Search This Blog

Saturday, May 3, 2025

ਕੈਨੇਡਾ ਦੀਆਂ ਚੋਣਾਂ ਤੇ ਚੁਣੌਤੀਆਂ


ਐਤਕੀਂ ਕੈਨੇਡਾ ਦੀਆਂ ਚੋਣਾਂ ਕਈ ਕੋਣਾਂ ਤੋਂ ਮਹੱਤਵਪੂਰਨ ਸਨ। ਚੋਣ-ਕਿਆਸ ਕੈਨੇਡਾ ਦੇ ਮੌਸਮ ਵਾਂਗ ਵਾਰ-ਵਾਰ ਰੰਗ ਬਦਲਦੇ ਦਿਖਾਈ ਦਿੱਤੇ। ਕੈਨੇਡਾ ਵਸਦੇ ਪ੍ਰਵਾਸੀ ਦੱਖਣੀ-ਏਸ਼ਿਆਈ ਭਾਈਚਾਰਿਆਂ ਦੀ ਚੋਣਾਂ ਵਿੱਚ ਭਰਵੀਂ ਸ਼ਮੂਲੀਅਤ, ਵਪਾਰ ਯੁੱਧ ਤੇ ਪ੍ਰਵਾਸੀਆਂ ਪ੍ਰਤੀ ਨੀਤੀ ਕਾਰਨ ਇਹ ਚੋਣਾਂ ਹੋਰ ਵੀ ਵੱਧ ਰੌਚਕ ਤੇ ਉਤਸੁਕਤਾ ਵਾਲੀਆਂ ਸਨ। ਕੈਨੇਡਾ ਦੀ ਲਿਬਰਲ ਪਾਰਟੀ ਨੇ ਸੰਸਦ ਦੀਆਂ ਕੁੱਲ 343 ਸੀਟਾਂ ਵਿੱਚੋਂ 169 ਸੀਟਾਂ ਹਾਸਲ ਕਰਕੇ ਲਗਾਤਾਰ ਤੀਜੀ ਵਾਰ ਬਾਜ਼ੀ ਮਾਰ ਲਈ ਹੈ ਅਤੇ 43.7% ਵੋਟਾਂ ਹਾਸਲ ਕਰਕੇ ਕੈਨੇਡਾ ਦੇ ਪਿਛਲੇ ਚਾਰ ਦਹਾਕਿਆਂ ਦੇ ਚੋਣ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਵੀ ਆਪਣੇ ਨਾਮ ਦਰਜ ਕਰਵਾ ਲਿਆ ਹੈ। ਕੰਜ਼ਰਵੇਟਿਵ ਪਾਰਟੀ ਪਿਛਲੇ ਸਾਲਾਂ ਨਾਲੋਂ ਵੋਟ ਪ੍ਰਤੀਸ਼ਤ ਦੇ ਵਾਧੇ ਦੇ ਬਾਵਜੂਦ 144 ਸੀਟਾਂ ਨਾਲ ਦੂਸਰੇ ਸਥਾਨ ਤੇ ਰਹਿ ਗਈ ਅਤੇ ਇਸਦਾ ਪਾਰਟੀ ਪ੍ਰਧਾਨ ਪੀਅਰ ਪੌਲੀਏਵ ਖੁਦ ਚੋਣ ਹਾਰ ਗਿਆ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) 7 ਸੀਟਾਂ ਤੱਕ ਸਿਮਟਣ ਨਾਲ ਆਪਣੇ ਕੌਮੀ ਪਾਰਟੀ ਦੇ ਰੁਤਬੇ ਨੂੰ ਗੁਆ ਚੁੱਕੀ ਹੈ ਅਤੇ ਤੇਜੀ ਨਾਲ ਆਪਣੇ ਪਤਨ ਵੱਲ ਵੱਧ ਰਹੀ ਹੈ। ਕਾਰਜ਼ਕਾਰੀ ਸਰਕਾਰ ਬਣਾਉਣ ਲਈ 172 ਸੀਟਾਂ ਦੇ ਟੀਚੇ ਦੇ ਬਿਲਕੁੱਲ ਨਜ਼ਦੀਕ ਹੋਣ ਦੇ ਬਾਵਜੂਦ ਵੀ ਲਿਬਰਲਾਂ ਨੂੰ ਬਹੁਮਤ ਦੀ ਸਰਕਾਰ ਬਣਾਉਣ ਦਾ ਸੁਖ ਨਹੀਂ ਮਿਲੇਗਾ ਅਤੇ ਮਿਲੀਜੁਲੀ ਸਰਕਾਰ ਬਣਨ ਨਾਲ ਕੈਨੇਡਾ ਦੀ ਸਿਆਸਤ ਵਿੱਚ ਟਰੁਡੋ ਵਜ਼ਾਰਤ ਵਾਂਗ ਮੁੜ ਸਿਆਸੀ ਅਸਥਿਰਤਾ ਦਾ ਮਹੌਲ ਬਣਿਆ ਰਹੇਗਾ।  
    ਨਵੇਂ ਸਾਲ ਦੀ ਆਮਦ ਨਾਲ ਹੀ ਕੈਨੇਡਾ-ਅਮਰੀਕਾ ਦੇ ਸਿਆਸੀ ਵਾਤਾਵਰਣ ਵਿੱਚ ਤਿੱਖੀ ਹਲਚਲ ਦੇ ਬੱਦਲ ਛਾਏ ਰਹੇ। ਇੱਕ ਪਾਸੇ ਅਮਰੀਕਾ ਅੰਦਰ ਟਰੰਪ ਦੀ ਆਮਦ ਅਤੇ ਦੂਸਰੇ ਪਾਸੇ ਕੈਨੇਡਾ ਦੀ ਸਿਅਸਤ ਵਿੱਚ ਆਈ ਸਮਾਜਿਕ-ਸਿਆਸੀ ਅਸਥਿਰਤਾ ਕਾਰਨ ਸਿਆਸੀ ਮਾਹਰਾਂ ਦੀਆਂ ਚੋਣ ਕਿਆਸ-ਅਰਾਈਆਂ ਲਗਾਤਾਰ ਕਰਵਟ ਬਦਲਦੀਆਂ ਰਹੀਆਂ। ਕੋਵਿਡ ਬਾਅਦ ਵੱਧਦੀ ਮਹਿੰਗਾਈ, ਭਾਰਤ ਨਾਲ ਕੂਟਨੀਤਿਕ ਸਬੰਧਾਂ ’ਚ ਕੁੜੱਤਣ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀ ਆਮਦ ਨੂੰ ਘੱਟ ਕਰਨ ਲਈ ਬਦਲੀਆਂ ਅਵਾਸ ਨੀਤੀਆਂ, ਰਿਹਾਇਸ਼ੀ ਘਰਾਂ ਦਾ ਸੰਕਟ ਆਦਿ ਕਾਰਨਾਂ ਕਰਕੇ ਪੈਦਾ ਹੋਈ ਸਮਾਜਿਕ ਬੇਚੈਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਨਾਲ ਥੋੜੀ ਠੱਲ੍ਹ ਪਈ। ਨਵੰਬਰ 2024 ਦੇ ਇੱਕ ਓਪੀਨੀਅਨ ਪੋਲ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਟਰੂਡੋ ਸਰਕਾਰ ਦੀ ਲੋਕਪ੍ਰਿਅਤਾ ਤੇਜੀ ਨਾਲ ਘੱਟ ਰਹੀ ਸੀ ਅਤੇ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਹਾਲਾਤ ਪੈਦਾ ਹੋ ਗਏ ਸਨ। ਲੋਕ ਵਿਰੋਧ ਅਤੇ ਸਿਆਸੀ ਅਸਥਿਰਤਾ ਦੇ ਅਜਿਹੇ ਮਹੌਲ ਵਿੱਚ ਟਰੂਡੋ ਦੁਆਰਾ ਆਪਣੇ ਭਾਵੁਕ ਭਾਸ਼ਣ ਨਾਲ ਅਸਤੀਫਾ ਦੇਣ ਦੀ ਨੈਤਿਕਤਾ ਦਿਖਾਉਣਾ ਅਤੇ ਦੂਜੇ ਪਾਸੇ ਜਨਵਰੀ ਮਹੀਨੇ ਵਿੱਚ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਦੇ ਕੈਨੇਡਾ ਉੱਤੇ ਟੈਰਿਫ ਹਮਲੇ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਕੌਮੀ ਤ੍ਰਿਸਕਾਰ ਭਰੀ ਧਮਕੀ ਨੇ, ਕੈਨੇਡਾ ’ਚ ਪੈਦਾ ਹੋਏ ਸਿਆਸੀ ਤੂਫਾਨ ਦਾ ਮੁਹਾਣ ਹੀ ਬਦਲ ਦਿੱਤਾ। ਲਗਾਤਾਰ ਦਸ ਸਾਲ ਰਾਜ ਕਰਨ ਦੇ ਬਾਵਜੂਦ ਕੈਨੇਡੀਅਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਨਾ ਕਰ ਸਕਣ ਦੀ ਅਲੋਚਨਾ ਵਿੱਚ ਘਿਰੀ ਸਰਕਾਰ ਲਈ ਟਰੰਪ ਦੀਆਂ ਧਮਕੀਆਂ ਵਰਦਾਨ ਬਣਕੇ ਬਹੁੜੀਆਂ। ਨਾਜ਼ੁਕ ਹਾਲਾਤਾਂ ਦਾ ਲਾਹਾ ਲੈਦਿਆਂ ਲਿਬਰਲਾਂ ਨੇ ਇੱਕੋ ਸਮੇਂ ਦੋ ਅਹਿਮ ਸਿਆਸੀ ਚਾਲਾਂ ਚੱਲੀਆਂ। ਇੱਕ, ਟਰੂਡੋ ਦੀ ਥਾਂ ਪਾਰਟੀ ਦੀ ਕਮਾਂਡ ਸਿਆਸੀ ਮੈਦਾਨ ’ਚ ਨਵ-ਅਨੁਭਵੀ ਮਾਰਕ ਕਾਰਨੀ ਨੂੰ ਸੌਂਪਣੀ ਅਤੇ ਦੂਸਰਾ ਗੁਆਂਢੀ ਰਾਜ ਅਮਰੀਕਾ ਦੇ ਵਪਾਰਕ-ਕੂਟਨੀਤਿਕ ਹਮਲਿਆਂ ਤੋਂ ਸੁਰੱਖਿਆ ਲਈ ਲੋਕਾਂ ਨੂੰ ਰਾਸ਼ਟਰਵਾਦੀ ਏਜੰਡੇ ਦੁਆਲੇ ਲਾਮਬੰਦ ਕਰਨਾ। ਟਰੰਪ ਦੀਆਂ ਅਰਾਜਕ ਨੀਤੀਆਂ ਤੇ ਬਿਆਨਾਂ ਤੋਂ ਭੈਅਭੀਤ ਹੋਏ ਕੈਨੇਡੀਅਨਾਂ ਨੇ ਆਪਣੀਆਂ ਬੁਨਿਆਦੀ ਲੋੜਾਂ ਭੁੱਲਕੇ ਕੈਨੇਡਾ ਦੇ ਵਜੂਦ ਨੂੰ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਨੂੰ ਤਰਜ਼ੀਹ ਦਿੱਤੀ। 
    ਕੈਨੇਡਾ ਦੀ ਨਿਘਰਦੀ ਆਰਥਿਕ ਸਿਹਤ ਦੇ ਇਲਾਜ ਲਈ ਕੈਨੇਡੀਅਨ ਲੋਕਾਂ ਨੇ ਰਵਾਇਤੀ ਸਿਆਸਤਦਾਨਾਂ ਨਾਲੋਂ ਵੱਧਕੇ ਇੱਕ ਅਰਥ-ਸ਼ਾਸ਼ਤਰੀ ਤੇ ਭਰੋਸਾ ਕੀਤਾ। ਮਾਰਕ ਕਾਰਨੀ ਦੇ ਦਾਮਨ ਉੱਤੇ ਸਿਆਸਤ ਦੀ ਬਦਨਾਮੀ ਦੇ ਛਿੱਟੇ ਵੀ ਨਹੀਂ ਸਨ ਅਤੇ ਉਸਨੂੰ ਆਰਥਿਕ-ਵਪਾਰਕ ਮਾਮਲਿਆਂ ਦਾ ਮਾਹਰ ਵੀ ਮੰਨਿਆ ਜਾਂਦਾ ਹੈ। ਕਾਰਨੀ ਨੂੰ ਇੰਗਲੈਂਡ ਅਤੇ ਕੈਨੇਡਾ ਦੀ ਕੇਂਦਰੀ ਬੈਂਕ ਦੇ ਗਵਰਨਰ ਰਹਿਣ ਦੇ ਨਾਲ-ਨਾਲ ਬ੍ਰਿਕਜ਼ਿਟ ਗੱਲਬਾਤ ਲਈ ਬਰਤਾਨੀਆਂ ਦੀ ਅਗਵਾਈ ਕਰਨ ਅਤੇ ਕੈਨੇਡਾ ਨੂੰ ਅਮਰੀਕਾ ਦੇ 2008 ਦੇ ਸਬਪ੍ਰਾਇਮ ਮੌਰਗੇਜ਼ ਸੰਕਟ ਵਿੱਚੋਂ ਕੱਢਣ ਵਾਲੇ ਆਰਥਿਕ ਮਾਮਲਿਆਂ ਦੇ ਮਾਹਰ ਵਜ਼ੋਂ ਪੇਸ਼ ਕੀਤਾ ਗਿਆ। 
ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਕਮਾਂਡ ਸਾਂਭਣ ਤੋਂ ਤੁਰੰਤ ਬਾਅਦ ਮਾਰਕ ਕਾਰਨੀ ਨੇ ਜਿੱਥੇ ਕੈਨੇਡੀਅਨ ਲੋਕਾਂ ਨੂੰ ਕਾਰਬਨ ਟੈਕਸ ਮਾਫ ਕਰਨ, ਟੈਕਸ ਘੱਟ ਕਰਨ, ਸਲਾਨਾ ਪੰਜ ਲੱਖ ਨਵੇਂ ਰਿਹਾਇਸ਼ੀ ਮਕਾਨ ਬਣਾਉਣ, ਵਾਤਾਵਰਣ ਸੰਕਟ ਨਾਲ ਨਜਿੱਠਣ, ਨੌਕਰੀਆਂ ਪੈਦਾ ਕਰਨ, ਮਹਿੰਗਾਈ ਨੂੰ ਨੱਥ ਪਾਉਣ ਆਦਿ ਵਰਗੇ ਵਾਅਦੇ ਕਰਕੇ ਵਿਰੋਧੀ ਧਿਰ ਦਾ ਏਜੰਡਾ ਖੋਹ ਲਿਆ ਉੱਥੇ ਉਸਨੇ ਰਾਸ਼ਟਰੀ ਸੁਰੱਖਿਆ ਸਥਾਪਿਤ ਕਰਨ, ਯੂਰਪ ਅਤੇ ਏਸ਼ੀਆ ਨਾਲ ਦੁਵੱਲੇ ਵਪਾਰਕ ਸਬੰਧ ਕਾਇਮ ਕਰਨ, ਟਰੰਪ ਦੀਆਂ ਨੀਤੀਆਂ ਦਾ ਸਪੱਸ਼ਟਤਾ ਤੇ ਦਲੇਰੀ ਨਾਲ ਵਿਰੋਧ ਕਰਨ ਅਤੇ ਦੂਜੇ ਦੇਸ਼ਾਂ ਨਾਲ ਕੂਟਨੀਤਿਕ ਸਬੰਧ ਮਜ਼ਬੂਤ ਕਰਨ ਦੀ ਭਾਵਨਾ ਦਿਖਾਕੇ ਕੈਨੇਡੀਅਨ ਲੋਕਾਂ ਵਿੱਚ ਲਿਬਰਲਾਂ ਪ੍ਰਤੀ ਮੁੜ ਵਿਸ਼ਵਾਸ਼ ਤੇ ਆਸ ਦੀ ਲਹਿਰ ਪੈਦਾ ਕਰ ਦਿੱਤੀ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਜਲਦੀ ਚੋਣਾਂ ਕਰਵਾਉਣ ਦਾ ਐਲਾਨ ਕਰਕੇ ਲਿਬਰਲਾਂ ਨੇ ਮੌਕਾ ਸਾਂਭ ਲਿਆ। ਭਾਰਤੀ-ਪੰਜਾਬੀ ਭਾਈਚਾਰਿਆਂ ਵਿੱਚ ਉਤਸਾਹ ਦਾ ਇੱਕ ਸੋਮਾ ਇਹ ਰਿਹਾ ਕਿ ਚੋਣਾਂ ਵਿੱਚ 22 ਪੰਜਾਬੀਆਂ ਦੀ ਜਿੱਤ ਦੇ ਨਾਲ-ਨਾਲ ਉਹਨਾਂ ਨੂੰ ਮਾਰਕ ਕਾਰਨੀ ਦੇ ਰੂਪ ਵਿੱਚ ਕੈਨੇਡਾ ਦਾ ਡਾ. ਮਨਮੋਹਨ ਸਿੰਘ ਮਿਲ ਗਿਆ ਹੈ। 
    

ਓਧਰ, ਪੀਅਰ ਪੌਲੀਏਵ ਦੁਆਰਾ ਟਰੰਪ ਦੇ ‘ਅਮਰੀਕਾ ਫਸਟ’ ਦੇ ਕੌਮੀ ਸ਼ਾਵਨਵਾਦੀ ਸਨਕ ਦਾ ਜਵਾਬ ‘ਕੈਨੇਡਾ ਫਸਟ’ ਦੀ ਉਸੇ ਮਾਅਰਕੇਬਾਜ਼ ਸੁਰ ਵਿੱਚ ਦੇਣ ਨਾਲ ਉਸ ਵਿੱਚੋਂ ਟਰੰਪ ਦਾ ਪਰਛਾਵਾਂ ਝਲਕਦਾ ਸੀ ਜੋ ਕੈਨੇਡੀਅਨ ਸੱਭਿਆਚਾਰ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਸੀ। ਟਰੰਪ ਦੀਆਂ ਨੀਤੀਆਂ ਖਿਲਾਫ ‘ਟੀਮ ਕੈਨੇਡਾ’ ਤਿਆਰ ਕਰਕੇ ਲਿਬਰਲਾਂ ਨੇ ਪੀਅਰ ਦਾ ਆਖਰੀ ਏਜੰਡਾ ਖੋਹਕੇ ਉਸਨੂੰ ਨਿਹੱਥਾ ਕਰ ਦਿੱਤਾ। ਪਰੰਤੂ ਅਸਲ ਵਿੱਚ ਟਰੰਪ ਵੱਲੋਂ ਪੈਦਾ ਕੀਤੇ ਰਾਸਟਰੀ ਸੁਰੱਖਿਆ ਦੇ ਡਰ ਅਤੇ ਕੈਨੇਡਾ ਦੀ ਸਿਆਸਤ ਵਿੱਚ ਲੋਕਾਂ ਕੋਲ ਕੋਈ ਹੋਰ ਬਿਹਤਰ ਬਦਲ ਨਾ ਹੋਣ ਦੀ ਹਾਲਤ ਵਿੱਚ ਕੈਨੇਡੀਅਨ ਲੋਕਾਂ ਨੇ ਦੋਹਾਂ ਵਿੱਚੋਂ ਘੱਟ ਬੁਰੇ ਨੂੰ ਚੁਣਿਆ ਹੈ।
    ਕੈਨੇਡਾ ਦੀ ਸਮਾਜਿਕ-ਸਿਆਸੀ ਤਸਵੀਰ ਦਾ ਦੂਜਾ ਯਥਾਰਥਕ ਪਹਿਲੂ ਇਹ ਵੀ ਹੈ ਕਿ ਲਿਬਰਲਾਂ ਦੀ ਜਿੱਤ ਦੇ ਜਸ਼ਨਾਂ ਨਾਲੋਂ ਵੱਧ ਜਰੂਰੀ ਕੈਨੇਡਾ ਦੇ ਲੋਕਾਂ ਦੇ ਬੁਨਿਆਦੀ ਮੁੱਦੇ ਅਤੇ ਕੈਨੇਡਾ ਦੇ ਆਰਥਿਕ-ਸਮਾਜਿਕ ਹਾਲਾਤ ਹਨ ਜੋ ਸੰਕਟ ਦੇ ਦੁਆਰ ਤੇ ਖੜੇ ਹਨ। ਕੈਨੇਡਾ ਦੇ ਵੱਡੇ ਆਰਥਿਕ-ਵਪਾਰਕ ਭਾਈਵਾਲ ਅਮਰੀਕਾ ਦੀ ਆਰਥਿਕਤਾ ਖੜੋਤ ਵਿੱਚ ਫਸ ਗਈ ਹੈ, ਜਿਸਦਾ ਸਿੱਧਾ ਅਸਰ ਕੈਨੇਡਾ ਦੀ ਆਰਥਿਕਤਾ ਉੱਤੇ ਹੋਵੇਗਾ। ਅਮਰੀਕਾ ਦੀ ਅਰਥਵਿਵਸਥਾ 2025 ਦੀ ਪਹਿਲੀ ਤਿਮਾਹੀ ਵਿੱਚ 0.3% ਦੀ ਗਿਰਾਵਟ ਨਾਲ ਰਿਕਾਰਡ ਉੱਚ ਵਪਾਰਕ ਘਾਟੇ ਵਿੱਚ ਚੱਲ ਰਹੀ ਹੈ। ਟੈਰਿਫਾਂ ਅਤੇ ਅਮਰੀਕਾ ’ਚ ਅਯਾਤ ਭੰਡਾਰਨ ਕਰਕੇ ਕੈਨੇਡਾ ਦੇ ਸਟੀਲ, ਲੱਕੜ, ਆਟੋਮੋਟਿਵ, ਊਰਜਾ ਤੇ ਖੇਤੀਬਾੜੀ ਖੇਤਰ ਅਤੇ ਟਰੱਕ ਕਾਰੋਬਾਰਾਂ ਵਿੱਚ ਵਿਕਾਸ ਦੀ ਗਤੀ ਧੀਮੀ ਹੋ ਗਈ ਹੈ। ਟਰੰਪ ਦੁਆਰਾ ਅਮਰੀਕਾ ਵਿੱਚ ਕਾਰਪੋਰੇਟ ਟੈਕਸ ’ਚ 20% ਦੀ ਕਟੌਤੀ ਕਰਨ ਦੇ ਬਿਆਨ ਅਤੇ ਟੈਰਿਫ ਹਮਲੇ ਕਾਰਨ ਕੈਨੇਡੀਅਨ ਕਾਰੋਬਾਰ ਅਤੇ ਨਿਵੇਸ਼ ਅਮਰੀਕਾ ਵੱਲ ਰੁਖ ਕਰ ਰਿਹਾ ਹੈ। ਅਜਿਹੇ ਵਿੱਚ ਕੈਨੇਡੀਅਨ ਸਰਕਾਰ ਕੋਲ ਕੈਨੇਡਾ ਦੇ ਵੱਡੇ ਕਾਰੋਬਾਰੀਆਂ ਨੂੰ ਟੈਕਸ ਛੋਟਾਂ ਦੇਣ ਦਾ ਰਾਹ ਬੱਚਦਾ ਹੈ, ਜਿਸਦੀ ਭਰਪਾਈ ਜਨਤਕ ਖੇਤਰ ਦੇ ਖਰਚਿਆਂ ਉੱਤੇ ਕੱਟ ਲਾਕੇ ਅਤੇ ਆਮ ਕੈਨੇਡੀਅਨ ਖਪਤਕਾਰਾਂ ਉੱਤੇ ਟੈਕਸ ਬੋਝ ਵਧਾਕੇ ਕੀਤੀ ਜਾਵੇਗੀ। ਦੂਸਰਾ, ਚੱਲ ਰਹੀਆਂ ਦੋ ਜੰਗਾਂ ਅਤੇ ਟਰੰਪ ਦੀਆਂ ਅਰਾਜਕ ਨੀਤੀਆਂ ਕਾਰਨ ਗਲੋਬਲ ਸਪਲਾਈ ਚੇਨ ਅਤੇ ਸੰਸਾਰ ਵਪਾਰ ਪ੍ਰਭਾਵਿਤ ਹੋਣ ਨਾਲ ਗਲੋਬਲ ਆਰਥਿਕਤਾ ਵਿਕਾਸ ਤੇ ਖੜੋਤ ਦੀ ਸਮੱਸਿਆ ਨਾਲ ਜੂਝ ਰਹੀ ਹੈ। ਜਿਸਦੇ ਅੰਗ ਵਜ਼ੋਂ ਕੈਨੇਡੀਅਨ ਅਰਥਵਿਵਸਥਾ ਵੀ ਇਸਤੋਂ ਅਛੂਤੀ ਨਹੀਂ ਰਹੇਗੀ। ਗਲੋਬਲ ਆਰਥਿਕ ਖੜੋਤ ਅਤੇ ਅਮਰੀਕੀ ਟੈਰਿਫ ਹਮਲਿਆਂ ਕਾਰਨ ਕੈਨੇਡਾ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਖੜੋਤ ਆਦਿ ਨੂੰ ਰੋਕਣਾ ਲੱਗਭੱਗ ਅਸੰਭਵ ਹੈ। ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਪੂੰਜੀਵਾਦੀ ਅਰਥ ਸ਼ਾਸ਼ਤਰੀਆਂ ਕੋਲ ਕੇਂਦਰੀ ਬੈਂਕ ਦੀਆਂ ਵਿਆਜ ਦਰਾਂ ਵਧਾਉਣ, ਜਨਤਕ ਖੇਤਰ ਤੇ ਕੱਟ ਲਾਉਣ ਅਤੇ ਲੋਕਾਂ ਦੇ ਅਧਿਕਾਰਾਂ ਦਾ ਹਨਨ ਕਰਨ ਤੋਂ ਸਿਵਾਏ ਕੋਈ ਹੋਰ ਰਾਮਬਾਣ ਈਜ਼ਾਦ ਨਹੀਂ ਹੋਇਆ। ਅਤੇ ਮਾਰਕ ਕਾਰਨੀ ਇਸੇ ਫਾਰਮੂਲੇ ਦੀ ਵਰਤੋਂ ਕਰਨ ਲਈ ਮਜ਼ਬੂਰ ਹੋਵੇਗਾ ਜਿਸ ਨਾਲ ਸਥਿਤੀ ਹੋਰ ਗੰਭੀਰ ਹੋਣ ਦੇ ਖਦਸੇ ਹਨ।
    ਇਸਦੇ ਨਾਲ ਹੀ ਕੈਨੇਡਾ ਵਿੱਚ ਰਿਹਾਇਸ਼ੀ ਘਰਾਂ ਦੀ ਭਾਰੀ ਕਿੱਲਤ ਹੈ ਪਰੰਤੂ ਇਹ ਕਿੱਲਤ ਰਿਹਾਇਸ਼ੀ ਘਰਾਂ ਉੱਤੇ ਵੱਡੀਆਂ ਕਾਰਪੋਰੇਸ਼ਨਾਂ ਦੀ ਇਜਾਰੇਦਾਰੀ ਅਤੇ ਘਰਾਂ ਦੀਆਂ ਮਹਿੰਗੀਆਂ ਕੀਮਤਾਂ ਕਾਰਨ ਹੈ। ਸਲਾਨਾ ਪੰਜ ਲੱਖ ਰਿਹਾਇਸ਼ੀ ਘਰਾਂ ਦੇ ਨਿਰਮਾਣ ਨਾਲ ਅਸਲੀ ਫਾਇਦਾ ਆਮ ਲੋਕਾਂ ਨਾਲੋਂ ਵੱਧ ਵੱਡੇ ਪ੍ਰਾਈਵੇਟ ਬਿਲਡਰਾਂ ਨੂੰ ਹੋਵੇਗਾ। ਰਿਹਾਇਸ਼ੀ ਘਰਾਂ ਦਾ ਨਿਰਮਾਣ ਆਮ ਲੋਕਾਂ ਦੀਆਂ ਲੋੜਾਂ ਨਾਲੋਂ ਵੱਧ ਮੁਨਾਫਾ ਕੇਂਦਰਿਤ ਵੱਧ ਹੈ। ਇਸਤੋਂ ਇਲਾਵਾ ਅਮਰੀਕੀ ਦਬਾਅ ਕਾਰਨ ਕੈਨੇਡਾ ਸਰਕਾਰ ਨੇ ਜੰਗੀ ਖਰਚਿਆਂ ਲਈ ਨਾਟੋ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਲ 2030 ਤੱਕ ਆਪਣੇ ਫੌਜ਼ੀ ਤੇ ਰੱਖਿਆ ਖੇਤਰ ਵਿੱਚ ਕੁੱਲ ਜੀਡੀਪੀ ਦਾ 2% ਖਰਚਣਾ ਹੈ ਜਿਸ ਨਾਲ ਕੈਨੇਡੀਅਨ ਆਰਥਿਕਤਾ ਉੱਤੇ ਸਲਾਨਾ 60 ਬਿਲੀਅਨ ਡਾਲਰ ਦਾ ਬੋਝ ਪਵੇਗਾ। ਕੈਨੇਡਾ ਵੱਲੋਂ ਇਜ਼ਰਾਇਲ ਨੂੰ ਦਿੱਤੀ ਜਾ ਰਹੀ ਵਿੱਤੀ ਅਤੇ ਹਥਿਆਰਾਂ ਦੀ ਸਪਲਾਈ ਦਾ ਬੋਝ ਕੈਨੇਡਾ ਦੇ ਖਜਾਨੇ ਉੱਤੇ ਪੈਂਦਾ ਹੈ ਅਤੇ ਜਿਸਦਾ ਮੁਨਾਫਾ ਕੈਨੇਡੀਅਨ ਤੇ ਅਮਰੀਕੀ ਹਥਿਆਰ ਕੰਪਨੀਆਂ ਨੂੰ ਹੋ ਰਿਹਾ ਹੈ। ਮਾਰਕ ਕਾਰਨੀ ਲੋਕਾਂ ਨਾਲੋਂ ਵੱਧ ਕੈਨੇਡੀਅਨ ਕਾਰਪੋਰੇਟ ਜਮਾਤ ਦੇ ਹਿੱਤਾਂ ਦੀ ਰਖਵਾਲੀ ਤੇ ਕਾਰਪੋਰੇਟ ਜਮਾਤ ਨੂੰ ਸੰਕਟ ਵਿਚੋਂ ਕਾਢਣ ਲਈ ਸਾਹਮਣੇ ਲਿਆਂਦਾ ਗਿਆ ਹੈ। ਕਾਰਨੀ ਨੇ ਅਤੀਤ ਵਿੱਚ ਇਕ ਬੈਂਕਰ ਦੇ ਤੌਰ ਤੇ ਜੋ ਸੇਵਾਵਾਂ ਨਿਭਾਈਆਂ ਹਨ ਉਹ ਹੁਣ ਤੱਕ ਵੱਡੇ ਸੰਸਾਰ ਬੈਂਕਰਾਂ, ਵੱਡੇ ਕਾਰੋਬਾਰੀਆਂ ਅਤੇ ਕੁਲੀਨ ਵਰਗ ਦੇ ਹਿੱਤਾਂ ਲਈ ਸਨ ਨਾ ਕਿ ਆਮ ਲੋਕਾਂ ਲਈ। ਕਾਰਨੀ ਅਸਲ ਅਰਥਾਂ ਵਿੱਚ ਪੂੰਜੀਪਤੀ ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲਾ ਨੁਮਾਇੰਦਾ ਹੈ ਤੇ ਇਸੇ ਲਈ 53% ਕਾਰੋਬਾਰੀ ਨੇਤਾਵਾਂ ਨੇ ਕਾਰਨੀ ਦਾ ਸਮਰਥਨ ਕੀਤਾ ਹੈ ਤੇ 30% ਨੇ ਪੀਅਰ ਪੋਲਿਵਰ ਦਾ। ਕੈਨੇਡਾ, ਅਮਰੀਕੀ ਸਾਮਰਾਜ ਦਾ ਜੂਨੀਅਰ ਭਾਈਵਾਲ ਹੈ ਜੋ ਗਲੋਬਲ ਸਾਊਥ ਦੀ ਲੁੱਟ ਕਰਕੇ ਪੱਛਮੀ ਸਾਮਰਾਜ ਨੂੰ ਮਜਬੂਤ ਕਰਦਾ ਹੈ। ਕੈਨਡਾ ਅੰਦਰ ਗੈਰ-ਬਰਾਬਰਤਾ ਲਗਾਤਾਰ ਵਧ ਰਹੀ ਹੈ ਤੇ ਵਿਕਾਸ ਤੇ ਰਾਸ਼ਟਰੀ ਸੁਰੱਖਿਆ ਦੇ ਨਾਂ ਹੇਠ ਪ੍ਰਵਾਸੀ ਕਾਮਿਆਂ, ਅੰਤਰਰਾਸ਼ਟਰੀ ਵਿਦਿਆਰਥੀਆਂ, ਗਿੱਗ ਕਾਮਿਆਂ ਦੀ ਕਿਰਤ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
    ਟਰੰਪ ਦੇ ਵਪਾਰ ਯੁੱਧ, ਕੈਨੇਡੀਅਨ ਆਰਥਿਕਤਾ ਦੀ ਮਜ਼ਬੂਤੀ ਤੇ ਵਿਕਾਸ, ਰਹਿਣ-ਸਹਿਣ ਦੀਆਂ ਲਾਗਤਾਂ ਘੱਟ ਕਰਨ, ਰਿਹਾਇਸ਼ੀ ਘਰਾਂ ਦੀ ਥੁੜ ਤੇ ਕੀਮਤਾਂ ਘੱਟ ਕਰਨ, ਸਿਹਤ, ਬੀਮਾ, ਸਿੱਖਿਆ ਸਹੂਲਤਾਂ, ਵਿਦੇਸ਼ੀ ਨਿਵੇਸ਼ ਹਾਸਲ ਕਰਨ, ਸਮਾਜਿਕ-ਸਿਆਸੀ ਉਥਲ-ਪੁਥਲ ਆਦਿ ਦੀਆਂ ਵਿਕਰਾਲ ਚੁਣੌਤੀਆਂ ਪ੍ਰਤੀ ਕਾਰਨੀ ਦੀ ਪਹੁੰਚ ਤੇ ਭਵਿੱਖੀ ਕਾਰਗੁਜ਼ਾਰੀ ਦੇਖਣ ਵਾਲੀ ਹੋਵੇਗੀ।
                                                                                                                         

- ਮਨਦੀਪ (+1 438-924-2052)

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...