Search This Blog

Friday, July 20, 2018

ਗ਼ਦਰ ਲਹਿਰ ਨੂੰ ਧਾਰਮਿਕ ਹੱਦਾਂ 'ਚ ਕੈਦ ਕਰਨ ਦੀ ਖ਼ਤਰਨਾਕ ਸੋਚ

THURSDAY, APRIL 4, 2013
 ਦੇਸ਼ ਨੂੰ ਬਰਤਾਨਵੀ ਸਾਮਰਾਜੀਆਂ ਤੋਂ ਮੁਕਤ ਕਰਵਾਉਣ ਲਈ ਇਸ ਵੱਡੇ ਤੇ ਲੁਟੇਰੇ ਸਾਮਰਾਜ ਨਾਲ ਟੱਕਰ ਲੈਣ ਵਾਲੀ ਗ਼ਦਰੀ ਇਨਕਲਾਬੀਆਂ ਦੀ ਇਕ ਛੋਟੀ ਜਿਹੀ ਟੁਕੜੀ ਦੇ ਸੰਘਰਸ਼ਾਂ ਦਾ ਇਤਿਹਾਸ ਬੇਮਿਸਾਲ ਕੁਰਬਾਨੀਆਂ ਭਰਿਆ ਹੈ।ਇਤਿਹਾਸ ਦੇ ਉਹਨਾਂ ਮਹਾਨ ਸਪੂਤਾਂ ਦੀਆਂ ਅਮਿੱਟ ਦੇਣਾ ਤੇ ਕੁਰਬਾਨੀਆਂ ਦੇ ਸੰਗਰਾਮੀ ਵਿਰਸੇ ਦੀ ਸੱਚੀ ਵਾਰਸ ਮਿਹਨਤਕਸ ਜਮਾਤ ਤਾਂ ਇਸਤੋਂ ਜਾਣੂ ਹੈ ਹੀ, ਦੁਸਮਣ ਜਮਾਤ ਵੀ ਉਹਨਾਂ ਦੀਆਂ ਕੁਰਬਾਨੀਆਂ ਦਾ ਲੋਹਾ ਮੰਨਦੀ ਹੈ ਜਿਸਦੀ ਜਿੰਦਾ ਮਿਸਾਲ ਇਹ ਹੈ ਕਿ ਪੂਰੀ ਇਕ ਸਦੀ ਦੇ ਅਰਸੇ 'ਚ ਬਰਤਾਨਵੀ ਸਾਮਰਾਜੀਆਂ ਤੇ ਉਹਨਾਂ ਦੇ ਪਿੱਠੂ ਭਾਰਤੀ ਹਾਕਮਾਂ ਨੇ ਕਦੇ ਵੀ ਗ਼ਦਰੀਆਂ ਨੂੰ ਦੇਸ਼ ਭਗਤਾਂ ਵਜੋਂ ਨਹੀਂ ਸਵੀਕਾਰਿਆ।ਉਲਟਾ ਉਹਨਾਂ ਦੇ 'ਗ਼ਦਰ ਦੇ ਭੂਤ' ਤੋਂ ਡਰਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਗ਼ਦਰੀ ਵਿਰਾਸਤ ਤੋਂ ਕੋਰੇ ਰੱਖਣ ਲਈ ਗ਼ਦਰ ਵਿਰਾਸਤ ਨੂੰ ਪਾਠ ਪੁਸਤਕਾਂ 'ਚ ਦਰਜ ਕਰਨ, ਗ਼ਦਰ ਲਹਿਰ ਦੀਆਂ ਇਤਿਹਾਸਕ ਨਿਸ਼ਾਨੀਆਂ, ਯਾਦਗਰਾਂ, ਉਦੇਸ਼ ਤੇ ਅੰਗਰੇਜੀ ਹਕੂਮਤ ਵੱਲੋਂ ਗ਼ਦਰੀਆਂ ਦੀਆਂ ਜਬਤ ਕੀਤੀਆਂ ਜਾਇਦਾਦਾਂ ਨੂੰ ਵਾਪਸ ਕਰਵਾਉਣਾ ਵੀ ਅੱਜ ਤੱਕ ਮੁਨਾਸਬ ਨਹੀਂ ਸਮਝਿਆ।ਇਸੇ ਡਰ ਕਾਰਨ ਸਾਮਰਾਜਭਗਤ ਭਾਰਤੀ ਹਾਕਮ ਗ਼ਦਰ ਲਹਿਰ ਦੀ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਲਿਜਾਣ ਵਾਲੇ ਲੋਕਾਂ ਤੇ ਖਰੀਆਂ ਲੋਕਪੱਖੀ ਤਾਕਤਾਂ ਨੂੰ ਦਬਾਉਣ-ਲਤਾੜਣ ਲੱਗੀਆਂ ਹੋਈਆਂ ਹਨ।ਲੋਕਦੋਖੀ ਤਾਕਤਾਂ ਦਾ ਹਮੇਸ਼ਾਂ ਇਹੀ ਚਰਿੱਤਰ ਹੁੰਦਾ ਹੈ। ਦੂਜਾ, ਕੁੱਝ ਤਾਕਤਾਂ ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਨੂੰ ਆਪਣੇ ਸੌੜੇ ਤੁਅੱਸਬਾਂ ਨਾਲ ਛਾਂਗ-ਤਰਾਸ਼ ਕੇ ਇਸ ਨੂੰ ਵਿਗਾੜਦੇ ਹੋਏ, ਭਾਰਤੀ ਕਿਰਤੀ ਲੋਕਾਂ ਨਾਲ ਦਗਾ ਕਰਦੇ ਹੋਏ ਸਿੱਧੇ-ਅਸਿੱਧੇ ਲੁਟੇਰੀਆਂ ਜਮਾਤਾਂ ਦੀ ਸੇਵਾ ਕਰਨ ਵਿਚ ਲੱਗੀਆਂ ਹੋਈਆਂ ਹਨ।ਇਹ ਤਾਕਤਾਂ ਲੋਕਾਂ ਅੰਦਰਲੇ ਜਾਤੀ-ਪਾਤੀ, ਖੇਤਰੀ, ਧਾਰਮਿਕ ਤੇ ਭਾਸ਼ਾਈ ਤੁਅਸਬਾਂ ਨੂੰ ਬੜਾਵਾ ਦਿੰਦਿਆਂ ਜਿੱਥੇ ਇਕ ਪਾਸੇ ਸਧਾਰਨ ਲੋਕਾਂ ਨੂੰ ਆਪਸ ਵਿਚ ਜਾਂ ਗਲਤ ਦੁਸਮਣਾਂ ਖਿਲਾਫ ਲੜਾ ਕੇ ਉਹਨਾਂ ਦਾ ਘਾਣ ਕਰਵਾਉਦੀਆਂ ਹਨ ਉੱਥੇ ਦੂਜੇ ਪਾਸੇ ਲੋਕਦੋਖੀ ਪ੍ਰਬੰਧ ਖਿਲਾਫ ਲੜਾਈ ਨੂੰ ਕਮਜ਼ੋਰ ਕਰਨ ਦੀਆਂ ਵਾਹਕ ਵੀ ਬਣਦੀਆਂ ਹਨ।ਇਹਨਾਂ ਤਾਕਤਾਂ ਕੋਲ ਆਪਣੇ-ਆਪਣੇ ਜਾਤੀ-ਪਾਤੀ, ਖੇਤਰੀ, ਧਾਰਮਿਕ ਤੇ ਭਾਸ਼ਾਈ ਵਿਰਸੇ ਚੋਂ ਲੋਕ ਦੁਸ਼ਮਣ ਜਮਾਤਾਂ ਖਿਲਾਫ ਘੱਟ-ਵੱਧ ਰੂਪ 'ਚ ਸੰਘਰਸ਼ਾਂ ਦਾ ਇਕ ਇਤਿਹਾਸ ਤਾਂ ਹੁੰਦਾ ਹੈ ਪਰ ਇਹਨਾਂ ਕੋਲ ਵਰਤਮਾਨ ਤੇ ਭਵਿੱਖ 'ਚ ਕਿਰਤੀ ਜਮਾਤ ਦੀ ਮੁਕਤੀ ਲਈ ਇਸ ਜਮਾਤ ਦੇ ਮੁੱਖ ਦੁਸ਼ਮਣ ਖਿਲਾਫ ਲੜਾਈ ਦਾ ਕੋਈ ਸਪੱਸ਼ਟ ਵਿਗਿਆਨਕ ਸਿਧਾਂਤਕ ਤੇ ਵਿਹਾਰਕ ਚੌਖਟਾ ਨਹੀਂ ਹੈ।ਇਨ੍ਹਾਂ ਤਾਕਤਾਂ ਦਾ ਮੌਜੂਦਾ ਪੂੰਜੀਵਾਦੀ ਦੌਰ ਅੰਦਰ ਮਿਹਨਤਕਸ਼ ਤਬਕਿਆਂ ਦੇ ਮੁਕਤੀ ਸੰਗਰਾਮ ਵਿਚ ਕੋਈ ਗਿਣਨਯੋਗ ਯੋਗਦਾਨ ਵੀ ਨਹੀਂ ਹੈ ਜਦਕਿ ਦਾਅਵੇ ਸੰਸਾਰ ਵਿਆਪੀ ਹਨ।ਇਨ੍ਹਾਂ ਦਾ ਲੋਕ ਮੁਕਤੀ ਦਾ ਰਾਹ ਗੈਰ-ਵਿਗਿਆਨਕ ਲੀਹਾਂ ਤੇ ਟਿਕਿਆ ਹੋਇਆ ਹੈ।ਮਹਿਜ਼ ਖਿਆਲੀ ਤੇ ਲੱਛੇਦਾਰ ਭਾਸ਼ਾ ਵਾਲੇ ਉਪਦੇਸ਼ ਜਾਂ ਬਹੁਤੇ ਤੱਤੇ ਭਾਸ਼ਣ ਸਧਾਰਨ ਗ਼ਰੀਬ ਕਿਰਤੀਆਂ ਦਾ ਕੁਝ ਵੀ ਨਹੀਂ ਸੁਆਰਦੇ/ਸੁਆਰਨਗੇ। ਇਨ੍ਹਾਂ ਰੂੜ੍ਹੀਵਾਦੀ ਤਾਕਤਾਂ ਦੀਆਂ ਕਈ ਸ਼੍ਰੇਣੀਆਂ ਹਨ, ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਅੰਤਰ ਵਿਰੋਧ ਹਨ।ਇਹਨਾਂ ਵਿਚੋਂ ਇੱਕ ਹਿੱਸਾ ਗ਼ਦਰ ਲਹਿਰ ਨੂੰ ਇਤਿਹਾਸਕ ਪਰਿਪੇਖ ਚੋਂ ਪੜ੍ਹਚੋਲਦਿਆਂ ਕਈ ਸਵਾਲ ਉਭਾਰ ਰਿਹਾ ਹੈ ਜੋ ਗ਼ਦਰ ਸ਼ਤਾਬਦੀ ਵਰ੍ਹਾ 2013 'ਚ ਹੋਰ ਵੱਧ ਤਿੱਖੇ ਤੇ ਸਿੱਧੇ ਰੂਪ 'ਚ ਸਾਹਮਣੇ ਆ ਰਹੇ ਹਨ।ਇਹ ਅੰਸ਼ ਕੌਮੀਅਤਾਂ ਦੇ ਸਵਾਲ ਨੂੰ ਮਾਰਕਸਵਾਦੀ ਤੇ ਅਧਿਆਤਮਵਾਦੀ ਨਜ਼ਰੀਏ ਤੋਂ ਨਜਿੱਠਦਾ ਹੋਇਆ ਅਖੀਰ ਅਧਿਆਤਮਵਾਦੀ ਦਲਦਲ 'ਚ ਧਸ ਚੁੱਕਾ ਹੈ।ਅਜਿਹੀਆਂ ਗੈਰ-ਵਿਗਿਆਨਕ ਕਸਰਤਾਂ ਕਰਨ ਵਾਲਿਆਂ ਨਾਲ ਇਤਿਹਾਸ 'ਚ ਅਜਿਹਾ ਹੀ ਹੁੰਦਾ ਆਇਆ ਹੈ।ਅਜਿਹੇ ਅੰਸ਼ ਸਮਾਜ ਦੀਆਂ ਅਗਾਂਹਵਧੂ ਲਹਿਰ ਦੀਆਂ ਸਿਰਫ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਨੂੰ ਫੜਕੇ, ਲਹਿਰ ਦੀਆਂ ਪ੍ਰਾਪਤੀਆਂ ਨੂੰ ਰਸਮੀ ਤੌਰ ਤੇ ਸਵੀਕਾਰਦਿਆਂ ਉਸ ਲਹਿਰ ਦੀਆਂ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਤੇ ਜਿਆਦਾ ਜ਼ੋਰ ਦੇ ਕੇ ਉਸਨੂੰ ਆਪਣੇ ਸੌੜੇ ਵਿਚਾਰਧਾਰਕ ਚੌਖਟੇ ਵਿਚ ਫਿੱਟ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।ਇਸੇ ਤਰ੍ਹਾਂ ਗ਼ਦਰ ਲਹਿਰ ਦੀਆਂ ਮਹਾਨ ਪ੍ਰਾਪਤੀਆਂ ਦੇ ਨਾਲ-ਨਾਲ ਇਸਦੀਆਂ ਅਚੇਤ-ਸੁਚੇਤ ਕਈ ਸਾਰੀਆਂ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਵੀ ਸਨ।ਗ਼ਦਰ ਲਹਿਰ ਵਿਰਾਸਤ ਦੀਆਂ ਵਾਰਸ ਖਰੀਆਂ ਲੋਕਪੱਖੀ ਤਾਕਤਾਂ ਨੇ ਇਨ੍ਹਾਂ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਨੂੰ ਬੇਬਾਕੀ ਨਾਲ ਪੜ੍ਹਚੋਲਦਿਆਂ ਨਵੀਆਂ ਹਾਸਲ ਹਾਲਤਾਂ 'ਚ ਦੂਰ ਕਰਦਿਆਂ ਲੋਕ ਮੁਕਤੀ ਲਹਿਰ ਨੂੰ ਅੱਗੇ ਵਧਾਉਣਾ ਹੁੰਦਾ ਹੈ।ਕਈ ਤਰ੍ਹਾਂ ਦੇ ਅੰਤਰ ਵਿਰੋਧਾਂ ਦੇ ਬਾਵਯੂਦ ਖਰੀਆਂ ਲੋਕਪੱਖੀ ਤਾਕਤਾਂ ਇਸ ਕਾਜ਼ ਲਈ ਲਗਾਤਾਰ ਯਤਨਸ਼ੀਲ ਹਨ। ਪਰ ਇਹ ਅਖੌਤੀ ਬੁੱਧੀਜੀਵੀ ਗ਼ਦਰ ਲਹਿਰ ਦਾ ਮੁਲਾਂਕਣ ਲਹਿਰ ਅੰਦਰ ਸਰਗਰਮ ਵਿਅਕਤੀਆਂ ਦੀ 'ਧਾਰਮਿਕ ਪਛਾਣ', 'ਪ੍ਰੇਰਨਾ ਸ਼ਕਤੀ', 'ਮਨੋਜਗਤ', 'ਬਹੁਗਿਣਤੀ' ਆਦਿ ਤੋਂ ਕਰ ਰਹੇ ਹਨ।ਪ੍ਰੰਤੂ ਕਿਸੇ ਵੀ ਲਹਿਰ ਦਾ ਮੁਲਾਂਕਣ ਲਹਿਰ ਅੰਦਰ ਸਰਗਰਮ ਵਿਅਕਤੀਆਂ ਦੀ 'ਧਾਰਮਿਕ ਪਛਾਣ', 'ਪ੍ਰੇਰਨਾ ਸ਼ਕਤੀ', 'ਮਨੋਜਗਤ', 'ਬਹੁਗਿਣਤੀ' ਆਦਿ ਤੋਂ ਨਹੀਂ ਕੀਤਾ ਜਾਂਦਾ (ਮੁਲਾਂਕਣ ਸਮੇਂ ਇਹ ਉਸਦਾ ਇਕ ਹਿੱਸਾ ਤਾਂ ਹੋ ਸਕਦੇ ਹਨ) ਬਲਕਿ ਉਸ ਲਹਿਰ ਦੇ ਰਾਹ ਦਰਸਾਊ ਵਿਚਾਰਧਾਰਕ ਸਿਆਸੀ ਨੀਤੀ ਨਿਰਣਿਆਂ, ਯੁੱਧਨੀਤਿਕ ਕਾਰਜਾਂ ਤੇ ਉਸਦੇ ਹਾਸਲ ਸਿੱਟਿਆਂ ਤੋਂ ਹੁੰਦਾ ਹੈ।ਗ਼ਦਰ ਪਾਰਟੀ ਦਾ ਉਦੇਸ਼ ਦੇਸ਼ ਵਿਚੋਂ ਬਰਤਾਨਵੀ ਸਾਮਰਾਜ ਨੂੰ ਖਤਮ ਕਰਕੇ ਅਜ਼ਾਦੀ ਪ੍ਰਾਪਤ ਕਰਨਾ ਸੀ।ਇਸੇ ਸੇਧ ਵਿਚ ਉਹਨਾਂ ਹਥਿਆਰਬੰਦ ਇਨਕਲਾਬ ਜ਼ਰੀਏ ਅੰਗਰੇਜ਼ੀ ਰਾਜ ਨੂੰ ਭਾਰਤ ਵਿਚੋਂ ਖਤਮ ਕਰਨ ਦੇ ਨੀਤੀ ਨਿਰਣੇ ਘੜੇ।ਇਸ ਸਮੇਂ ਦੇਸ਼ ਤੇ ਕੌਮਾਂਤਰੀ ਪੱਧਰ ਤੇ ਚੱਲ ਰਹੇ ਅਨੇਕਾਂ ਰੁਝਾਨਾਂ ਦੇ ਵਿਚਾਰਾਂ ਦਾ ਗ਼ਦਰ ਲਹਿਰ ਉੱਪਰ ਪ੍ਰਭਾਵ ਸੀ।ਪਰ ਦੁਸ਼ਮਣ ਖਿਲਾਫ ਲੜਾਈ ਦੇ ਰਾਹ ਅੱਗੇ ਵੱਧਦਿਆਂ , ਅਨੇਕਾਂ ਅਨੂਭਵ ਤੇ ਤਜਰਬੇ ਗ੍ਰਹਿਣ ਕਰਦਿਆਂ ਗ਼ਦਰ ਪਾਰਟੀ ਲਗਾਤਾਰ ਪ੍ਰਪੱਕ ਹੁੰਦੀ ਗਈ ਤੇ ਸੰਕੀਰਨ ਤੁਅਸਬਾ ਤੋਂ ਉਪਰ ਉਠਦਿਆਂ ਅਜ਼ਾਦੀ ਪ੍ਰਾਪਤੀ ਦੇ ਉਦੇਸ਼ ਨੂੰ ਪ੍ਰਮੁੱਖਤਾ ਦਿੰਦੀ ਗਈ। ਇਨ੍ਹਾਂ ਅਖੌਤੀ ਬੁੱਧੀਜੀਵੀਆਂ ਵੱਲੋਂ ਗ਼ਦਰ ਲਹਿਰ ਦੇ ਇਹਿਾਸਕਾਰਾਂ ਉਪਰ 'ਗ਼ਦਰ ਲਹਿਰ 'ਚ ਇਕ ਬਹੁਗਿਣਤੀ ਧਾਰਮਿਕ ਅੰਸ਼ ਦੀ ਪ੍ਰਧਾਨਤਾ ਨੂੰ ਅਣਗੌਲਿਆਂ ਕਰਨ' ਦੇ ਦੋਸ਼ ਲਾਏ ਜਾ ਰਹੇ ਹਨ।ਇਸਦੇ ਜਵਾਬ ਵਜੋਂ ਅਸੀਂ ਕੁਝ ਮੋੜਵੇਂ ਸਵਾਲ ਕਰਦੇ ਹਾਂ ਕਿ ਕੀ ਗ਼ਦਰ ਲਹਿਰ ਵਿਚ ਕੁਰਬਾਨ ਹੋਏ ਧਾਰਮਿਕ ਪਿਛੋਕੜ ਵਾਲੇ ਬਹੁਗਿਣਤੀ ਸਿੱਖਾਂ ਦੀ ਕੁਰਬਾਨੀ ਨੂੰ ਕਿਸੇ ਸਾਜ਼ਿਸ਼ ਅਧੀਨ ਹਿੰਦੂ ਜਾਂ ਮੁਸਲਮਾਨ ਗ਼ਦਰੀਆਂ ਵਿਚ ਸੰਮਲਿਤ ਕੀਤਾ ਜਾ ਰਿਹਾ ਹੈ? ਕੀ ਗ਼ਦਰ ਲਹਿਰ ਨੇ ਕੋਈ ਧਰਮ ਯੁੱਧ ਲੜਿਆ ਜਾਂ ਗੁਲਾਮ ਭਾਰਤੀ ਲੋਕਾਂ ਦੀ ਆਜ਼ਾਦੀ ਦਾ ਯੁੱਧ? ਕੀ ਅੱਜ ਗ਼ਦਰ ਸ਼ਤਾਬਦੀ ਸਮੇਂ 'ਗ਼ਦਰ ਲਹਿਰ 'ਚ ਸਿੱਖ ਅੰਸ਼ ਦੀ ਪ੍ਰਧਾਨਤਾ' ਲਈ ਯੁੱਧ ਛੇੜਣਾ ਚਾਹੀਦਾ ਹੈ ਜਾਂ ਲੁਟੇਰੇ ਸਾਮਰਾਜ ਤੇ ਦੇਸੀ ਸਰਮਾਏਦਾਰਾਂ ਹੱਥੋਂ ਦੇਸ਼ ਦੇ ਲੁੱਟੇ ਲਤਾੜੇ ਜਾਂਦੇ ਲੋਕਾਂ ਦੀ ਮੁਕਤੀ ਲਈ ਜੱਦੋਜਹਿਦ ਕਰਨੀ ਚਾਹੀਦੀ ਹੈ? ਤੁਸੀਂ ਬਹੁਗਿਣਤੀ ਧਾਰਮਿਕ ਅੰਸ਼ ਦੀ ਪ੍ਰਧਾਨਤਾ ਦੇ ਨਜ਼ਰੀਏ ਤੋਂ ਹੀ ਸਹੀ ਉਨ੍ਹਾਂ ਗ਼ਦਰੀ ਸੂਰਵੀਰਾਂ ਦੀ ਸਧਾਰਨ ਲੋਕਾਂ ਦੀ ਲੁੱਟ-ਜਬਰ ਤੋਂ ਮੁਕਤੀ ਦੀ ਲਹਿਰ ਨੂੰ ਅੱਜ ਦੇ ਸਮੇਂ 'ਚ ਅੱਗੇ ਲਿਜਾਣ ਲਈ ਕੀ ਕਰ ਰਹੇ ਹੋ? ਇਨ੍ਹਾਂ ਅਖੌਤੀ ਬੁੱਧੀਜੀਵੀਆਂ ਵੱਲੋਂ ਗ਼ਦਰ ਲਹਿਰ ਉਪਰ ਹਿੰਦੂ ਰਾਸ਼ਟਰਵਾਦੀਆਂ ਦਾ ਗਲਬਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ।ਭਾਰਤ ਅੰਦਰ ਬਰਤਾਨਵੀ ਰਾਜ ਤੇ ਉਸਦੇ ਭਾੜੇ ਦੇ ਵਿਦਵਾਨਾਂ ਨੇ ਸਭ ਤੋਂ ਪਹਿਲਾਂ ਭਾਰਤ ਦਾ ਇਤਿਹਾਸ ਲਿਖਣ ਸਮੇਂ ਦੇਸ਼ ਦੀਆਂ ਕੌਮੀ ਘੱਟ ਗਿਣਤੀਆਂ ਨੂੰ ਕੋਈ ਤਰਜੀਹ ਨਹੀਂ ਦਿੱਤੀ।ਇਤਿਹਾਸ ਨੂੰ ਤੋੜਿਆ-ਮਰੋੜਿਆ ਗਿਆ।ਭਾਰਤੀਆਂ ਵਿਚ ਫਿਰਕੂ ਜ਼ਹਿਰ ਫੈਲਾਉਣ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨ ਦੀ ਸਾਜ਼ਿਸ਼ ਅੰਗਰੇਜ਼ ਰਾਜ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਵਿਚੋਂ ਨਿਕਲੀ ਹੋਈ ਸੀ।ਜਿਸਦਾ ਪ੍ਰਭਾਵ ਉਸ ਸਮੇਂ ਤੇ ਉਸਤੋਂ ਬਾਅਦ ਦੀਆਂ ਸਮਾਜਕ ਲਹਿਰਾਂ ਉਪਰ ਵੀ ਪਿਆ ਜਿਸਦੀ ਨਿਸ਼ਾਨਦੇਹੀ ਕਰਨ ਵਿਚ ਗ਼ਦਰ ਲਹਿਰ ਦੀਆਂ ਵੀ ਅਨੇਕਾਂ ਸੀਮਤਾਈਆਂ ਸਨ।ਅੰਗਰੇਜ ਰਾਜ ਦੀ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨ ਦੀ ਸਾਜ਼ਸ਼ ਨੂੰ ਬਾਅਦ ਦੇ ਇਤਿਹਾਸਕਾਰਾਂ ਨੇ ਸਾਹਮਣੇ ਵੀ ਲਿਆਂਦਾ ਹੈ।ਪਰ ਅੱਜ ਸੌ ਸਾਲ ਦੇ ਅਰਸੇ ਬਾਅਦ ਗ਼ਦਰ ਪਾਰਟੀ ਵਿਚ ਵਰਤੇ ਜਾਂਦੇ 'ਗ਼ਦਰ', 'ਯੁਗਾਂਤਰ ਆਸ਼ਰਮ', 'ਵੰਦੇ ਮਾਤਰਮ', 'ਭਾਰਤ ਮਾਤਾ' ਵਰਗੇ ਸ਼ਬਦਾਂ ਨੂੰ ਫੜਕੇ ਉਨ੍ਹਾਂ ਦੇ ਸੰਕਲਪਾਂ ਨੂੰ ਹਿੰਦੂ ਪਿਛੋਕੜ ਨਾਲ ਜੁੜੇ ਹੋਣ ਕਾਰਨ ਗ਼ਦਰ ਪਾਰਟੀ ਦੀ ਉਪਰਲੀ ਲੀਡਰਸ਼ਿੱਪ ਉਪਰ ਹਿੰਦੂ ਰਾਸ਼ਟਰ ਸਥਾਪਤ ਕਰਨ ਦੀ ਸਾਜ਼ਿਸ਼ ਹੋਣ ਦਾ ਬੇਬੁਨਿਆਦਾ ਦੋਸ਼ ਮੜ੍ਹਨਾ ਸਿਰੇ ਦੀ ਨਾਲਾਇਕੀ ਤੇ ਸਮਾਜਕ ਤਬਦੀਲੀ ਦੀ ਜੱਦੋਜਹਿਦ ਨਾਲੋਂ ਟੁੱਟੀ ਅਪਹਾਜ ਮਾਨਸਿਕਤਾ ਦਾ ਸਬੂਤ ਹੈ। ਮੱਧਯੁੱਗੀ ਸੋਚ ਦੇ ਧਾਰਨੀ ਇਨ੍ਹਾਂ ਪਿਛਾਖੜਾਂ ਦੀਆਂ ਗੱਲਾਂ ਤੇ 'ਅਫਸੋਸ' ਨਾਲ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਦਿਮਾਗੀ ਕਸਰਤ ਨਿਰਾਰਥਕ ਹੀ ਚਲੀ ਜਾਵੇਗੀ।21ਵੀਂ ਸਦੀ ਦਾ ਦੌਰ ਜਿੱਥੇ ਅੱਜ ਸੰਸਾਰ ਨਕਸ਼ੇ ਤੋਂ ਤਾਨਾਸ਼ਾਹੀਆਂ ਵਗਾਹ ਮਾਰੀਆਂ ਜਾ ਰਹੀਆਂ ਹਨ ਉੱਥੇ ਮੱਧਯੁਗੀ ਜਾਤੀ-ਪਾਤੀ ਤੇ ਧਾਰਮਿਕ ਰਾਜ ਸਥਾਪਤ ਕਰਨ ਦੇ ਵਿਚਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਸਮਾਂ ਵਿਹਾਅ ਚੁੱਕੇ ਵਿਚਾਰ ਹੀ ਹਨ। ਮੌਜੂਦਾ ਦੌਰ ਜਾਤੀ-ਪਾਤੀ, ਖੇਤਰੀ ਤੇ ਧਾਰਮਿਕ ਕ੍ਰਾਂਤੀਆਂ ਦਾ ਨਹੀਂ ਬਲਕਿ ਜਮਾਤੀ ਸੰਘਰਸ਼ਾਂ ਦਾ ਦੌਰ ਹੈ। 

ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...