Search This Blog

Sunday, July 28, 2019

ਪਿਆਰ ਅਤੇ ਕ੍ਰਾਂਤੀ ਦਾ ਕਵੀ _pablo neruda

Pablo-Neruda-Book-mandeep
ਪਾਬਲੋ ਨੈਰੂਦਾ ਸਾਹਿਤ

ਪਾਬਲੋ ਨੈਰੂਦਾ ਸੰਸਾਰ-ਕਾਵਿ ਸਾਹਿਤ ਦਾ ਵੱਡਾ ਥੰਮ ਹੈ। ਉਸਦੀ ਸੰਵੇਦਨਾ ਮਨੁੱਖਤਾ ਦੀ ਭਲਾਈ, ਸਾਂਝੀਵਾਲਤਾ, ਪਿਆਰ ਅਤੇ ਬਰਾਬਰਤਾ ਦੀ ਕਾਮਨਾ ਕਰਦੀ ਹੈ। ਪਾਬਲੋ ਦਾ ਅਮਨ ਭਰਿਆ ਦਿਲ ਕੁਲ ਕਾਇਨਾਤ 'ਚ ਅਮਨ-ਸ਼ਾਂਤੀ ਲਈ ਸਦਾ ਅਹੁਲਦਾ ਰਿਹਾ। ਉਹ ਅਮਨ ਲਈ ਕ੍ਰਾਂਤੀ ਦਾ ਮੁਦੱਈ ਕਵੀ ਸੀ। ਪਾਸ਼ ਅਤੇ ਚੇ ਗੁਵਾਰਾ ਦਾ ਮਹਿਬੂਬ ਕਵੀ।
ਮੌਜੂਦਾ ਪੂੰਜੀਵਾਦੀ-ਸਾਮਰਾਜੀ ਦੌਰ ਅੰਦਰ ਜਦੋਂ ਬਜਾਰੂ ਤੇ ਪਿਛਾਖੜੀ ਸਾਹਿਤ, ਕਲਾ ਅਤੇ ਸੱਭਿਆਚਾਰ ਲੋਕਾਂ ਦੇ ਵੱਡੇ ਹਿੱਸੇ 'ਚ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਣ ਅਤੇ ਉਹਨਾਂ ਦੀ ਲੁੱਟ ਕਰਨ ਦਾ ਸਾਧਨ ਬਣਿਆ ਹੋਇਆ ਹੈ। ਅਤੇ ਜਦੋਂ ਰਾਜ ਕਰਨ ਵਾਲੀਆਂ ਜਮਾਤਾਂ ਤੇ ਸਮਾਜ ਦੀਆਂ ਹੋਰ ਪਿਛਾਖੜੀ ਤਾਕਤਾਂ ਦੇ ਗੱਠਜੋੜ ਹੇਠ ਇਹ ਲੱਚਰ-ਲੁਟੇਰਾ ਸੱਭਿਆਚਾਰਕ ਪ੍ਰਦੂਸ਼ਣ ਲਗਾਤਾਰ ਵੱਧ-ਫੁੱਲ ਰਿਹਾ ਹੈ। ਤਦ ਅਗਾਂਹਵਧੂ ਲੋਕਾਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਇਸ ਸੱਭਿਆਚਾਰਕ ਪ੍ਰਦੁਸ਼ਣ ਦੇ ਬਦਲ 'ਚ ਨਵਾਂ-ਨਿਰੋਆਂ ਲੋਕਪੱਖੀ ਸੱਭਿਆਚਾਰ ਪੇਸ਼ ਕਰਨ। ਪਾਬਲੋ ਨੇ ਆਪਣੇ ਦੌਰ 'ਚ ਆਪਣਾ ਇਹ ਜਰੂਰੀ ਫਰਜ ਅਦਾ ਕੀਤਾ ਅਤੇ ਸਾਥੋਂ ਸਾਡੇ ਹਿੱਸੇ ਦਾ ਫਰਜ ਅਦਾ ਕਰਨ ਦੀ ਤਮੰਨਾ ਰੱਖੀ। 

ਮਾਰਕਸ-ਏਂਗਲਜ਼ ਨੇ ਦਰਸਾਇਆ ਹੈ ਕਿ 'ਹਰ ਜ਼ਮਾਨੇ ਅੰਦਰ ਪੁਗਾਊ ਹੈਸੀਅਤ ਰੱਖਣ ਵਾਲੇ ਵਿਚਾਰ ਹਮੇਸ਼ਾ ਹੀ ਉਸ ਵੇਲੇ ਦੀ ਹੁਕਮਰਾਨ ਜਮਾਤ ਦੇ ਵਿਚਾਰ ਹੁੰਦੇ ਹਨ। ਜਿਵੇਂ ਪੰਜਾਬੀ ਦੀ ਕਹਾਵਤ ਹੈ, ਜਿਹੋ ਜਿਹਾ ਰਾਜਾ ਉਹੋ ਜਿਹੀ ਪਰਜਾ।ਇਸ ਲਈ ਅਗਾਂਹਵਧੂ ਤਾਕਤਾਂ ਨੂੰ ਇਨਕਲਾਬੀ ਸੱਭਿਆਚਾਰ ਦੀ ਉਸਾਰੀ ਕਰਨ ਲਈ, ਰਾਜਸੀ ਸੱਤਾ ਤੇ ਕਬਜਾ ਕਰਕੇ 'ਪ੍ਰੋਲੇਤਾਰੀ ਜਮਾਤ ਦੀ ਪੁਗਾਊ ਹੈਸੀਅਤ ਸਥਾਪਤ' ਕਰਨੀ ਪੈਂਦੀ ਹੈ, ਪ੍ਰੰਤੂ ਇਸ ਦਾ ਅਰਥ ਇਹ ਨਹੀਂ ਕਿ ਮੌਜੂਦਾ ਪੂੰਜੀਵਾਦੀ-ਸਾਮਰਾਜੀ ਦੌਰ ਅੰਦਰ ਕਿਰਤੀ ਜਮਾਤ ਨੂੰ ਆਪਣਾ ਬਦਲਵਾਂ ਇਨਕਲਾਬੀ ਉਸਾਰੂ ਸੱਭਿਆਚਾਰ ਸਿਰਜਣਾ ਤੇ ਬੁਲੰਦ ਨਹੀਂ ਕਰਨਾ ਚਾਹੀਦਾ, ਕਿਓਂਕਿ ਅਜਿਹਾ ਕਰਨ ਤੋਂ ਬਿਨਾਂ ਇਨਕਲਾਬ ਕਰਨਾ ਹੀ ਅਸੰਭਵ ਹੈ। ਲੈਨਿਨ ਅਨੁਸਾਰ ਸਾਹਿਤ ਅਤੇ ਸੱਭਿਆਚਾਰ ਇਨਕਲਾਬ ਲਈ ਗਰਾਰੀ ਅਤੇ ਦੰਦਿਆਂ ਦਾ ਕੰਮ ਕਰਦਾ ਹੈ। ਲੈਨਿਨ ਨੇ ਕਿਹਾ ਸੀ ਕਿ ਮੇਹਨਤਕਸ਼ ਜਮਾਤ ਦੀ ਸਮਾਜਵਾਦੀ-ਸਾਮਵਾਦੀ ਵਿਗਿਅਨਕ ਵਿਚਾਰਧਾਰਾ 'ਚ ਵਿਸ਼ਵਾਸ਼ ਰੱਖਣ ਵਾਲੇ ਬੁੱਧੀਜੀਵੀਆਂ ਤੇ ਕਲਾਕਾਰਾਂ ਨੂੰ ਪ੍ਰੋਲੇਤਾਰੀ ਦੇ ਪੱਖ 'ਚ ਖੜ੍ਹ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਸਾਹਿਤ, ਕਲਾ ਤੇ ਸੱਭਿਆਚਾਰ ਦੀ ਵੀ ਲਾਜ਼ਮੀ ਇਕ ਵਿਚਾਰਧਾਰਾ ਹੁੰਦੀ ਹੈ ਜਿਸ ਦਾ ਖਾਸਾ ਲਾਜ਼ਮੀ ਹੀ ਜਮਾਤੀ ਹੁੰਦਾ ਹੈ। ਕਾ. ਮਾਓ ਕਲਾ ਬਾਰੇ ਸਪੱਸ਼ਟ ਐਲਾਨ ਕਰਦੇ ਹਨ ਕਿ ਕਲਾ ਦੀ ਸਿਰਜਣਾ ਮਿਹਨਤੀ ਅਤੇ ਦੱਬੇ-ਕੁਚਲੇ ਲੋਕਾਂ ਲਈ ਕੀਤੀ ਜਾਣੀ ਚਾਹੀਦੀ ਹੈ, ਜਿਸਨੂੰ ਲੋਕ ਦਿਲੋਂ ਕਬੂਲਣ ਤੇ ਆਪਣੀ ਜਮਾਤੀ ਜੱਦੋਜਹਿਦ ਲਈ ਇਕ ਹਥਿਆਰ ਵਜੋਂ ਵਰਤਣ। ਉਨ੍ਹਾਂ ਨੇ ਬੁੱਧੀਜੀਵੀਆਂ-ਲੇਖਕਾਂ ਤੇ ਕਲਾਕਾਰਾਂ ਨੂੰ ਲੋਕਾਂ 'ਚ ਜਾ ਕੇ ਉਨ੍ਹਾਂ ਨੂੰ ਜਾਨਣ-ਸਮਝਣ ਲਈ ਅਤੇ ਆਪਣਾ ਨਜ਼ਰੀਆ ਬਣਾਉਣ ਲਈ ਕਿਹਾ। ਇਸ ਦੇ ਚੱਲਦਿਆਂ ਸਾਨੂੰ ਜਮਾਤੀ ਸੰਸਾਰ ਇਤਿਹਾਸ ਅੰਦਰ ਲੋਕਪੱਖੀ ਅਤੇ ਲੋਕਦੋਖੀ ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਦੀ ਕਤਾਰਬੰਦੀ ਦੇਖਣ ਨੂੰ ਮਿਲਦੀ ਹੈ। ਪਾਬਲੋ ਨੈਰੂਦਾ ਇਸ ਕਤਾਰਬੰਦੀ ਦਾ ਚੇਤੰਨ ਤੇ ਸਰਗਰਮ ਹਿੱਸਾ ਸੀ। ਉਸਨੇ ਤਾਉਮਰ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਸਰਗਰਮ ਕਾਰਕੁੰਨ ਰਹਿਕੇ ਲੋਕਪੱਖੀ ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਹੋਕਾ ਦਿੱਤਾ। ਉਸਦੀ ਕਵਿਤਾ ਲੰਮੀ ਅਤੇ ਦੁਖਦਾਇਕ ਪ੍ਰਕਿਰਿਆ ਵਿਚੋਂ ਲੰਘ ਕੇ ਅਤੇ ਆਪਣੀਆਂ ਜੜ੍ਹਾਂ ਕਿਰਤੀ ਜਮਾਤ ਵੱਲ ਖਿਸਕਾ ਕੇ ਪ੍ਰਪੱਕ ਹੁੰਦੀ ਗਈ। ਨੈਰੂਦਾ ਦਾ ਕਤਲ ਸੱਤਾ ਲਈ ਉਸਦੀ ਕਵਿਤਾ ਦੀ ਤਾਬ ਨਾ ਝੱਲ ਸਕਣ ਦੀ ਕੰਮਜੋਰੀ 'ਚੋਂ ਕੀਤਾ ਗਿਆ ਕਤਲ ਸੀ। ਇਹ ਉਸਦੀ ਕਵਿਤਾ ਦੀ ਤਾਕਤ ਹੀ ਹੈ ਕਿ ਨੈਰੂਦਾ ਦੀ ਮੌਤ ਤੋਂ ਬਾਅਦ ਵੀ ਅੱਧੀ ਸਦੀ ਬੀਤ ਜਾਣ ਤੇ ਵੀ ਉਸਦੀ ਕਵਿਤਾ ਦਾ ਜਾਦੂਈ ਅਸਰ ਖਤਮ ਨਹੀਂ ਹੋਇਆ ਬਲਕਿ ਇਹ ਹੋਰ ਵੱਧ ਵੱਧ-ਫੁੱਲ ਰਿਹਾ ਹੈ। ਅੱਜ ਨੈਰੂਦਾ ਦੀ ਕਵਿਤਾ ਦਾ ਇਹ ਜਾਦੂ ਪੰਜਾਬ ਦੀ ਧਰਤੀ ਤੇ ਪੰਜਾਬੀ ਜ਼ੁਬਾਨ ਵਿਚ ਪਹੁੰਚਾਉਣ ਵਿਚ ਮਨਦੀਪ ਨੇ ਇੱਕ ਯਤਨ ਕੀਤਾ ਹੈ। ਪੰਜਾਬ ਦੀ ਧਰਤੀ ਦੇ ਨੌਜਵਾਨ ਦਿਲਾਂ ਨੂੰ ਇਹ ਜਾਦੂ ਆਪਣੇ ਦਿਲ 'ਚ ਸਮਾ ਲੈਣਾ ਚਾਹੀਦਾ ਹੈ। ਤਾਂ ਜੋ ਪੰਜਾਬ ਦੀ ਧਰਤੀ ਖੁਦ ਆਪਣੇ ਪਾਬਲੋ ਨੈਰੂਦਾ ਪੈਦਾ ਕਰ ਸਕੇ। 
- ਕੰਵਲਜੀਤ ਖੰਨਾ
ਜਨਰਲ ਸਕੱਤਰ, ਪ.ਲ.ਸ. ਮੰਚ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...