਵਿਕਸਿਤ ਹੋਈ ਤਕਨੀਕ ਰਾਤੋ-ਰਾਤ ਆਪਣੇ ਸੁਪਰ-ਸਟਾਰ ਪੈਦਾ ਕਰ ਰਹੀ ਹੈ। ਪਰ ਉਹ "ਓਲਡ ਸਕੂਲ ਬੈੱਚ" (ਚੇ) ਅੱਜ ਵੀ ਦੁਨੀਆਂ ਭਰ ਦੀ ਨਵੀਂ ਪੀੜ੍ਹੀ ਦਾ ਰੌਕ-ਸਟਾਰ ਹੈ। ਇਹ ਆਈਕੌਨਿਕ ਤਸਵੀਰ ਉਸਨੂੰ ਅੱਜ ਵੀ ਦੁਨੀਆਂ ਭਰ ''ਡੈਸ਼ਿੰਗ ਯੰਗ ਮੈੱਨ' ਦਾ ਦਰਜਾ ਦਿਵਾਉਂਦੀ ਹੈ। ਚੇ ਦਾ ਇਹ ਪ੍ਰਭਾਵ ਵਕਤੀ ਮਨ ਨੂੰ ਹੁਲਾਸ ਤਾਂ ਦੇ ਸਕਦਾ ਹੈ ਪਰ ਇਹ ਇੱਕ ਖਤਰਨਾਕ ਵਰਤਾਰਾ ਹੈ। ਹਾਕਮ ਜਮਾਤਾਂ ਨੂੰ ਇਹ ਸਭ ਤੋਂ ਵੱਧ ਸੂਤ ਬੈਠਦਾ ਹੈ। ਉਹਨਾਂ ਨੂੰ ਚੇ ਦਾ ਆਦਰਸ਼ਕ ਨਾਇਕਤਵ ਅਤੇ ਉਸਦੀ ਤਸਵੀਰ ਦੀ ਇਸ਼ਤਿਹਾਰਬਾਜ਼ੀ ਕਰਨਾ ਰਾਸ ਆਉਂਦਾ ਹੈ। ਉਹਨਾਂ ਲਈ ਇਹ ਵਰਤਾਰਾ ਉਸਦੇ ਵਿਚਾਰਾਂ ਦੀ ਮਹੱਤਤਾ ਨੂੰ ਪੇਤਲਾ ਕਰਨ ਵਿੱਚ ਸਹਾਈ ਹੁੰਦਾ ਹੈ। ਤਸਵੀਰ ਦੀ ਇਸ਼ਤਿਹਾਰਬਾਜ਼ੀ ਦੇ ਉਹਲੇ ਉਸਦੀ ਵਿਚਾਰਧਾਰਾ, ਉਸਦੇ ਆਦਰਸ਼ ਅਤੇ ਕੁਰਬਾਨੀ ਨੂੰ ਬੌਣਾ ਬਣਾਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੰਡੀ ਦੇ ਸੌਦਾਗਰ ਜਿੱਥੇ ਚੇ ਦੀ ਤਸਵੀਰ ਨੂੰ ਆਪਣੇ ਉਤਪਾਦਾਂ ਦੀ ਵਿਕਰੀ 'ਚ ਇਜਾਫਾ ਕਰਨ ਅਤੇ ਉਸਤੋਂ ਮੁਨਾਫਾ ਬਟੋਰਨ ਲਈ ਵਰਤਦੇ ਹਨ ਉੱਥੇ ਉਹ ਇਸ ਤਸਵੀਰ ਦਾ ਸ਼ੋਸ਼ਣ ਕਰਨ ਅਤੇ ਇਸਦੀ ਇਤਿਹਾਸਕ ਵਿਚਾਰਧਾਰਕ ਮਹੱਤਤਾ ਨੂੰ ਘਟਾਉਣ ਅਤੇ ਨੀਵਾਂ ਦਿਖਾਉਣ ਲਈ ਵੀ ਵਰਤਦੇ ਹਨ। ਉਹਨਾਂ ਲਈ ਚੇ ਦੀ ਤਸਵੀਰ ਮਹਿਜ ਇੱਕ ਵਸਤੂ ਹੈ ਜੋ ਉਹਨਾਂ ਦੇ ਉਤਪਾਦਾਂ ਦੀ ਵਿਕਰੀ ਦਾ ਸਾਧਨ ਹੈ। ਚੇ ਦੀ ਇਸ ਤਸਵੀਰ ਦਾ ਇਤਿਹਾਸਕ ਮਹੱਤਵ ਬਿਲਕੁਲ ਗਾਇਬ ਕੀਤਾ ਜਾ ਚੁੱਕਾ ਹੈ। ਕਿਊਬਨ ਲੋਕਾਂ ਉੱਤੇ ਫਰੈਂਚ ਧਾੜਵੀਆਂ ਦਾ ਜਾਨਲੇਵਾ ਹਮਲਾ ਅਤੇ ਉਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਦਰਦ ਨਾਲ ਵਿੰਨ੍ਹਿਆ ਚੇ ਦਾ ਚਿਹਰਾ ਅੱਜ ਕੰਪਨੀਆਂ ਨੇ ਮਾਲ ਵੇਚਣ ਦਾ ਸਾਧਨ ਬਣਾ ਧਰਿਆ। ਉਹਨਾਂ ਲਈ ਉਸਦੇ ਗੁਰੀਲਾ ਸੰਘਰਸ਼, ਉਸਦੀ ਵਿਚਾਰਧਾਰਾ ਅਤੇ ਆਦਰਸ਼ਾਂ ਦਾ ਕੋਈ ਮਹੱਤਵ ਨਹੀਂ ਹੈ। ਇਹ ਚੇਤਨਾ ਦੇ ਬਜ਼ਾਰੀਕਰਨ ਦਾ ਵਰਤਾਰਾ ਹੈ। ਭਾਰਤ ਵਿੱਚ ਇਹ ਵਰਤਾਰਾ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨਾਲ ਲਗਾਤਾਰ ਵਾਪਰਦਾ ਆ ਰਿਹਾ ਹੈ। ਜਿੱਥੇ ਭਾਰਤ ਵਰਗੇ ਦੇਸ਼ ਵਿੱਚ ਸ਼ਹੀਦ ਭਗਤ ਸਿੰਘ ਦੀ ਟੋਪੀ ਅਤੇ ਪੱਗ ਵਾਲੀ ਤਸਵੀਰ ਨੂੰ ਲੈ ਕੇ ਜਾਤੀ-ਪਾਤੀ ਸਾਂਚੇ ਵਿੱਚ ਢਾਲੇ ਜਾਣ ਦੇ ਯਤਨ ਕੀਤੇ ਜਾਂਦੇ ਹਨ ਉੱਥੇ ਉੱਤਰੀ, ਦੱਖਣੀ ਤੇ ਕੇਂਦਰੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ਚੇ ਦੀ ਤਸਵੀਰ ਦਾ ਦੈਵੀਕਰਨ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਚੇ ਗੁਵਾਰਾ ਅਤੇ ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀ ਨੌਜਵਾਨ ਆਪਣੀ ਵਿਚਾਰਧਾਰਾ ਅਤੇ ਕੁਰਬਾਨੀ ਕਰਕੇ ਦੁਨੀਆਂ ਭਰ 'ਚ ਇਨਕਲਾਬ ਦਾ ਚਿੰਨ੍ਹ ਬਣੇ ਸਨ ਨਾ ਕਿ ਟੋਪੀ, ਬੰਬ-ਬਾਦੂੰਕਾਂ ਆਦਿ ਨਾਲ। ਇਹ ਉਹਨਾਂ ਦੇ ਬਰਾਬਰੀ ਦੇ ਸਮਾਜ ਲਈ ਮਿੱਥੇ ਉੱਚੇ ਆਦਰਸ਼ਾਂ ਦੇ ਸਹਾਇਕ ਸਾਧਨ ਸਨ। ਲਾਲ ਟੋਪੀ ਤੇ ਬੰਬ-ਬਾਦੂੰਕਾਂ ਚੁੱਕ ਕੇ ਤਸਵੀਰਾਂ ਖਿਚਾਉਣਾ ਜਾਂ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਦੀ ਅਰਾਧਨਾ ਕਰਨਾ ਉਹਨਾਂ ਦੇ ਅਕੀਦਿਆਂ, ਆਦਰਸ਼ਾਂ ਅਤੇ ਵਿਚਾਰਾਂ ਨੂੰ ਨੀਵੇਂ ਪੱਧਰ ਤੱਕ ਸੀਮਤ ਕਰਨ ਦੇ ਤੁੱਲ ਹੈ। ਉਹਨਾਂ ਦੀਆਂ ਤਸਵੀਰਾਂ ਪ੍ਰੇਰਨਾ ਸਰੋਤ ਨਹੀਂ ਹਨ ਬਲਕਿ ਉਹਨਾਂ ਦੀ ਵਿਚਾਰਧਾਰਾ ਅਤੇ ਕੁਰਬਾਨੀ ਹੀ ਰਾਹ ਦਰਸਾਵਾ ਬਨਣ ਦੇ ਸਮਰੱਥ ਹੈ। ਦਬੰਗੀ, 'ਐਂਗਰੀ ਤੇ ਵਾਇਲੈਂਟ ਯੰਗ ਮੈੱਨ' ਦੇ ਸੁਪਨੇ ਅਸਮਰੱਥਾ ਦਾ ਪ੍ਰਤੀਕ ਹਨ। ਅਜਿਹੇ 'ਚ ਚੇਤਨਾ ਦੇ ਬਜ਼ਾਰੀਕਰਨ ਅਤੇ ਤਸਵੀਰ-ਪ੍ਰਸਤੀ ਦੇ ਵਹਿਣਾਂ ਤੋਂ ਬੇਲਾਗ ਰਹਿਣ ਦੀ ਜਰੂਰਤ ਹੈ।
                                                                                                    ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...