Search This Blog

Friday, July 20, 2018

'ਰੱਬੀ ਕਣ' ਪਿਛਲਾ ਭਰਮ ਤੇ ਯਥਾਰਥ

ਗੁੱਝੇ ਰਹੱਸਾ ਨੂੰ ਸਲਝਾਉਣ ਲਈ ਸਾਇੰਸ ਲਗਾਤਾਰ ਯਤਨਸ਼ੀਲ ਰਹਿੰਦੀ ਹੈ।ਵੱਖ-2 ਖੇਤਰਾਂ ਵਿਚ ਸਾਇੰਸ ਦੀਆਂ ਲੱਭਤਾਂ ਮੁਨੱਖੀ ਸਭਿੱਅਤਾ ਨੂੰ ਤਰੱਕੀ ਦੀਆਂ ਉੱਚ ਮੰਜ਼ਿਲਾਂ ਵੱਲ ਲਿਜਾਂਦੀਆਂ ਹਨ।ਵਿਸ਼ਵ ਪੱਧਰ ਤੇ ਮਨੁੱਖਤਾ ਵੱਲੋ ਕਾਇਮ ਕੀਤੇ ਹੈਰਾਨੀਜਨਕ ਕਾਰਨਾਮੇ ਕੁਦਰਤ ਦੇ ਗੁੱਝੇ ਭੇਦਾਂ ਨੂੰ ਸਾਇੰਸ ਰਾਹੀ ਲੱਭਣ ਕਾਰਨ ਹੀ ਸਥਾਪਿਤ ਹੋ ਸਕੇ ਹਨ। ਵਿਗਿਆਨ ਦੀਆਂ ਖੋਜਾਂ ਤੇ ਕਾਢਾਂ ਮੁਨੱਖਤਾ ਦੇ ਚੰਗੇ ਵਿਕਾਸ ਤੇ ਵਾਧੇ ਲਈ ਹੁੰਦੀਆਂ ਹਨ। ਵਿਸ਼ਵ ਵਿਗਿਆਨੀ ਆਪਣੀ ਸਖਤ ਮਾਨਸਿਕ ਤੇ ਸਰੀਰਕ ਕਿਰਤ ਸ਼ਕਤੀ ਨਾਲ ਮੁਨੱਖਤਾ ਨੂੰ ਮਹਾਨ ਖੋਜਾਂ ਤੇ ਕਾਢਾਂ ਦੀ ਮਹਾਨ ਦੇਣ ਪ੍ਰਦਾਨ ਕਰਦੇ ਹਨ।ਅੱਗੋਂ ਸੱਤਾ ਦੇ ਰਹਿਬਰਾਂ ਨੇ ਸੋਚਣਾ ਹੁੰਦਾ ਹੈ ਕਿ ਇਹਨਾਂ ਖੋਜਾਂ ਤੇ ਕਾਢਾਂ ਅਤੇ ਉਸ ਦੀ ਵੱਖ-2 ਖੇਤਰਾਂ 'ਚ ਹੁੰਦੀ ਵਰਤੋਂ ਨੂੰ ਮੁਨੱਖਤਾ ਦੀ ਭਲਾਈ ਲਈ ਵਰਤਣਾ ਹੈ ਜਾਂ ਮੁਨਾਫੇ ਦੇ ਸੰਦ ਵਜੋਂ ।

higgs.boson
higgs boson lab
  
   ਤਾਜ਼ਾਂ ਖੋਜ ਅਨੁਸਾਰ ਸਵਿੱਟਜ਼ਰਲੈਂਡ ਸਥਿਤ ਯੂਰਪੀਅਨ ਸੈਂਟਰ ਫਾਰ ਨਿਊਕਲੀਅਰ ਰਿਸਰਚ (C.E.R.N.)
  ਦੇ ਵਿਗਿਆਨੀਆਂ ਨੇ 5 ਦਹਾਕਿਆਂ ਦੀ ਸਖਤ ਮਿਹਨਤ ਸਦਕਾ ਹੱਥ ਨਾ ਆaਣ ਵਾਲੇ ਹਿਗਸ ਬੋਸੋਨ ਜਾਂ ਗਾੱਡ ਪਾਰਟੀਕਲ ਨਾਂ ਦੇ ਸਭ ਤੋਂ ਛੋਟੇ ਉਪ ਪ੍ਰਮਾਣੂ ਸੂਖਮ ਕਣ ਨੂੰ ਲੱਭ ਲੈਣ ਦੀ ਘੋਸ਼ਣਾ ਕੀਤੀ ਹੈ।ਇਸ ਕਣ ਦਾ ਭਾਰ 125 ਗਿਗਾਇਲੈਕਟ੍ਰਾਨ ਬੋਲਟ ਹੈ।ਦੁਨੀਆ ਭਰ ਦੇ ਵਿਗਿਆਨੀਆਂ ਨੇ ਜੇਨੇਵਾ ਵਿਚ 10 ਅਰਬ ਡਾਲਰ ਦੀ ਲਾਗਤ ਨਾਲ 27 ਕਿਲੋਮੀਟਰ ਲੰਬੀ ਗੋਲਾਕਾਰ ਸੁਰੰਗ ਬਣਾਈ ਜਿਸਨੂੰ ਲਾਰਜ ਹੈਡ੍ਰਾਨ ਕਾਲਾਇਡਰ ਕਿਹਾ ਗਿਆ।ਕਾਲਾਇਡਰ'ਚ ਪ੍ਰੋਟੋਨਸ ਨੂੰ ਰੋਸ਼ਨੀ ਦੀ ਰਫ਼ਤਾਰ ਨਾਲ ਦੋੜਾਕੇ ਆਪਸ ਵਿਚ ਟਕਰਾਇਆਂ ਗਿਆ।ਟੱਕਰ ਨਾਲ ਜੋ ਐਨਰਜੀ(ਊਰਜਾ )ਪੈਦਾ ਹੋਈ ,ਇਸ ਵਿਚ ਕੋਈ ਕਣ ਵਜੂਦ ਵਿਚ ਆਇਆ ਤਦ ਅਜਿਹੇ ਸੰਕੇਤ ਮਿਲੇ ਕਿ ਗਾੱਡ ਪਾਰਟੀਕਲ ਵੀ ਪੈਦਾ ਹੋਇਆ ਹੈ।ਵਜੂਦ ਵਿਚ ਆਉਣ ਤੇ ਹੀ ਹਿਗਸ ਬੋਸੋਨ ਖਤਮ ਹੋ ਗਿਆ।ਉਸਦੇ ਪਿੱਛੇ ਕੇਵਲ ਸੰਕੇਤ ਵਜੋ ਕੁਝ ਨਿਸ਼ਾਨ ਹੀ ਬਚੇ।ਵਿਗਿਆਨੀਆਂ ਨੂੰ ਇਹਨਾਂ ਸੰਕੇਤਾਂ ਤੋਂ ਨੇੜੇ ਭਵਿੱਖ 'ਚ ਚੰਗੀਆਂ ਉਮੀਦਾਂ ਹਨ।ਠੋਸ ਸਬੂਤ ਲੱਭਣੇ ਹਾਲੇ ਬਾਕੀ ਹਨ ।ਹਿਗਸ ਬੋਸੋਨ ਨੂੰ ਹੁਣ ਤੱਕ ਪ੍ਰਯੋਗਾ ਰਾਹੀ ਸਾਬਿਤ ਨਹੀਂ ਕੀਤਾ ਜਾ ਸਕਿਆਂ ਸਿਰਫ ਮੌਜੂਦਗੀ ਦੇ ਸੰਕੇਤ ਮਿਲੇ ਸਨ।ਇਸ ਦੀ ਮੌਜੂਦਗੀ ਦੇ ਠੋਸ ਸਬੂਤ ਮਿਲਣ ਤੇ ਹੀ ਇਹ ਸਵਾਲ ਸੁਲਝਾਏ ਜਾ ਸਕਣਗੇ ਕਿ ਕਣਾਂ ਵਿਚ ਭਾਰ ਕਿਂਉ ਹੁੰਦਾ ਹੈ ? 13 ਅਰਬ 70 ਕਰੋੜ ਸਾਲ ਪਹਿਲਾਂ ਮਹਾਂਵਿਸਫੋਟ (ਬਿੱਗ ਬੈਂਗ) ਨਾਲ ਬ੍ਰਹਿਮੰਡ ਦੀ ਉਤਪੱਤੀ ਕਿਵੇਂ ਹੋਈ ? ਤਾਰੇ ਤੇ ਗ੍ਰਹਿ ਜੀਵਨ ਨਿਰਮਾਣ ਲਈ ਇਕ ਦੂਜੇ ਨਾਲ ਕਿਵੇਂ ਜੁੜੇ ? ਕੁੱਲ ਖੋਜ ਬਾਰੇ ਸਰਨ ਦੇ ਮਹਾਂ ਨਿਰਦੇਸ਼ਕ ਡਾ: ਰਾੱਲਫ਼ ਮੁਤਾਬਿਕ "ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਖੋਜਿਆਂ ਗਿਆ ਕਣ ਸਟੈਡਰਡ ਮਾਡਲ ਦੇ ਮੁਤਾਬਿਕ ਹਿਗਸ ਬੋਸੋਨ ਹੈ ਜਾ ਕੋਈ ਇਕਦਮ ਨਵਾਂ ਕਣ ।ਉਹਨਾਂ ਮੁਤਾਬਿਕ ਹਾਲੇ ਇਹ ਦਾਅਵਾ ਨਹੀ ਕੀਤਾ ਜਾ ਸਕਦਾ ਕਿ ਇਹ ਇਕ ਅਲੱਗ ਕਣ ਹੈ ਜਾਂ ਅਜੇ ਤੱਕ ਨਹੀ ਖੋਜੇ ਜਾ ਸਕੇ ਕਣਾਂ ਚੋਂ ਪਹਿਲਾ ਕਣ ਹੈ।''



ਹਿਗਸ ਬੋਸੋਨ ਦੇ ਸਿਧਾਂਤ ਦਾ ਪ੍ਰਤੀਪਾਦਨ ਬਰਾਤਨੀਆਂ ਦੇ ਵਿਗਿਆਨੀ ਪ੍ਰੋਫੈਸਰ ਪੀਟਰ ਹਿਗਸ ਨੇ 1960 'ਚ ਕੀਤਾ।ਪੀਟਰ ਹਿਗਸ ਨੇ 1965 ਵਿਚ "ਗਾੱਡ ਪਾਰਟੀਕਲ'' ਦਾ ਵਿਚਾਰ ਪੇਸ਼ ਕੀਤਾ । ਭਾਰਤੀ ਵਿਗਿਆਨੀ ਸਤਿੰਦਰ ਨਾਥ ਬੋਸ ਜੋ ਆਈਨਸਟਾਇਨ ਦੇ ਸਮਕਾਲੀ ਸਨ ਤੇ ਪੀਟਰ ਹਿਗਸ ਦੀ ਇਸ ਖੇਤਰ 'ਚ ਮਹੱਤਵਪੂਰਨ ਦੇਣ ਸਦਕਾ ਇਸਨੂੰ 'ਹਿਗਸ ਬੋਸੋਨ' ਵੀ ਕਿਹਾ ਜਾਂਦਾ ਹੈ ।ਹਿਗਸ ਬੋਸੋਨ ਦੇ ਸਿਧਾਂਤ ਅਨੁਸਾਰ ਖਾਲੀ ਜਗਾ ਵਿਚ ਇਕ ਫੀਲਡ ਬਣਿਆ ਹੋਇਆ ਹੈ ਤੇ ਜਿਸਨੂੰ ਹਿਗਸ ਫੀਲਡ ਕਿਹਾ ਜਾਦਾ ਹੈ ਤੇ ਇਸ ਵਿਚਲੇ ਕਣਾਂ ਨੂੰ ਹਿਗਸ ਬੋਸੋਨ।ਇਸ ਸਿਧਾਂਤ ਅਨੁਸਾਰ ਹਿਗਸ ਬੋਸੋਨ ਉਹ ਕਣ ਹੈ ਜੋ ਪਦਾਰਥ ਨੂੰ ਮਾਸ ਪ੍ਰਦਾਨ ਕਰਦਾ ਹੈ।ਇਹ ਮੂਲ ਕਣ ਹੈ ਜਿਸਦਾ ਇਕ ਫੀਲਡ ਹੈ ਜੋ ਬ੍ਰਹਿਮੰਡ ਵਿਚ ਹਰ ਜਗਾ ਮੌਜੂਦ ਹੈ ਜਦ ਦੂਸਰਾ ਕੋਈ ਕਣ ਇਸ ਫੀਲਡ 'ਚੋ ਗੁਜ਼ਰਦਾ ਹੈ ਤਾਂ ਰੁਕਾਵਟ ਪੈਦਾ ਕਰਦਾ ਹੈ ।ਜਿਸਤੋਂ ਉਸਨੂੰ ਮਾਸ ਪ੍ਰਦਾਨ ਹੁੰਦਾ ਹੈ।ਪ੍ਰਤੂੰ ਇਸਦੇ ਹੋਣ ਦੇ ਪ੍ਰਯੋਗਾਤਮਕ ਸਬੂਤ ਚਾਹੀਦੇ ਹਨ।ਤਾਜ਼ਾਂ ਪ੍ਰਯੋਗਾਂ ਨੇ ਇਸੇ ਕਣ ਦੇ ਸੰਕੇਤਾਂ ਦੀ ਘੋਸ਼ਣਾਂ ਕੀਤੀ ਹੈ।



ਇਸ ਮੱਤਵਪੂਰਨ ਖੋਜ ਸਦਕਾ ਸਿਸ਼੍ਰਟੀ ਦੇ ਰਹੱਸਾਂ ਦੇ ਅਹਿਮ ਖੁਲਾਸੇ ਹੋ ਸਕਣਗੇ।ਇਕ ਅੰਦਾਜ਼ੇ ਮੁਤਾਬਿਕ ਤਾਂ ਇਸ ਕਣ ਦੀ ਲੱਭਤ ਨਾਲ ਕੋਈ ਵੀ ਬਿਮਾਰੀ ਲਾ- ਇਲਾਜ ਨਹੀਂ ਹਵੇਗੀ।ਪਿਛਲੇ 100 ਸਾਲਾਂ ਦੀ ਇਸ ਸਭ ਤੋ ਅਹਿਮ ਖੋਜ ਨਾਲ ਯੂਨੀਵਰਸ ਦੇ ਰਹੱਸਾਂ ਦੇ ਖੁਲਾਸਿਆਂ ਤੋਂ ਇਲਾਵਾਂ ਇਹ ਖੋਜ ਪੁਲਾੜ ਤਕਨੀਕ, ਨੈਨੋ ਤਕਨੀਕ , ਇੰਟਰਨੈਂਟ, ਮੈਨੂਫੈਕਚਰਿੰਗ ਤੇ ਹੋਰ ਅਨੇਕਾਂ ਖੇਤਰਾਂ ਲਈ ਲਾਹੇਵੰਦ ਸਾਬਿਤ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ।

higgs boson abc

   ਪਦਾਰਥ ਦੇ ਸੂਖਮ ਤੋਂ ਸੂਖਮ ਅਤੇ ਵਿਰਾਟ ਤੋਂ ਵਿਰਾਟ ਤੱਤਾਂ ਦੇ ਰਹੱਸ ਅਨੰਤ ਹਨ ਤੇ ਇਸ ਕਾਰਨ ਸਾਇੰਸ ਕਦੇ ਵੀ ਆਖਰੀ ਸੱਚ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰਦੀ ।ਪ੍ਰੰਤੂ ਜਦ ਵਿਗਿਆਨਿਕ ਖੋਜਾਂ ਤੇ ਕਾਢਾਂ ਨੂੰ ਸਮਾਜਿਕ ਵਰਤਾਰੇ ਦੇ ਵਿਚਾਰਧਾਰਕ ਸਿਆਸੀ ਖੇਤਰ ਵਿਚ ਵਰਤਿਆਂ ਜਾਂਦਾ ਹੈ ਤਦ ਬਹੁਤੇ ਵਿਚਾਰਕ ਆਪਣੀ ਜਮਾਤ ਦੇ ਹਿੱਤ ਪੂਰਨ ਖਾਤਰ ਇਸਦੇ ਅੰਤਰਮੁਖੀ ,ਸੰਕੀਰਨ ,ਸਤਹੀ ਤੇ ਤਰਕ ਵਿਹੂਣੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ।ਅਜਿਹੇ ਨਜ਼ਰੀਏ ਦੇ ਮਾਲਕ ਵਿਚਾਰਕ ਸਮਾਜ ਅੰਦਰ ਬੇਲੋੜੇ ਭਰਮ ਪੈਦਾ ਕਰਨ ਦੇ ਜ਼ਿਮੇਵਾਰ ਹੁੰਦੇ ਹਨ।ਪਿਛਾਂਹਖਿੱਚੂ ਤੇ ਲੋਟੂ ਤਾਕਤਾਂ ਅਜਿਹੇ ਅੰਧ ਵਿਸ਼ਵਾਸ਼ੀ ਤੇ ਲੁੱਟਪ੍ਰਸਤ ਵਿਚਾਰਾ ਨੂੰ ਪੱਠੇ ਪਾਉਦੀਆਂ ਹਨ।ਵਿਚਾਰਵਾਦੀਏ ਆਪਣੀ ਇਤਿਹਾਸਕ ਖਸਲਤ ਮੁਤਾਬਕ ਪਦਾਰਥਵਾਦ, ਵਿਗਿਆਨ ,ਮਾਰਕਸਵਾਦ ਤੇ ਹੋਰ ਤਰਕਵਾਦੀ ਸੱਚਾਈਆਂ ਖਿਲਾਫ ਵਿਸ਼ਵ ਪੱਧਰ ਤੇ ਹੋ-ਹੱਲਾ ਮਚਾਉਂਦੇ ਹਨ।ਉਹਨਾ ਦਾ ਇਹ ਹੋਛਾਪਣ ਉਹਨਾ ਦੇ ਸਤਹੀ ਤੇ ਅੰਧਵਿਸ਼ਵਾਸੀ ਗਿਆਨ ਦਾ ਹੀ ਨਮੂਨਾ ਹੁੰਦਾ ਹੈ।ਤਾਜ਼ਾ ਖੋਜ਼ ਦੌਰਾਨ ਦੁਨੀਆਂ ਭਰ ਦੇ ਵਿਚਾਰਵਾਦੀਏ ਤੇ ਸਧਾਰਨ ਲੋਕ 'ਗਾੱਡ ਪਾਰਟੀਕਲ' ਦੇ ਨਾਮ ਨਿਰਧਾਰਤ ਚਿੰਨ੍ਹਾਤਮਕ ਸੰਕਲਪ ਨੂੰ 'ਰੱਬ' ਦੀ ਪ੍ਰਾਪਤੀ ਹੀ ਸਮਝਦੇ ਹਨ।ਕੀ aਹ ਭਵਿੱਖ'ਚ ਇਤਿਹਾਸ ਬਾਰੇ ਰੱਬ ਦੀ ਵਿਆਖਿਆਂ ਇਹ ਕਰਨਗੇ ਕਿ "ਰੱਬ'' ਨੂੰ ਦੁਨੀਆਂ ਭਰ ਦੇ 10 ਹਜ਼ਾਰ ਵਿਗਿਆਨੀਆਂ ਨੇ ਜੇਨੇਵਾ ਵਿਖੇ 27 ਕਿਲੋਮੀਟਰ ਦੀ ਸੁਰੰਗ'ਚੋ ਪਦਾਰਥ ਉਪਰ ਵਿਗਿਆਨਕ ਖੋਜਾਂ ਦੌਰਾਨ "ਲੱਭ'' ਕੇ ਲਿਆਂਦਾ ? 



ਖੈਰ ! ਇੱਥੇ ਦੁਨੀਆਂ ਭਰ ਦੀਆਂ ਪੂੰਜੀਵਾਦੀ ਤਾਕਤਾਂ ਇਸ ਖੋਜ ਤੋਂ ਪ੍ਰਪਾਤ ਸਿਟਿਆਂ ਨੂੰ ਵੱਖ-2 ਖੇਤਰਾਂ 'ਚ ਪ੍ਰਯੋਗ ਕਰਕੇ ਉਸਦੇ ਭਵਿੱਖਤ ਮੁਨਾਫਿਆਂ ਦੀਆ ਵਿਉਤਾਂ ਤੈਅ ਕਰੀ ਬੈਠੀਆਂ ਹਨ।ਇਹ ਇਸਦੇ ਇਤਿਹਾਸਕ ਕਿਰਦਾਰ ਤੋਂ ਵੀ ਸਾਫ਼ ਜ਼ਾਹਰ ਹੈ ਕਿ ਪੈਦਾਵਰੀ ਅਮਲ'ਚ ਲੱਗੇ ਕਿਰਤੀਆਂ ਦੇ ਵੱਡੇ ਹਿੱਸੇ ਨੂੰ  ਪਿਛਾਖੜੀ ਵਿਚਾਰਾਂ ਨਾਲ ਨਰੜਕੇ ਵਿਗਿਆਨ ਦੀਆਂ 'ਬਰਕਤਾ' ਨੂੰ ਆਪਣੇ ਤੇ ਆਪਣੇ ਨੇੜਲਿਆਂ ਦੀ ਝੋਲੀ ਕਿਵੇਂ ਪਾਉਣਾ ਹੈ।ਦੂਸਰਾ ਪੂੰਜੀਵਾਦ ਦੇ ਵਿਸ਼ਵ ਮੰਦਵਾੜੇ ਦੇ ਦੌਰ 'ਚੋ ਗੁਜਰਦੇ ਵਿਸ਼ਵ ਪੂੰਜੀਵਾਦੀਆਂ ਨੂੰ ਵਕਤੀ ਤੌਰ ਤੇ ਮਾਰਕਸਵਾਦੀ ਤੇ ਹੋਰ ਅਗਾਂਹਵਧੂ ਹਿੱਸਿਆ ਉੱਪਰ ਚਿਕੱੜ ਉਛਾਲੀ ਕਰਨ ਤੇ ਵਿਸ਼ਵ ਜਨਤਕ ਰਾਏ ਨੂੰ ਆਪਣੇ ਪੱਖ'ਚ ਭਗਤਾਉਦਿਆਂ ਇਸ ਖੋਜ ਨੂੰ ਪੁਲਾੜ, ਇੰਟਰਨੈਂਟ, ਨੈਨੋ ਤਕਨੀਕ ,ਸੰਸਾਰ ਸਾਧਨਾ ਤੇ ਹੋਰ ਅਨੇਕਾਂ ਖੇਤਰਾ 'ਚ ਵਰਤ ਕੇ ਵਿਸ਼ਵ ਪਧੱਰ ਤੇ ਲੁੱਟ ਦਾ ਇਕ ਨਵਾਂ ਕਾਂਢ ਰਚਾਇਆ ਜਾਵੇਗਾ ।ਸੰਕਟ ਮੂੰਹ ਆਏ ਪੂੰਜੀਵਾਦ ਲਈ ਇਹ ਵਕਤੀ ਠੁੰਮਣਾ ਹੋ ਸਕਦਾ ਹੈ ਪਰ ਉਸਦੇ ਅਸਾਧ ਰੋਗ ਦਾ ਸਥਾਈ ਇਲਾਜ ਨਹੀਂ।



ਇੱਥੇ ਮਾਰਕਸਵਾਦੀ ,ਪਦਾਰਥਵਾਦੀ ਤੇ ਤਰਕਵਾਦੀ ਅਗਾਂਹਵਧੂ ਹਿੱਸਿਆਂ ਵਿਚ ਇਕ ਹਿੱਸਾ ਉਹ ਹੈ ਜੋ ਇਸ ਖੋਜ ਨੂੰ ਲੈ ਕੇ ਦੁਚਿੱਤੀ ਤੇ ਬੁਖਲਾਹਟ'ਚ ਹੈ।ਅਜਿਹਾ ਤੱਥਾਂ ਬਾਰੇ , ਵਿਗਿਆਨ ਬਾਰੇ ਸਹੀ ਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਤੇ ਦੂਸਰਾ ਰੂੜ ਹੋ ਚੁੱਕੇ ਰਵਾਇਤੀ ਸੰਕਲਪਾਂ ਕਾਰਨ ਵਾਪਰਦਾ ਹੈ ।ਉਸਨੂੰ ਪਦਾਰਥਵਾਦੀ ਵਿਗਿਆਨਕ ਵਿਚਾਰਧਾਰਾ ਦੇ ਖਤਮ ਹੋਣ ਦਾ ਡਰ ਤੇ ਹਰ ਘਟਨਾ ਨੂੰ ਛੀਅ ਤੇ ਅਮਰੀਕਾ ਦੀ ਸਾਜਿਸ਼ ਹੀ ਲੱਗਦਾ ਹੈ। ਨਵੀਆਂ ਘਟਨਾਵਾਂ ਤੇ ਖੋਜਾਂ ਨੂੰ ਮਾਰਕਸਵਾਦੀ ਵਿਗਿਆਨਕ ਸੱਚ ਨਾਲ ਮੇਲਣ ਦੀ ਕੰਮਜ਼ੋਰੀ ਤੇ ਇਸ ਵਿਗਿਆਨ ਨੂੰ ਖੋਜਾਂ ਨਾਲ ਹੋਰ ਅਮੀਰ ਕਰਨ ਤੇ ਚੰਗੇਰੇ ਸਮਾਜ ਲਈ ਇਸਦੀਆਂ ਨਵੀਆਂ ਪੱਦਤੀਆਂ ਤੇ ਧਾਰਨਾਵਾਂ ਨੂੰ ਵਿਕਸਤ ਕਰਨ ਦੀ ਘਾਟ ਹੀ ਅਜਿਹੇ ਵਤੀਰੇ ਦਾ ਕਾਰਨ ਬਣਦੀਆਂ ਹਨ।

ਦੂਸਰੇ ਉਹ ਹਿੱਸੇ ਹਨ ਜੋ ਇਸ ਖੋਜ ਦੀ ਆਮਦ ਨੂੰ 'ਜੀ ਆਇਆ' ਆਖਦੇ ਹਨ ।ਇਸਨੂੰ ਪਦਾਰਥਵਾਦੀ ਵਿਗਿਆਨਕ ਧਾਰਾ ਦੀ ਅਮੀਰੀ ਤੇ ਸੱਚ ਦੇ ਵੱਧ ਪ੍ਰੋੜ ਹੋਣ ਦੇ ਰੂਪ ਵਿਚ ਦੇਖ ਰਹੇ ਹਨ।ਇਸੇ ਦੌਰਾਨ ਨਵੇਂ ਤੱਥਾਂ ਦੇ ਸਾਹਮਣੇ ਆਉਣ ਤੇ ਵਿਸ਼ਵ ਭਰ'ਚ ਵੱਖ-2 ਪੱਧਰ ਤੇ ਬਹਿਸ ਦੇ ਨਵੇਂ ਕੇਂਦਰ ਸਥਾਪਿਤ ਹੋਣਗੇ ।ਜੋ ਚੇਤੰਨਤਾ ਦੇ ਵਿਸਥਾਰ ਲਈ ਧਰਾਤਲ ਮੁੱਹਈਆ ਕਰਨਗੇ।ਅਜਿਹੇ ਵਿਚ ਦੁਨੀਆ ਭਰ ਦੀਆਂ ਮੁਨੱਖਤਾਪੱਖੀ ਅਗਾਂਹਵਧੂ ਹਿੱਸਿਆਂ ਨੂੰ ਅਸਲ ਵਿਗਿਆਨਕ ਸੱਚ ਨੂੰ ਹੂ-ਬ-ਹੂ ਵੱਡੇ ਲੋਕ ਹਿੱਸੇ ਤੱਕ ਲਿਜਾਣਾ ਚਾਹੀਦਾ ਹੈ।ਚੇਤੰਨ ਲੋਕਾਂ ਨੂੰ ਵਿਗਿਆਨਕ ਚੇਤੰਨਤਾ ਦੇ ਪ੍ਰਸਾਰ ਲਈ ਵਿਗਿਆਨਕ ਸੱਚਾਈਆਂ ਨੂੰ ਘੜ ਭੰਨ ਕੇ ਆਪਣੇ ਸੰਸਥਾਗਤ ਉਦੇਸ਼ਾਂ ਦੇ ਮੇਚ ਦਾ ਕਰਨ ਦੀ ਤਿਕੜਮਬਾਜ਼ੀ ਤੋਂ 
 ਦੂਰ 
 ਰਹਿੰਦਿਆਂ ਉਹਨਾਂ ਅੰਦਰ ਹਰ ਤਰਾਂ ਦੇ ਵਿਗਿਆਨ ,ਵਰਤਾਰਿਆਂ ਤੇ ਧਾਰਨਾਵਾਂ ਨੂੰ ਸਮਝਣ ਦਾ ਸਵੈ-ਨਿਰਭਰਤਾ ਤੇ ਅਲੋਚਨਾਤਮਕ ਨਜ਼ਰੀਆ ਪੈਦਾ ਕਰਨਾ ਚਾਹੀਦਾ ਹੈ।ਰਵਾਇਤੀ ਕਿਸਮ ਦੇ ਆਰਥਿਕਤਾਵਾਦੀ-ਸੁਧਾਰਵਾਦੀ ਮੰਗਾਂ-ਮਸਲਿਆਂ ਤੋਂ ਲਾਂਭੇ ਹੋ ਕੇ ਫ਼ਲਾਸਫੀਕਲ ਤੇ ਵਿਗਿਆਨਕ ਮਸਲਿਆਂ ਨੂੰ ਪ੍ਰਚਾਰ ਪ੍ਰਾਪੇਗੰਡਾ ਰਾਹੀ ਵੱਡੇ ਲੋਕ ਹਿੱਸੇ ਤੱਕ ਲਿਜਾਕੇ ਭਾਰਤੀ ਲੋਕਾਂ ਦੀ ਬੌਧਿਕ ਕੰਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ ।ਅਜਿਹੇ ਔਖੇ ਤੇ ਦੁਰਰਸ ਕਾਰਜ ਭਾਰਤੀ ਲੋਕਾਂ ਦੀ ਬੌਧਿਕ ਤੰਦਰੁਸਤੀ ਦਾ ਉਸਾਰ ਬਣਨਗੇ।



ਅਗਾਂਹਵਧੂ ਹਿੱਸਿਆਂ ਨੂੰ ਤਾਜ਼ਾ ਖੋਜ ਨਾਲ ਵਿਗਿਆਨ ਤੇ ਫ਼ਲਸਫਾ ਕਿੰਨਾ ਤੇ ਕਿਵੇਂ ਅਮੀਰ ਬਣਿਆ ਅਤੇ ਇਸ ਖੋਜ ਦੇ ਸਿੱਟੇ ਮਨੁਖੱਤਾ ਦੀ ਭਲਾਈ ਲਈ ਕਿਵੇਂ ਵਰਤੇ ਜਾ ਸਕਦੇ ਹਨ,ਦਾ ਮਾਡਲ ਪੇਸ਼ ਕਰਨ ਦਾ ਜੁੰਮਾ ਓਟਣਾ ਪਵੇਗਾ। ਤੁਲਨਾ'ਚ ਇਹ ਵੀ ਦਿਖਾਉਣਾ ਪਵੇਗੇ ਕਿ ਦੁਨੀਆਂ ਭਰ ਦੀਆਂ ਪੂੰਜੀਵਾਦੀ ਤਾਕਤਾਂ ਇਹਨਾਂ ਖੋਜਾਂ ਨੂੰ ਕਿਹੜੇ ਵਰਗ ਦੇ ਹਿੱਤਾਂ ਲਈ ਵਰਤ ਰਹੀਆਂ ਹਨ। ਸੋ ਦੇਖਣਾ ਇਹ ਹੋਵੇਗਾ ਕਿ ਵਿਸ਼ਵ ਪੱਧਰ ਤੇ ਜਗਿਆਸਾ, ਬਹਿਸ ਤੇ ਹੈਰਾਨਗੀ ਭਰੇ ਮਾਹੌਲ ਅੰਦਰ ਕਿਹੜੀਆਂ ਅਗਾਂਹਵਧੂ ਤਾਕਤਾਂ ਵੱਧ ਗੰਭੀਰਤਾ ਨਾਲ ਭਰਮ ਨੂੰ ਤੋੜਨ ਤੇ ਵਿਗਿਆਨਕ ਯਥਾਰਥ ਨੂੰ ਲੋਕਾਈ ਤੱਕ ਲਿਜਾਣ'ਚ ਕਿੰਨਾਂ ਕੁ ਸਫ਼ਲ ਹੁੰਦੀਆਂ ਹਨ।
     -ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...