Search This Blog

Friday, May 23, 2025

ਭਾਰਤ-ਪਾਕਿ ਤਣਾਅ ਤੇ ਸਾਮਰਾਜੀ ਹਿੱਤ


ਭਾਰਤ-ਪਾਕਿਸਤਾਨ ਮੁਲਕਾਂ ਵਿਚਕਾਰ ਚੱਲੇ ਜੰਗੀ ਤਣਾਅ ਨੇ ਦੱਖਣੀ ਏਸ਼ੀਆਈ ਖਿੱਤੇ ਦੀ ਪੂਰੀ ਭੂ-ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ। ਦੋ ਖੇਤਰੀ ਤੇ ਪਿਛਾਖੜੀ ਤਾਕਤਾਂ ਦੇ ਆਪਸੀ ਝਗੜੇ ਵਿੱਚ ਵੱਡੀਆਂ ਸਾਮਰਾਜੀ ਤਾਕਤਾਂ ਦੀ ਦਖਲਅੰਦਾਜ਼ੀ ਨੇ ਇਸਦਾ ਘੇਰਾ ਕੌਮਾਂਤਰੀ ਹਿੱਤਾਂ ਦੇ ਪਸਾਰ ਤੱਕ ਫੈਲਾਅ ਦਿੱਤਾ ਹੈ। ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਨਿਰਦੋਸ਼ ਸੈਲਾਨੀਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਅਫ਼ਸੋਸਨਾਕ ਘਟਨਾ ਨੇ ਭਾਰਤ, ਪਾਕਿਸਤਾਨ ਤੇ ਕਸ਼ਮੀਰ ਦੇ ਆਮ ਲੋਕਾਂ ਦੇ ਹਿਰਦੇ ਨੂੰ ਦੁੱਖ ਪਹੁੰਚਾਇਆ ਹੈ। ਇਸ ਸਬੰਧੀ ਭਾਰਤ ਦੀ ਫੌਜੀ ਪ੍ਰਤੀਕਿਰਿਆ ‘ਚ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲੇ ਕੀਤੇ ਗਏ ਤੇ ਪਾਕਿਸਤਾਨ ਨੇ ਪਹਿਲਗਾਮ ਦੀ ਘਟਨਾ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਜਵਾਬੀ ਫੌਜੀ ਕਾਰਵਾਈ ਕੀਤੀ। ਸੀਮਿਤ ਫੌਜ਼ੀ ਤਕਰਾਰ ਬਾਅਦ ਹੋਈ ਅਸਥਾਈ ਜੰਗਬੰਦੀ ਤੋਂ ਬਾਅਦ ਦੋਵੇਂ ਮੁਲਕਾਂ ਵਿੱਚ ਜੰਗੀ ਤਣਾਅ ਸਬੰਧੀ ਬਹੁਪਸਾਰੀ ਚਰਚਾ ਛਿੜ ਗਈ ਹੈ। ਭਾਰਤ ਅੰਦਰ ਟਰੰਪ ਦੀ ਭੂਮਿਕਾ ਭਾਜਪਾ ਅਤੇ ਕਾਂਗਰਸ ਵਿਚਕਾਰ ਵਾਦ-ਵਿਵਾਦ ਦਾ ਮੁੱਦਾ ਬਣੀ ਹੋਈ ਹੈ ਅਤੇ ਇਸ ਨੂੰ ਭਾਰਤ-ਪਾਕਿ ਵਿਚਕਾਰ ਜੰਗ ਰੋਕਣ ਦੇ ਕਾਰਨ ਨੂੰ ਲੈਕੇ ਭਾਜਪਾ ਦੀ ਕਿਰਕਿਰੀ ਹੋ ਰਹੀ ਹੈ। ਇਸ ਕਰਕੇ ਜੰਗ ਦੀ ਘਟਾ ਉਤਰਣ ਬਾਅਦ ਦੋ ਗੁਆਂਢੀ ਮੁਲਕਾਂ ਵਿਚਕਾਰ ਬਣੇ ਤਣਾਅ ਦੇ ਪ੍ਰਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਹੀ ਭਵਿੱਖੀ ਜੰਗੀ ਖਤਰਿਆਂ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਸਮਝ ਲੈਣਾ ਬੇਹੱਦ ਜਰੂਰੀ ਹੈ ਕਿ ਪਹਿਲਗਾਮ ਪਹਿਲਾ ਜਾਂ ਆਖਰੀ ਅੱਤਵਾਦੀ ਹਮਲਾ ਨਹੀਂ ਹੈ। ਕਸ਼ਮੀਰ ਦੀ ਧਰਤੀ ਉੱਤੇ  ਵਾਪਰੇ ਇਸ ਕਤਲੇਆਮ ਦਾ ਸਬੰਧ ਕਸ਼ਮੀਰ ਮਸਲੇ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ।
    ਬਰਤਾਨਵੀ ਬਸਤੀਵਾਦੀਆਂ ਵੱਲੋਂ 1947 ਦੀ ਕੀਤੀ ਅਨਿਆਂਈ ਵੰਡ ਤੋਂ ਬਾਅਦ ਕਸ਼ਮੀਰ ਦਾ ਅਣਸੁਲਝਿਆ ਵਿਵਾਦਿਤ ਖੇਤਰ ਜਮਾਂਦਰੂ ਤੌਰ ਤੇ ਦੋਵੇਂ ਮੁਲਕਾਂ ਵਿਚਕਾਰ ਆਪਸੀ ਝਗੜੇ ਦਾ ਮੁੱਖ ਕਾਰਨ ਬਣਿਆ ਹੋਇਆ ਹੈ ਤੇ ਅਕਸਾਈ ਚਿੰਨ ਕਰਕੇ ਚੀਨ ਵੀ ਇਸ ਵਿੱਚ ਸ਼ਾਮਲ ਹੈ। ਦੱਖਣੀ ਏਸ਼ੀਆਈ ਖਿੱਤੇ ਵਿੱਚ ਭਾਰਤ, ਪਾਕਿਸਤਾਨ, ਚੀਨ ਆਦਿ ਵਿਚਕਾਰ ਝਗੜੇ ਤੇ ਤਣਾਅ ਦਾ ਕਾਰਨ ਬਣੀਆਂ ਵਿਵਾਦਿਤ ਸਰੱਹਦਾਂ ਬਰਤਾਨਵੀ ਸਾਮਰਾਜ ਦੀ ਦੇਣ ਹਨ ਜਿਹਨਾਂ ਦੀ ਲਗਾਮ ਅੱਜ-ਕੱਲ ਅਮਰੀਕੀ ਸਾਮਰਾਜ ਦੇ ਹੱਥ ਹੈ। ਇਹਨਾਂ ਮੁਲਕਾਂ ਦੀਆਂ ਸਰਕਾਰਾਂ ਘਰੇਲੂ ਸਿਆਸੀ ਹਿੱਤਾਂ ਲਈ ਅਤੇ ਸਾਮਰਾਜੀ ਤਾਕਤਾਂ ਆਪਣੇ ਕੌਮਾਂਤਰੀ ਵਿੱਤੀ ਤੇ ਕੂਟਨੀਤਿਕ ਮੁਫਾਦਾਂ ਲਈ ਇਹਨਾਂ ਵਿਵਾਦਿਤ ਸਰਹੱਦੀ ਝਗੜਿਆਂ ਨੂੰ ਨਵਿਆਉਂਦੀਆਂ ਰਹਿੰਦੀਆਂ ਹਨ। ਵੰਡ ਤੋਂ ਬਾਅਦ, ਕਸ਼ਮੀਰ ਨਾਲ ਕੀਤੇ ਵਾਅਦੇ ਦੇ ਉਲਟ ਭਾਰਤੀ ਹਾਕਮ, ਪਾਕਿਸਤਾਨ ਅਧੀਨ ਬਲੋਚਿਸਤਾਨ ਵਾਂਗ ਕਸ਼ਮੀਰੀਆਂ ਉੱਤੇ ਕੌਮੀ ਦਾਬੇ ਨੂੰ ਲਗਾਤਾਰ ਬਰਕਰਾਰ ਰੱਖਦੇ ਆ ਰਹੇ ਹਨ। ਅੱਤਵਾਦ, ਸਰਹੱਦੀ ਤਣਾਅ ਤੇ ਦੋਵਾਂ ਮੁਲਕਾਂ ਵਿਚਕਾਰ ਜੰਗਾਂ ਦਾ ਕਾਰਨ ਬਣੇ ਇਸ ਖੇਤਰ ਵਿੱਚ 2019 ਨੂੰ ਭਾਜਪਾ ਸਰਕਾਰ ਵੱਲੋਂ ਧਾਰਾ 370 ਖਤਮ ਕਰਕੇ ਜੰਮੂ-ਕਸ਼ਮੀਰ ਨੂੰ ਕੇਂਦਰੀ ਸਰਕਾਰ ਦੀ ਯੂਨੀਅਨ ਟੈਰਟਰੀ ਵਿੱਚ ਤਬਦੀਲ ਕਰ ਦਿੱਤਾ। ਹਿੰਦੂਤਵੀ ਵਿਚਾਰਧਾਰਾ ਵਾਲੀ ਭਾਜਪਾ ਹਕੂਮਤ, ਜਿਸਦਾ ਮੁਸਲਮਾਨਾਂ ਸਮੇਤ ਭਾਰਤ ਦੀਆਂ ਘੱਟ ਗਿਣਤੀਆਂ ਖਿਲਾਫ ਵਿਤਕਰੇ ਤੇ ਦਾਬੇ ਦਾ ਬਿੰਬ ਬਣਿਆ ਹੋਇਆ ਹੈ, ਵੱਲੋਂ ਕਸ਼ਮੀਰੀ ਲੋਕਾਂ ਦੇ ਆਤਮ-ਨਿਰਣੇ ਦੇ ਹੱਕ ਨੂੰ ਕੁਚਲਣਾ ਫਿਰਕੂ ਦਹਿਸ਼ਤਗਰਦੀ ਦਾ ਅਧਾਰ ਪੈਦਾ ਕਰਦਾ ਹੈ। ਸਰਕਾਰੀ ਅਤੇ ਫਿਰਕੂ ਦਹਿਸ਼ਤਗਰਦੀ ਦੀ ਗਤੀਸ਼ੀਲਤਾ ਨੂੰ ਜਾਣੇ ਬਿਨਾਂ ਪਹਿਲਗਾਮ ਦੀ ਘਟਨਾ ਨੂੰ ਨਹੀਂ ਸਮਝਿਆ ਜਾ ਸਕਦਾ। ਕਸ਼ਮੀਰ ਮਸਲੇ ਦਾ ਨਿਰਪੱਖ ਤੇ ਸਹੀ ਹੱਲ ਕੀਤੇ ਬਿਨਾਂ ਇਹ ਖੇਤਰ ਦੋਵਾਂ ਮੁਲਕਾਂ ਵਿਚਕਾਰ ਝਗੜੇ ਦਾ ਕਾਰਨ ਬਣਿਆ ਰਹੇਗਾ ਤੇ ਮੁੜ-ਮੁੜ ਪਹਿਲਗਾਮ ਵਰਗੀਆਂ ਬੇਰਹਿਮ ਘਟਨਾਵਾਂ ਨੂੰ ਜਨਮ ਦਿੰਦਾ ਰਹੇਗਾ। ਕਸ਼ਮੀਰ ਵਿੱਚ ਕਸ਼ਮੀਰੀ ਲੋਕਾਂ ਨੂੰ ਆਤਮ-ਨਿਰਣੇ ਦਾ ਹੱਕ ਹੀ ਉਹਨਾਂ ਨੂੰ ਦੋਵਾਂ ਮੁਲਕਾਂ ਦੇ ਦਾਬੇ ਤੋਂ ਨਿਜਾਤ ਦਿਵਾ ਸਕਦਾ ਹੈ। ਅੱਤਵਾਦ ਤੋਂ ਸ਼ਾਂਤੀ ਲਈ ਛੇੜੇ ਯੁੱਧ ਹਮਲਿਆਂ ਚੋਂ ਨਿਕਲੀ ਹਕੂਮਤੀ ਹਿੰਸਾ ਸਥਾਈ ਸ਼ਾਂਤੀ ਦਾ ਰਾਹ ਨਹੀਂ ਖੋਲ੍ਹ ਸਕਦੀ। 
    ਭਾਰਤ-ਪਾਕਿਸਤਾਨ ਦੀ ਵੰਡ (1947) ਇੱਕ ਬਸਤੀਵਾਦੀ ਦਾਗ ਹੈ ਜੋ ਹਿੰਸਕ ਸਰਹੱਦਾਂ ਅਤੇ ਨਸਲੀ-ਰਾਸ਼ਟਰਵਾਦੀ ਬਿਰਤਾਂਤਾਂ ਨੂੰ ਮੁੜ-ਮੁੜ ਆਕਾਰ ਦਿੰਦਾ ਰਹਿੰਦਾ ਹੈ। ਦੋਵਾਂ ਦੇਸ਼ਾਂ ਦੇ ਹਾਕਮ ਹਿੰਸਾ ਅਤੇ ਪਛਾਣ-ਅਧਾਰਿਤ ਰਾਜਨੀਤੀ ਨੂੰ ਹਵਾ ਦੇ ਕੇ ਦੋਵੇਂ ਪਾਸੇ ਰਾਸ਼ਟਰਵਾਦੀ ਬਸਤੀਵਾਦੀ ਬਣਤਰਾਂ (ਹਿੰਦੂ ਬਨਾਮ ਮੁਸਲਿਮ) ਨੂੰ ਤੂਲ ਦੇ ਕੇ ਜਮਾਤੀ ਸੰਘਰਸ਼ ਨੂੰ ਨਸਲੀ-ਧਾਰਮਿਕ ਟਕਰਾਵਾਂ ਵਿੱਚ ਬਦਲਦੇ ਹਨ ਅਤੇ ਆਪਣੇ ਸਿਆਸੀ ਲਾਹੇ ਲਈ ਵਾਰ-ਵਾਰ ਬਸਤੀਵਾਦੀ ਜ਼ਖ਼ਮਾਂ ਨੂੰ ਕੁਰੇਦਦੇ ਰਹਿੰਦੇ ਹਨ।
    ਦੂਸਰਾ, ਇਸ ਟਕਰਾਅ ਵਿੱਚ ਦੋਵਾਂ ਦੇਸ਼ਾਂ ਨੇ ਉੱਨਤ ਫੌਜੀ ਤਕਨਾਲੋਜੀਆਂ ਦੀ ਵਰਤੋਂ ਕੀਤੀ ਹੈ ਜੋ ਕਿ ਸਾਮਰਾਜੀ ਦੇਸ਼ਾਂ ਦੁਆਰਾ ਮੁਹੱਇਆ ਕਰਵਾਈਆਂ ਗਈਆਂ ਹਨ। ਪਾਕਿਸਤਾਨ ਵੱਲੋਂ ਚੀਨ ਨਿਰਮਿਤ ਜੇ-10ਸੀ ਲੜਾਕੂ ਜਹਾਜ਼ਾਂ ਅਤੇ ਪੀਐਲ-15 ਮਿਜ਼ਾਈਲਾਂ ਦੀ ਵਰਤੋਂ ਨੇ ਭਾਰਤ ਵਿੱਚ ਕਥਿਤ ਤੌਰ 'ਤੇ ਪੱਛਮੀ ਤਾਕਤਾਂ ਦੁਆਰਾ ਨਿਰਮਿਤ ਹਥਿਆਰਾਂ ਨੂੰ ਚੁਣੌਤੀ ਦੇ ਕੇ ਚੀਨ ਦੇ ਫੌਜੀ ਹਾਰਡਵੇਅਰ ਨੂੰ ਵਿਸ਼ਵ ਲੜਾਈ ’ਚ ਉੱਚਾ ਰੁਤਬਾ ਦਿੱਤਾ ਹੈ। ਇਸ ਲੜਾਈ ਵਿੱਚ ਪਾਕਿਸਤਾਨ ਦੁਆਰਾ ਚੀਨੀ ਫੌਜੀ ਤਕਨੀਕ ਦੀ ਵਰਤੋਂ ਕਰਨ ਨਾਲ ਇਸਦੇ ਹਥਿਆਰ ਉਦਯੋਗ ਲਈ ਗਲੋਬਲ ਮਾਰਕਿਟ ਵਿੱਚ ਪੜਤ ਹੋਰ ਵੱਧ ਗਈ ਹੈ ਤੇ ਰਾਫੇਲ ਦੇ ਮੁਕਾਬਲੇ ਚੀਨੀ ਹਥਿਆਰ ਕੰਪਨੀਆਂ ਦੇ ਸ਼ੇਅਰ ਵਧ ਗਏ ਹਨ। ਇਸ ਹਮਲੇ ਦੇ ਆਸਰੇ ਭਾਰਤ ਅਤੇ ਸੰਸਾਰ ਸਾਹਮਣੇ ਚੀਨੀ ਫੌਜੀ ਤਾਕਤ ਦਾ ਮੁਜ਼ਾਹਰਾ ਹੋਇਆ ਹੈ। ਭਾਰਤ ਨੇ ਪਿਛਲੇ ਸਮੇਂ ਅਮਰੀਕਾ ਨਾਲ ਮਿਲਕੇ ਹਿੰਦ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਾਂਝੀਆਂ ਫੌਜ਼ੀ ਮਸ਼ਕਾਂ ਕੀਤੀਆਂ ਸਨ ਜੋ ਚੀਨ ਲਈ ਚੁਣੌਤੀ ਬਣੀਆਂ ਹੋਈਆਂ ਸਨ। ਪਰੰਤੂ ਚੀਨ ਨੇ ਸਾਈਬਰ ਅਤੇ ਪੁਲਾੜ ਯੁੱਧ ਦੀ ਤਿਆਰੀ ਲਈ ਆਪਣੀ ਫੌਜੀ ਸਮਰੱਥਾ ਵਧਾਉਣ ਲਈ ਫੌਜ਼ੀ ਖਰਚਿਆਂ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਹੈ।
    ਭਾਰਤ ਅਤੇ ਪਾਕਿਸਤਾਨ ਜਿੰਨੇ ਮਰਜ਼ੀ ਦਮਗਜ਼ੇ ਮਾਰੀ ਜਾਣ ਪਰ ਮਿਲਟਰੀ ਸਾਜੋ-ਸਮਾਨ ਲਈ ਉਹ ਸਾਮਰਾਜੀ ਦੇਸ਼ਾਂ ਉਪਰ ਬੁਰੀ ਤਰ੍ਹਾਂ ਨਿਰਭਰ ਹਨ ਨਿਰਸੰਦੇਹ ਪਾਕਿਸਤਾਨ ਭਾਰਤ ਨਾਲੋਂ ਜ਼ਿਆਦਾ ਨਿਰਭਰ ਹੈ। ਇਸ ਸਮੇਂ ਭਾਰਤ ਫੌਜੀ ਸਾਜੋ-ਸਮਾਨ ਅਤੇ ਹਥਿਆਰਾਂ ਲਈ ਅਮਰੀਕਾ ਅਤੇ ਰੂਸ ਉਪਰ ਨਿਰਭਰ ਹੈ ਅਤੇ ਪਾਕਿਸਤਾਨ ਅਮਰੀਕਾ ਅਤੇ ਚੀਨ ਉਪਰ ਨਿਰਭਰ ਹੈ। ਹੁਣ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਉਪਰ ਹਮਲੇ ਕਰ ਰਹੇ ਹਨ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਰਕਾਰੀ ਮੀਡੀਆ ਅੰਦਰ ਸਾਮਰਾਜੀ ਦੇਸ਼ਾਂ ਤੋਂ ਖਰੀਦੇ ਫੌਜੀ ਹਥਿਆਰਾਂ ਨੂੰ ਵਰਤ ਕੇ ਇਕ ਦੂਜੇ ਨਾਲੋਂ ਬਾਜੀ ਮਾਰਨ ਦੀਆਂ ਸ਼ੇਖੀਆਂ ਮਾਰ ਰਹੇ। ਵੱਡੇ ਸਾਮਰਾਜੀ ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਹਥਿਆਰ ਵੇਚਣ ਦੀ ਮੰਡੀ ਬਣਾਇਆ ਹੋਇਆ ਹੈ। ਜੰਗੀ ਝਗੜਿਆਂ ਤੋਂ ਸਾਮਰਾਜੀ ਫੌਜੀ-ਉਦਯੋਗਿਕ ਕੰਪਲੈਕਸ ਦਾ ਮੁਨਾਫ਼ਾ ਵਧਦਾ ਹੈ। ਹਥਿਆਰਾਂ ਦਾ ਉਤਪਾਦਨ, ਰੱਖਿਆ ਇਕਰਾਰਨਾਮੇ, ਅਤੇ ਵਿਦੇਸ਼ੀ ਹਥਿਆਰਾਂ ਦੇ ਸੌਦੇ ਹੋਰ ਵੱਧ ਤੇਜ਼ ਹੋ ਜਾਂਦੇ ਹਨ। ਪੁਲਵਾਮਾ ਹਮਲੇ ਦੇ ਪ੍ਰਤੀਕਰਮ ਵਜ਼ੋਂ ਭਾਰਤ ਵੱਲੋਂ ਕੀਤੇ ਗਏ ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਚੀਨ ਤੋਂ ਵੱਡੀ ਪੱਧਰ ਤੇ ਫੌਜ਼ੀ ਸਾਜੋ-ਸਮਾਨ ਖਰੀਦਿਆ ਹੈ। ਇਸ ਤਾਜ਼ਾ ਹਮਲੇ ਬਾਅਦ ਭਾਰਤ ਅਤੇ ਪਾਕਿਸਤਾਨ ਆਪਣੇ ਰੱਖਿਆ ਬਜ਼ਟ ਵਿੱਚ ਹੋਰ ਵਾਧਾ ਕਰਨ ਦੀ ਦੌੜ ਵਿੱਚ ਸ਼ਾਮਲ ਹੋਣਗੇ।
    ਤੀਸਰਾ, ਭਾਰਤ ਦੀ ਜੀ-7, ਬ੍ਰਿਕਸ, ਕੁਆਡ, ਸ਼ਾਰਕ, ਡਬਲਿਊਟੀਓ, ਜੀ-20, ਯੂ.ਐੱਨ. ਆਦਿ ਵਿਸ਼ਵ ਗੁੱਟਾਂ ਵਿੱਚ ਸ਼ਮੂਲੀਅਤ ਅਤੇ ਪਾਕਿਸਤਾਨ ਮੁਕਾਬਲੇ ਵੱਡੀ ਆਰਥਿਕਤਾ ਹੋਣ ਕਰਕੇ ਭਾਰਤ ਦਾ ਕੌਮਾਂਤਰੀ ਸਿਆਸਤ ਵਿੱਚ ਗਿਣਨਯੋਗ ਯੋਗਦਾਨ ਹੈ। ਮੋਦੀ ਸਰਕਾਰ ਵੱਲੋਂ ਵਿਸ਼ਵਗੁਰੂ ਹੋਣ ਦੇ ਦਾਅਵੇ ਅਤੇ ਰੂਸ-ਯੂਕਰੇਨ ਜੰਗ ਵਿੱਚ ਕੂਟਨੀਤਕ ਪੋਜੀਸ਼ਨ ਤੇ ਅਮਰੀਕਾ ਨਾਲ ਨੇੜਲੇ ਸੰਬੰਧਾਂ ਦੇ ਚਰਚੇ ਵੀ ਹੁੰਦੇ ਰਹੇ ਹਨ। ਪਰ ਪਾਕਿਸਤਾਨ ਨਾਲ ਤਣਾਅ ਵਿੱਚ ਇਜ਼ਰਾਈਲ ਨੂੰ ਛੱਡ ਕਿਸੇ ਵੀ ਦੇਸ਼ ਨੇ ਭਾਰਤ ਨਾਲ ਠੋਸ ਯਕਯਹਿਤੀ ਪੇਸ਼ ਨਹੀਂ ਕੀਤੀ। ਭਾਰਤ ਸਰਕਾਰ ਦੀਆਂ ਕੂਟਨੀਤਕ ਤੇ ਵਿਦੇਸ਼ੀ ਨੀਤੀ ਦੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ ਅਤੇ ਯੂਰਪੀਨ ਯੂਨੀਅਨ ਤੇ ਅਮਰੀਕਾ ਨੇ ਭਾਰਤ ਦੇ ਹਵਾਈ ਹਮਲਿਆਂ ਦੀ ਨਿੰਦਾ ਕਰਕੇ ਭਾਰਤ ਨੂੰ ਨਮੋਸ਼ੀ ਦੀ ਹਾਲਤ ਵਿੱਚ ਸੁੱਟ ਦਿੱਤਾ ਹੈ। ਮੌਜੂਦਾ ਫੌਜੀ ਹਮਲਿਆਂ ਵਿੱਚ ਭਾਰਤ ਦੀ ਸੰਸਾਰ ਮੰਚ ਤੇ ਕੂਟਨੀਤਕ ਤੇ ਸਿਆਸੀ ਹਾਰ ਦਾ ਪ੍ਰਗਟਾਵਾ ਹੋਇਆ ਹੈ।
    ਭਾਵੇਂ ਸੁਰੱਖਿਆ ਅਤੇ ਪ੍ਰਭੂਸੱਤਾ ਬਹਾਨੇ ਦੋਵਾਂ ਮੁਲਕਾਂ ਦੇ ਹਾਕਮਾਂ ਸਥਾਨਕ ਪੱਧਰ 'ਤੇ ਕੌਮਵਾਦੀ ਸਮਰਥਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਪ੍ਰੰਤੂ ਇਸਦੇ ਖਿਲਾਫ ਅਮਨ ਅਤੇ ਸ਼ਾਂਤੀ ਦੀ ਸੁਰ ਵੀ ਪਹਿਲਾਂ ਨਾਲੋਂ ਤਿੱਖੀ ਹੋਈ ਹੈ। ਘਰੇਲੂ ਤੌਰ 'ਤੇ, ਇਸ ਟਕਰਾਅ ਨੇ ਭਾਰਤ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਬਹਿਸਾਂ ਛੇੜ ਦਿੱਤੀਆਂ ਹਨ। ਸਰਕਾਰ ਦੀਆਂ ਕਾਰਵਾਈਆਂ ਦੀ ਆਲੋਚਨਾ ਕਰਨ ਲਈ ਅਕਾਦਮਿਕ ਬੁੱਧੀਜੀਵੀ ਅਲੀ ਖਾਨ ਦੀ ਗ੍ਰਿਫਤਾਰੀ ਰਾਸ਼ਟਰੀ ਸੁਰੱਖਿਆ ਸੰਕਟ ਬਹਾਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਹੈ।
    ਇਸ ਟਕਰਾਅ ਨੇ ਦਿਖਾ ਦਿੱਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਤਰੀ ਸੰਤੁਲਨ ਸਾਮਰਾਜੀ ਸ਼ਕਤੀਆਂ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੁੰਦਾ ਹੈ। ਮਹਿੰਗਾਈ, ਬੇਰੁਜ਼ਗਾਰੀ, ਵਿਰੋਧ ਪ੍ਰਦਰਸ਼ਨ, ਗੈਰ ਬਰਾਬਰਤਾ ਵਰਗੇ ਅੰਦਰੂਨੀ ਜਮਾਤੀ ਤਣਾਅ ਵਧਣ ਤੇ ਹਾਕਮ ਵਰਗ ਅਕਸਰ ਧਿਆਨ ਭਟਕਾਉਣ ਲਈ ਕੌਮੀ ਜਾਨੂੰਨ ਜਾਂ ਬਾਹਰੀ ਟਕਰਾਅ ਨੂੰ ਭੜਕਾਉਂਦੇ ਹਨ। ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੋਵੇਂ ਮੁਲਕ ਆਰਥਿਕ ਚੁਣੌਤੀਆਂ ਅਤੇ ਰਾਜਨੀਤਿਕ ਅਸ਼ਾਂਤੀ ਨਾਲ ਜੂਝ ਰਹੇ ਹਨ। ਸਰਹੱਦ ਪਾਰ ਟਕਰਾਅ ਵਧਣਾ ਲੋਕਾਂ ਦੇ ਗੁੱਸੇ ਨੂੰ ਵਿਦੇਸ਼ੀ ਦੁਸ਼ਮਣ ਨਾਲ ਸਿੱਝਣ ਲਈ ਭਟਕਾਉਂਦਾ ਹੈ। ਇਸਤੋਂ ਬਿਨਾਂ ਦੋਵਾਂ ਦੇਸ਼ਾਂ ਵਿੱਚ ਜ਼ਿਆਦਾਤਰ ਮੀਡੀਆ ਨੇ ਸਰਕਾਰੀ ਸੰਦ ਵਜੋਂ ਕੰਮ ਕੀਤਾ ਹੈ ਅਤੇ ਫੌਜੀ ਕਾਰਵਾਈ ਦੀ ਵਡਿਆਈ ਕੀਤੀ ਹੈ ਅਤੇ ਅਸਹਿਮਤੀ ਦੀ ਹਰ ਸੁਰ ਨੂੰ ਦਬਕਾਉਂਣ-ਭੰਡਣ ਦਾ ਕੰਮ ਕੀਤਾ ਹੈ। ਨਿਹੱਕੀ ਫੌਜੀ ਕਾਰਵਾਈ ਨੂੰ ਦੇਸ਼ ਭਗਤੀ ਨਾਂ ਦਿੱਤਾ ਗਿਆ ਹੈ।
    ਇਸ ਸਮੇਂ ਚੀਨ ਨੇ ਪਾਕਿਸਤਾਨ ਨੂੰ ਫੌਜੀ ਤੌਰ 'ਤੇ ਸਹਿਯੋਗ ਦਿੱਤਾ ਹੈ ਅਤੇ ਅਮਰੀਕਾ ਅਤੇ ਰੂਸ ਭਾਰਤ ਨਾਲ ਕੂਟਨੀਤਕ ਸਬੰਧ ਬਣਾਈ ਰੱਖਦੇ ਹਨ। ਭਾਰਤ ਅਤੇ ਪਾਕਿਸਤਾਨ ਦੋਵੇਂ ਵਿਸ਼ਵ ਪੂੰਜੀਵਾਦ ਅਤੇ ਸਾਮਰਾਜਵਾਦੀ ਹਿੱਤਾਂ ਦੇ ਜਾਲ ਵਿੱਚ ਫਸੇ ਹੋਏ ਹਨ। ਜੰਗ ਜਾਂ ਜੰਗੀ ਤਣਾਅ ਵਿੱਚ ਹਾਕਮ ਵਰਗ ਤੋਂ ਇਲਾਵਾ ਕੋਈ ਜੇਤੂ ਨਹੀਂ ਹੁੰਦਾ। ਜੰਗ ਪੂੰਜੀਵਾਦੀ ਪ੍ਰਬੰਧ ਨੂੰ ਬਰਕਰਾਰ ਰੱਖਣ, ਪੂੰਜੀਪਤੀਆਂ ਦੇ ਹਿੱਤਾਂ ਦੀ ਰੱਖਿਆ ਕਰਨ, ਜਮਾਤੀ ਚੇਤਨਾ ਤੇ ਏਕਤਾ ਨੂੰ ਦਬਾਉਣ ਅਤੇ ਲੋਕਾਂ ਨੂੰ ਰਾਸ਼ਟਰੀ ਲੀਹਾਂ 'ਤੇ ਵੰਡਦੀ ਹੈ। ਲੋਕਾਂ ਦਾ ਅਸਲ ਦੁਸ਼ਮਣ ਗੁਆਂਢੀ ਰਾਸ਼ਟਰ ਨਹੀਂ ਹੈ ਸਗੋਂ ਲੁੱਟ-ਜਬਰ ਤੇ ਟਿਕਿਆ ਪ੍ਰਬੰਧ ਹੈ ਜੋ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਜੰਗਾਂ-ਯੁੱਧਾਂ ਦੀ ਵਰਤੋਂ ਕਰਦਾ ਹੈ।
    ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਇੱਕ ਸੁਖਦ ਸੁਨੇਹਾ ਜਰੂਰ  ਹੈ ਪਰ ਟਰੰਪ ਦੀ ਸਾਮਰਾਜਵਾਦੀ ਵਿਚੋਲਗੀ ਸ਼ਾਂਤੀ ਦੀ ਸੱਚੀ ਇੱਛਾ ਤੋਂ ਪ੍ਰੇਰਿਤ ਨਹੀਂ ਹੈ ਸਗੋਂ ਦੱਖਣੀ ਏਸ਼ੀਆ ਵਿੱਚ ਅਮਰੀਕੀ ਰਣਨੀਤਕ ਅਤੇ ਆਰਥਿਕ ਹਿੱਤਾਂ ਤੋਂ ਪ੍ਰੇਰਿਤ ਹੈ। ਅਮਰੀਕਾ, ਚੀਨ ਦੀ ਤਾਕਤ ਨੂੰ ਚੁਣੌਤੀ ਦੇਣ ਤੇ ਹਿੰਦ ਪ੍ਰਸ਼ਾਂਤ ਮਹਾਸਾਗਰ ਵਿੱਚ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਭਾਰਤ ਨਾਲ ਨੇੜਲੇ ਸਬੰਧ ਬਣਾ ਰਿਹਾ ਹੈ ਤੇ ਪਾਕਿਸਤਾਨ ਨਾਲ ਵੀ ਸਬੰਧ ਕਾਇਮ ਰੱਖ ਰਿਹਾ ਹੈ। ਅਮਰੀਕਾ ਜੰਗੀ ਤਣਾਅ ਦੀ ਆੜ ’ਚ ਦੋਵਾਂ ਦੇਸ਼ਾਂ ਦੇ ਹਾਕਮਾਂ ਨਾਲ ਲੋਕਵਿਰੋਧੀ ਸਮਝੌਤੇ ਤੇ ਕੂਟਨੀਤਕ ਚਾਲਾਂ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਨਾਲ ਇਹ ਜੰਗਬੰਦੀ ਇਸ ਖਿੱਤੇ ਵਿੱਚ ਜੰਗੀ ਤਣਾਅ ਤੇ ਮਹਿਜ ਵਕਤੀ ਰੋਕ ਹੈ। ਲੋੜ ਪੈਣ ਤੇ ਇਸਨੂੰ ਮੁੜ-ਮੁੜ ਸੁਲਗਾਇਆ ਜਾਂਦਾ ਰਹੇਗਾ।  ਇਹ ਜੰਗੀ ਕਵਾਇਦ ਵੱਡੇ ਭੂ-ਰਾਜਨੀਤਿਕ ਟੀਚਿਆਂ ਦੀ ਪੂਰਤੀ ਲਈ ਸੀ। ਅਮਰੀਕਾ ਆਪਣੀ ਵਿਸ਼ਵਵਿਆਪੀ ਚੌਧਰ ਨੂੰ ਬਣਾਈ ਰੱਖਣ ਲਈ ਭਾਰਤ ਅਤੇ ਪਾਕਿਸਤਾਨ ਵਰਗੀਆਂ ਖੇਤਰੀ ਸ਼ਕਤੀਆਂ ਵਿਚਕਾਰ ਟਕਰਾਵਾਂ ਤੇ ਸਮਝੌਤਿਆਂ ਦੀ ਖੇਡ ਖੇਡਦਾ ਰਹੇਗਾ ਤੇ ਆਰਥਿਕ-ਵਪਾਰਕ ਸੌਦੇਬਾਜ਼ੀਆਂ ਚੋਂ ਆਪਣਾ ਲਾਹਾ ਖੱਟਦਾ ਰਹੇਗਾ। ਮੱਧ ਪੂਰਬ ਵਿੱਚ ਟਰੰਪ ਯਾਤਰਾ ਪੂਰੇ ਖਿੱਤੇ ਵਿੱਚ ਰੂਸ-ਚੀਨ ਖਿਲਾਫ ਗੁੱਟਬੰਦੀ ਦੇ ਮਨਸ਼ੇ ਤਹਿਤ ਕੀਤੀ ਗਈ ਹੈ ਅਤੇ ਸਾਊਦੀ ਅਰਬ, ਯੂਏਈ ਅਤੇ ਸੀਰੀਆ ਨਾਲ ਅਰਬਾਂ ਡਾਲਰ ਦੇ ਸਮਝੌਤੇ ਕੀਤੇ ਗਏ ਹਨ। ਭਾਰਤ ਪਾਕਿਸਤਾਨ ਪ੍ਰਮਾਣੂ ਸੰਪੰਨ ਦੇਸ਼ ਹੋਣ ਕਰਕੇ ਸਾਮਰਾਜੀ ਦੇਸ਼ ਇਸ ਜੰਗ ਨੂੰ ਪ੍ਰਮਾਣੂ ਜੰਗ ਵਿੱਚ ਵਟਣ ਤੋਂ ਰੋਕਣ ਲਈ ਕੋਸ਼ਿਸ ਜਾਰੀ ਰੱਖਣਗੇ।
    ਭਾਰਤੀ ਅਤੇ ਪਾਕਿਸਤਾਨੀ ਮਜ਼ਦੂਰਾਂ, ਕਿਸਾਨਾਂ ਅਤੇ ਦੱਬੇ-ਕੁਚਲੇ ਭਾਈਚਾਰਿਆਂ ਵਿਚਕਾਰ ਏਕਤਾ ਦੀ ਬੇਹੱਦ ਲੋੜ ਹੈ। ਦੋਵਾਂ ਮੁਲਕਾਂ ਦੇ ਅਵਾਮ ਦੀ ਅਸਲ ਮੁਕਤੀ ਸਾਮਰਾਜੀ ਤੇ ਸਰਮਾਏਦਾਰਾ ਪ੍ਰਬੰਧ ਤੋਂ ਛੁਟਕਾਰਾ ਪਾਕੇ ਲੋਕਪੱਖੀ ਰਾਜ ਪ੍ਰਬੰਧ ਸਿਰਜਣ ਨਾਲ ਹੀ ਨੇਪਰੇ ਚੜ੍ਹ ਸਕਦੀ ਹੈ।

- ਮਨਦੀਪ 

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...